ਰੱਖਿਆ ਮੰਤਰਾਲਾ
ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਮੁੱਦਿਆਂ ਦੇ ਪ੍ਰਤੀ ਦ੍ਰਿਸ਼ਟੀਕੋਣ ਬਦਲ ਕੇ ਭਾਰਤ ਦੀ ਸੁਰੱਖਿਆ ਵਿਵਸਥਾ ਨੂੰ ਬਦਲ ਦਿੱਤਾ ਹੈ: ਰਕਸ਼ਾ ਮੰਤਰੀ
“ਭਾਰਤ ਨੂੰ ਲੋਕਤੰਤਰ ਦੀ ਜਨਨੀ ਮੰਨਿਆ ਗਿਆ ਹੈ, ਜਦਕਿ ਪਾਕਿਸਤਾਨ ਆਲਮੀ ਅੱਤਵਾਦ ਦਾ ਜਨਮਦਾਤਾ ਹੈ”
ਸ਼੍ਰੀ ਰਾਜਨਾਥ ਸਿੰਘ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਨਾਲ ਨਿਪਟਣ ਦੇ ਲਈ ਪਾਕਿਸਤਾਨ ‘ਤੇ ਰਣਨੀਤਕ, ਕੂਟਨੀਤਕ ਅਤੇ ਆਰਥਿਕ ਦਬਾਅ ਪਾਉਣ ਦੀ ਤਾਕੀਦ ਕੀਤੀ
“ਭਾਰਤ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਕਰ ਰਿਹਾ ਹੈ ਅਤੇ ਅਜਿਹੀ ਪ੍ਰਣਾਲੀ ਬਣਾ ਰਿਹਾ ਹੈ ਜੋ ਇਸ ਨੂੰ ਰਣਨੀਤਕ, ਆਰਥਿਕ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾ ਰਹੀ ਹੈ”
“ਇਸ ਵਰ੍ਹੇ 1.75 ਲੱਖ ਕਰੋੜ ਰੁਪਏ ਦਾ ਰੱਖਿਆ ਉਤਪਾਦਨ ਅਤੇ 30,000 ਕਰੋੜ ਰੁਪਏ ਦਾ ਰੱਖਿਆ ਨਿਰਯਾਤ ਟੀਚਾ ਨਿਰਧਾਰਿਤ ਕੀਤਾ ਗਿਆ”
प्रविष्टि तिथि:
10 JUN 2025 5:41PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 10 ਜੂਨ, 2025 ਨੂੰ ਉੱਤਰਾਖੰਡ ਦੇਹਰਾਦੂਨ ਵਿੱਚ ‘ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ’ ਵਿਸ਼ੇ ‘ਤੇ ਆਯੋਜਿਤ ਇੱਕ ਸੰਵਾਦ ਵਿੱਚ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਮੁੱਦੇ ਦੇ ਪ੍ਰਤੀ ਦ੍ਰਿਸ਼ਟੀਕੋਣ ਅਤੇ ਕਾਰਵਾਈ ਦੇ ਤਰੀਕੇ ਨੂੰ ਬਦਲ ਕੇ ਭਾਰਤ ਦੇ ਸੁਰੱਖਿਆ ਤੰਤਰ ਨੂੰ ਬਦਲ ਦਿੱਤਾ ਹੈ ਅਤੇ ਦੁਨੀਆ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਇਸ ਬਦਲਾਅ ਨੂੰ ਦੇਖਿਆ।
ਰਕਸ਼ਾ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਨੂੰ ਭਾਰਤੀ ਇਤਿਹਾਸ ਵਿੱਚ ਅੱਤਵਾਦ ਦੇ ਖਿਲਾਫ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਦੱਸਿਆ, ਜੋ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਨਿਰਦੋਸ਼ ਲੋਕਾਂ ‘ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਦੇਸ਼ ਦੀ ਸਮਾਜਿਕ ਏਕਤਾ ‘ਤੇ ਹਮਲਾ ਸੀ ਅਤੇ ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ ਅਤੇ ਸਬੰਧਿਤ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਕੇ ਅੱਤਵਾਦ ਅਤੇ ਉਸ ਦੇ ਅਪਰਾਧੀਆਂ ਦੇ ਖਿਲਾਫ ਵੱਡੀ ਅਤੇ ਸਖਤ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ, “ਆਰਟੀਕਲ 370 ਦੇ ਰੱਦ ਹੋਣ ਦੇ ਬਾਅਦ, ਜੰਮੂ-ਕਸ਼ਮੀਰ ਨੇ ਸ਼ਾਂਤੀ ਅਤੇ ਪ੍ਰਗਤੀ ਦੇ ਯੁੱਗ ਦੀ ਸ਼ੁਰੂਆਤ ਕੀਤੀ। ਸਾਡੇ ਗੁਆਂਢੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ। ਜ਼ਬਰਦਸਤ ਯਤਨਾਂ ਦੇ ਬਾਵਜੂਦ, ਪਾਕਿਸਤਾਨ ਕਸ਼ਮੀਰ ਵਿੱਚ ਵਿਕਾਸ ਨੂੰ ਰੋਕ ਨਹੀਂ ਸਕਿਆ ਹੈ। ਉਧਮਪੁਰ-ਸ੍ਰੀਨਗਰ-ਬਾਰਮੁਲਾ ਰੇਲਵੇ ਲਿੰਕ ਜੰਮੂ-ਕਸ਼ਮੀਰ ਵਿੱਚ ਪ੍ਰਗਤੀ ਦੇ ਲਈ ਸਰਕਾਰ ਦੀ ਅਣਥੱਕ ਖੋਜ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਜਲਦ ਹੀ, ਪੀਓਕੇ ਸਾਡੇ ਨਾਲ ਜੁੜ ਜਾਵੇਗਾ ਅਤੇ ਕਹੇਗਾ ‘ਮੈਂ ਵੀ ਭਾਰਤ ਹਾਂ।’”
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ, ਲੇਕਿਨ ਭਵਿੱਖ ਵਿੱਚ ਪਹਿਲਗਾਮ ਜਿਹੀਆਂ ਅੱਤਵਾਦੀ ਘਟਨਾਵਾਂ ਨੂੰ ਰੋਕਣਾ ਜ਼ਰੂਰੀ ਹੈ। ਉਨ੍ਹਾਂ ਨੇ ਨਾ ਸਿਰਫ ਸਰਕਾਰਾਂ ਦੇ ਪੱਧਰ ‘ਤੇ, ਸਗੋਂ ਜਨਤਾ ਦੇ ਪੱਧਰ ‘ਤੇ ਵੀ ਸਤਰਕ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਅੱਤਵਾਦ ਨੂੰ ਇੱਕ ਵਿਗੜਿਆ ਹੋਇਆ ਨੈਤਿਕ ਤਰਕ, ਮਨੁੱਖਤਾ ‘ਤੇ ਸਭ ਤੋਂ ਵੱਡਾ ਸ਼ਰਾਪ, ਸ਼ਾਂਤੀਪੂਰਣ ਸਹਿ-ਹੋਂਦ ਅਤੇ ਲੋਕਤੰਤਰ ਦੇ ਲਈ ਇੱਕ ਵੱਡਾ ਖਤਰਾ ਅਤੇ ਪ੍ਰਗਤੀ ਦੇ ਰਾਹ ਵਿੱਚ ਰੁਕਾਵਟ ਦੱਸਿਆ। ਰੱਖਿਆ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਸਿਰਫ ਸੁਰੱਖਿਆ ਦਾ ਸਵਾਲ ਨਹੀਂ ਹੈ, ਇਹ ਮਨੁੱਖਤਾ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਰੱਖਿਆ ਦੀ ਲੜਾਈ ਹੈ।
