ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਵਿਸ਼ਵ ਹੋਮਿਓਪੈਥੀ ਦਿਵਸ 2025 'ਤੇ ਗਾਂਧੀਨਗਰ ਵਿਖੇ ਇੱਕ ਮੈਗਾ ਸੰਮੇਲਨ ਵਿੱਚ ਵਿਸ਼ਵ ਹੋਮਿਓਪੈਥੀ ਭਾਈਚਾਰੇ ਨੂੰ ਇਕਜੁੱਟ ਕੀਤਾ


ਇਸ ਵਿਸ਼ਵ ਹੋਮਿਓਪੈਥੀ ਦਿਵਸ 'ਤੇ, ਅਸੀਂ ਖੋਜ, ਸਿੱਖਿਆ ਅਤੇ ਜਨਤਕ ਪਹੁੰਚ ਰਾਹੀਂ ਇਸ ਦੇ ਦਾਇਰੇ ਨੂੰ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ: ਆਯੁਸ਼ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ

ਕਨਵੈਨਸ਼ਨ ਸੋਵੀਨਰ, 8 ਕਿਤਾਬਾਂ, ਸੀਸੀਆਰਐਚ ਲਾਇਬ੍ਰੇਰੀ ਅਤੇ ਹੋਮਿਓਪੈਥੀ ਆਰਕਾਈਵਜ਼ ਦੇ ਈ-ਪੋਰਟਲ, ਅਤੇ ਡਰੱਗ ਪ੍ਰੋਵਿੰਗ 'ਤੇ ਇੱਕ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ ਗਈ

Posted On: 10 APR 2025 6:49PM by PIB Chandigarh

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿਖੇ ਵਿਸ਼ਵ ਹੋਮਿਓਪੈਥੀ ਦਿਵਸ 2025 ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਇਹ ਦੋ-ਦਿਨਾਂ ਸਮਾਗਮ ਮੰਤਰਾਲੇ ਦੁਆਰਾ ਆਪਣੇ ਸਿਖਰਲੇ ਖੋਜ ਅਤੇ ਅਕਾਦਮਿਕ ਸੰਸਥਾਨਾਂ - ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (CCRH), ਨੈਸ਼ਨਲ ਕਮਿਸ਼ਨ ਫਾਰ ਹੋਮਿਓਪੈਥੀ (NCH), ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਹੋਮਿਓਪੈਥੀ (NIH) - ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਹੋਮਿਓਪੈਥੀ ਦੇ ਸੰਸਥਾਪਕ ਡਾ. ਸੈਮੂਅਲ ਹੈਨੀਮੈਨ ਦੀ 270ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਹੋਮਿਓਪੈਥੀ ਵਿੱਚ ਮੋਹਰੀ ਗਲੋਬਲ ਵੋਇਸ ਨੂੰ ਇਕਜੁੱਟ ਕੀਤਾ ਗਿਆ ।

ਇਸ ਸ਼ਾਨਦਾਰ ਸਮਾਰੋਹ ਵਿੱਚ 'ਹੋਮਿਓਪੈਥੀ ਵਿੱਚ ਸਿੱਖਿਆ, ਅਭਿਆਸ ਅਤੇ ਖੋਜ' ਵਿਸ਼ੇ ਨੂੰ ਉਜਾਗਰ ਕੀਤਾ, ਅਤੇ ਭਾਰਤ ਅਤੇ ਵਿਦੇਸ਼ਾਂ ਤੋਂ 8,000 ਤੋਂ ਵੱਧ ਡੈਲੀਗੇਟਸ ਨੇ ਭਾਗੀਦਾਰੀ ਕੀਤੀ, ਜਿਨ੍ਹਾਂ ਵਿੱਚ ਅਕਾਦਮਿਕ, ਡਾਕਟਰ, ਰਿਸਰਚਰ, ਵਿਦਿਆਰਥੀ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਸਨ। ਇਸ ਸਮਾਗਮ ਵਿੱਚ ਪੈਨਲ ਚਰਚਾਵਾਂ, ਪ੍ਰਦਰਸ਼ਨੀਆਂ, ਵਿਗਿਆਨਕ ਪੇਪਰ ਪੇਸ਼ਕਾਰੀਆਂ, ਅਤੇ ਹੋਮਿਓਪੈਥੀ ਨੂੰ ਗਲੋਬਲ ਅਤੇ ਰਾਸ਼ਟਰੀ ਸਿਹਤ ਸੰਭਾਲ ਪ੍ਰਣਾਲੀਆਂ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਅੱਗੇ ਵਧਾਉਣ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੁਪੇਂਦਰ ਪਟੇਲ ਨੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਆਯੁਸ਼ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਦੀ ਮੌਜੂਦਗੀ ਵਿੱਚ ਇਸ ਸਮਾਗਮ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਗੁਜਰਾਤ ਸਰਕਾਰ ਦੇ ਸਿਹਤ ਮੰਤਰੀ ਸ਼੍ਰੀ ਰਿਸ਼ੀਕੇਸ਼ ਪਟੇਲ; ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ; ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਵਿਸ਼ਵਵਿਆਪੀ ਪਰੰਪਰਾਗਤ ਦਵਾਈ ਪ੍ਰਣਾਲੀਆਂ ਵਿੱਚ ਭਾਰਤ ਦੀ ਅਗਵਾਈ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਹੋਮਿਓਪੈਥੀ ਸਿਰਫ਼ ਇੱਕ ਵਿਕਲਪ ਨਹੀਂ ਹੈ - ਇਹ ਦਇਆ ਅਤੇ ਸਬੂਤਾਂ 'ਤੇ ਅਧਾਰਿਤ ਇੱਕ ਵਿਗਿਆਨ ਹੈ। ਇਸ ਵਿਸ਼ਵ ਹੋਮਿਓਪੈਥੀ ਦਿਵਸ 'ਤੇ, ਅਸੀਂ ਖੋਜ, ਸਿੱਖਿਆ ਅਤੇ ਜਨਤਕ ਪਹੁੰਚ ਰਾਹੀਂ ਇਸ ਦੇ ਦਾਇਰੇ ਨੂੰ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ।" ਉਨ੍ਹਾਂ ਨੇ ਫਾਰਮਾਕੋਗਨੋਸੀ, ਭੌਤਿਕ-ਰਸਾਇਣਕ ਅਧਿਐਨਾਂ ਅਤੇ 17,000 ਹਰਬੇਰੀਅਮ ਸ਼ੀਟਸ ਦੇ ਡਿਜੀਟਾਈਜ਼ੇਸ਼ਨ ਵਿੱਚ ਕੌਂਸਲ ਦੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ, ਹੋਮਿਓਪੈਥਿਕ ਦਵਾਈਆਂ ਨੂੰ ਮਿਆਰੀ ਬਣਾਉਣ ਅਤੇ ਬਨਸਪਤੀ ਗਿਆਨ ਨੂੰ ਸੁਰੱਖਿਅਤ ਰੱਖਣ ਵਿੱਚ ਸੀਸੀਆਰਐਚ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੁਪੇਂਦਰ ਪਟੇਲ ਨੇ ਇਸ ਇਤਿਹਾਸਕ ਸਮਾਗਮ ਲਈ ਗੁਜਰਾਤ ਨੂੰ ਮੇਜ਼ਬਾਨ ਰਾਜ ਵਜੋਂ ਚੁਣਨ ਲਈ ਆਯੁਸ਼ ਮੰਤਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਧੁਨਿਕ ਸਿਹਤ ਸੰਭਾਲ ਵਿੱਚ ਹੋਮਿਓਪੈਥੀ ਦੀ ਵੱਧ ਰਹੀ ਸਾਰਥਕਤਾ 'ਤੇ ਜ਼ੋਰ ਦਿੱਤਾ ਅਤੇ ਹੋਮਿਓਪੈਥੀ ਨੂੰ ਜਨਤਕ ਸਿਹਤ ਸੇਵਾਵਾਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਜੋੜਨ ਦੇ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ "ਇਸ ਵਿਗਿਆਨਕ ਅਤੇ ਸਬੂਤ-ਅਧਾਰਿਤ ਥੈਰੇਪੀ ਵਿੱਚ ਜਨਤਕ ਸਿਹਤ ਨਤੀਜਿਆਂ ਨੂੰ ਬਦਲਣ ਦੀ ਸਮਰੱਥਾ ਹੈ। ਗੁਜਰਾਤ ਨੂੰ ਇਸ ਲਹਿਰ ਵਿੱਚ ਯੋਗਦਾਨ ਪਾਉਣ 'ਤੇ ਮਾਣ ਹੈ, ਖਾਸ ਕਰਕੇ ਕਿਉਂਕਿ ਇਹ ਜਾਮਨਗਰ ਵਿੱਚ WHO ਦੇ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਦਾ ਘਰ ਹੈ।"

