ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇਪੀ ਨੱਡਾ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਦੀ ਮੌਜੂਦਗੀ ਵਿੱਚ, ਐਨਆਈਐਚਐਫਡਬਲਿਊ ਦੇ 48ਵੇਂ ਸਲਾਨਾ ਦਿਵਸ ਸਮਾਰੋਹ ਦੀ ਵਰਚੁਅਲੀ ਪ੍ਰਧਾਨਗੀ ਕੀਤੀ।
ਐਨਆਈਐਚਐਫਡਬਲਿਊ ਦੇਸ਼ ਵਿੱਚ ਜਨਤਕ ਸਿਹਤ ਪੇਸ਼ੇਵਰਾਂ ਲਈ ਟ੍ਰੇਨਿੰਗ , ਖੋਜ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਕਰਵਾਉਣ ਵਿੱਚ ਮੋਹਰੀ ਹੈ: ਸ਼੍ਰੀ ਨੱਡਾ
“ਨੈਸ਼ਨਲ ਕੋਲਡ ਚੇਨ ਅਤੇ ਟੀਕਾ ਪ੍ਰਬੰਧਨ ਸਰੋਤ ਕੇਂਦਰ ਨੂੰ ਇੱਕ ਅੰਤਰਰਾਸ਼ਟਰੀ ਸੈਂਟਰ ਫਾਰ ਐਕਸੀਲੈਂਸ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ ਜੋ ਟੀਕਾਕਰਣ ਅਤੇ ਸਪਲਾਈ-ਚੇਨ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਮਾਣ ਹੈ”
ਰਾਸ਼ਟਰੀ ਸਿਹਤ ਨੀਤੀ 2017 ਦੁਆਰਾ ਨਿਰਦੇਸ਼ਿਤ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਦੇ ਲਾਗੂਕਰਨ ਅਤੇ ਆਯੁਸ਼ਮਾਨ ਅਰੋਗਯ ਮੰਦਰਾਂ ਦੀ ਸਥਾਪਨਾ ਦੁਆਰਾ, ਦੇਸ਼ ਜਨਤਕ ਸਿਹਤ ਦ੍ਰਿਸ਼ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋਇਆ ਹੈ: ਸ਼੍ਰੀਮਤੀ ਅਨੁਪ੍ਰਿਆ ਪਟੇਲ
“2014 ਤੋਂ, ਮੈਡੀਕਲ ਕਾਲਜਾਂ ਦੀ ਗਿਣਤੀ ਅੱਜ 387 ਤੋਂ ਵਧ ਕੇ780 ਹੋ ਗਈ ਹੈ, ਲਗਭਗ 101% ਵਾਧੇ ਦੇ ਨਾਲ ਜਦਕਿ ਏਮਸ ਦੀ ਗਿਣਤੀ 6 ਤੋਂ ਵਧ ਕੇ22 ਹੋ ਗਈ ਹੈ, ਜੋ ਦੇਸ਼ ਦੇ ਸਿਹਤ ਸੰਭਾਲ ਵਿਵਸਥਾ ਨੂੰ ਮਜ਼ਬੂਤੀ ਦਾ ਪ੍ਰਮਾਣ ਹੈ”
ਐਨਆਈਐਚਐਫਡਬਲਿਊ ਵਿਖੇ ਅਰੋਗਯ ਸ਼ਕਤੀ ਪਾਰਕ ਅਤੇ ਸਕਸ਼ਮ- ਮੀਡੀਆ ਲੈਬ ਦਾ ਉਦਘਾਟਨ; ਸੰਸਥਾ ਦਾ ਨਵਾਂ ਲੋਗੋ, ਕਮੇਟੀ ਹਾਲਸ ਦੇ ਨਾਮਾਂ ਦਾ ਉਦਘਾਟਨ; ਦੋ-ਵਰ੍ਹਾ ਹਿੰਦੀ ਮੈਗਜ਼ੀਨ “ਜਨ ਸਵਾਸਥ ਧਾਰਨਾ” ਨੂੰ ਲਾਂਚ ਕੀਤਾ ਗਿਆ
Posted On:
09 MAR 2025 3:15PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ (NIHFW) ਦੇ 48 ਵੇਂ ਸਲਾਨਾ ਦਿਵਸ ਸਮਾਰੋਹ ਦੀ ਵਰਚੁਅਲੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਪ੍ਰੋ. (ਡਾ.) ਅਤੁਲ ਗੋਇਲ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ (NIHFW) ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਆਪਣੀ ਸਿੱਖਿਆ, ਟ੍ਰੇਨਿੰਗ , ਖੋਜ ਅਤੇ ਵਿਸ਼ੇਸ਼ ਸਲਾਹਕਾਰੀ ਸੇਵਾਵਾਂ ਲਈ ਜਾਣਿਆ ਜਾਂਦਾ ਹੈ, ਐਨਆਈਐਚਐਫਡਬਲਿਊ ਦੇਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ 'ਸਿਖਰਲੇ ਤਕਨੀਕੀ ਸੰਸਥਾ' ਦੇ ਨਾਲ-ਨਾਲ ਇੱਕ 'ਥਿੰਕ ਟੈਂਕ' ਵਜੋਂ ਕੰਮ ਕਰਦਾ ਹੈ। ਇਸ ਸਮਾਗਮ ਦੌਰਾਨ ਐਨਆਈਐਚਐਫਡਬਲਿਊ ਵਿਖੇ ਇੱਕ ਓਪਨ ਜਿਮਨੇਜ਼ੀਅਮ ਪਾਰਕ, ਅਰੋਗਯ ਸ਼ਕਤੀ ਪਾਰਕ ਅਤੇ ਸਕਸ਼ਮ- ਮੀਡੀਆ ਲੈਬ ਦੀਆਂ ਨਵੀਆਂ ਸਹੂਲਤਾਂ ਲਾਂਚ ਕੀਤੀਆਂ ਗਈਆਂ।
