ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ 'ਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼੍ਰੀ ਰਿਚਰਡ ਮਾਰਲੇਸ ਨਾਲ ਦੁਵੱਲੀ ਮੀਟਿੰਗ ਕੀਤੀ


ਰੱਖਿਆ ਮੰਤਰੀ ਨੇ ਸਰਹੱਦ ਪਾਰ ਅੱਤਵਾਦ ਵਿਰੁੱਧ ਸਵੈ-ਰੱਖਿਆ ਵਿੱਚ ਜਵਾਬ ਦੇਣ ਦੇ ਭਾਰਤ ਦੇ ਅਧਿਕਾਰ ਨੂੰ ਉਜਾਗਰ ਕੀਤਾ

ਪਾਕਿਸਤਾਨ ਦੇ ਵਿਰੁੱਧ ਭਾਰਤ ਦੀ ਕਾਰਵਾਈ ਮਾਪੀ ਹੋਈ, ਨੌਨ-ਐਸਕੇਲੇਟਰੀ, ਅਨੁਪਾਤਕ ਅਤੇ ਜ਼ਿੰਮੇਦਾਰਾਨਾ ਸੀ: ਰੱਖਿਆ ਮੰਤਰੀ

ਭਾਰਤ ਅਤੇ ਆਸਟ੍ਰੇਲੀਆ ਹਰ ਤਰ੍ਹਾਂ ਦੇ ਅੱਤਵਾਦ ਨਾਲ ਲੜਨ ਲਈ ਸਹਿਮਤ ਹਨ

ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਸਾਂਝੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ ਗਈ

Posted On: 04 JUN 2025 4:23PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼੍ਰੀ ਰਿਚਰਡ ਮਾਰਲੇਸ ਨਾਲ ਦੁਵੱਲੀ ਮੀਟਿੰਗ ਕੀਤੀ। ਦੋਵਾਂ ਮੰਤਰੀਆਂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਰਹੱਦ ਪਾਰ ਅੱਤਵਾਦ ਵਿਰੁੱਧ ਸਵੈ-ਰੱਖਿਆ ਵਿੱਚ ਜਵਾਬ ਦੇਣ ਦੇ ਭਾਰਤ ਦੇ ਅਧਿਕਾਰ ਨੂੰ ਉਜਾਗਰ ਕੀਤਾ ਅਤੇ ਪਾਕਿਸਤਾਨ ਵਿਰੁੱਧ ਭਾਰਤ ਦੀ ਕਾਰਵਾਈ ਨੂੰ ਮਾਪਿਆ ਹੋਇਆ, ਨੌਨ ਐਸਕੇਲੇਟਰੀ, ਅਨੁਪਾਤਕ ਅਤੇ ਜ਼ਿੰਮੇਦਾਰਾਨਾ ਦੱਸਿਆ। ਦੋਵੇਂ ਧਿਰਾਂ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਈਆਂ।

ਮੀਟਿੰਗ ਤੋਂ ਬਾਅਦ, ਐਕਸ 'ਤੇ ਇੱਕ ਪੋਸਟ ਰਾਹੀਂ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪਹਿਲਗਾਮ ਵਿੱਚ ਅੱਤਵਾਦ ਦੇ ਵਹਿਸ਼ੀ ਕਾਰੇ ਪ੍ਰਤੀ ਭਾਰਤ ਦੇ ਦ੍ਰਿੜ ਜਵਾਬ ਲਈ ਆਸਟ੍ਰੇਲੀਆ ਦੇ ਸਪੱਸ਼ਟ ਸਮਰਥਨ ਲਈ ਧੰਨਵਾਦ ਕੀਤਾ।

ਦੋਵਾਂ ਮੰਤਰੀਆਂ ਨੇ ਆਸਟ੍ਰੇਲੀਆ-ਭਾਰਤ ਸੰਯੁਕਤ ਖੋਜ ਪ੍ਰੋਜੈਕਟ 'ਤੇ ਦਸਤਖਤ ਦਾ ਸਵਾਗਤ ਕੀਤਾ ਅਤੇ ਰੱਖਿਆ ਉਦਯੋਗ ਸਹਿਯੋਗ ਨੂੰ ਤੇਜ਼ ਕਰਨ ਅਤੇ ਵਿਭਿੰਨਤਾ ਲਿਆਉਣ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਤੀਜੀ ਭਾਰਤ-ਆਸਟ੍ਰੇਲੀਆ 2+2 ਮੰਤਰੀ ਪੱਧਰੀ ਮੀਟਿੰਗ ਦੌਰਾਨ ਰੱਖਿਆ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਨਵੰਬਰ 2023 ਵਿੱਚ ਹੋਈ ਆਖਰੀ 2+2 ਮੰਤਰੀ ਪੱਧਰੀ ਗੱਲਬਾਤ ਤੋਂ ਬਾਅਦ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ।

