ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ


ਯੋਗ ਨੇ ਸਾਰੇ ਵਿਸ਼ਵ ਨੂੰ ਇਕਜੁੱਟ ਕੀਤਾ ਹੈ: ਪ੍ਰਧਾਨ ਮੰਤਰੀ

ਯੋਗ ਸਾਰਿਆਂ ਲਈ ਹੈ, ਸਰਹੱਦਾਂ ਤੋਂ, ਪਿਛੋਕੜ ਤੋਂ, ਉਮਰ ਜਾਂ ਸਮਰੱਥਾ ਤੋਂ ਪਰ੍ਹੇ ਹੈ: ਪ੍ਰਧਾਨ ਮੰਤਰੀ

ਯੋਗ ਸਾਨੂੰ ਵਿਸ਼ਵ ਨਾਲ ਇਕਸੁਰਤਾ ਦੀ ਦਿਸ਼ਾ ਵੱਲ ਲੈ ਜਾਂਦਾ ਹੈ, ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੱਖੋ-ਵੱਖਰੇ ਨਹੀਂ, ਸਗੋਂ ਕੁਦਰਤ ਦਾ ਹੀ ਹਿੱਸਾ ਹਾਂ: ਪ੍ਰਧਾਨ ਮੰਤਰੀ

ਯੋਗ ਇੱਕ ਅਜਿਹੀ ਪ੍ਰਣਾਲੀ ਹੈ ਜੋ ਸਾਨੂੰ 'ਮੈਂ' ਤੋਂ 'ਅਸੀਂ' ਤੱਕ ਲੈ ਜਾਂਦੀ ਹੈ: ਪ੍ਰਧਾਨ ਮੰਤਰੀ

ਯੋਗ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਈ ਰੱਖਣ ਅਤੇ ਮੁੜ ਤੋਂ ਤੰਦਰੁਸਤ ਰਹਿਣ ਲਈ ਜ਼ਰੂਰੀ ਪੌਜ ਬਟਨ ਹੈ: ਪ੍ਰਧਾਨ ਮੰਤਰੀ

ਆਓ ਇਸ ਯੋਗਾ ਦਿਵਸ ਨੂੰ ਮਨੁੱਖਤਾ ਲਈ ਯੋਗ 2.0 ਦੀ ਸ਼ੁਰੂਆਤ ਵਜੋਂ ਮਨਾਈਏ, ਜਿੱਥੇ ਅੰਦਰੂਨੀ ਸ਼ਾਂਤੀ ਇੱਕ ਵਿਸ਼ਵਵਿਆਪੀ ਨੀਤੀ ਬਣ ਜਾਂਦੀ ਹੈ: ਪ੍ਰਧਾਨ ਮੰਤਰੀ

Posted On: 21 JUN 2025 7:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ (ਆਈਵਾਈਡੀ) ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਮਾਰੋਹ ਦੀ ਅਗਵਾਈ ਕੀਤੀ ਅਤੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ।

 

ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਾਲ 11ਵਾਂ ਮੌਕਾ ਹੈ ਜਦੋਂ ਵਿਸ਼ਵ 21 ਜੂਨ ਨੂੰ ਸਮੂਹਿਕ ਤੌਰ 'ਤੇ ਯੋਗ ਅਭਿਆਸ ਕਰਨ ਲਈ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਯੋਗ ਦਾ ਸਾਰ "ਇਕਜੁੱਟ ਹੋਣਾ" ਹੈ ਅਤੇ ਇਹ ਦੇਖਣਾ ਉਤਸ਼ਾਹਜਨਕ ਹੈ ਕਿ ਯੋਗ ਨੇ ਵਿਸ਼ਵ ਨੂੰ ਕਿਵੇਂ ਇਕਜੁੱਟ ਕੀਤਾ ਹੈ। ਪਿਛਲੇ ਇੱਕ ਦਹਾਕੇ ਦੌਰਾਨ ਯੋਗ ਦੀ ਯਾਤਰਾ 'ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਉਸ ਪਲ ਨੂੰ ਯਾਦ ਕੀਤਾ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਵਿਚਾਰ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ 175 ਦੇਸ਼ਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ, ਜੋ ਕਿ ਇੰਨੀ ਵਿਆਪਕ ਵਿਸ਼ਵ ਏਕਤਾ ਦੀ ਇੱਕ ਦੁਰਲਭ ਉਦਾਹਰਣ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਮਰਥਨ ਸਿਰਫ਼ ਇੱਕ ਪ੍ਰਸਤਾਵ ਦੇ ਲਈ ਨਹੀਂ ਸੀ,

