ਸੱਭਿਆਚਾਰ ਮੰਤਰਾਲਾ
azadi ka amrit mahotsav

ਭਾਰਤ ਸਿਰਫ ਬੁੱਧ ਦੀ ਜਨਮਭੂਮੀ ਨਹੀਂ, ਸਗੋਂ ਉਨ੍ਹਾਂ ਦੇ ਅਹਿੰਸਾ, ਚੇਤਨਤਾ ਅਤੇ ਮੱਧ ਮਾਰਗ ਦੇ ਵਿਸ਼ਵਵਿਆਪੀ ਸੰਦੇਸ਼ ਦਾ ਵਾਹਕ ਹੈ- ਸ੍ਰੀ ਗਜੇਂਦਰ ਸਿੰਘ ਸ਼ੇਖਾਵਤ


ਵੈਸਾਖ ਬੁੱਧ ਪੂਰਨਿਮਾ 2025 ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਸ਼ਾਨ ਦੇ ਨਾਲ ਮਨਾਇਆ ਗਿਆ

ਭਾਰਤ ਨੇ ਆਈਬੀਸੀ ਯਾਦਗਾਰੀ ਸਮਾਗਮ ਵਿੱਚ ਬੁੱਧ ਦੀਆਂ ਸਦੀਵੀ ਸਿੱਖਿਆਵਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ

Posted On: 15 MAY 2025 7:40PM by PIB Chandigarh

 ਵੈਸਾਖ ਬੁੱਧ ਪੂਰਨਿਮਾ 2025 ਦਾ ਰਸਮੀ ਉਦਘਾਟਨ ਅੱਜ ਨਵੀਂ ਦਿੱਲੀ ਦੇ ਡਾ. ਬੀਆਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ, ਭਗਵਾਨ ਸ਼ਾਕਯਮੁਨੀ ਬੁੱਧ ਨੂੰ ਅਧਿਆਤਮਿਕ ਗੂੰਜ ਅਤੇ ਸੱਭਿਆਚਾਰਕ ਸਮ੍ਰਿੱਧ ਸ਼ਰਧਾਂਜਲੀ ਦੇ ਰੂਪ ਵਿੱਚ ਕੀਤਾ ਗਿਆ। ਇਹ ਪ੍ਰੋਗਰਾਮ ਸੱਭਿਆਚਾਰ ਮੰਤਰਾਲੇ ਅਤੇ ਅੰਤਰਰਾਸ਼ਟਰੀ ਬੌਧ ਸੰਘ (ਆਈਬੀਸੀ) ਦੁਆਰਾ ਬੁੱਧ ਦੇ ਜਨਮ, ਗਿਆਨ ਅਤੇ ਮਹਾਪਰਿਨਿਰਵਾਣ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਤ੍ਰਿਗੁਣ ਧੰਨ ਦਿਵਸ (Triple Blessed Day) ਦੇ ਜਸ਼ਨ ਵਿੱਚ ਆਯੋਜਿਤ ਕੀਤਾ ਗਿਆ ਸੀ। 

 

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਅਵਸਰ ‘ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ ਅਤੇ ਪਵਿੱਤਰ ਬੌਧ ਵਿਰਾਸਤ ਦੀ ਸੰਭਾਲ ਦੇ ਰੂਪ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਲਮੀ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਕਿਹਾ, “ਭਾਰਤ ਕੇਵਲ ਬੁੱਧ ਦੀ ਜਨਮਭੂਮੀ ਨਹੀਂ – ਇਹ ਅਹਿੰਸਾ, ਸਜਗਤਾ ਅਤੇ ਮੱਧ ਮਾਰਗ ਦੇ ਉਨ੍ਹਾਂ ਦੇ ਵਿਸ਼ਵਵਿਆਪੀ ਸੰਦੇਸ਼ ਦਾ ਮੁਖਤਿਆਰ ਹੈ।”

 