ਇਸ ਮੀਟਿੰਗ ਨੇ ਦੋਵਾਂ ਧਿਰਾਂ ਨੂੰ ਉੱਭਰ ਰਹੇ ਖੇਤਰੀ ਅਤੇ ਵਿਸ਼ਵਵਿਆਪੀ ਦ੍ਰਿਸ਼ਾਂ ਦੇ ਸੰਦਰਭ ਵਿੱਚ ਦੁਵੱਲੇ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕੀਤਾ। ਵਿਚਾਰ-ਵਟਾਂਦਰੇ ਵਿੱਚ ਰੱਖਿਆ ਰਣਨੀਤਕ ਸਹਿਯੋਗ ਅਤੇ ਸੁਰੱਖਿਆ, ਉਦਯੋਗ ਸਹਿਯੋਗ, ਸਾਈਬਰ ਅਤੇ ਨਵੀਆਂ ਉੱਭਰ ਰਹੀਆਂ ਤਕਨੀਕਾਂ, ਅੱਤਵਾਦ ਵਿਰੋਧੀ, ਹਾਈਡ੍ਰੋਗ੍ਰਾਫੀ ਅਤੇ ਸਮੁੰਦਰੀ ਸੁਰੱਖਿਆ ਵਰਗੇ ਵਿਆਪਕ ਮੁੱਦਿਆਂ 'ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵਵਿਆਪੀ ਸੁਰੱਖਿਆ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। 

ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ 'ਤੇ ਦਸਤਖਤ ਦੀ ਪੰਜਵੀਂ ਵਰ੍ਹੇਗੰਢ 'ਤੇ, ਦੋਵਾਂ ਧਿਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਮੰਨਿਆ ਕਿ ਰੱਖਿਆ ਸਹਿਯੋਗ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਉਭਰਿਆ ਹੈ। ਦੋਵਾਂ ਦੇਸ਼ਾਂ ਨੇ ਵਧ ਰਹੇ ਰਣਨੀਤਕ ਕਨਵਰਜੈਂਸ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇੱਕ ਆਜ਼ਾਦ ਅਤੇ ਖੁੱਲ੍ਹੇ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਟਾਪੂ ਖੇਤਰ ਲਈ ਇਕੱਠੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ।

ਦੋਵਾਂ ਧਿਰਾਂ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ, ਸਥਿਰਤਾ ਅਤੇ ਤਰੱਕੀ ਦੇ ਆਪਣੇ ਸਾਂਝੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਸਟ੍ਰੇਲੀਆ ਵਿੱਚ ਹਾਲ ਹੀ ਵਿੱਚ ਹੋਈਆਂ ਸੰਘੀ ਚੋਣਾਂ ਵਿੱਚ ਲੇਬਰ ਪਾਰਟੀ ਦੀ ਭਾਰੀ ਜਿੱਤ ਤੋਂ ਬਾਅਦ ਸ਼੍ਰੀ ਰਿਚਰਡ ਮਾਰਲੇਸ ਨੂੰ ਉਨ੍ਹਾਂ ਦੀ ਮੁੜ ਨਿਯੁਕਤੀ 'ਤੇ ਵਧਾਈ ਦਿੱਤੀ।

ਇਸ ਤੋਂ ਪਹਿਲਾਂ, ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲਮਾਲਾ ਭੇਟ ਕੀਤੀ ਅਤੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ।

ਗੱਲਬਾਤ ਤੋਂ ਪਹਿਲਾਂ, ਮਹਿਮਾਨ ਪਤਵੰਤੇ ਦਾ ਮਾਨੇਕਸ਼ਾ ਸੈਂਟਰ ਵਿਖੇ ਤਿੰਨਾਂ ਸੈਨਾਵਾਂ ਦੁਆਰਾ ਗਾਰਡ ਆਫ਼ ਆਨਰ ਦੇ ਨਾਲ ਰਸਮੀ ਸਵਾਗਤ ਕੀਤਾ ਗਿਆ।

ਸ਼੍ਰੀ ਮਾਰਲੇਸ 3 ਤੋਂ 4 ਜੂਨ 2025 ਤੱਕ ਭਾਰਤ ਦੇ ਅਧਿਕਾਰਤ ਦੌਰੇ 'ਤੇ ਹਨ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵਜੋਂ ਦੁਬਾਰਾ ਨਿਯੁਕਤੀ ਤੋਂ ਬਾਅਦ ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੈ।

****

ਵੀਕੇ/ਸਾਵੀ


(Release ID: 2134367)