ਸਗੋਂ ਮਨੁੱਖਤਾ ਦੀ ਭਲਾਈ ਲਈ ਦੁਨੀਆ ਦੁਆਰਾ ਕੀਤੇ ਗਏ ਸਮੂਹਿਕ ਯਤਨਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਕਿਹਾ "ਗਿਆਰਾਂ ਸਾਲਾਂ ਬਾਅਦ, ਯੋਗ ਵਿਸ਼ਵ ਭਰ ਦੇ ਲੱਖਾਂ ਲੋਕਾਂ ਦੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।" ਪ੍ਰਧਾਨ ਮੰਤਰੀ ਨੇ ਇਹ ਦੇਖ ਕੇ ਮਾਣ ਪ੍ਰਗਟ ਕੀਤਾ ਕਿ ਦਿਵਯਾਂਗ ਕਿਵੇਂ ਬ੍ਰੇਲ ਵਿੱਚ ਯੋਗ ਸਬੰਧੀ ਕਿਤਾਬਾਂ ਪੜ੍ਹ ਰਹੇ ਹਨ ਅਤੇ ਵਿਗਿਆਨੀ ਪੁਲਾੜ ਵਿੱਚ ਯੋਗ ਅਭਿਆਸ ਕਿਵੇਂ ਕਰ ਰਹੇ ਹਨ। ਉਨ੍ਹਾਂ ਨੇ ਯੋਗ ਓਲੰਪਿਆਡ ਵਿੱਚ ਪੇਂਡੂ ਖੇਤਰਾਂ ਦੇ ਨੌਜਵਾਨਾਂ ਦੀ ਉਤਸ਼ਾਹੀ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਇਹ ਸਿਡਨੀ ਓਪੇਰਾ ਹਾਊਸ ਦੀਆਂ ਪੌੜੀਆਂ ਹੋਣ, ਮਾਊਂਟ ਐਵਰੈਸਟ ਦੀ ਚੋਟੀ ਹੋਵੇ ਜਾਂ ਸਮੁੰਦਰ ਦਾ ਵਿਸ਼ਾਲ ਵਿਸਤਾਰ ਹੋਵੇ, ਸੁਨੇਹਾ ਇੱਕੋ ਜਿਹਾ ਹੈ, "ਯੋਗ ਸਾਰਿਆਂ ਲਈ ਹੈ, ਸੀਮਾਵਾਂ ਤੋਂ ਪਰ੍ਹੇ, ਪਿਛੋਕੜ ਤੋਂ ਪਰ੍ਹੇ, ਉਮਰ ਜਾਂ ਯੋਗਤਾ ਤੋਂ ਪਰ੍ਹੇ ਹੈ।"