ਰਕਸ਼ਾ ਮੰਤਰੀ ਨੇ ਅੱਤਵਾਦ ਨੂੰ ਮਹਾਮਾਰੀ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਖਤਰੇ ਨੂੰ ਸੁਭਾਵਕ ਮੌਤ ਦੇ ਲਈ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਇਸ ਦੀ ਹੋਂਦ ਸਮੂਹਿਕ ਸ਼ਾਂਤੀ, ਵਿਕਾਸ ਅਤੇ ਸਮ੍ਰਿੱਧੀ ਦੇ ਲਈ ਚੁਣੌਤੀ ਬਣੀ ਰਹੇਗੀ। ਉਨ੍ਹਾਂ ਨੇ ਅੱਤਵਾਦ ਦੇ ਸਥਾਈ ਸਮਾਧਾਨ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਅੱਤਵਾਦੀ ਕਿਸੇ ਉਦੇਸ਼ ਨਾਲ ਲੜਣ ਵਾਲੇ ਨਹੀਂ ਹੁੰਦੇ। ਕੋਈ ਵੀ ਧਾਰਮਿਕ, ਵਿਚਾਰਕ ਜਾਂ ਰਾਜਨੀਤਕ ਕਾਰਨ ਅੱਤਵਾਦ ਨੂੰ ਉਚਿਤ ਨਹੀਂ ਠਹਿਰਾ ਸਕਦਾ। ਖੂਨ ਖਰਾਬੇ ਅਤੇ ਹਿੰਸਾ ਦੇ ਮਾਧਿਅਮ ਨਾਲ ਕਦੇ ਵੀ ਕੋਈ ਮਨੁੱਖੀ ਉਦੇਸ਼ ਹਾਸਲ ਨਹੀਂ ਕੀਤਾ ਜਾ ਸਕਦਾ। ਭਾਰਤ ਅਤੇ ਪਾਕਿਸਤਾਨ ਨੇ ਇੱਕ ਹੀ ਸਮੇਂ ਵਿੱਚ ਆਜ਼ਾਦੀ ਪ੍ਰਾਪਤ ਕੀਤੀ, ਲੇਕਿਨ ਅੱਜ ਭਾਰਤ ਨੂੰ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਦਕਿ ਪਾਕਿਸਤਾਨ ਆਲਮੀ ਅੱਤਵਾਦ ਦੇ ਜਨਮਦਾਤਾ ਦੇ ਰੂਪ ਵਿੱਚ ਉਭਰਿਆ ਹੈ। ਪਾਕਿਸਤਾਨ ਨੇ ਹਮੇਸ਼ਾ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ, ਉਨ੍ਹਾਂ ਨੂੰ ਆਪਣੀ ਧਰਤੀ ‘ਤੇ ਟ੍ਰੇਂਡ ਕੀਤਾ ਹੈ ਅਤੇ ਉਨ੍ਹਾਂ ਦੀ ਮਦਦ ਕੀਤੀ ਹੈ। ਉਹ ਹਮੇਸ਼ਾ ਇਸ ਖਤਰੇ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਮਹੱਤਵਪੂਰਨ ਇਹ ਹੈ ਕਿ ਅਸੀਂ ਇਨ੍ਹਾਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਪੂਰੇ ਢਾਂਚੇ ਨੂੰ ਖਤਮ ਕਰ ਦਈਏ।”
ਰਕਸ਼ਾ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਪਾਕਿਸਤਾਨ ਨੂੰ ਮਿਲਣ ਵਾਲੀ ਵਿਦੇਸ਼ੀ ਫੰਡਿੰਗ ਰੋਕਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਇਸ ਵਿੱਤੀ ਸਹਾਇਤਾ ਦਾ ਇੱਕ ਵੱਡਾ ਹਿੱਸਾ ਅੱਤਵਾਦ ‘ਤੇ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ, “ਪਾਕਿਸਤਾਨ ਨੂੰ ਫੰਡ ਦੇਣ ਦਾ ਮਤਲਬ ਹੈ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਫੰਡ ਦੇਣਾ। ਪਾਕਿਸਤਾਨ ਅੱਤਵਾਦ ਦੀ ਨਰਸਰੀ ਹੈ। ਇਸ ਨੂੰ ਪੋਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ।”
