ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਪਿਛਲੇ 11 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਿਵਿਲ ਸੇਵਾਵਾਂ ਦਾ ਲੋਕਤੰਤਰੀਕਰਣ ਨੌਜਵਾਨਾਂ ਦੀਆਂ ਉਮੀਦਾਂ ਦੇ ਲੋਕਤੰਤਰੀਕਰਣ ਦੇ ਨਾਲ ਹੋਇਆ”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਸਮੇਂ ਆਈਏਐੱਸ ਅਤੇ ਸਿਵਿਲ ਸੇਵਾਵਾਂ ਬਿਹਾਰ, ਤਮਿਲ ਨਾਡੂ, ਕੇਰਲ ਆਦਿ ਵਰਗੇ ਕੁਝ ਰਾਜਾਂ ਤੱਕ ਸੀਮਤ ਸਨ, ਪਰ ਅੱਜ ਸਾਨੂੰ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਜਿਹੇ ਉਨ੍ਹਾਂ ਰਾਜਾਂ ਤੋਂ ਟੌਪਰ ਮਿਲ ਰਹੇ ਹਨ ਜੋ ਪਹਿਲਾਂ ਸਿਵਿਲ ਸੇਵਾਵਾਂ ਦੀ ਸੂਚੀ ਵਿੱਚ ਬਹੁਤ ਘੱਟ ਸ਼ਾਮਲ ਹੁੰਦੇ ਸਨ
ਡਾ. ਜਿਤੇਂਦਰ ਸਿੰਘ ਨੇ ਕਿਹਾ, "ਇਹ ਲੋਕਤੰਤਰ ਦਾ ਅਸਲ ਸਾਰ ਹੈ - ਜਿੱਥੇ ਹਰ ਮਾਂ, ਆਪਣੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ, ਇਹ ਭਰੋਸਾ ਰੱਖਦੀ ਹੈ ਕਿ ਉਸ ਦਾ ਬੱਚਾ ਟੌਪਰ ਬਣ ਸਕਦਾ ਹੈ"
ਕੇਂਦਰੀ ਮੰਤਰੀ ਨੇ ਕਿਹਾ, “ਪਿਛਲੇ 11 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕੀਤਾ ਹੈ ਜਿਨ੍ਹਾਂ ਦੀ ਦਹਾਕਿਆਂ ਤੋਂ ਉਡੀਕ ਸੀ"
“ਉੱਤਰ-ਪੂਰਬ ਅਤੇ ਜੰਮੂ-ਕਸ਼ਮੀਰ ਦੇ ਰੇਲਵੇ ਨਾਲ ਸਬੰਧੀ ਸੁਪਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਾਕਾਰ ਹੋਏ”
“11 ਵਰ੍ਹਿਆਂ ਵਿੱਚ ਕਿਸੇ ਵੀ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ: ਜੋ ਪ੍ਰਧਾਨ ਮੰਤਰੀ ਮੋਦੀ ਦੇ ਪਾਰਦਰਸ਼ੀ ਸ਼ਾਸਨ ਦਾ ਪ੍ਰਮਾਣ ਹੈ”
Posted On:
22 JUN 2025 3:15PM by PIB Chandigarh
ਦੂਰਦਰਸ਼ਨ ਨਿਊਜ਼ ਨੂੰ ਦਿੱਤੀ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਵਰ੍ਹਿਆਂ ਵਿੱਚ ਨੌਜਵਾਨਾਂ ਦੀਆਂ ਉਮੀਦਾਂ ਦੇ ਲੋਕਤੰਤਰੀਕਰਣ ਦੇ ਨਾਲ ਸਿਵਿਲ ਸੇਵਾਵਾਂ ਦਾ ਲੋਕਤੰਤਰੀਕਰਣ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਸਮੇਂ ਆਈਏਐੱਸ ਅਤੇ ਸਿਵਿਲ ਸੇਵਾਵਾਂ ਬਿਹਾਰ, ਤਮਿਲ ਨਾਡੂ, ਕੇਰਲ ਆਦਿ ਵਰਗੇ ਕੁਝ ਰਾਜਾਂ ਤੱਕ ਸੀਮਤ ਸਨ, ਪਰ ਅੱਜ ਸਾਨੂੰ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਜਿਹੇ ਉਨ੍ਹਾਂ ਰਾਜਾਂ ਤੋਂ ਟੌਪਰ ਮਿਲ ਰਹੇ ਹਨ, ਜੋ ਪਹਿਲਾਂ ਸਿਵਿਲ ਸੇਵਾਵਾਂ ਦੀ ਸੂਚੀ ਵਿੱਚ ਬਹੁਤ ਘੱਟ ਸ਼ਾਮਲ ਹੁੰਦੇ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ ਦੀ ਨੌਜਵਾਨ ਲੜਕੀ ਪ੍ਰਸੰਨਜੀਤ ਕੌਰ ਦੇ ਮਾਮਲੇ ਦਾ ਹਵਾਲਾ ਦਿੱਤਾ, ਜਿਸ ਨੇ 2022 ਦੀ ਸਿਵਿਲ ਸੇਵਾਵਾਂ ਪ੍ਰੀਖਿਆ ਵਿੱਚ ਪਹਿਲੀ ਹੀ ਕੋਸ਼ਿਸ਼ ਵਿੱਚ 11ਵਾਂ ਆਲ ਇੰਡੀਆ ਰੈਂਕ ਹਾਸਲ ਕੀਤਾ ਅਤੇ ਪੰਜਾਬ ਦੇ ਲੜਕੇ ਅਨਮੋਲ ਸ਼ੇਰ ਸਿੰਘ ਬੇਦੀ ਦਾ ਜ਼ਿਕਰ ਕੀਤਾ, ਜਿਸ ਨੇ 2016 ਦੀਆਂ ਸਿਵਿਲ ਸੇਵਾਵਾਂ ਪ੍ਰੀਖਿਆ ਵਿੱਚ ਦੂਜਾ ਆਲ ਇੰਡੀਆ ਰੈਂਕ ਹਾਸਲ ਕੀਤਾ ਸੀ।

ਮੰਤਰੀ ਨੇ ਕਿਹਾ ਕਿ ਇਸ ਨਾਲ ਸਿਸਟਮ ਵਲੋਂ ਦਿਖਾਈ ਗਈ ਨਿਰਪੱਖਤਾ ਅਤੇ ਬਰਾਬਰੀ ਦੇ ਮੌਕੇ ਵਿੱਚ ਵਿਸ਼ਵਾਸ ਬਹਾਲ ਹੋਇਆ ਹੈ ਅਤੇ ਇਸ ਤਰ੍ਹਾਂ ਨੌਜਵਾਨਾਂ ਦੀਆਂ ਉਮੀਦਾਂ ਦਾ ਲੋਕਤੰਤਰੀਕਰਣ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ, "ਇਹ ਲੋਕਤੰਤਰ ਦਾ ਅਸਲ ਸਾਰ ਹੈ - ਜਿੱਥੇ ਹਰ ਮਾਂ, ਆਪਣੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ, ਇਹ ਭਰੋਸਾ ਰੱਖਦੀ ਹੈ ਕਿ ਉਸਦਾ ਬੱਚਾ ਟੌਪਰ ਬਣ ਸਕਦਾ ਹੈ"
ਡਾ. ਜਿਤੇਂਦਰ ਸਿੰਘ ਨੇ ਕਿਹਾ, "11 ਵਰ੍ਹੇ ਭਾਰਤ ਲਈ ਕਿਸੇ ਵੀ ਤਬਦੀਲੀ ਤੋਂ ਘੱਟ ਨਹੀਂ ਰਹੇ। ਉਨ੍ਹਾਂ ਕਿਹਾ, “ਕਈ ਪੀੜ੍ਹੀਆਂ ਦਹਾਕਿਆਂ ਤੋਂ ਜਿਸ ਚੀਜ਼ ਦੀ ਉਡੀਕ ਕਰ ਰਹੀਆਂ ਸਨ, ਉਹ ਸਿਰਫ਼ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸੰਭਵ ਹੋ ਗਈ ਹੈ।” ਉਨ੍ਹਾਂ ਅੱਗੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਅਤੀਤ ਦੇ ਹੰਝੂ ਪੁੰਝੇ ਹਨ ਅਤੇ ਉਨ੍ਹਾਂ ਨੂੰ ਉਮੀਦ ਅਤੇ ਭਵਿੱਖ ਦੀਆਂ ਆਸਾਂ ਨਾਲ ਭਰੀਆਂ ਅੱਖਾਂ ਵਿੱਚ ਬਦਲ ਦਿੱਤਾ ਹੈ।
ਮੰਤਰੀ ਨੇ ਕਿਹਾ ਕਿ ਹਰ ਬੀਤਦੇ ਸਾਲ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ—ਭਾਵੇਂ ਉਹ ਬੁਨਿਆਦੀ ਢਾਂਚਾ, ਸ਼ਾਸਨ, ਟੈਕਨੋਲੋਜੀ, ਜਾਂ ਯੁਵਾ ਸਸ਼ਕਤੀਕਰਣ ਵਿੱਚ ਹੋਵੇ—ਹਰ ਭਾਰਤੀ ਲਈ ਬੇਮਿਸਾਲ ਮੌਕੇ ਪੈਦਾ ਹੋਏ ਹਨ।
ਵਿਗਿਆਨ ਅਤੇ ਟੈਕਨੋਲੋਜੀ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਬਾਰੇ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਨਾਗਰਿਕਾਂ ਦਾ ਸਵੈ-ਮਾਣ ਬਹਾਲ ਹੋਇਆ ਹੈ। ਪ੍ਰਧਾਨ ਮੰਤਰੀ ਦੇ 2016 ਦੇ "ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ" ਇਤਿਹਾਸਕ ਸੱਦੇ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਨੇ ਰਵਾਇਤੀ ਸਰਕਾਰੀ ਨੌਕਰੀਆਂ ਤੋਂ ਪਰ੍ਹੇ ਰੋਜ਼ਗਾਰ ਦੇ ਦਾਇਰੇ ਨੂੰ ਕਿਵੇਂ ਵਿਸ਼ਾਲ ਬਣਾਇਆ ਹੈ।
ਮੰਤਰੀ ਨੇ ਕਿਹਾ, "ਇਹ ਉਦੋਂ ਹੀ ਹੋਇਆ ਜਦੋਂ ਲੋਕਾਂ ਨੂੰ ਅਹਿਸਾਸ ਹੋਇਆ ਕਿ ਨੌਕਰੀ ਦਾ ਅਰਥ ਸਿਰਫ਼ "ਸਰਕਾਰੀ ਨੌਕਰੀ" ਨਹੀਂ ਹੈ, ਸਗੋਂ ਨਵੀਨਤਾ, ਉੱਦਮ ਅਤੇ ਸਟਾਰਟਅੱਪ ਵੀ ਹਨ।"
ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਦਾ ਬਾਇਓਟੈੱਕ ਸੈਕਟਰ ਇੱਕ ਸੰਪੂਰਨ ਉਦਾਹਰਣ ਹੈ - ਜੋ 2014 ਵਿੱਚ ਸਿਰਫ਼ 50 ਸਟਾਰਟਅੱਪਸ ਤੋਂ ਵਧ ਕੇ 2024 ਵਿੱਚ 10,075 ਤੋਂ ਵੱਧ ਹੋ ਗਿਆ ਹੈ, ਜਿਸ ਦੇ ਮੁੱਲ ਵਿੱਚ 10 ਬਿਲੀਅਨ ਡਾਲਰ ਤੋਂ ਲਗਭਗ 170 ਬਿਲੀਅਨ ਡਾਲਰ ਤੱਕ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਦਾ ਕ੍ਰੈਡਿਟ ਮਜ਼ਬੂਤ ਜਨਤਕ-ਨਿਜੀ ਭਾਈਵਾਲੀ, ਅਤੇ ਬਾਇਓ-ਈ3 ਅਤੇ ਰਾਸ਼ਟਰੀ ਕੁਆਂਟਮ ਮਿਸ਼ਨ ਵਰਗੀਆਂ ਅਗਾਂਹਵਧੂ ਸੋਚ ਵਾਲੀਆਂ ਨੀਤੀਆਂ ਨੂੰ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਉੱਤਰ-ਪੂਰਬ ਅਤੇ ਜੰਮੂ-ਕਸ਼ਮੀਰ ਦੇ ਭਾਰਤ ਦੇ ਮੁੱਖਧਾਰਾ ਵਾਲੇ ਵਿਕਾਸ ਵਿੱਚ ਏਕੀਕਰਣ 'ਤੇ ਪ੍ਰਸੰਨਤਾ ਪ੍ਰਗਟਾਈ।
ਉਨ੍ਹਾਂ ਕਿਹਾ, "ਦਹਾਕਿਆਂ ਤੋਂ, ਇਹ ਖੇਤਰ ਰੇਲਵੇ ਦੀ ਉਡੀਕ ਕਰ ਰਹੇ ਸਨ - ਪਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੁਣ ਟ੍ਰੇਨਾਂ ਉਨ੍ਹਾਂ ਘਾਟੀਆਂ ਵਿੱਚ ਵੀ ਚਲਦੀਆਂ ਹਨ ਜੋ ਕਦੇ ਅਲੱਗ-ਥਲੱਗ ਸਨ।"

