ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਕਾਰਪੋਰੇਟ ਮਾਮਲੇ, ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਹਰਸ਼ ਮਲਹੋਤਰਾ ਨੇ ਬੁਨਿਆਦੀ ਢਾਂਚੇ ਦੇ ਸਮਾਜਿਕ-ਆਰਥਿਕ ਪ੍ਰਭਾਵ 'ਤੇ ਜ਼ੋਰ ਦਿੱਤਾ; ਕਿਹਾ ਕਿ ਬਿਹਤਰ ਅਤੇ ਮਜ਼ਬੂਤ ​​ਸੜਕ ਨੈੱਟਵਰਕ ਖੁਸ਼ਹਾਲੀ ਲਿਆਉਂਦਾ ਹੈ


2047 ਤੱਕ ਪ੍ਰਧਾਨ ਮੰਤਰੀ ਦੇ ਵਿਜ਼ਨ ਵਿਕਸਿਤ ਭਾਰਤ ਨੂੰ ਪੂਰਾ ਕਰਨ ਲਈ ਵਿਕਾਸ ਮੁੱਖ ਪ੍ਰੇਰਕ ਸ਼ਕਤੀ ਹੈ: ਮੰਤਰੀ ਹਰਸ਼ ਮਲਹੋਤਰਾ

ਮਿਜ਼ੋਰਮ ਵਿਖੇ ਇੰਡੀਅਨ ਰੋਡਜ਼ ਕਾਂਗਰਸ ਦੀ 233ਵੀਂ ਮਿਡ-ਟਰਮ ਕੌਂਸਲ ਮੀਟਿੰਗ ਨੂੰ ਸੰਬੋਧਨ ਕੀਤਾ

Posted On: 20 JUN 2025 12:54PM by PIB Chandigarh

ਕੇਂਦਰੀ ਕਾਰਪੋਰੇਟ ਮਾਮਲੇ , ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਬੁਨਿਆਦੀ ਢਾਂਚੇ ਦੇ ਸਮਾਜਿਕ-ਆਰਥਿਕ ਪ੍ਰਭਾਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇੱਕ ਬਿਹਤਰ ਅਤੇ ਮਜ਼ਬੂਤ ​​ਸੜਕ ਨੈੱਟਵਰਕ ਖੇਤਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ 2047 ਤੱਕ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚਾ ਵਿਕਾਸ ਮੁੱਖ ਪ੍ਰੇਰਕ ਸ਼ਕਤੀ ਹੋਵੇਗਾ।

ਸ਼੍ਰੀ ਮਲਹੋਤਰਾ ਅੱਜ ਮਿਜ਼ੋਰਮ ਦੇ ਆਈਜ਼ੌਲ ਵਿੱਚ ਮਿਜ਼ੋਰਮ ਯੂਨੀਵਰਸਿਟੀ ਕੈਂਪਸ ਵਿਖੇ ਇੰਡੀਅਨ ਰੋਡਜ਼ ਕਾਂਗਰਸ (ਆਈਆਰਸੀ) ਦੀ 233ਵੀਂ ਮਿਡ-ਟਰਮ ਕੌਂਸਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਮੀਟਿੰਗ ਦੌਰਾਨ ਮਿਜ਼ੋਰਮ ਦੇ ਮੁੱਖ ਮੰਤਰੀ, ਸ਼੍ਰੀ ਲਾਲਦੁਹੋਮਾ, ਮਿਜ਼ੋਰਮ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਵਾਨਲਾਲਹਲਾਨਾ ਅਤੇ ਮਿਜ਼ੋਰਮ ਦੇ ਸੰਸਦ ਮੈਂਬਰ ਸ਼੍ਰੀ ਰਿਚਰਡ ਵਨਲਾਲਹਮੰਗਾਈਹਾ ਵੀ ਮੌਜੂਦ ਸਨ।

ਸ਼੍ਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਨੈਸ਼ਨਲ ਹਾਈਵੇਅਜ਼ ਦੀ ਲੰਬਾਈ 2014 ਵਿੱਚ 91,000 ਕਿਲੋਮੀਟਰ ਤੋਂ 60% ਤੋਂ ਵਧ ਕੇ ਹੁਣ ਲਗਭਗ 1.47 ਲੱਖ ਕਿਲੋਮੀਟਰ ਹੋ ਗਈ ਹੈ।

ਮੰਤਰੀ ਨੇ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਮਾਣਿਤ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਉਸਾਰੀ ਦੀ ਲਾਗਤ ਘਟਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਸ਼੍ਰੀ ਮਲਹੋਤਰਾ ਨੇ ਇਹ ਵੀ ਕਿਹਾ ਕਿ ਧਿਆਨ ਟਿਕਾਊ ਵਿਕਾਸ ਅਭਿਆਸਾਂ 'ਤੇ ਹੋਣਾ ਚਾਹੀਦਾ ਹੈ ਅਤੇ ਸਮੇਂ ਦੀ ਜ਼ਰੂਰਤ ਸੜਕ ਨਿਰਮਾਣ ਲਈ ਵਾਤਾਵਰਣ-ਅਨੁਕੂਲ ਵਿਧੀਆਂ ਅਤੇ ਅਤਿ-ਆਧੁਨਿਕ ਨਿਰਮਾਣ ਅਭਿਆਸਾਂ ਅਤੇ ਟੈਕਨੋਲੋਜੀ ਨੂੰ ਅਪਣਾਉਣਾ ਹੈ।