ਸਮ੍ਰਿੱਧ ਬੌਧ ਵਿਰਾਸਤ ‘ਤੇ ਚਾਨਣਾ ਪਾਉਂਦੇ ਹੋਏ, ਮੰਤਰੀ ਨੇ ਕਿਹਾ, “ਭਾਰਤ ਆਪਣੀ ਪਵਿੱਤਰ ਵਿਰਾਸਤ ਨੂੰ ਸਰਗਰਮੀ ਨਾਲ ਸਾਂਝਾ ਕਰਦਾ ਹੈ ਅਤੇ ਸੰਭਾਲਦਾ ਹੈ। ਹਾਲ ਦੇ ਵਰ੍ਹਿਆਂ ਵਿੱਚ, ਭਾਰਤ ਸਰਕਾਰ ਨੇ ਆਲਮੀ ਬੌਧ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪਹਿਲ ਕੀਤੀ ਹੈ। ਸਭ ਤੋਂ ਮਹੱਤਵਪੂਰਨ ਯਤਨਾਂ ਵਿੱਚੋਂ ਇੱਕ ਪਵਿੱਤਰ ਬੁੱਧ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਹੈ। ਆਸਥਾ ਅਤੇ ਸ਼ਰਧਾ ਦੀ ਨਿਧੀ, ਇਹ ਅਵਸ਼ੇਸ਼ –ਮੰਗੋਲੀਆ, ਸ੍ਰੀਲੰਕਾ, ਥਾਈਲੈਂਡ ਅਤੇ ਵੀਅਤਨਾਮ ਜਿਹੇ ਦੇਸ਼ਾਂ ਵਿੱਚ ਵਿਸ਼ੇਸ਼ ਯਾਤਰਾਵਾਂ ‘ਤੇ ਭੇਜੇ ਗਏ ਹਨ, ਜਿਸ ਨਾਲ ਵਿਦੇਸ਼ਾਂ ਵਿੱਚ ਸਾਡੇ ਬੌਧ ਭਾਈਆਂ ਦੇ ਨਾਲ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧ ਮਜ਼ਬੂਤ ਹੋਏ ਹਨ।”

 

ਉਨ੍ਹਾਂ ਨੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਸਿਰਫ ਰਸਮੀ ਹੋਣ ਤੋਂ ਕਿਤੇ ਵਧ ਹਨ – ਇਹ ਸੱਭਿਆਚਾਰਕ ਕੂਟਨੀਤੀ ਅਤੇ ਅਧਿਆਤਮਿਕ ਏਕਤਾ ਦੇ ਕਾਰਜ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅਵਸ਼ੇਸ਼ ਜਿੱਥੇ ਵੀ ਜਾਂਦੇ ਹਨ, ਉੱਥੇ ਭਗਤੀ ਦੀ ਭਾਵਨਾ ਜਾਗਦੀ ਹੈ, ਸਬੰਧ ਮਜ਼ਬੂਤ ਹੁੰਦੇ ਹਨ ਅਤੇ ਬੌਧ ਧਰਮ ਦੇ ਅਧਿਆਤਮਿਕ ਸਰੋਤ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਹੁੰਦੀ ਹੈ। ਪਿਛਲੇ ਦਸ ਦਿਨਾਂ ਵਿੱਚ ਹੁਣ ਤੱਕ ਵੀਅਤਨਾਮ ਤੋਂ 18 ਲੱਖ ਤੋਂ ਵੱਧ ਲੋਕ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦਾ ਅਸ਼ੀਰਵਾਦ ਲੈ ਚੁੱਕੇ ਹਨ।

 

ਮੁੱਖ ਮਹਿਮਾਨ, ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਬੁੱਧ ਦੀਆਂ ਸਿੱਖਿਆਵਾਂ ਦੀ ਸਮਾਵੇਸ਼ੀ ਪ੍ਰਾਸੰਗਿਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਬੁੱਧ ਦਾ ਅਨੁਸਰਣ ਕਰਨ ਦੇ ਲਈ ਕਿਸੇ ਨੂੰ ਬੌਧ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ ਗਿਆਨ, ਖਾਸ ਤੌਰ ‘ਤੇ ਅਸ਼ਾਂਤੀ ਅਤੇ ਅਨਿਸ਼ਚਿਤਤਾ ਦੇ ਸਮੇਂ ਵਿੱਚ ਸਾਰਿਆਂ ਦੇ ਲਈ ਚਾਨਣ ਮੁਨਾਰਾ ਹੈ। ਬੌਧ ਧਰਮ ਇੱਕ ਦਰਸ਼ਨ ਹੈ, ਸਿਰਫ ਧਰਮ ਨਹੀਂ।”

 

ਯੁੱਧ ਵਿਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਕਿ ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ ਸਗੋਂ ਬੁੱਧ ਦੀ ਸਿੱਖਿਆ ਦਿੱਤੀ ਹੈ, ਸ਼੍ਰੀ ਰਿਜਿਜੂ ਨੇ ਕਿਹਾ ਕਿ ਭਾਰਤ ਸ਼ਾਂਤੀ ਦੇ ਲਈ ਯਤਨ ਕਰਦਾ ਹੈ ਪਰ ਅਜਿਹੇ ਤੱਤ ਹਨ ਜੋ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ, ਤਾਂ ਅਸੀਂ ਸ਼ਾਂਤੀ ਬਣਾਏ ਰੱਖਣ ਦੇ ਲਈ ਸ਼ਕਤੀ ਦਾ ਉਪਯੋਗ ਕਰਾਂਗੇ।