ਮੰਤਰੀ ਨੇ 1972 ਵਿੱਚ ਜੰਮੂ ਸਟੇਸ਼ਨ ਦੇ ਪਹਿਲੀ ਵਾਰ ਚਾਲੂ ਹੋਣ ਅਤੇ ਫਿਰ ਅੱਧੀ ਸਦੀ ਦੇ ਲੰਬੇ ਅੰਤਰ ਨੂੰ ਯਾਦ ਕੀਤਾ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਇਸ ਸੁਪਨੇ ਨੂੰ ਸਾਕਾਰ ਨਹੀਂ ਕੀਤਾ ਅਤੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਨਹੀਂ ਦਿਖਾਈ।
ਡਾ. ਜਿਤੇਂਦਰ ਸਿੰਘ ਨੇ ਭਾਵੁਕ ਉਦਾਹਰਣਾਂ ਦਿੰਦੇ ਹੋਏ, ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਣੀਪੁਰ ਦੀਆਂ ਨੌਜਵਾਨ ਚਾਲਕ ਦਲ ਦੀਆਂ ਲੜਕੀਆਂ ਦੀ ਮੌਤ ਦਾ ਹਵਾਲਾ ਦਿੱਤਾ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਖੇਤਰ ਅਲੱਗ-ਥਲੱਗ ਹੋਣ ਤੋਂ ਲੈ ਕੇ ਅੰਤਰਰਾਸ਼ਟਰੀ ਹਵਾਬਾਜ਼ੀ ਅਤੇ ਪ੍ਰਾਹੁਣਚਾਰੀ ਉਦਯੋਗ ਦਾ ਹਿੱਸਾ ਬਣਨ ਤੱਕ ਕਿੰਨੀ ਦੂਰ ਆ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਪੁਲਾੜ ਅਤੇ ਬਾਇਓਟੈਕਨੋਲੋਜੀ ਦੇ ਖੇਤਰਾਂ ਵਿੱਚ ਭਾਰਤ ਦੀ ਅਗਵਾਈ ਦੀ ਪੁਸ਼ਟੀ ਕੀਤੀ ਅਤੇ ਵਿਗਿਆਨ ਅਤੇ ਨਵੀਨਤਾ ਵਿੱਚ ਦੇਸ਼ ਦੇ ਵਧ ਰਹੇ ਆਲਮੀ ਕੱਦ 'ਤੇ ਚਾਨਣਾ ਪਾਇਆ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦੇ ਪੁਲਾੜ ਯਾਤਰੀ, ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਐਕਸੀਓਮ-4 ਮਿਸ਼ਨ (Axiom-4 mission) 'ਤੇ ਮਿਸ਼ਨ ਪਾਇਲਟ ਵਜੋਂ ਸੇਵਾ ਨਿਭਾਉਣਗੇ, ਜਿੱਥੇ ਉਹ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਵਲੋਂ ਸਵਦੇਸ਼ੀ ਤੌਰ 'ਤੇ ਵਿਕਸਿਤ ਬਾਇਓਟੈੱਕ ਕਿੱਟਾਂ ਦੀ ਵਰਤੋਂ ਕਰਕੇ ਅਤਿ-ਆਧੁਨਿਕ ਪੁਲਾੜ ਜੀਵ ਵਿਗਿਆਨ ਪ੍ਰਯੋਗ ਕਰਨਗੇ। ਡਾ. ਸਿੰਘ ਨੇ ਅੱਗੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਭਾਰਤ 2035 ਤੱਕ ਆਪਣਾ 'ਭਾਰਤ ਅੰਤਰਿਕਸ਼ ਸਟੇਸ਼ਨ' ਸਥਾਪਿਤ ਕਰਨ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ, ਜੋ ਦੇਸ਼ ਦੀਆਂ ਪੁਲਾੜ ਅਭਿਲਾਸ਼ਾਵਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਹੁਣ ਭਾਰਤ ਨਾਲ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ ਅਤੇ ਇਸ ਦੀਆਂ ਵਿਗਿਆਨਕ ਸਮਰੱਥਾਵਾਂ ਨੂੰ ਮਾਨਤਾ ਦੇ ਰਹੀ ਹੈ, ਜੋ ਕਿ ਇੱਕ ਭਰੋਸੇਮੰਦ ਆਲਮੀ ਵਿਗਿਆਨ ਸਾਥੀ ਵਜੋਂ ਦੇਸ਼ ਦੇ ਉਭਾਰ ਦਾ ਪ੍ਰਮਾਣ ਹੈ।
ਡਾ. ਜਿਤੇਂਦਰ ਸਿੰਘ ਨੇ ਕਈ ਮਹੱਤਵਪੂਰਨ ਸ਼ਾਸਨ ਸੁਧਾਰਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਪਿਛਲੇ ਦਹਾਕੇ ਦੌਰਾਨ ਨਾਗਰਿਕ-ਕੇਂਦ੍ਰਿਤ ਸੇਵਾ ਸਪੁਰਦਗੀ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਪੀਜੀਆਰਏਐੱਮਐੱਸ ਭਾਰਤ ਦੀ ਜਨਤਕ ਸ਼ਿਕਾਇਤ ਨਿਵਾਰਨ ਵਿਧੀ ਹੈ, ਜੋ ਇੱਕ ਗਲੋਬਲ ਮਾਡਲ ਵਜੋਂ ਵਿਕਸਿਤ ਹੋਇਆ ਹੈ, ਜਿਸ ਨੇ 2014 ਵਿੱਚ ਸਿਰਫ 2 ਲੱਖ ਦੇ ਮੁਕਾਬਲੇ 2024 ਵਿੱਚ 26 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਜਿਸ ਦੀ 96% ਪ੍ਰਭਾਵਸ਼ਾਲੀ ਨਿਪਟਾਰਾ ਦਰ ਹੈ।
ਮੰਤਰੀ ਨੇ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਦੀ ਸ਼ੁਰੂਆਤ ਬਾਰੇ ਵੀ ਗੱਲ ਕੀਤੀ, ਜਿਸ ਨੇ ਫੇਸ ਔਥੈਂਟੀਫਿਕੇਸ਼ਨ ਟੈਕਨੋਲੋਜੀ ਰਾਹੀਂ, ਬਜ਼ੁਰਗ ਨਾਗਰਿਕਾਂ ਨੂੰ ਤਸਦੀਕ ਲਈ ਬੈਂਕਾਂ ਵਿੱਚ ਸਰੀਰਕ ਤੌਰ 'ਤੇ ਜਾਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਇਹ ਸਰਕਾਰ ਦੀ ਅਜਿਹੀ ਪਹਿਲੀ ਪਹਿਲਕਦਮੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪ੍ਰਗਤੀਸ਼ੀਲ ਪੈਨਸ਼ਨ ਸੁਧਾਰਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਵਿਧਵਾ ਅਤੇ ਤਲਾਕਸ਼ੁਦਾ ਬੇਟੀਆਂ ਲਈ ਪਰਿਵਾਰਕ ਪੈਨਸ਼ਨ ਦੀ ਵਿਵਸਥਾ ਅਤੇ ਮਹਿਲਾ ਅਧਿਕਾਰੀਆਂ ਲਈ ਮਾਪਿਆਂ ਜਾਂ ਬੱਚਿਆਂ ਨੂੰ ਲਾਭਪਾਤਰੀਆਂ ਵਜੋਂ ਨਾਮਜ਼ਦ ਕਰਨਾ ਸ਼ਾਮਲ ਹੈ, ਜੋ ਕਿ ਉਨ੍ਹਾਂ ਦੇ ਜੀਵਨ ਸਾਥੀ ਤੱਕ ਸੀਮਤ ਰਹਿਣ ਦੀ ਬਜਾਏ - ਸ਼ਾਸਨ ਪ੍ਰਤੀ ਵਧੇਰੇ ਸੰਮਲਿਤ ਅਤੇ ਹਮਦਰਦੀ ਵਾਲੀ ਪਹੁੰਚ ਨੂੰ ਦਰਸਾਉਂਦਾ ਹੈ।