ਮੁੱਖ ਭਾਸ਼ਣ ਦਿੰਦੇ ਹੋਏ, ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ " ਇਹ ਮੌਕਾ ਡਾ. ਹੈਨੀਮੈਨ ਦੀ ਦੂਰਦਰਸ਼ੀ ਇਲਾਜ ਪ੍ਰਣਾਲੀ ਨੂੰ ਸ਼ਰਧਾਂਜਲੀ ਹੈ। ਸਬੂਤ-ਅਧਾਰਿਤ, ਏਕੀਕ੍ਰਿਤ ਅਤੇ ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ ਦੀ ਵਿਸ਼ਵਵਿਆਪੀ ਮੰਗ ਵਧਣ ਦੇ ਨਾਲ, ਹੋਮਿਓਪੈਥੀ ਭਵਿੱਖ ਦੀਆਂ ਪੀੜ੍ਹੀਆਂ ਦੀ ਸੇਵਾ ਕਰਨ ਲਈ ਚੰਗੀ ਸਥਿਤੀ ਵਿੱਚ ਹੈ। ਆਯੁਸ਼ ਮੰਤਰਾਲਾ ਮਜ਼ਬੂਤ ​​ਖੋਜ, ਸਿੱਖਿਆ ਅਤੇ ਨੀਤੀ ਰਾਹੀਂ ਆਪਣੇ ਪ੍ਰਭਾਵ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।"

ਉਦਘਾਟਨੀ ਸਮਾਰੋਹ ਦੌਰਾਨ, ਪਤਵੰਤਿਆਂ ਨੇ ਇੱਕ ਕਨਵੈਨਸ਼ਨ ਸੋਵੀਨੀਅਰ, ਅੱਠ ਨਵੇਂ ਪ੍ਰਕਾਸ਼ਨ, ਸੀਸੀਆਰਐਚ ਲਾਇਬ੍ਰੇਰੀ ਅਤੇ ਹੋਮਿਓਪੈਥੀ ਆਰਕਾਈਵਜ਼ ਦੇ ਈ-ਪੋਰਟਲ, ਅਤੇ ਡਰੱਗ ਪ੍ਰੋਵਿੰਗ 'ਤੇ ਇੱਕ ਦਸਤਾਵੇਜ਼ੀ ਫਿਲਮ ਜਾਰੀ ਕੀਤੀ, ਜੋ ਇਸ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਖੋਜ ਅਤੇ ਦਸਤਾਵੇਜ਼ੀ ਕਾਰਜ ਨੂੰ ਦਰਸਾਉਂਦੀ ਹੈ।

ਸਿੰਪੋਜ਼ੀਅਮ ਵਿੱਚ ਹੋਮਿਓਪੈਥੀ ਉਦਯੋਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਅਕਾਦਮਿਕ ਅਤੇ ਉੱਦਮ ਨੂੰ ਜੋੜਿਆ, ਅਤੇ ਵਿਦਿਆਰਥੀਆਂ ਅਤੇ ਪ੍ਰੈਕਟਿਸ਼ਨਰਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਕਿਸਮ ਦੇ ਪਹਿਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮੇਜ਼ਬਾਨੀ ਕੀਤੀ।

****

ਐਮਵੀ/ਏਕੇਐਸ


(Release ID: 2121127) Visitor Counter : 13