ਵਿਸ਼ਾਖਾਪਟਨਮ ਵਿੱਚ ਹੋਣ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਅਤੇ ਸ਼ਹਿਰ ਨੂੰ ਕੁਦਰਤ ਅਤੇ ਤਰੱਕੀ ਦਾ ਸੰਗਮ ਦੱਸਦਿਆਂ, ਸ਼੍ਰੀ ਮੋਦੀ ਨੇ ਇਸ ਪ੍ਰੋਗਰਾਮ ਨੂੰ ਇੰਨੇ ਸ਼ਾਨਦਾਰ ਢੰਗ ਨਾਲ ਆਯੋਜਿਤ ਕਰਨ ਲਈ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਸ਼੍ਰੀ ਚੰਦਰਬਾਬੂ ਨਾਇਡੂ ਅਤੇ ਸ਼੍ਰੀ ਪਵਨ ਕਲਿਆਣ ਨੂੰ ਉਨ੍ਹਾਂ ਦੀ ਅਗਵਾਈ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਅਗਵਾਈ ਹੇਠ, ਆਂਧਰ ਪ੍ਰਦੇਸ਼ ਨੇ ਇੱਕ ਸ਼ਾਨਦਾਰ ਪਹਿਲ - ਯੋਗਾਂਧ੍ਰਾ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਨੇ ਸ਼੍ਰੀ ਨਾਰਾ ਲੋਕੇਸ਼ ਦੇ ਯਤਨਾਂ ਦੀ ਵੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਦਿਖਾਇਆ ਹੈ ਕਿ ਯੋਗ ਕਿਵੇਂ ਇੱਕ ਸੱਚਾ ਸਮਾਜਿਕ ਉਤਸਵ ਹੋ ਸਕਦਾ ਹੈ ਅਤੇ ਕਿਵੇਂ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਮਹੀਨਿਆਂ ਵਿੱਚ, ਸ਼੍ਰੀ ਲੋਕੇਸ਼ ਨੇ ਯੋਗਾਂਧ੍ਰਾ ਅਭਿਆਨ ਰਾਹੀਂ ਮਿਸਾਲੀ ਵਚਨਬੱਧਤਾ ਦਿਖਾਈ ਹੈ ਅਤੇ ਉਨ੍ਹਾਂ ਦੇ ਯਤਨਾਂ ਲਈ ਉਹ ਪ੍ਰਸ਼ੰਸਾ ਦੇ ਹੱਕਦਾਰ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾਂਧ੍ਰਾ ਅਭਿਆਨ ਵਿੱਚ ਦੋ ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ, ਜੋ ਕਿ ਜਨਤਕ ਭਾਗੀਦਾਰੀ ਦੀ ਜੀਵੰਤ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਭਾਵਨਾ ਇੱਕ ਵਿਕਸਿਤ ਭਾਰਤ ਦਾ ਅਧਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਨਾਗਰਿਕ ਖੁਦ ਕਿਸੇ ਮਿਸ਼ਨ ਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਸਰਗਰਮੀ ਨਾਲ ਹਿੱਸਾ ਲੈਂਦੇ ਹਨ, ਤਾਂ ਕੋਈ ਵੀ ਟੀਚਾ ਪਹੁੰਚ ਤੋਂ ਬਾਹਰ ਨਹੀਂ ਰਹਿ ਜਾਂਦਾ। ਸ਼੍ਰੀ ਮੋਦੀ ਨੇ ਕਿਹਾ ਕਿ ਵਿਸ਼ਾਖਾਪਟਨਮ ਵਿੱਚ ਪੂਰੇ ਪ੍ਰੋਗਰਾਮ ਦੌਰਾਨ ਲੋਕਾਂ ਦੀ ਸਦਭਾਵਨਾ ਅਤੇ ਉਤਸ਼ਾਹੀ ਯਤਨ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੇ ਸਨ।

ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ, "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਥੀਮ ਇੱਕ ਡੂੰਘੀ ਸੱਚਾਈ ਨੂੰ ਦਰਸਾਉਂਦੀ ਹੈ: ਧਰਤੀ 'ਤੇ ਹਰ ਜੀਵੰਤ ਚੀਜ਼ ਦੀ ਸਿਹਤ ਆਪਸ ਵਿੱਚ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਭਲਾਈ, ਸਾਡੇ ਭੋਜਨ ਨੂੰ ਪੈਦਾ ਕਰਨ ਵਾਲੀ ਮਿੱਟੀ, ਸਾਡੇ ਪਾਣੀ ਦੀ ਸਪਲਾਈ ਕਰਨ ਵਾਲੀਆਂ ਨਦੀਆਂ, ਸਾਡੇ ਈਕੋਸਿਸਟਮ ਨੂੰ ਸਾਂਝਾ ਕਰਨ ਵਾਲੇ ਜਾਨਵਰ ਅਤੇ ਸਾਨੂੰ ਪੋਸ਼ਣ ਦੇਣ ਵਾਲੇ ਪੌਦਿਆਂ ਦੀ ਸਿਹਤ ‘ਤੇ ਨਿਰਭਰ ਕਰਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ ਇਸ ਆਪਸੀ ਤਾਲਮੇਲ ਪ੍ਰਤੀ ਜਾਗਰੂਕ ਕਰਦਾ ਹੈ ਅਤੇ ਸਾਨੂੰ ਵਿਸ਼ਵ ਨਾਲ ਇਕਰੂਪਤਾ (ਏਕਤਾ) ਦੀ ਦਿਸ਼ਾ ਵੱਲ ਲੈ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ "ਯੋਗ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅਲੱਗ-ਅਲੱਗ ਵਿਅਕਤੀ ਨਹੀਂ ਹਾਂ, ਸਗੋਂ ਕੁਦਰਤ ਦੇ ਅਨਿੱਖੜਵੇਂ ਅੰਗ ਹਾਂ। ਸ਼ੁਰੂ ਵਿੱਚ, ਅਸੀਂ ਆਪਣੀ ਸਿਹਤ ਅਤੇ ਤੰਦਰੁਸਤੀ ਦੀ ਦੇਖਭਾਲ ਕਰਨਾ ਸਿੱਖਦੇ ਹਾਂ, ਪਰ ਹੌਲੀ-ਹੌਲੀ, ਇਹ ਦੇਖਭਾਲ ਸਾਡੇ ਵਾਤਾਵਰਣ, ਸਮਾਜ ਅਤੇ ਪੂਰੇ ਵਿਸ਼ਵ ਤੱਕ ਫੈਲਦੀ ਹੈ। ਯੋਗ ਇੱਕ ਡੂੰਘਾ ਨਿਜੀ ਅਨੁਸ਼ਾਸਨ ਹੈ, ਜੋ ਇੱਕ ਸਮੂਹਿਕ ਪ੍ਰਣਾਲੀ ਵਜੋਂ ਵੀ ਕੰਮ ਕਰਦਾ ਹੈ - ਇਹ ਵਿਅਕਤੀਆਂ ਨੂੰ ਮੈਂ ਤੋਂ ਅਸੀਂ ਵਿੱਚ ਬਦਲਦਾ ਹੈ।" 