 

ਮੰਤਰੀ ਮਹੋਦਯ 600 ਤੋਂ ਵੱਧ ਲੋਕਾਂ ਨਾਲ ਭਰੇ ਹਾਲ ਨੂੰ ਸੰਬੋਧਨ ਕਰ ਰਹੇ ਸੀ ਜਿਸ ਵਿੱਚ ਸੰਘ, ਭਿਕਸ਼ੂ ਅਤੇ ਭਿਕਸ਼ੂਣੀਆਂ, ਬੌਧ ਧਰਮ ਦੇ ਵਿਦਿਆਰਥੀ, ਆਮ ਸਾਧਕ ਅਤੇ ਹੋਰ ਲੋਕ ਸ਼ਾਮਲ ਸਨ। ਇਸ ਅਵਸਰ ‘ਤੇ ਡਿਪਲੋਮੈਟਿਕ ਭਾਈਚਾਰੇ ਦੇ ਮੈਂਬਰ ਵੀ ਮੌਜੂਦ ਸਨ। ਭੂਟਾਨ, ਮੰਗੋਲੀਆ, ਨੇਪਾਲ ਅਤੇ ਸ੍ਰੀ ਲੰਕਾ ਦੇ ਰਾਜਦੂਤਾਂ ਦੇ ਨਾਲ-ਨਾਲ ਲਾਓਸ, ਜਪਾਨ, ਰੂਸ, ਤਾਈਵਾਨ ਅਤੇ ਕੰਬੋਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

 

ਆਪਣੇ ਸੁਆਗਤੀ ਭਾਸ਼ਣ ਵਿੱਚ ਆਈਬੀਸੀ ਦੇ ਜਨਰਲ ਸਕੱਤਰ, ਸ਼ਾਰਤਸੇ ਖੇਂਸੁਰ ਜੰਗਚੁਪ ਚੋਏਡੇਨ ਰਿਨਪੋਛੇ ਨੇ ਧੰਮ ‘ਤੇ ਬੋਲਦੇ ਹੋਏ ਸੰਸਕ੍ਰਿਤ ਵਿੱਚ ਬੁੱਧ ਦੇ 47 ਗੁਣਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪ੍ਰਸ਼ੰਸਾ ਅਤੇ ਉਨ੍ਹਾਂ ਦੇ ਗੁਣਾਂ ਦਾ ਵਰਣਨ ਕੇਵਲ ਸੰਸਕ੍ਰਿਤ ਸਾਹਿਤ ਵਿੱਚ ਹੀ ਮੌਜੂਦ ਹੈ, ਜੋ ਇਸ ਨੂੰ ਇੱਕ ਮੁੱਲਵਾਨ ਗ੍ਰੰਥ ਬਣਾਉਂਦਾ ਹੈ। ਇਹ ਸ਼ਲੋਕ ਪ੍ਰੇਰਣਾਦਾਇਕ ਹਨ ਅਤੇ ਵੇਸਾਕ ਪੂਰਨਿਮਾ ਦੌਰਾਨ ਪੜ੍ਹੇ ਜਾਂਦੇ ਹਨ।

 

ਆਈਬੀਸੀ ਦੇ ਡਾਇਰੈਕਟਰ ਜਨਰਲ, ਅਭਿਜੀਤ ਹਲਦਰ ਨੇ ਬੁੱਧ ਦੇ ਪਵਿੱਤਰ ਪਿਪਰਾਵਾਹ ਅਵਸ਼ੇਸ਼ਾਂ ਨਾਲ ਜੁੜੇ ਗਹਿਣਿਆਂ ਦੀ ਨਿਲਾਮੀ ਨੂੰ ਰੋਕਣ ਦੇ ਲਈ ਸੱਭਿਆਚਾਰ ਮੰਤਰਾਲੇ ਦੇ ਆਕ੍ਰਾਮਕ ਯਤਨਾਂ ‘ਤੇ ਚਾਨਣਾ ਪਾਇਆ, ਜਿਸ ਨੂੰ ਨਿਲਾਮੀ ਤੋਂ ਦੋ ਦਿਨ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ, “ਇਹ ਬੁੱਧ ਦੀ ਸ਼ਕਤੀ ਅਤੇ ਅਸ਼ੀਰਵਾਦ ਹੀ ਸੀ ਜਿਸ ਨੇ ਨਿਲਾਮੀ ਨੂੰ ਰੋਕਿਆ।”

