ਰਾਸ਼ਟਰਪਤੀ ਸਕੱਤਰੇਤ
ਈਰਾਨ ਦੇ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
08 MAY 2025 6:06PM by PIB Chandigarh
ਈਰਾਨ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਅੱਬਾਸ ਅਰਾਘਚੀ ਨੇ ਅੱਜ (8 ਮਈ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਭਵਨ ਵਿਖੇ ਡਾ. ਅਰਾਘਚੀ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਵਿਸ਼ੇਸ਼ ਅਵਸਰ 'ਤੇ ਹੋ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਈਰਾਨ ਦੇ ਦਰਮਿਆਨ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਕਲਾ ਅਤੇ ਸੱਭਿਆਚਾਰ ਦੇ ਹਰ ਪਹਿਲੂ ਵਿੱਚ, ਭਾਵੇਂ ਉਹ ਭਾਸ਼ਾ ਅਤੇ ਸਾਹਿਤ ਹੋਵੇ, ਸੰਗੀਤ ਹੋਵੇ ਜਾਂ ਭੋਜਨ, ਅਸੀਂ ਇੱਕ ਦੂਜੇ ਦੀ ਵਿਰਾਸਤ ਦੀ ਝਲਕ ਦੇਖ ਸਕਦੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੁਵੱਲੇ ਸਬੰਧ ਨਿਯਮਿਤ ਉੱਚ-ਪੱਧਰੀ ਅਦਾਨ-ਪ੍ਰਦਾਨ ਦੀ ਮਜ਼ਬੂਤ ਅਧਾਰ 'ਤੇ ਨਿਰਮਿਤ ਹਨ। ਇਨ੍ਹਾਂ 75 ਵਰ੍ਹਿਆਂ ਦੌਰਾਨ, ਭਾਰਤ ਅਤੇ ਈਰਾਨ ਦਰਮਿਆਨ ਸਬੰਧ ਵਿਭਿੰਨ ਖੇਤਰਾਂ ਵਿੱਚ ਵਿਕਸਤ ਹੋਏ ਹਨ - ਭਾਵੇਂ ਉਹ ਸੱਭਿਆਚਾਰਕ ਸਹਿਯੋਗ ਹੋਵੇ, ਵਪਾਰ ਅਤੇ ਊਰਜਾ ਸਾਂਝੇਦਾਰੀ ਹੋਵੇ, ਜਾਂ ਖੇਤਰੀ ਅਤੇ ਵਿਸ਼ਵਵਿਆਪੀ ਮੰਚਾਂ 'ਤੇ ਰਣਨੀਤਕ ਤਾਲਮੇਲ ਹੋਵੇ। ਦੋਵਾਂ ਦੇਸ਼ਾਂ ਨੇ ਨਾ ਸਿਰਫ਼ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸਤੀ ਬਣਾਈ ਰੱਖੀ ਹੈ, ਸਗੋਂ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਵੀ ਇਕੱਠੇ ਕੰਮ ਕੀਤਾ ਹੈ। ਉਨ੍ਹਾਂ ਨੇ ਚਾਬਹਾਰ ਬੰਦਰਗਾਹ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਦੋਵਾਂ ਧਿਰਾਂ ਦਰਮਿਆਨ ਚੱਲ ਰਹੇ ਸਹਿਯੋਗ ਦਾ ਸੁਆਗਤ ਕੀਤਾ।
ਰਾਸ਼ਟਰਪਤੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਈਰਾਨ ਦੇ ਇਕਜੁੱਟਤਾ ਅਤੇ ਸੰਵੇਦਨਾ ਦੇ ਸੰਦੇਸ਼ ਦੇ ਲਈ ਆਭਾਰ ਵਿਅਕਤ ਕੀਤਾ।
ਰਾਸ਼ਟਰਪਤੀ ਮਹੋਦਯ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਯਾਤਰਾ ਭਾਰਤ-ਈਰਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।


*****
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2127860)
Visitor Counter : 2