ਸ਼੍ਰੀ ਮੋਦੀ ਨੇ ਕਿਹਾ, "ਮੈਂ ਤੋਂ ਅਸੀਂ" ਦੀ ਭਾਵਨਾ ਭਾਰਤ ਦੀ ਆਤਮਾ ਨੂੰ ਸਮੇਟਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੇ ਹਿਤ ਤੋਂ ਉੱਪਰ ਉੱਠ ਕੇ ਵੱਡੇ ਪੱਧਰ 'ਤੇ ਸਮਾਜ ਬਾਰੇ ਸੋਚਣਾ ਸ਼ੁਰੂ ਕਰਦਾ ਹੈ, ਤਾਂ ਪੂਰੀ ਮਨੁੱਖਤਾ ਦਾ ਕਲਿਆਣ ਸੰਭਵ ਹੋ ਜਾਂਦਾ ਹੈ। ਉਨ੍ਹਾਂ ਨੇ ਭਾਰਤੀ ਸੱਭਿਆਚਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਾਨੂੰ "ਸਰਵੇ ਭਵਨਤੁ ਸੁਖਿਨਹ:" (ਸਭ ਦਾ ਕਲਿਆਣ) - ਦਾ ਭਾਵ ਸਿਖਾਉਂਦੀ ਹੈ – ਸਾਰਿਆਂ ਦੀ ਭਲਾਈ ਵਿਅਕਤੀ ਦਾ ਪਵਿੱਤਰ ਫਰਜ਼ ਹੈ ਅਤੇ 'ਮੈਂ' ਤੋਂ 'ਅਸੀਂ' ਤੱਕ ਦੀ ਇਹ ਯਾਤਰਾ ਸੇਵਾ, ਸਮਰਪਣ ਅਤੇ ਸਹਿ-ਹੋਂਦ ਦਾ ਅਧਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਸੋਚ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।

ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧ ਰਹੇ ਤਣਾਅ, ਅਸ਼ਾਂਤੀ ਅਤੇ ਅਸਥਿਰਤਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ, ਯੋਗ ਸ਼ਾਂਤੀ ਦਾ ਰਾਹ ਪੱਧਰਾ ਕਰਦਾ ਹੈ। ਉਨ੍ਹਾਂ ਨੇ ਕਿਹਾ "ਯੋਗ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਉਣ ਅਤੇ ਮੁੜ ਤੋਂ ਤੰਦਰੁਸਤ ਹੋਣ ਲਈ ਇੱਕ ਜ਼ਰੂਰੀ ਪੌਜ (ਵਿਰਾਮ) ਬਟਨ ਹੈ।"  ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਵਿਸ਼ਵ ਭਾਈਚਾਰੇ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ, "ਇਸ ਯੋਗ ਦਿਵਸ ਨੂੰ ਮਨੁੱਖਤਾ ਲਈ ਯੋਗ 2.0 ਦੀ ਸ਼ੁਰੂਆਤ ਵਜੋਂ ਦਰਸਾਇਆ ਜਾਵੇ, ਜਿੱਥੇ ਅੰਦਰੂਨੀ ਸ਼ਾਂਤੀ ਆਲਮੀ ਨੀਤੀ ਬਣੇਗੀ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਸਿਰਫ਼ ਇੱਕ ਵਿਅਕਤੀਗਤ ਅਭਿਆਸ ਨਹੀਂ ਰਹਿਣਾ ਚਾਹੀਦਾ ਸਗੋਂ ਆਲਮੀ ਸਾਂਝੇਦਾਰੀ ਲਈ ਇੱਕ ਮਾਧਿਅਮ ਵਜੋਂ ਵਿਕਸਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਰੇਕ ਰਾਸ਼ਟਰ ਅਤੇ ਹਰ ਸਮਾਜ ਨੂੰ ਆਪਣੀ ਜੀਵਨ ਸ਼ੈਲੀ ਅਤੇ ਜਨਤਕ ਨੀਤੀ ਵਿੱਚ ਯੋਗ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਇੱਕ ਸ਼ਾਂਤੀਪੂਰਨ, ਸੰਤੁਲਿਤ ਅਤੇ ਟਿਕਾਊ ਸੰਸਾਰ ਨੂੰ ਅੱਗੇ ਵਧਾਉਣ ਲਈ ਇੱਕ ਸਮੂਹਿਕ ਯਤਨਾਂ ਦੀ ਕਲਪਨਾ ਕੀਤੀ। ਉਨ੍ਹਾਂ ਕਿਹਾ, "ਯੋਗ ਨੂੰ ਚਾਹੀਦਾ ਹੈ ਕਿ ਉਹ ਦੁਨੀਆ ਨੂੰ ਸੰਘਰਸ਼ ਤੋਂ ਸਹਿਯੋਗ ਵੱਲ ਅਤੇ ਤਣਾਅ ਤੋਂ ਸਮਾਧਾਨ ਵੱਲ ਲੈ ਜਾਵੇ।"

ਯੋਗ ਦੇ ਆਲਮੀ ਪ੍ਰਸਾਰ ਵਿੱਚ ਸਹਾਇਤਾ ਕਰਨ ਲਈ ਆਧੁਨਿਕ ਖੋਜ ਰਾਹੀਂ ਯੋਗ ਵਿਗਿਆਨ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਯੋਗ ਖੋਜ ਵਿੱਚ ਸਰਗਰਮੀ ਨਾਲ ਲਗੇ ਹੋਏ ਹਨ, ਜਿਨ੍ਹਾਂ ਦਾ ਉਦੇਸ਼ ਸਮਕਾਲੀ ਡਾਕਟਰੀ ਅਭਿਆਸਾਂ ਦੇ ਅੰਦਰ ਇਸ ਦੀ ਵਿਗਿਆਨਕ ਸਾਰਥਕਤਾ ਸਥਾਪਿਤ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਆਪਣੇ ਮੈਡੀਕਲ ਅਤੇ ਖੋਜ ਸੰਸਥਾਵਾਂ ਰਾਹੀਂ ਯੋਗ ਦੇ ਖੇਤਰ ਵਿੱਚ ਸਬੂਤ-ਅਧਾਰਿਤ ਦਵਾਈ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਦਿਸ਼ਾ ਵਿੱਚ ਮਿਸਾਲੀ ਯੋਗਦਾਨ ਲਈ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ), ਨਵੀਂ ਦਿੱਲੀ ਦੀ ਪ੍ਰਸ਼ੰਸਾ ਕੀਤੀ। ਏਮਸ ਦੇ ਖੋਜ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਯੋਗ ਨੇ ਕਾਰਡਿਕ ਅਤੇ ਨਿਓਰੋਲੋਜਿਕਲ ਡਿਸਆਰਡਰਸ (cardiac and neurological disorders)  ਸਬੰਧੀ ਵਿਕਾਰਾਂ ਦੇ ਇਲਾਜ ਦੇ ਨਾਲ-ਨਾਲ ਮਹਿਲਾਵਾਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਨ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਆਯੁਸ਼ ਮਿਸ਼ਨ ਰਾਹੀਂ ਦੇਸ਼ ਭਰ ਵਿੱਚ ਯੋਗ ਅਤੇ ਸਿਹਤ ਦੇ ਸੰਦੇਸ਼ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯਤਨ ਵਿੱਚ ਡਿਜੀਟਲ ਟੈਕਨੋਲੋਜੀ ਨੇ ਅਹਿਮ ਭੂਮਿਕਾ ਨਿਭਾਈ ਹੈ। ਯੋਗ ਪੋਰਟਲ ਅਤੇ ਯੋਗਾਂਧ੍ਰਾ ਪੋਰਟਲ ਰਾਹੀਂ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਸਮਾਗਮ ਰਜਿਸਟਰਡ ਕੀਤੇ ਗਏ ਹਨ, ਜੋ ਕਿ ਦੇਸ਼ ਭਰ ਵਿੱਚ ਯੋਗ ਦੀ ਪਹੁੰਚ ਦੇ ਸ਼ਾਨਦਾਰ ਵਿਸਥਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਕੋਨੇ ਵਿੱਚ ਆਯੋਜਿਤ ਹੋਣ ਵਾਲੇ ਸਮਾਗਮਾਂ ਦਾ ਪੱਧਰ ਯੋਗ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