ਗੇਸ਼ੇ ਦੋਰਜੀ ਦਾਮਦੁਲ, ਪ੍ਰੋ. ਹੀਰਾ ਪੌਲ ਗੰਗ ਨੇਗੀ ਅਤੇ ਪ੍ਰੋ. ਬਿਮਲੇਂਦਰ ਕੁਮਾਰ ਸਹਿਤ ਬੌਧ ਵਿਦਵਾਨਾਂ ਨੇ ‘ਸੰਘਰਸ਼ ਸਮਾਧਾਨ ਵਿੱਚ ਬੁੱਧ ਧੰਮ ਦੀ ਵਰਤੋਂ’ ‘ਤੇ ਹੋਈ ਗਹਿਰੀ ਪੈਨਲ ਚਰਚਾ ਵਿੱਚ ਹਿੱਸਾ ਲਿਆ।

 

ਸਤਿਕਾਰਯੋਗ ਗਯਾਲਤਸੇਨ ਸਮਤੇਨ ਨੇ ਇੱਕ ਵਿਸ਼ੇਸ਼ ਸੰਬੋਧਨ ਦਿੱਤਾ, ਖਾਸ ਤੌਰ ‘ਤੇ ਮੁਸ਼ਕਿਲ ਸਮੇਂ ਵਿੱਚ ਬੁੱਧ ਦੁਆਰਾ ਦੱਸੇ ਗਏ ਨੈਤਿਕ ਸਾਹਸ ਅਤੇ ਸ਼ਾਂਤੀ ‘ਤੇ ਚਿੰਤਨ ਕਰਨ ਦੀ ਤਾਕੀਦ ਕੀਤੀ। ਸੁਸ਼੍ਰੀ ਸੁਭਦ੍ਰਾ ਦੇਸਾਈ ਨੇ ਸਿੱਖਿਆਵਾਂ ਦੀ ਭਾਵਨਾ ਦੀ ਤਾਕੀਦ ਕਰਦੇ ਹੋਏ ਰਤਨਾ ਸੁੱਤਾ ਦੀ ਭਗਤੀਪੂਰਨ ਪੇਸ਼ਕਾਰੀ ਦਿੱਤੀ।

 

ਸਮਾਰੋਹ ਵਿੱਚ ਦੋ ਪ੍ਰਮੁੱਖ ਪ੍ਰਦਰਸ਼ਨੀਆਂ ਸ਼ਾਮਲ ਸਨ – ਪਹਿਲਾਂ ਵੀਅਤਨਾਮ ਵਿੱਚ ਸੰਯੁਕਤ ਰਾਸ਼ਟਰ ਵੇਸਾਕ ਦਿਵਸ 2025 ਦੇ ਪ੍ਰੋਗਰਾਮਾਂ ਦਾ ਹਿੱਸਾ ਰਹੀਆਂ, ਭਾਰਤ ਦਾ ਤੁਲਨਾਤਮਕ ਬੌਧ ਕਲਾ ਇਤਿਹਾਸ ਅਤੇ ਬੁੱਧ ਦਾ ਜੀਵਨ ਅਤੇ ਸਿੱਖਿਆਵਾਂ। ਪ੍ਰਦਰਸ਼ਨੀਆਂ ਵਿੱਚ ਏਸ਼ੀਆ ਭਰ ਵਿੱਚ ਬੁੱਧ ਧੰਮ ਦੇ ਪ੍ਰਸਾਰ ਅਤੇ ਸਾਰਨਾਥ ਤੋਂ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ‘ਤੇ ਦਸਤਾਵੇਜ਼ੀ ਫਿਲਮ ਸ਼ਾਮਲ ਸੀ।

ਯਾਦਗਾਰੀ ਸਮਾਰੋਹ ਦਾ ਸਮਾਪਨ ਗੁਰੂ ਅਲਪਨਾ ਨਾਇਕ ਅਤੇ ਉਨ੍ਹਾਂ ਦੀ ਮੰਡਲੀ ਦੁਆਰਾ ਜੀਵੰਤ ਸੱਭਿਆਚਾਰਕ ਪ੍ਰਦਰਸ਼ਨ ਦੇ ਨਾਲ ਹੋਇਆ, ਜਿਸ ਵਿੱਚ ਭਗਵਾਨ ਬੁੱਧ ਦੀ ਸਦੀਵੀ ਕਲਾਤਮਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਇਆ ਗਿਆ।

****

ਸੁਨੀਲ ਕੁਮਾਰ ਤਿਵਾਰੀ


(Release ID: 2129129)