ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਗੋਰਖਪੁਰ ਸਥਿਤ ਏਮਸ ਦੇ ਪਹਿਲੀ ਕਨਵੋਕੇਸ਼ਨ ਸੈਰੇਮਨੀ ਵਿੱਚ ਹਿੱਸਾ ਲਿਆ
Posted On:
30 JUN 2025 6:51PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਜੂਨ, 2025) ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਏਮਸ ਦੇ ਪਹਿਲੀ ਕਨਵੋਕੇਸ਼ਨ ਸੈਰੇਮਨੀ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਏਮਸ ਦਾ ਨਾਂ ਸੁਣਦੇ ਹੀ ਭਰੋਸੇਯੋਗ ਇਲਾਜ, ਬਿਹਤਰੀਨ ਮੈਡੀਕਲ ਸੁਵਿਧਾਵਾਂ, ਆਧੁਨਿਕ ਟੈਕਨੋਲੋਜੀ ਅਤੇ ਸਮਰਪਿਤ ਡਾਕਟਰਾਂ ਦੀ ਛਵੀ ਮਨ ਵਿੱਚ ਉਭਰ ਆਉਂਦੀ ਹੈ। ਏਮਸ ਸੰਸਥਾਨ ਦੇਸ਼ ਦੀ ਮੈਡੀਕਲ ਸਮਰੱਥਾ ਦੇ ਪ੍ਰਤੀਕ ਹਨ, ਜਿੱਥੇ ਹਰ ਮਰੀਜ਼ ਨੂੰ ਉਮੀਦ ਦੀ ਇੱਕ ਨਵੀਂ ਕਿਰਣ ਦਿਖਦੀ ਹੈ। ਏਮਸ ਨੇ ਦੇਸ਼ ਵਿੱਚ ਮੈਡੀਕਲ ਸਿੱਖਿਆ, ਖੋਜ ਅਤੇ ਇਲਾਜ ਦੇ ਖੇਤਰ ਵਿੱਚ ਉੱਚਤਮ ਮਿਆਰ ਸਥਾਪਿਤ ਕੀਤੇ ਹਨ। ਚਾਹੇ ਉਹ ਸਰਜਰੀ ਦੀ ਨਵੀਂ ਟੈਕਨੋਲੋਜੀ ਹੋਵੇ, ਜਲਦੀ ਇਲਾਜ ਦੇ ਲਈ ਉਪਕਰਣ ਹੋਣ, ਜਾਂ ਆਯੁਸ਼ ਅਤੇ ਐਲੋਪੈਥੀ ਦੇ ਤਾਲਮੇਲ ਨਾਲ ਰੋਗਾਂ ਦਾ ਇਲਾਜ ਹੋਵੇ, ਏਮਸ ਨੇ ਇਨੋਵੇਸ਼ਨ ਨੂੰ ਆਪਣੀ ਕਾਰਜਸ਼ੈਲੀ ਦਾ ਹਿੱਸਾ ਬਣਾਇਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਏਮਸ ਸੰਸਥਾਨ ਦੇਸ਼ ਦੇ ਪਹਿਲੇ ਏਮਸ ਦੀ ਸਥਾਪਨਾ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਸਫਲ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਏਮਸ ਗੋਰਖਪੁਰ ਅਤੇ ਦੇਸ਼ ਦੇ ਹੋਰ ਏਮਸ ਦੀ ਸਥਾਪਨਾ ਦਾ ਉਦੇਸ਼ ਬਿਹਤਰੀਨ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਏਮਸ ਗੋਰਖਪੁਰ ਨੇ ਬਹੁਤ ਘੱਟ ਸਮੇਂ ਵਿੱਚ ਸਿੱਖਿਆ, ਖੋਜ ਅਤੇ ਮੈਡੀਕਲ ਸੇਵਾਵਾਂ ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਸੰਸਥਾਨ ਹਰ ਵਰਗ ਦੇ ਨਾਗਰਿਕਾਂ ਨੂੰ ਸੁਲਭ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਏਮਸ ਗੋਰਖਪੁਰ ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਅਤੇ ਨੇਪਾਲ ਨਾਲ ਲਗਦੇ ਖੇਤਰਾਂ ਦੇ ਲੋਕਾਂ ਦੇ ਲਈ ਉਤਕ੍ਰਿਸ਼ਟ ਮੈਡੀਕਲ ਦੇਖਭਾਲ ਦੇ ਕੇਂਦਰ ਦੇ ਰੂਪ ਵਿੱਚ ਪ੍ਰਸਿੱਧ ਹੋ ਰਿਹਾ ਹੈ।

ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਡਾਕਟਰ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਨਾ ਕੇਵਲ ਬਿਮਾਰੀਆਂ ਦਾ ਇਲਾਜ ਕਰਦੇ ਹਨ, ਸਗੋਂ ਇੱਕ ਤੰਦਰੁਸਤ ਸਮਾਜ ਦੀ ਨੀਂਹ ਵੀ ਰੱਖਦੇ ਹਨ। ਤੰਦਰੁਸਤ ਨਾਗਰਿਕ ਰਾਸ਼ਟਰ ਦੀ ਪ੍ਰਗਤੀ ਵਿੱਚ ਭਾਗੀਦਾਰ ਬਣ ਸਕਦੇ ਹਨ। ਉਨ੍ਹਾਂ ਨੇ ਯੁਵਾ ਡਾਕਟਰਾਂ ਨੂੰ ਸਮਾਜ ਦੇ ਉਨ੍ਹਾਂ ਵਰਗਾਂ ਦੇ ਲਈ ਕੰਮ ਕਰਨ ਦੀ ਤਾਕੀਦ ਕੀਤੀ ਜਿਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਈ ਗ੍ਰਾਮੀਣ ਅਤੇ ਆਦਿਵਾਸੀ ਖੇਤਰਾਂ ਵਿੱਚ ਹੁਣ ਵੀ ਵੰਚਿਤ ਭਾਈਚਾਰਿਆਂ ਦੇ ਲਈ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਕਮੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਇਸ ਬਾਰੇ ਸੋਚਣਗੇ ਅਤੇ ਅਜਿਹੇ ਖੇਤਰਾਂ ਅਤੇ ਲੋਕਾਂ ਨੂੰ ਚੰਗੀ ਸਹਿਤ ਸੇਵਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੇਕਿਨ ਹਮਦਰਦੀ ਦੇ ਮਹੱਤਵ ਨੂੰ ਸਮਝਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਮੈਡੀਕਲ ਸਿੱਖਿਆ ਨਾਲ ਜੁੜੇ ਸਾਰੇ ਹਿਤਧਾਰਕਾਂ ਨਾਲ ਭਵਿੱਖ ਦੇ ਡਾਕਟਰਾਂ ਨੂੰ ਸ਼ੁਰੂਆਤ ਤੋਂ ਹੀ ਅਜਿਹਾ ਈਕੋ-ਸਿਸਟਮ ਪ੍ਰਦਾਨ ਕਰਨ ਦੀ ਤਾਕੀਦ ਕੀਤੀ, ਜਿਸ ਵਿੱਚ ਉਹ ਡਾਕਟਰ-ਰੋਗੀ ਸੰਚਾਰ, ਇਲਾਜ ਵਿੱਚ ਹਮਦਰਦੀ ਦੀ ਭੂਮਿਕਾ ਅਤੇ ਵਿਸ਼ਵਾਸ ਨਿਰਮਾਣ ਜਿਹੇ ਵਿਸ਼ਿਆਂ ਬਾਰੇ ਸਿੱਖਣ ਅਤੇ ਉਨ੍ਹਾਂ ਨੂੰ ਆਪਣੇ ਕੌਸ਼ਲ ਦੇ ਨਾਲ ਆਪਣੀ ਕਾਰਜਸ਼ੈਲੀ ਵਿੱਚ ਅਪਣਾਉਣ। ਉਨ੍ਹਾਂ ਨੇ ਡਾਕਟਰਾਂ ਨੂੰ ਆਪਣੇ ਕਰੀਅਰ ਅਤੇ ਜੀਵਨ ਵਿੱਚ ਹਮੇਸ਼ਾ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਮੈਡੀਕਲ ਕੇਵਲ ਇੱਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਦਇਆ ਅਤੇ ਇਮਾਨਦਾਰੀ ਨੂੰ ਆਪਣੇ ਵਿਅਕਤੀਤਵ (ਸ਼ਖਸੀਅਤ) ਦਾ ਹਿੱਸਾ ਬਣਾਉਣ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
************
ਐੱਮਜੇਪੀਐੱਸ/ਐੱਸਆਰ
(Release ID: 2141078)