"ਹੀਲ ਇਨ ਇੰਡੀਆ" ਮੰਤਰ ਦੀ ਵਧਦੀ ਵਿਸ਼ਵਵਿਆਪੀ ਪ੍ਰਸਿੱਧੀ ਨੂੰ ਦੇਖਦੇ ਹੋਏ ਅਤੇ ਇਲਾਜ ਲਈ ਭਾਰਤ ਦੇ ਇੱਕ ਮੋਹਰੀ ਸਥਾਨ ਵਜੋਂ ਉਭਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਇਸ ਵਿਕਾਸ ਵਿੱਚ ਇੱਕ ਅਹਿਮ  ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਯੋਗ ਅਭਿਆਸ ਨੂੰ ਮਿਆਰੀ ਬਣਾਉਣ ਲਈ ਇੱਕ ਸਾਂਝਾ ਯੋਗ ਪ੍ਰੋਟੋਕੋਲ ਵਿਕਸਿਤ ਕੀਤਾ ਗਿਆ ਹੈ। ਯੋਗ ਸਰਟੀਫਿਕੇਸ਼ਨ ਬੋਰਡ, ਜਿਸ ਨੇ 6.5 ਲੱਖ ਤੋਂ ਵੱਧ ਵਲੰਟੀਅਰਾਂ ਨੂੰ ਟ੍ਰੇਂਡ ਕੀਤਾ ਹੈ ਅਤੇ ਲਗਭਗ 130 ਸੰਸਥਾਵਾਂ ਨੂੰ ਮਾਨਤਾ ਦਿੱਤੀ ਹੈ, ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਸੰਪੂਰਨ ਹੈਲਦੀ ਈਕੋਸਿਸਟਮ ਬਣਾਉਣ ਦੇ ਹਿੱਸੇ ਵਜੋਂ ਮੈਡੀਕਲ ਕਾਲਜਾਂ ਵਿੱਚ 10-ਦਿਨਾਂ ਦੇ ਯੋਗ ਮਾਡਿਊਲ ਨੂੰ ਸ਼ਾਮਲ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਆਯੁਸ਼ਮਾਨ ਆਰੋਗਯ ਮੰਦਰਾਂ ਵਿੱਚ ਟ੍ਰੇਨਿੰਗ ਪ੍ਰਾਪਤ ਯੋਗਾ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਭਾਰਤ ਦੇ ਹੈਲਦੀ ਈਕੋਸਿਸਟਮ ਤੋਂ ਆਲਮੀ ਭਾਈਚਾਰੇ ਨੂੰ ਲਾਭ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਈ-ਆਯੁਸ਼ ਵੀਜ਼ਾ ਦੀ ਵਿਵਸਥਾ ਦਾ ਐਲਾਨ ਕੀਤਾ।