ਉਨ੍ਹਾਂ ਨੇ ਇੰਡੀਅਨ ਰੋਡ ਕਾਂਗਰਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਵਰ੍ਹਿਆਂ ਦੌਰਾਨ ਦੇਸ਼ ਵਿੱਚ ਬਿਹਤਰ ਸੜਕਾਂ ਦੇ ਉਦੇਸ਼ ਲਈ ਸਮਰਪਿਤ ਇੱਕ ਬਹੁ-ਆਯਾਮੀ ਸੰਗਠਨ ਵਿੱਚ ਵਿਕਸਿਤ ਹੋਈ ਹੈ ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਮਿਲਟਰੀ ਦੀਆਂ ਇੰਜੀਨੀਅਰਿੰਗ ਸੇਵਾਵਾਂ, ਸਰਹੱਦੀ ਸੜਕ ਸੰਗਠਨ ਆਦਿ ਦੇ ਮੈਂਬਰ ਸ਼ਾਮਲ ਹਨ।

ਮੰਤਰੀ ਨੇ ਨੈਸ਼ਨਲ ਹਾਈਵੇਅਜ਼ 'ਤੇ ਨਿਰਮਾਣ ਕਾਰਜਾਂ ਵਿੱਚ ਇੰਡੀਅਨ ਰੋਡ ਕਾਂਗਰਸ ਦੀ ਭੂਮਿਕਾ 'ਤੇ ਚਾਨਣਾ ਪਾਇਆ ਕਿਉਂਕਿ ਕੰਮ ਸਰਕਾਰ ਦੁਆਰਾ ਸੜਕ ਅਤੇ ਪੁਲ ਦੇ ਕੰਮਾਂ ਲਈ ਨਿਰਧਾਰਿਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਅਤੇ ਇੰਡੀਅਨ ਰੋਡਜ਼ ਕਾਂਗਰਸ (ਆਈਆਰਸੀ) ਕੋਡ, ਦਿਸ਼ਾ-ਨਿਰਦੇਸ਼ਾਂ ਅਤੇ ਵਿਸ਼ੇਸ਼ ਪ੍ਰਕਾਸ਼ਨਾਂ ਸਮੇਤ ਮਿਆਰਾਂ ਅਨੁਸਾਰ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਤਰ-ਪੂਰਬੀ ਖੇਤਰ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉੱਤਰ-ਪੂਰਬੀ ਭਾਰਤ ਨੇ ਪਿਛਲੇ 11 ਵਰ੍ਹਿਆਂ ਵਿੱਚ 1.07 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਗਏ ਲਗਭਗ 10,000 ਕਿਲੋਮੀਟਰ ਨੈਸ਼ਨਲ ਹਾਈਵੇਅਜ਼ ਦੇ ਨਿਰਮਾਣ ਨਾਲ ਇੱਕ ਸ਼ਾਨਦਾਰ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਕੀਤੀ ਹੈ, ਜਿਸ ਨਾਲ ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਨਾਲ ਸੰਪਰਕ ਵਿੱਚ ਬਹੁਤ ਸੁਧਾਰ ਹੋਇਆ ਹੈ।

ਸ਼੍ਰੀ ਹਰਸ਼ ਮਲਹੋਤਰਾ ਨੇ ਇਹ ਵੀ ਕਿਹਾ ਕਿ ਬੁਨਿਆਦੀ ਢਾਂਚਾ ਸਿਰਫ਼ ਕੰਕਰੀਟ ਅਤੇ ਸਟੀਲ ਬਾਰੇ ਨਹੀਂ ਹੈ - ਇਹ ਆਰਥਿਕ ਵਿਕਾਸ ਦੀ ਨੀਂਹ, ਖੁਸ਼ਹਾਲੀ ਦਾ ਰਸਤਾ ਹੈ, ਅਤੇ 2047 ਤੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ ਜੋ ਇੱਕ ਲਚਕੀਲੇ, ਸਮਾਵੇਸ਼ੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਰਾਸ਼ਟਰ ਦੇ ਨਿਰਮਾਣ ਦੀ ਪਰਿਕਲਪਨਾ ‘ਤੇ ਅਧਾਰਿਤ  ਹੈ।

***

ਜੀਡੀਐਚ/ਐਚਆਰ


(Release ID: 2138474) ਵਿਜ਼ੀਟਰ ਕਾਊਂਟਰ : 22