ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਦੀ ਮੌਜੂਦਗੀ ਵਿੱਚ ਮੰਤਰਾਲੇ ਦੁਆਰਾ ਆਯੋਜਿਤ ਸਿਹਤ ਕੈਂਪ ਵਿੱਚ "ਲੀਵਰ ਸਿਹਤ ਸਹੁੰ ਸਮਾਰੋਹ" ਦੀ ਅਗਵਾਈ ਕੀਤੀ।
ਸ਼੍ਰੀ ਨੱਡਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੇਸ਼ ਨੂੰ ਖਾਣਾ ਪਕਾਉਣ ਵਿੱਚ ਤੇਲ ਦੀ ਵਰਤੋਂ ਨੂੰ ਘੱਟੋ-ਘੱਟ 10% ਘਟਾਉਣ ਅਤੇ ਮੋਟਾਪੇ ਨਾਲ ਲੜਨ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਨੂੰ ਦੁਹਰਾਇਆ।
ਫੈਟੀ ਲੀਵਰ ਨੂੰ ਰੋਕਿਆ ਜਾ ਸਕਦਾ ਹੈ ਅਤੇ, ਕਾਫ਼ੀ ਹੱਦ ਤੱਕ, ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ: ਸ਼੍ਰੀ ਨੱਡਾ
ਲੀਵਰ ਹੈਲਥ ਕੈਂਪ ਦਾ ਆਯੋਜਨ FSSAI ਅਤੇ ਇੰਸਟੀਟਿਊਟ ਆਫ਼ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ਦੇ ਸਹਿਯੋਗ ਨਾਲ ਕੀਤਾ ਗਿਆ
Posted On:
21 APR 2025 12:05PM by PIB Chandigarh
ਵਿਸ਼ਵ ਲੀਵਰ ਦਿਵਸ 2025 ਦੇ ਮੌਕੇ 'ਤੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਿਰਮਾਣ ਭਵਨ ਵਿਖੇ ਮੰਤਰਾਲੇ ਦੁਆਰਾ ਆਯੋਜਿਤ ਸਿਹਤ ਕੈਂਪ ਵਿੱਚ "ਲੀਵਰ ਸਿਹਤ ਸਹੁੰ ਸਮਾਰੋਹ" ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ, ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ (ਡਾ.) ਅਤੁਲ ਗੋਇਲ, ਇੰਸਟੀਟਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਐਸਕੇ ਸਰੀਨ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਦੇ ਸੀਈਓ ਸ਼੍ਰੀ ਜੀ. ਕਮਲਾ ਵਰਧਨ ਰਾਓ ਵੀ ਮੌਜੂਦ ਸਨ।
ਇਸ ਸਾਲ ਦੇ ਵਿਸ਼ਵ ਲੀਵਰ ਦਿਵਸ ਦਾ ਥੀਮ "ਭੋਜਨ ਹੀ ਦਵਾਈ ਹੈ" - ਪੋਸ਼ਣ ਅਤੇ ਲੀਵਰ ਦੀ ਸਿਹਤ ਦਰਮਿਆਨ ਮਹੱਤਵਪੂਰਨ ਸਬੰਧ 'ਤੇ ਜ਼ੋਰ ਦਿੰਦਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ "ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਲੀਵਰ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਜੋ ਪਾਚਨ, ਡੀਟੌਕਸੀਫਿਕੇਸ਼ਨ ਅਤੇ ਊਰਜਾ ਸਟੋਰੇਜ ਜਿਹੇ ਜ਼ਰੂਰੀ ਕੰਮ ਕਰਦਾ ਹੈ। ਜੇਕਰ ਲੀਵਰ ਸਿਹਤਮੰਦ ਨਹੀਂ ਹੈ, ਤਾਂ ਪੂਰੇ ਸਰੀਰ ਨੂੰ ਨੁਕਸਾਨ ਹੁੰਦਾ ਹੈ।"

ਲੀਵਰ ਦੀ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ "ਫੈਟੀ ਲੀਵਰ ਨਾ ਸਿਰਫ਼ ਲੀਵਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਦਿਲ ਦੀ ਬਿਮਾਰੀ, ਸ਼ੂਗਰ, ਹਾਈਪਰਟੈਨਸ਼ਨ ਅਤੇ ਇੱਥੋਂ ਤੱਕ ਕਿ ਕੈਂਸਰ ਦੇ ਜੋਖਮ ਨੂੰ ਵੀ ਕਾਫ਼ੀ ਵਧਾਉਂਦਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ "ਚੰਗੀ ਖ਼ਬਰ ਇਹ ਹੈ ਕਿ ਫੈਟੀ ਲੀਵਰ ਨੂੰ ਰੋਕਿਆ ਜਾ ਸਕਦਾ ਹੈ ਅਤੇ, ਬਹੁਤ ਹੱਦ ਤੱਕ, ਇੱਕ ਸਿਹਤਮੰਦ ਜੀਵਨ ਸ਼ੈਲੀ ਅਤੇ ਸਿਹਤਮੰਦ ਭੋਜਨ-ਆਦਤਾਂ ਅਪਣਾ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।"
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ “ਹਾਲ ਹੀ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ "ਮਨ ਕੀ ਬਾਤ" ਵਿੱਚ ਆਪਣੇ ਸੰਬੋਧਨ ਦੌਰਾਨ, ਦੇਸ਼ ਨੂੰ ਖਾਣਾ ਪਕਾਉਣ ਵਿੱਚ ਤੇਲ ਦੀ ਵਰਤੋਂ ਘੱਟੋ-ਘੱਟ 10% ਘਟਾਉਣ ਦੀ ਅਪੀਲ ਕੀਤੀ ਸੀ। ਇਹ ਛੋਟਾ ਪਰ ਸ਼ਕਤੀਸ਼ਾਲੀ ਕਦਮ ਦੇਸ਼ ਵਿੱਚ ਲੀਵਰ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਅਤੇ ਗੈਰ-ਸੰਚਾਰੀ ਬਿਮਾਰੀਆਂ (NCDs) ਦੇ ਬੋਝ ਨੂੰ ਘਟਾਉਣ ਵਿੱਚ ਬਹੁਤ ਮਦਦ ਕਰ ਸਕਦਾ ਹੈ।” ਸ਼੍ਰੀ ਨੱਡਾ ਨੇ ਸਾਰਿਆਂ ਨੂੰ "ਲੀਵਰ ਦੀ ਸਿਹਤ ਦਾ ਧਿਆਨ ਰੱਖਣ, ਇਸਦੀ ਨਿਯਮਿਤ ਤੌਰ 'ਤੇ ਜਾਂਚ ਕਰਵਾਉਣ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ" ਦਾ ਪ੍ਰਣ ਲੈਣ ਦਾ ਸੱਦਾ ਦਿੱਤਾ।
ਕੈਂਪ ਵਿੱਚ, ਸਾਰੇ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਦੇ ਜਵਾਬ ਵਿੱਚ, ਉੱਚਿਤ ਭੋਜਨ ਵਿਕਲਪ ਚੁਣਨ, ਸਿਹਤਮੰਦ ਜੀਵਨ ਸ਼ੈਲੀ ਜੀਉਣ, ਖਾਣ ਵਾਲੇ ਤੇਲ ਦੀ ਮਾਤਰਾ ਨੂੰ ਘੱਟੋ ਘੱਟ 10% ਘਟਾਉਣ ਅਤੇ ਮੋਟਾਪੇ ਨਾਲ ਲੜਨ ਬਾਰੇ ਜਾਗਰੂਕਤਾ ਫੈਲਾਉਣ ਦਾ ਵਾਅਦਾ ਕੀਤਾ।



ਮੰਤਰਾਲੇ ਨੇ FSSAI ਅਤੇ ਇੰਸਟੀਟਿਊਟ ਆਫ਼ ਲੀਵਰ ਐਂਡ ਬਿਲੀਅਰੀ ਸਾਇੰਸਿਜ਼ (ILBS) ਦੇ ਸਹਿਯੋਗ ਨਾਲ ਮੰਤਰਾਲੇ ਦੇ ਅਧਿਕਾਰੀਆਂ ਅਤੇ ਸਟਾਫ਼ ਲਈ ਇੱਕ ਵਿਆਪਕ ਲੀਵਰ ਹੈਲਥ ਕੈਂਪ ਦੀ ਮੇਜ਼ਬਾਨੀ ਕੀਤੀ। ਕੈਂਪ ਵਿੱਚ, ILBS ਦੀ ਬਹੁ-ਅਨੁਸ਼ਾਸਨੀ ਟੀਮ - ਜਿਸ ਵਿੱਚ ਮਾਹਿਰ ਡਾਕਟਰ, ਨਰਸਾਂ ਅਤੇ ਟੈਕਨੀਸ਼ੀਅਨ ਸ਼ਾਮਲ ਸਨ, ਨੇ ਹੇਠ ਲਿਖੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ: ਕਲੀਨਿਕਲ ਜਾਂਚ (BMI, ਕਮਰ-ਕੁੱਲ੍ਹੇ ਦਾ ਅਨੁਪਾਤ, ਅਤੇ ਬਲੱਡ ਪ੍ਰੈਸ਼ਰ ਸਮੇਤ) ; ਪ੍ਰਯੋਗਸ਼ਾਲਾ ਟੈਸਟ (ਫਾਸਟਿੰਗ ਬਲੱਡ ਗਲੂਕੋਜ਼, ਲੀਵਰ ਫੰਕਸ਼ਨ ਟੈਸਟ, ਲਿਪਿਡ ਪ੍ਰੋਫਾਈਲ, ਸੰਪੂਰਨ ਬਲੱਡ ਕਾਉਂਟ, ਹੈਪੇਟਾਈਟਸ ਬੀ ਅਤੇ ਸੀ ਸਕ੍ਰੀਨਿੰਗ) ; ਲੀਵਰ ਦੀ ਚਰਬੀ ਅਤੇ ਫਾਈਬਰੋਸਿਸ ਮੁਲਾਂਕਣ ਲਈ ਫਾਈਬਰੋਸਕੈਨ ; ਸਰੀਰ ਦੀ ਰਚਨਾ ਵਿਸ਼ਲੇਸ਼ਣ ਅਤੇ ਤੇਲ ਅਤੇ ਪ੍ਰੋਸੈੱਸਡ ਫੂਡ ਦੇ ਸੇਵਨ ਨੂੰ ਘਟਾਉਣ 'ਤੇ ਕੇਂਦ੍ਰਿਤ ਵਿਅਕਤੀਗਤ ਪੋਸ਼ਣ ਸੰਬੰਧੀ ਸਲਾਹ।
ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, FSSAI ਨੇ ਬਾਜਰੇ ਅਤੇ ਲੀਵਰ-ਅਨੁਕੂਲ ਖੁਰਾਕਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਲਗਾਈ, ਜੋ ਇਸ ਸਾਲ ਦੇ ਥੀਮ: "ਭੋਜਨ ਹੀ ਦਵਾਈ ਹੈ" ਦੇ ਅਨੁਸਾਰ ਹੈ।

ਬਾਜਰੇ ਦੇ ਪੌਸ਼ਟਿਕ ਮੁੱਲ ਨੂੰ ਉਜਾਗਰ ਕਰਦੇ ਹੋਏ, ਸਟਾਲ ਨੇ ਲੀਵਰ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਲਾਭਾਂ ਦਾ ਪ੍ਰਦਰਸ਼ਨ ਕੀਤਾ। ਖੁਰਾਕੀ ਫਾਈਬਰ, ਐਂਟੀਆਕਸੀਡੈਂਟਸ ਅਤੇ ਜ਼ਰੂਰੀ ਸੂਖਮ ਪੌਸ਼ਟਿਕ ਤੱਤਾਂ ਨਾਲ ਭਰਪੂਰ, ਬਾਜਰਾ ਬਾਇਲ ਸੈਕ੍ਰੈਸ਼ਨ ਨੂੰ ਵਧਾਉਣ ਵਿੱਚ ਮਦਦ, ਸੋਜਸ਼ ਨੂੰ ਘਟਾਉਣ, ਲਿਪਿਡ ਪ੍ਰੋਫਾਈਲਾਂ ਅਤੇ ਪਾਚਨ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ - ਲੀਵਰ ਦੀ ਸਿਹਤ ਨਾਲ ਨੇੜਿਓਂ ਜੁੜੇ ਕਾਰਕ। ਰੋਜ਼ਾਨਾ ਖੁਰਾਕ ਵਿੱਚ ਇਨ੍ਹਾਂ ਨੂੰ ਸ਼ਾਮਲ ਕਰਨ ਨਾਲ ਲੀਵਰ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ, ਜਿਸ ਵਿੱਚ ਗੈਰ-ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ (NAFLD) ਸ਼ਾਮਲ ਹੈ।
ਇਸ ਤੋਂ ਇਲਾਵਾ, ਪ੍ਰਦਰਸ਼ਨੀ ਵਿੱਚ ਕਰੂਸੀਫੇਰਸ ਸਬਜ਼ੀਆਂ (ਜਿਵੇਂ ਕਿ ਬ੍ਰੋਕਲੀ ਅਤੇ ਫੁੱਲ ਗੋਭੀ), ਪੱਤੇਦਾਰ ਸਾਗ, ਚਰਬੀ ਵਾਲੀ ਮੱਛੀ (ਓਮੇਗਾ-3 ਨਾਲ ਭਰਪੂਰ), ਨਟਸ (nuts) ਅਤੇ ਬੀਜ, ਖੱਟੇ ਫਲ ਅਤੇ ਸਿਹਤਮੰਦ ਫੇਟਸ (ਜਿਵੇਂ ਕਿ ਜੈਤੂਨ ਦਾ ਤੇਲ) ਨੂੰ ਉਤਸ਼ਾਹਿਤ ਕੀਤਾ ਗਿਆ, ਜੋ ਆਕਸੀਡੇਟਿਵ ਤਣਾਅ ਨੂੰ ਘਟਾਉਣ, ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ ਦਾ ਸਮਰਥਨ ਕਰਨ ਅਤੇ ਸਮੁੱਚੇ ਲੀਵਰ ਦੀ ਕਾਰਜ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਜਾਣੇ ਜਾਂਦੇ ਹਨ।
****
ਐਮ.ਵੀ.
(Release ID: 2123316)
Visitor Counter : 3