ਮੋਟਾਪੇ ਦੀ ਸਮੱਸਿਆ ਵੱਲ ਧਿਆਨ ਖਿੱਚਦੇ ਹੋਏ ਅਤੇ ਇਸ ਨੂੰ ਇੱਕ ਵਧਦੀ ਆਲਮੀ ਚੁਣੌਤੀ ਦੱਸਦੇ ਹੋਏ, ਸ਼੍ਰੀ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਇਸ ਵਿਸ਼ੇ 'ਤੇ ਆਪਣੀ ਵਿਸਤ੍ਰਿਤ ਚਰਚਾ ਨੂੰ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਭੋਜਨ ਵਿੱਚ ਤੇਲ ਦੀ ਖਪਤ ਨੂੰ 10 ਪ੍ਰਤੀਸ਼ਤ ਤੱਕ ਘਟਾਉਣ ਦੀ ਚੁਣੌਤੀ ਬਾਰੇ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਦੀ ਆਪਣੀ ਅਪੀਲ ਦੁਹਰਾਈ। ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿ ਵਿਅਕਤੀ ਆਪਣੇ ਭੋਜਨ ਵਿੱਚ ਤੇਲ ਦੀ ਖਪਤ ਨੂੰ ਘੱਟੋ ਘੱਟ 10 ਪ੍ਰਤੀਸ਼ਤ ਕਿਵੇਂ ਘਟਾ ਸਕਦੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਤੇਲ ਦੀ ਖਪਤ ਨੂੰ ਘਟਾਉਣਾ, ਗੈਰ-ਸਿਹਤਮੰਦ ਖੁਰਾਕ ਤੋਂ ਬਚਣਾ ਅਤੇ ਯੋਗਾ ਦਾ ਅਭਿਆਸ ਕਰਨਾ ਇੱਕ ਸਿਹਤਮੰਦ ਜੀਵਨ ਸ਼ੈਲੀ ਦੇ ਮਹੱਤਵਪੂਰਨ ਕੰਪੋਨੈਂਟ (ਹਿੱਸੇ) ਹਨ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯੋਗ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਜਿਹਾ ਅੰਦੋਲਨ ਹੈ ਜੋ ਵਿਸ਼ਵ ਨੂੰ ਸ਼ਾਂਤੀ, ਸਿਹਤ ਅਤੇ ਸਦਭਾਵਨਾ ਵੱਲ ਲੈ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਕਿਸੇ ਨੂੰ ਜੀਵਨ ਵਿੱਚ ਸੰਤੁਲਨ ਲਿਆਉਣ ਲਈ ਯੋਗ ਨਾਲ ਆਪਣਾ ਦਿਨ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਸੰਤੁਲਨ ਆਵੇ ਅਤੇ ਹਰੇਕ ਸਮਾਜ ਤਣਾਅ ਤੋਂ ਛੁਟਕਾਰਾ ਪਾਉਣ ਲਈ ਯੋਗ ਨੂੰ ਅਪਣਾਵੇ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਸਮਾਪਤ ਕੀਤਾ, "ਯੋਗ ਨੂੰ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਿਰੋਣ ਦਾ ਕੰਮ ਕਰਨਾ ਚਾਹੀਦਾ ਹੈ, ਇੱਕ ਧਰਤੀ, ਇੱਕ ਸਿਹਤ ਲਈ ਯੋਗ ਨੂੰ ਇੱਕ ਵਿਸ਼ਵਵਿਆਪੀ ਸੰਕਲਪ ਬਣਨਾ ਚਾਹੀਦਾ ਹੈ।"

ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਸਈਦ ਅਬਦੁੱਲ ਨਜ਼ੀਰ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐਨ. ਚੰਦਰਬਾਬੂ ਨਾਇਡੂ, ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਕਿੰਜਰਾਪੂ, ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ, ਡਾ. ਚੰਦਰ ਸ਼ੇਖਰ ਪੇੱਮਾਸਾਨੀ, ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਅਤੇ ਹੋਰ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਸਨ।

 