ਮੋਦੀ ਸਰਕਾਰ ਦੇ ਸਾਫ਼-ਸੁਥਰੇ ਰਿਕਾਰਡ 'ਤੇ ਚਾਨਣਾ ਪਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਮਾਣ ਨਾਲ ਕਿਹਾ, "ਪਿਛਲੇ 11 ਵਰ੍ਹਿਆਂ ਵਿੱਚ, ਕੇਂਦਰੀ ਮੰਤਰੀ ਪਰਿਸ਼ਦ ਦੇ ਕਿਸੇ ਵੀ ਮੈਂਬਰ ਵਿਰੁੱਧ ਭ੍ਰਿਸ਼ਟਾਚਾਰ ਦਾ ਇੱਕ ਵੀ ਦੋਸ਼ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤੁਲਨਾ ਪਿਛਲੀ ਸਰਕਾਰ ਨਾਲ ਕਰੋ, ਜਿੱਥੇ ਘੁਟਾਲੇ ਆਮ ਸਨ।
ਮੰਤਰੀ ਨੇ ਰਾਜਨੀਤੀ ਵਿੱਚ ਇੱਕ ਸੱਭਿਆਚਾਰਕ ਤਬਦੀਲੀ ਵੱਲ ਵੀ ਇਸ਼ਾਰਾ ਕੀਤਾ, ਜਿੱਥੇ ਸਰਕਾਰ ਹੁਣ ਨਾਗਰਿਕਾਂ ਨੂੰ ਵੋਟ ਬੈਂਕਾਂ ਵਿੱਚ ਸ਼੍ਰੇਣੀਬੱਧ ਨਹੀਂ ਕਰਦੀ, ਸਗੋਂ ਯੋਜਨਾਵਾਂ ਦੀ 100% ਸੈਚੂਰੇਸ਼ਨ ਨੂੰ ਯਕੀਨੀ ਬਣਾਉਂਦੀ ਹੈ, ਜਿਸ ਵਿੱਚ ਗੈਰ-ਰਵਾਇਤੀ ਵੋਟਰ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਘਰ ਸ਼ਾਮਲ ਹਨ।
ਜੰਮੂ ਅਤੇ ਕਸ਼ਮੀਰ ਦੀ ਮੌਜੂਦਾ ਸਥਿਤੀ 'ਤੇ, ਡਾ. ਜਿਤੇਂਦਰ ਸਿੰਘ ਨੇ ਭਰੋਸਾ ਦਿੱਤਾ ਕਿ ਆਮ ਸਥਿਤੀ ਬਹਾਲ ਹੋ ਗਈ ਹੈ ਅਤੇ ਸੈਰ-ਸਪਾਟਾ ਵਧ ਰਿਹਾ ਹੈ। ਉਨ੍ਹਾਂ ਕਿਹਾ, "ਅੱਜ ਪਹਿਲਗਾਮ ਜਾਓ, ਜਿੱਥੇ ਹਾਲ ਹੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਸੀ, ਤੁਹਾਨੂੰ ਉੱਥੇ ਲੋਕਾਂ ਦੀ ਭੀੜ ਮਿਲੇਗੀ।"
ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਲਿਥੀਅਮ ਭੰਡਾਰਾਂ ਦਾ ਜ਼ਿਕਰ ਕੀਤਾ, ਉਨ੍ਹਾਂ ਨੂੰ ਇੱਕ ਸੰਭਾਵੀ ਆਰਥਿਕ ਗੇਮ-ਚੇਂਜਰ ਦੱਸਿਆ ਅਤੇ ਜ਼ੋਰ ਦਿੱਤਾ ਕਿ ਖੇਤਰ ਦੇ ਨੌਜਵਾਨ ਉਤਸ਼ਾਹੀ ਹਨ ਅਤੇ ਮੌਕੇ ਨੂੰ ਨਾ ਖੁੰਝਾਉਣ ਲਈ ਦ੍ਰਿੜ੍ਹ ਹਨ।
ਆਪਣੀ ਟਿੱਪਣੀ ਨੂੰ ਸਮਾਪਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, "ਵਿਕਸਿਤ ਭਾਰਤ 2047 ਦੇ ਪਿੱਛੇ ਅਸਲ ਪ੍ਰੇਰਕ ਸ਼ਕਤੀ ਭਾਰਤ ਦੇ ਨਾਗਰਿਕ ਹੋਣਗੇ। ਇਹ ਉਨ੍ਹਾਂ ਦਾ ਸਮਰਥਨ, ਇੱਛਾ ਅਤੇ ਭਾਗੀਦਾਰੀ ਹੈ ਜੋ ਭਾਰਤ ਦੇ ਅਗਲੇ 25 ਵਰ੍ਹਿਆਂ ਦੇ ਸਫ਼ਰ ਨੂੰ ਰੂਪ ਦੇਵੇਗੀ।"
*****
ਐੱਨਕੇਆਰ/ਪੀਐੱਸਐੱਮ
(Release ID: 2138827)