ਸ਼੍ਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੁਆਰਾ ਪਾਕਿਸਤਾਨ ਨੂੰ ਅੱਤਵਾਦ ਨਿਰੋਧਕ ਪੈਨਲ ਦਾ ਵਾਈਸ-ਚੇਅਰ ਨਿਯੁਕਤ ਕਰਨ ਦੇ ਫੈਸਲੇ ‘ਤੇ ਹੈਰਾਨੀ ਵਿਅਕਤ ਕੀਤੀ, ਖਾਸ ਤੌਰ ‘ਤੇ ਤਦ ਜਦੋਂ ਇਹ ਪੈਨਲ 9/11 ਦੇ ਅੱਤਵਾਦੀ ਹਮਲਿਆਂ ਦੇ ਬਾਅਦ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ, “ਪਾਕਿਸਤਾਨ ਨੇ 9/11 ਹਮਲਿਆਂ ਦੇ ਸਾਜਿਸ਼ਕਰਤਾ ਨੂੰ ਪਨਾਹ ਦਿੱਤੀ ਸੀ। ਇਸ ਦੀ ਜ਼ਮੀਨ ਦਾ ਉਪਯੋਗ ਆਲਮੀ ਅੱਤਵਾਦੀ ਸੰਗਠਨਾਂ ਦੇ ਲਈ ਪਨਾਹਗਾਹ ਦੇ ਰੂਪ ਵਿੱਚ ਕੀਤਾ ਗਿਆ ਹੈ। ਉੱਥੇ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਜਿਹੇ ਅੱਤਵਾਦੀ ਖੁੱਲ੍ਹੇਆਮ ਘੁੰਮਦੇ ਹਨ ਅਤੇ ਪਾਕਿਸਤਾਨੀ ਸੈਨਾ ਦੇ ਸੀਨੀਅਰ ਅਧਿਕਾਰੀ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੁੰਦੇ ਹਨ। ਹੁਣ ਅਜਿਹੇ ਦੇਸ਼ ਤੋਂ ਅੱਤਵਾਦ ਦੇ ਖਿਲਾਫ ਆਲਮੀ ਭਾਈਚਾਰੇ ਦੀ ਅਗਵਾਈ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਨਾਲ ਅੰਤਰਰਾਸ਼ਟਰੀ ਵਿਵਸਥਾ ਦੀ ਮੰਸ਼ਾ ਅਤੇ ਨੀਤੀਆਂ ‘ਤੇ ਗੰਭੀਰ ਸਵਾਲ ਉੱਠਦਾ ਹੈ।”
ਰਕਸ਼ਾ ਮੰਤਰੀ ਨੇ ਆਲਮੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਜਿਹੇ ਸੰਗਠਨਾਂ ਨਾਲ ਅੱਤਵਾਦ ਜਿਹੇ ਮੁੱਦਿਆਂ ‘ਤੇ ਵਧੇਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਤਾਕੀਦ ਕਰਦੇ ਹੋਏ ਕਿਹਾ ਕਿ “ਅੱਤਵਾਦ ਤੋਂ ਮੁਕਤ ਹੋਣ ‘ਤੇ ਹੀ ਅਸੀਂ ਆਲਮੀ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਟੀਚੇ ਵੱਲ ਵਧ ਸਕਾਂਗੇ।” ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਆਮ ਲੋਕਾਂ ਦੀ ਵੀ ਇਹੀ ਸਲਾਹ ਹੈ, ਲੇਕਿਨ ਉੱਥੇ ਦੇ ਸ਼ਾਸਕਾਂ ਨੇ ਦੇਸ਼ ਨੂੰ ਤਬਾਹੀ ਦੇ ਰਸਤੇ ‘ਤੇ ਭੇਜ ਦਿੱਤਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਆਪਣੀ ਧਰਤੀ ‘ਤੇ ਅੱਤਵਾਦ ਦੇ ਖਿਲਾਫ ਕਾਰਵਾਈ ਕਰਨ ਵਿੱਚ ਅਸਮਰੱਥ ਹੈ ਤਾਂ ਉਸ ਨੂੰ ਭਾਰਤ ਦੀ ਮਦਦ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਸੀਮਾ ਦੇ ਦੋਵੇਂ ਤਰਫ਼ ਅੱਤਵਾਦ ਦੇ ਖਿਲਾਫ ਪ੍ਰਭਾਵੀ ਕਾਰਵਾਈ ਕਰਨ ਵਿੱਚ ਸਮਰੱਥ ਹਨ, ਜਿਸ ਦਾ ਸਬੂਤ ਪਾਕਿਸਤਾਨ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਖੁਦ ਦੇਖਿਆ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਜ਼ਿੱਦੀ ਦੱਸਦੇ ਹੋਏ ਕਿਹਾ ਕਿ ਪੂਰੀ ਦੁਨੀਆ ਨੂੰ ਪਾਕਿਸਤਾਨ ਦੀ ਧਰਤੀ ‘ਤੇ ਪਨਪ ਰਹੇ ਅੱਤਵਾਦ ਦੇ ਖਾਤਮੇ ਲਈ ਉਸ ‘ਤੇ ਰਣਨੀਤਕ, ਕੂਟਨੀਤਕ ਅਤੇ ਆਰਥਿਕ ਦਬਾਅ ਪਾਉਣਾ ਚਾਹੀਦਾ ਹੈ।
ਰਕਸ਼ਾ ਮੰਤਰੀ ਨੇ ਅੱਤਵਾਦ ਨਾਲ ਨਿਪਟਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਅਪਣਾਈ ਰਣਨੀਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ ਆਤਮਨਿਰਭਰ ਭਾਰਤ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ ਅਤੇ ਆਪ੍ਰੇਸ਼ਨ ਸਿੰਦੂਰ ਦੌਰਾਨ ਇਸਤੇਮਾਲ ਕੀਤੇ ਗਏ ਹਥਿਆਰ/ਪਲੈਟਫਾਰਮ ਸਵਦੇਸ਼ ਨਿਰਮਿਤ ਸਨ। ਉਨ੍ਹਾਂ ਨੇ ਕਿਹਾ, “ਅੱਜ ਭਾਰਤ ਨਾ ਸਿਰਫ ਆਪਣੀਆਂ ਸੀਮਾਵਾਂ ਦੀ ਰੱਖਿਆ ਕਰ ਰਿਹਾ ਹੈ, ਸਗੋਂ ਇੱਕ ਅਜਿਹੀ ਪ੍ਰਣਾਲੀ ਵੀ ਬਣਾ ਰਿਹਾ ਹੈ ਜੋ ਸਾਨੂੰ ਰਣਨੀਤਕ, ਆਰਥਿਕ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾ ਰਹੀ ਹੈ। ਪਹਿਲਾਂ ਅਸੀਂ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਰੱਖਿਆ ਉਪਕਰਣਾਂ ‘ਤੇ ਨਿਰਭਰ ਸੀ, ਲੇਕਿਨ ਅੱਜ ਭਾਰਤ ਰੱਖਿਆ ਦੇ ਮਾਮਲੇ ਵਿੱਚ ਤੇਜ਼ੀ ਨਾਲ ਆਤਮਨਿਰਭਰ ਬਣ ਰਿਹਾ ਹੈ।”
ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਇਸ ਵਿੱਚ ਵਿੱਤ ਵਰ੍ਹੇ 2013-14 ਵਿੱਚ ਰੱਖਿਆ ਬਜਟ ਨੂੰ 2.53 ਲੱਖ ਕਰੋੜ ਰੁਪਏ ਤੋਂ ਵਧਾ ਕੇ ਵਿੱਤ ਵਰ੍ਹੇ 2024-25 ਵਿੱਚ 6.22 ਲੱਖ ਕਰੋੜ ਰੁਪਏ ਕਰਨਾ, ਘਰੇਲੂ ਕੰਪਨੀਆਂ ਤੋਂ ਪੂੰਜੀਗਤ ਖਰੀਦ ਦੇ ਲਈ ਬਜਟ ਦਾ 75 ਪ੍ਰਤੀਸ਼ਤ ਰਾਖਵਾਂ ਕਰਨਾ ਅਤੇ 5,500 ਤੋਂ ਵੱਧ ਵਸਤੂਆਂ ਵਾਲੀ ਕੁੱਲ 10 ਸਕਾਰਾਤਮਕ ਸਵਦੇਸ਼ੀਕਰਣ ਸੂਚੀਆਂ ਜਾਰੀ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, “ਅੱਜ, ਭਾਰਤੀ ਹਥਿਆਰਬੰਦ ਬਲ ਦੇਸ਼ ਵਿੱਚ ਨਿਰਮਿਤ ਅਤਿਆਧੁਨਿਕ ਹਥਿਆਰਾਂ, ਮਿਜ਼ਾਈਲਾਂ, ਟੈਂਕਾਂ ਅਤੇ ਹੋਰ ਪ੍ਰਣਾਲੀਆਂ/ਪਲੈਟਫਾਰਮ ਦਾ ਉਪਯੋਗ ਕਰਦੇ ਹਨ। ਅਗਨੀ, ਪ੍ਰਿਥਵੀ ਅਤੇ ਬ੍ਰਹਮੋਸ ਜਿਹੀਆਂ ਸਾਡੀਆਂ ਸਵਦੇਸ਼ੀ ਮਿਜ਼ਾਈਲਾਂ ਦੁਸ਼ਮਣ ਨੂੰ ਕਰਾਰਾ ਜਵਾਬ ਦੇਣ ਦੇ ਲਈ ਤਿਆਰ ਹਨ। ਸਾਡੇ ਕੋਲ ਆਈਐੱਨਐੱਸ ਵਿਕ੍ਰਾਂਤ ਜਿਹੇ ਵਿਮਾਨਵਾਹਕ ਪੋਰਟ ਬਣਾਉਣ ਦੀ ਤਾਕਤ ਵੀ ਹੈ।”
ਰਕਸ਼ਾ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਲਗਾਤਾਰ ਯਤਨਾਂ ਦਾ ਨਤੀਜਾ ਇਹ ਹੈ ਕਿ 2014 ਵਿੱਚ ਸਲਾਨਾ ਰੱਖਿਆ ਉਤਪਾਦਨ ਕਰੀਬ 40,000 ਕਰੋੜ ਰੁਪਏ ਦਾ ਸੀ, ਜੋ ਅੱਜ 1.30 ਲੱਖ ਕਰੋੜ ਰੁਪਏ ਦੇ ਰਿਕਾਰਡ ਅੰਕੜੇ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਨਿਰਯਾਤ ਜੋ 2014 ਵਿੱਚ 686 ਕਰੋੜ ਰੁਪਏ ਦਾ ਸੀ, ਉਹ ਵਿੱਤ ਵਰ੍ਹੇ 2024-25 ਵਿੱਚ 23,622 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਰਮਿਤ ਰੱਖਿਆ ਉਤਪਾਦਾਂ ਦਾ ਨਿਰਯਾਤ ਕਰੀਬ 100 ਦੇਸ਼ਾਂ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਇਸ ਸਾਲ 1.75 ਲੱਖ ਕਰੋੜ ਰੁਪਏ ਅਤੇ 2029 ਤੱਕ ਤਿੰਨ ਲੱਖ ਕਰੋੜ ਰੁਪਏ ਦੇ ਰੱਖਿਆ ਉਤਪਾਦਨ ਦਾ ਟੀਚਾ ਰੱਖਿਆ ਹੈ। ਸਾਡਾ ਰੱਖਿਆ ਨਿਰਯਾਤ ਇਸ ਸਾਲ 30,000 ਕਰੋੜ ਰੁਪਏ ਤੇ 2029 ਤੱਕ 50,000 ਕਰੋੜ ਰੁਪਏ ਤੱਕ ਪਹੁੰਚ ਜਾਣਾ ਚਾਹੀਦਾ ਹੈ।”
ਸ਼੍ਰੀ ਰਾਜਨਾਥ ਸਿੰਘ ਨੇ 21ਵੀਂ ਸਦੀ ਵਿੱਚ ਸੂਚਨਾ ਯੁੱਧ ਦੇ ਵਧਦੇ ਉਪਯੋਗ ‘ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਝੂਠ ਦੀ ਪਹਿਚਾਣ ਕਰਨ, ਅਫਵਾਹਾਂ ਨੂੰ ਰੋਕਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਸਮਾਜਿਕ ਸੈਨਿਕ ਬਣਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਡੇਟਾ ਅਤੇ ਸੂਚਨਾ ਸਭ ਤੋਂ ਵੱਡੀ ਤਾਕਤ ਹੈ, ਲੇਕਿਨ ਇਹ ਸਭ ਤੋਂ ਵੱਡੀ ਚੁਣੌਤੀ ਵੀ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੇ ਫਰਜ਼ੀ ਵੀਡੀਓ, ਮਨਘੜਤ ਖਬਰਾਂ ਅਤੇ ਪੋਸਟਾਂ ਦੇ ਜ਼ਰੀਏ ਸਾਡੇ ਸੈਨਿਕਾਂ ਅਤੇ ਨਾਗਰਿਕਾਂ ਦਾ ਮਨੋਬਲ ਤੋੜਨ ਦੀ ਸਾਜਿਸ਼ ਰਚੀ। ਭਾਵੇਂ ਸੈਨਾ ਕਾਰਵਾਈ ਬੰਦ ਕਰ ਦਿੱਤੀ ਗਈ ਹੋਵੇ, ਲੇਕਿਨ ਸੂਚਨਾ ਯੁੱਧ ਹੁਣ ਵੀ ਜਾਰੀ ਹੈ। ਜੇਕਰ ਲੋਕ ਬਿਨਾ ਸੋਚੇ-ਸਮਝੇ ਝੂਠੀਆਂ ਖਬਰਾਂ ਸਾਂਝਾ ਕਰਦੇ ਹਨ, ਤਾਂ ਉਹ ਅਣਜਾਣੇ ਵਿੱਚ ਦੁਸ਼ਮਣ ਦੇ ਹਥਿਆਰ ਬਣ ਜਾਂਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਾਰੇ ਨਾਗਰਿਕ ਸਮਾਜਿਕ ਸੈਨਿਕ ਬਣਨ। ਸਰਕਾਰ ਆਪਣੇ ਪੱਧਰ ‘ਤੇ ਸਾਇਬਰ ਸੁਰੱਖਿਆ ‘ਤੇ ਕੰਮ ਕਰ ਰਹੀ ਹੈ, ਲੇਕਿਨ ਹਰ ਨਾਗਰਿਕ ਨੂੰ ‘ਫਸਟ ਰਿਸਪੌਂਡਰ’ ਬਣਨ ਦੀ ਜ਼ਰੂਰਤ ਹੈ।”
ਰਕਸ਼ਾ ਮੰਤਰੀ ਨੇ ਮੀਡੀਆ ਨੂੰ ਸਮਝਾਉਂਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ‘ਸਭ ਤੋਂ ਸਹੀ’ ਹੋਣ ਨੂੰ ‘ਅੱਗੇ ਰਹਿਣ’ ਤੋਂ ਜ਼ਿਆਦਾ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘ਵੈਰੀਫਾਈਡ’ ਹੋਣ ਦੀ ਬਜਾਏ ‘ਵਾਇਰਲ’ ਹੋਣਾ ਪੱਤਰਕਾਰਿਤਾ ਦਾ ਮਿਆਰ ਬਣ ਗਿਆ ਹੈ। ਇਸ ਤੋਂ ਬਚਣ ਦੀ ਜ਼ਰੂਰਤ ਹੈ।”
ਸ਼੍ਰੀ ਰਾਜਨਾਥ ਸਿੰਘ ਨੇ ਮੀਡੀਆ ਨੂੰ ਇੱਕ “ਨਿਗਰਾਨ” ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਸਿਰਫ ਸੀਮਾਵਾਂ ਨਾਲ ਜੁੜਿਆ ਨਹੀਂ ਹੈ, ਸਗੋਂ ਹੁਣ ਇਹ ਸਾਇਬਰ ਅਤੇ ਸਮਾਜਿਕ ਖੇਤਰਾਂ ਵਿੱਚ ਵੀ ਇੱਕ ਚੁਣੌਤੀ ਹੈ। ਉਨ੍ਹਾਂ ਨੇ ਕਿਹਾ, “ਪੱਤਰਕਾਰਿਤਾ ਸਿਰਫ ਇੱਕ ਪੇਸ਼ਾ ਨਹੀਂ ਸਗੋਂ ਇੱਕ ਰਾਸ਼ਟਰੀ ਫਰਜ਼ ਹੈ। ਇਹ ਸਾਨੂੰ ਦੇਸ਼ ਦੀ ਸੁਰੱਖਿਆ ਦੇ ਪ੍ਰਤੀ ਸੁਚੇਤ ਅਤੇ ਚੌਕਸ ਰੱਖਦੇ ਹੋਏ ਸੂਚਨਾ ਪ੍ਰਦਾਨ ਕਰਦੀ ਹੈ। ਇੱਕ ਸੁਤੰਤਰ ਅਤੇ ਸਿਹਤਮੰਦ ਪੱਤਰਕਾਰਿਤਾ ਇੱਕ ਸਥਿਰ ਸ਼ਕਤੀ ਹੈ ਜੋ ਸਮਾਜ ਨੂੰ ਸੁਚੇਤ ਬਣਾਉਂਦੀ ਹੈ, ਉਸ ਨੂੰ ਇਕਜੁੱਟ ਕਰਦੀ ਹੈ ਅਤੇ ਚੇਤਨਾ ਫੈਲਾਉਂਦੀ ਹੈ।”
ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਪਤਵੰਤਿਆਂ ਵਿੱਚ ਸ਼ਾਮਲ ਸਨ।
*************
ਵੀਕੇ/ਸੇੱਵੀ
(रिलीज़ आईडी: 2135816)
आगंतुक पटल : 21