ਪਿਛੋਕੜ 

11ਵੇਂ ਅੰਤਰਰਾਸ਼ਟਰੀ ਯੋਗ ਦਿਵਸ (IDY) ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਤੋਂ ਰਾਸ਼ਟਰੀ ਜਸ਼ਨਾਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਵਿਸ਼ਾਖਾਪਟਨਮ ਬੀਚ 'ਤੇ ਲਗਭਗ 5 ਲੱਖ ਭਾਗੀਦਾਰਾਂ ਨਾਲ ਕੌਮਨ ਯੋਗ ਪ੍ਰੋਟੋਕੋਲ (CYP) ਸੈਸ਼ਨ ਵਿੱਚ ਹਿੱਸਾ ਲਿਆ ਅਤੇ ਇੱਕ ਤਾਲਮੇਲ ਯੋਗ ਪ੍ਰਦਰਸ਼ਨ ਵਿੱਚ ਦੇਸ਼ ਦੀ ਅਗਵਾਈ ਕੀਤੀ। ਯੋਗ ਸੰਗਮ ਪ੍ਰੋਗਰਾਮ ਭਾਰਤ ਭਰ ਵਿੱਚ 3.5 ਲੱਖ ਤੋਂ ਵੱਧ ਸਥਾਨਾਂ 'ਤੇ ਇੱਕੋ ਸਮੇਂ ਆਯੋਜਿਤ ਕੀਤੇ ਗਏ। ਇਸ ਸਾਲ, MyGov ਅਤੇ MyBharat ਵਰਗੇ ਪਲੈਟਫਾਰਮਾਂ 'ਤੇ ਯੋਗ ਵਿਦ ਫੈਮਿਲੀ ਅਤੇ ਯੋਗ ਅਣਪਲੱਗਡ ਦੇ ਤਹਿਤ ਯੁਵਾ-ਕੇਂਦ੍ਰਿਤ ਪਹਿਲ ਜਿਹੇ ਵਿਸ਼ੇਸ਼ ਮੁਕਾਬਲੇ ਸ਼ੁਰੂ ਕੀਤੇ ਗਏ ਹਨ ਜੋ ਵਿਆਪਕ ਪੱਧਰ ‘ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਨ।

ਇਸ ਸਾਲ ਦੀ ਥੀਮ, "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਮਨੁੱਖੀ ਅਤੇ ਵਿਸ਼ਵਵਿਆਪੀ ਸਿਹਤ ਦੇ ਆਪਸੀ ਸਬੰਧਾਂ ਨੂੰ ਉਜਾਗਰ ਕਰਦੀ ਹੈ ਅਤੇ ਸਮੂਹਿਕ ਭਲਾਈ ਦੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨਾਲ ਗੂੰਜਦੀ ਹੈ ਜੋ ਭਾਰਤ ਦੇ "ਸਰਵੇ ਸੰਤੁ ਨਿਰਾਮਯ" (“सर्वे संतु निरामया” -ਸਾਰੇ ਬਿਮਾਰੀ ਤੋਂ ਮੁਕਤ ਹੋਣ) ਦੇ ਦਰਸ਼ਨ ਵਿੱਚ ਸ਼ਾਮਲ ਹੈ। 2015 ਵਿੱਚ ਜਦੋਂ ਇਸ ਦੀ ਸ਼ੁਰੂਆਤ ਤੋਂ ਬਾਅਦ ਤੋੰ ਹੀ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਨੂੰ ਅਪਣਾਇਆ ਸੀ, ਤਦ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਗਾਤਾਰ ਨਵੀਂ ਦਿੱਲੀ, ਚੰਡੀਗੜ੍ਹ, ਲਖਨਊ, ਮੈਸੂਰ, ਨਿਊਯਾਰਕ (ਸੰਯੁਕਤ ਰਾਸ਼ਟਰ ਹੈੱਡਕੁਆਰਟਰ) ਅਤੇ ਸ੍ਰੀਨਗਰ ਸਮੇਤ ਵੱਖ-ਵੱਖ ਥਾਵਾਂ ਤੋਂ ਸਮਾਰੋਹਾਂ ਦੀ ਅਗਵਾਈ ਕਰਦੇ ਰਹੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਉਦੋਂ ਤੋਂ ਇੱਕ ਸ਼ਕਤੀਸ਼ਾਲੀ ਵਿਸ਼ਵਵਿਆਪੀ ਸਿਹਤ ਲਹਿਰ ਵਿੱਚ ਵਿਕਸਿਤ ਹੋ ਗਿਆ ਹੈ।

 

 

************

ਐੱਮਜੇਪੀਐੱਸ/ਐੱਸਆਰ


(Release ID: 2138469)