ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਦੀ ਸੰਸਦ ਮੈਂਬਰਾਂ ਦੀ ਸਲਾਹਕਾਰ ਕਮੇਟੀ ਨੇ "ਪ੍ਰਮਾਣੂ ਊਰਜਾ ਉਤਪਾਦਨ ਦੇ ਵਿਕਾਸ ਲਈ ਰੋਡਮੈਪ" ਵਿਸ਼ੇ 'ਤੇ ਮੀਟਿੰਗ ਕੀਤੀ
ਸ਼੍ਰੀ ਮਨੋਹਰ ਲਾਲ ਨੇ ਕਾਕਰਾਪਾਰ ਪਰਮਾਣੂ ਪਾਵਰ ਪ੍ਰੋਜੈਕਟ ਦਾ ਦੌਰਾ ਕੀਤਾ
ਸ੍ਰੀ ਮਨੋਹਰ ਲਾਲ ਨੇ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ ਵਿਖੇ 45 ਮੈਗਾਵਾਟ ਸੋਲਰ ਫੋਟੋਵੋਲਟਿਕ ਮਾਡਿਊਲ ਅਸੈਂਬਲੀ ਲਾਈਨ ਦਾ ਵੀ ਦੌਰਾ ਕੀਤਾ
Posted On:
29 APR 2025 4:10PM by PIB Chandigarh
ਕੇਂਦਰੀ ਬਿਜਲੀ ਅਤੇ ਰਿਹਾਇਸ਼ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ 27 ਅਤੇ 28 ਅਪ੍ਰੈਲ 2025 ਨੂੰ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਰਹੇ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਪਰਮਾਣੂ ਊਰਜਾ ਉਤਪਾਦਨ ਵਿੱਚ ਹੋਏ ਵਿਕਾਸ 'ਤੇ ਬਿਜਲੀ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਊਰਜਾ ਮੰਤਰੀ ਸ਼੍ਰੀ ਕਨੁ ਦੇਸਾਈ ਨਾਲ ਵੀ ਮੀਟਿੰਗਾਂ ਕੀਤੀਆਂ।
ਸ਼੍ਰੀ ਮਨੋਹਰ ਲਾਲ ਨੇ ਕਾਕਰਾਪਾਰ ਪਰਮਾਣੂ ਪਾਵਰ ਪ੍ਰੋਜੈਕਟ ਦਾ ਵੀ ਦੌਰਾ ਕੀਤਾ, ਅਤੇ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ (ਪੀਡੀਈਯੂ) ਵਿਖੇ ਸੋਲਰ ਪੀਵੀ ਅਸੈਂਬਲੀ ਲਾਈਨ ਸਹੂਲਤ ਦਾ ਨਿਰੀਖਣ ਕੀਤਾ।
ਸਲਾਹਕਾਰ ਕਮੇਟੀ ਦੀ ਮੀਟਿੰਗ
28 ਅਪ੍ਰੈਲ 2025 ਨੂੰ ਕੇਂਦਰੀ ਬਿਜਲੀ ਅਤੇ ਰਿਹਾਇਸ਼ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਬਿਜਲੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਪਰਮਾਣੂ ਊਰਜਾ ਉਤਪਾਦਨ ਲਈ ਵਿਕਾਸ ਰੋਡਮੈਪ 'ਤੇ ਚਰਚਾ ਕੀਤੀ ਗਈ।
ਕੇਂਦਰੀ ਬਿਜਲੀ ਮੰਤਰੀ ਨੇ ਮੀਟਿੰਗ ਵਿੱਚ ਵਰ੍ਹੇ 2070 ਤੱਕ ਨੈੱਟ ਜ਼ੀਰੋ ਕਾਰਬਨ ਨਿਕਾਸੀ (ਵਾਯੂਮੰਡਲ ਵਿੱਚੋਂ ਓਨੀ ਹੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨੂੰ ਹਟਾਉਣਾ ਜਿੰਨੀ ਮਾਤਰਾ ਵਿੱਚ ਵਾਯੂਮੰਡਲ ਵਿੱਚ ਛੱਡੀ ਜਾਂਦੀ ਹੈ) ਨੂੰ ਪ੍ਰਾਪਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਕੇ ਗੈਰ-ਜੈਵਿਕ ਈਂਧਨ ਅਧਾਰਿਤ ਬਿਜਲੀ ਉਤਪਾਦਨ ਦੀ ਹਿੱਸੇਦਾਰੀ ਨੂੰ ਵਧਾਉਣ ਦੇ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ। ਬਿਜਲੀ ਖੇਤਰ ਦਾ ਵਿਸ਼ਵਵਿਆਪੀ ਊਰਜਾ-ਸਬੰਧਿਤ ਨਿਕਾਸੀ ਦੇ ਵਿੱਚ 40 ਪ੍ਰਤੀਸ਼ਤ ਤੋਂ ਵੱਧ ਦੀ ਹਿੱਸੇਦਾਰੀ ਹੈ, ਇਸ ਲਈ ਪਰਮਾਣੂ ਊਰਜਾ, ਇੱਕ ਗੈਰ-ਜੈਵਿਕ ਅਤੇ ਸਥਿਰ ਬਿਜਲੀ ਊਰਜਾ ਸਰੋਤ ਹੋਣ ਕਰਕੇ, ਭਾਰਤ ਦੀ ਟਿਕਾਊ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਗੁਜਰਾਤ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ, ਸ਼੍ਰੀ ਮਨੋਹਰ ਲਾਲ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨਾਲ ਗਾਂਧੀਨਗਰ ਵਿਖੇ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਗੁਜਰਾਤ ਵਿੱਚ ਬਿਜਲੀ ਅਤੇ ਸ਼ਹਿਰੀ ਵਿਕਾਸ ਖੇਤਰਾਂ ਨਾਲ ਸਬੰਧਿਤ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ।

ਗੁਜਰਾਤ ਦੇ ਵਿੱਤ, ਊਰਜਾ ਅਤੇ ਪੈਟਰੋ ਕੈਮੀਕਲਸ ਮੰਤਰੀ ਨਾਲ ਮੀਟਿੰਗ
ਸ਼੍ਰੀ ਮਨੋਹਰ ਲਾਲ ਨੇ 28 ਅਪ੍ਰੈਲ 2025 ਨੂੰ ਗਾਂਧੀਨਗਰ ਵਿੱਚ ਗੁਜਰਾਤ ਦੇ ਊਰਜਾ ਮੰਤਰੀ ਸ਼੍ਰੀ ਕਨੁ ਦੇਸਾਈ ਨਾਲ ਬਿਜਲੀ ਖੇਤਰ ਵਿੱਚ ਮੁੱਖ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ। ਦੋਵਾਂ ਆਗੂਆਂ ਨੇ ਰਾਜ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਪ੍ਰੋਜੈਕਟਾਂ 'ਤੇ ਵਿਆਪਕ ਵਿਚਾਰ-ਵਟਾਂਦਰੇ ਕੀਤੇ, ਜਿਸ ਵਿੱਚ ਟ੍ਰਾਂਸਮਿਸ਼ਨ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਸਾਫ਼ ਊਰਜਾ ਤਬਦੀਲੀ ਨੂੰ ਤੇਜ਼ ਕਰਨ 'ਤੇ ਕੇਂਦ੍ਰਿਤ ਚਰਚਾਵਾਂ ਸ਼ਾਮਲ ਸਨ।
ਗੁਜਰਾਤ ਸਰਕਾਰ ਨੇ ਵਟਾਮਨ ਅਤੇ ਪਿਰਾਨਾ ਵਿਖੇ ਮਹੱਤਵਪੂਰਨ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਨਾਲ ਸਬੰਧਿਤ ਜ਼ਮੀਨ ਪ੍ਰਾਪਤੀ ਅਤੇ ਰਾਈਟ ਆਫ ਵੇਅ (ਆਰਓਡਬਲਿਊ) ਦੇ ਲੰਬਿਤ ਮੁੱਦਿਆਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ, ਜੋ ਕਿ ਆਉਣ ਵਾਲੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਤੋਂ ਬਿਜਲੀ ਨਿਕਾਸੀ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ। ਰਾਜ ਸਰਕਾਰ ਨੇ ਬਿਜਲੀ ਖੇਤਰ ਵਿੱਚ ਕੁਸ਼ਲਤਾ, ਪਾਰਦਰਸ਼ਿਤਾ ਅਤੇ ਖਪਤਕਾਰ ਸੇਵਾ ਨੂੰ ਬਿਹਤਰ ਬਣਾਉਣ ਲਈ ਰਾਜ ਭਰ ਵਿੱਚ ਸਮਾਰਟ ਮੀਟਰਿੰਗ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਆਪਣੀ ਵਚਨਬੱਧਤਾ ਵੀ ਪ੍ਰਗਟ ਕੀਤੀ।
ਮੀਟਿੰਗ ਵਿੱਚ, ਸੂਬਾ ਲੀਡਰਸ਼ਿਪ ਨੇ ਬਿਜਲੀ ਮੰਤਰਾਲੇ ਦੇ ਰਾਇਟ ਆਫ ਵੇਅ ਦੇ ਅਧਿਕਾਰ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਜਾਰੀ ਕੀਤੇ ਗਏ ਹਾਲ ਹੀ ਦੇ ਦਿਸ਼ਾ-ਨਿਰਦੇਸ਼ਾਂ ਦੀ ਸ਼ਲਾਘਾ ਕੀਤੀ। ਇਸ ਨਾਲ ਟਰਾਂਸਮਿਸ਼ਨ ਪ੍ਰੋਜੈਕਟਾਂ ਦੇ ਅਮਲ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣ ਦੀ ਸੰਭਾਵਨਾ ਹੈ। ਦੋਵੇਂ ਧਿਰਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨੇੜਿਓਂ ਤਾਲਮੇਲ ਬਣਾਉਣ ਅਤੇ ਨਵਿਆਉਣਯੋਗ ਊਰਜਾ ਅਤੇ ਬਿਜਲੀ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਗੁਜਰਾਤ ਦੇ ਯਤਨਾਂ ਦਾ ਸਮਰਥਨ ਕਰਨ ਲਈ ਸਹਿਮਤ ਹੋਈਆਂ।

ਪਰਮਾਣੂ ਊਰਜਾ ਪਲਾਂਟ ਦਾ ਦੌਰਾ:
ਕੇਂਦਰੀ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ 28 ਅਪ੍ਰੈਲ 2025 ਨੂੰ ਗੁਜਰਾਤ ਦੇ ਕਾਕਰਾਪਾਰ ਪਰਮਾਣੂ ਪਾਵਰ ਪ੍ਰੋਜੈਕਟ ਦਾ ਵੀ ਦੌਰਾ ਕੀਤਾ।

ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ
ਕੇਂਦਰੀ ਬਿਜਲੀ ਅਤੇ ਰਿਹਾਇਸ਼ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਵੀ ਕੱਲ੍ਹ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ (ਪੀਡੀਈਯੂ) ਦਾ ਦੌਰਾ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੀ ਵਿਹਾਰਕ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਅਤੇ ਉਦਯੋਗ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਇਸਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ, ਖਾਸ ਕਰਕੇ ਬੈਟਰੀ ਊਰਜਾ ਸਟੋਰੇਜ ਸਿਸਟਮ, ਸਮਾਰਟ ਗਰਿੱਡ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਸੈਂਟਰ ਆਫ਼ ਐਕਸੀਲੈਂਸ ਰਾਹੀਂ। ਸ਼੍ਰੀ ਮਨੋਹਰ ਲਾਲ ਨੇ 45 ਮੈਗਾਵਾਟ ਸੋਲਰ ਫੋਟੋਵੋਲਟੈਕ ਮੌਡਿਊਲ ਅਸੈਂਬਲੀ ਲਾਈਨ ਦਾ ਵੀ ਦੌਰਾ ਕੀਤਾ, ਜਿਸ ਨੂੰ 32 ਕਰੋੜ ਰੁਪਏ ਦੀ ਲਾਗਤ ਨਾਲ ਵਿਕਸ ਤ ਕੀਤਾ ਗਿਆ ਹੈ। ਇਹ ਵਿਦਿਆਰਥੀਆਂ ਨੂੰ ਸੋਲਰ ਮੈਨੂਫੈਕਚਰਿੰਗ ਵਿੱਚ ਬਹੁਤ ਉਪਯੋਗੀ ਵਿਹਾਰਕ ਟ੍ਰੇਨਿੰਗ ਸਹੂਲਤ ਪ੍ਰਦਾਨ ਕਰ ਰਿਹਾ ਹੈ। ਸ਼੍ਰੀ ਮਨੋਹਰ ਲਾਲ ਨੇ ਯੂਨੀਵਰਸਿਟੀ ਲੀਡਰਸ਼ਿਪ ਨਾਲ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ, ਭਵਿੱਖ ਦੀਆਂ ਯੋਜਨਾਵਾਂ ਅਤੇ ਮਹੱਤਵਪੂਰਨ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।


ਸ਼੍ਰੀ ਮਨੋਹਰ ਲਾਲ ਨੇ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਯੂਨੀਵਰਸਿਟੀ ਦੀ ਸਥਾਪਨਾ ਅਤੇ ਇਸ ਦੀਆਂ ਪ੍ਰਮੁੱਖ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
***************
ਐੱਸਕੇ
(Release ID: 2125600)