ਆਪਣੇ ਵਰਚੁਅਲ ਸੰਬੋਧਨ ਵਿੱਚ, ਸ਼੍ਰੀ ਨੱਡਾ ਨੇ ਐਨਆਈਐਚਐਫਡਬਲਿਊ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ "ਦੇਸ਼ ਵਿੱਚ ਜਨਤਕ ਸਿਹਤ ਪੇਸ਼ੇਵਰਾਂ, ਨੀਤੀ ਨਿਰਮਾਤਾਵਾਂ ਅਤੇ ਪ੍ਰਸ਼ਾਸਕਾਂ ਲਈ ਟ੍ਰੇਨਿੰਗ , ਖੋਜ ਅਤੇ ਸਮਰੱਥਾ-ਨਿਰਮਾਣ ਗਤੀਵਿਧੀਆਂ ਚਲਾਉਣ ਵਿੱਚ ਮੋਹਰੀ" ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ "ਸੰਸਥਾ ਦੀ ਸਮਰੱਥਾ-ਨਿਰਮਾਣ ਪ੍ਰਤੀ ਵਚਨਬੱਧਤਾ ਦੇਸ਼ ਵਿੱਚ ਯੋਗ ਪੇਸ਼ੇਵਰਾਂ ਦੀ ਤੁਰੰਤ ਜ਼ਰੂਰਤ ਨੂੰ ਪੂਰਾ ਕਰਦੇ ਹੋਏ, ਜਨਤਕ ਸਿਹਤ ਵਿੱਚ ਡਾਕਟਰੇਟ ਅਤੇ ਮਾਸਟਰ ਪ੍ਰੋਗਰਾਮਾਂ ਦੀ ਸ਼ੁਰੂਆਤ ਦੁਆਰਾ ਸਪੱਸ਼ਟ ਹੁੰਦੀ ਹੈ। ਐਨਆਈਐਚਐਫਡਬਲਿਊ ਦੀਆਂ ਖੋਜ ਪਹਿਲਕਦਮੀਆਂ, ਅਤੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੇ ਮੁਲਾਂਕਣ ਨੇ ਪ੍ਰਮਾਣ-ਅਧਾਰਤ ਨੀਤੀ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"
ਸ਼੍ਰੀ ਨੱਡਾ ਨੇ ਇਹ ਵੀ ਕਿਹਾ ਕਿ “ਮਿਸ਼ਨ ਕਰਮਯੋਗੀ ਪ੍ਰੋਗਰਾਮ ਅਧੀਨ ਸਾਰੀਆਂ ਗਤੀਵਿਧੀਆਂ ਲਈ ਨੋਡਲ ਸੰਗਠਨ ਵਜੋਂ ਮਨੋਨੀਤ ਡਿਜੀਟਲ ਟ੍ਰੇਨਿੰਗ ਪਹਿਲਕਦਮੀਆਂ ਦੀ ਵਧਦੀ ਮਹੱਤਤਾ ਦੇ ਨਾਲ, ਐਨਆਈਐਚਐਫਡਬਲਿਊ ਨੇ ਸਮਰੱਥਾ ਨਿਰਮਾਣ ਕਮਿਸ਼ਨ (CBC), ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ (IGOT) ਅਤੇ MoHFW ਦੇ ਟ੍ਰੇਨਿੰਗ ਵਿਭਾਗ ਦੇ ਸਹਿਯੋਗ ਨਾਲ MoHFW ਦੇ ਸਾਰੇ ਸੰਗਠਨਾਂ ਦੇ ਮੰਤਰਾਲੇ/ਵਿਭਾਗ/ਸੰਗਠਨ (MDOs) ਲਈ ਓਰੀਐਂਟੇਸ਼ਨ ਵਰਕਸ਼ਾਪਾਂ ਆਯੋਜਿਤ ਕੀਤੀਆਂ ਹਨ।
ਉਨ੍ਹਾਂ ਨੇ ਐਨਆਈਐਚਐਫਡਬਲਿਊ ਨੂੰ ਇਸ ਦੀਆਂ ਸੰਬੰਧਿਤ ਖੋਜ ਗਤੀਵਿਧੀਆਂ ਅਤੇ ਔਨਲਾਈਨ ਪਲੈਟਫਾਰਮ, ਸਕਸ਼ਮ- ਮੀਡੀਆ ਲੈਬ ਫਾਰ ਡਿਜੀਟਲ ਲਰਨਿੰਗ ਨੂੰ ਸਿਹਤ ਨਾਲ ਸਬੰਧਤ ਸਮੱਗਰੀ ਬਣਾਉਣ ਲਈ ਵਧਾਈ ਦਿੱਤੀ ਜੋ ਸੰਸਥਾ ਦੀ ਸਿਹਤ ਸੰਭਾਲ ਸਿੱਖਿਆ ਪਹੁੰਚ ਨੂੰ ਆਧੁਨਿਕ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ "ਇਹ ਸਹੂਲਤ ਡਿਜੀਟਲ ਟ੍ਰੇਨਿੰਗ ਨੂੰ ਸਮਰੱਥ ਬਣਾਉਣ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਗਿਆਨ ਨੂੰ ਪਹੁੰਚਯੋਗ ਬਣਾਉਣ ਵਿੱਚ ਇੱਕ 'ਗੇਮ-ਚੇਂਜਰ' ਹੋਵੇਗੀ।"
ਸੰਸਥਾ ਵਿੱਚ ਨੈਸ਼ਨਲ ਕੋਲਡ ਚੇਨ ਐਂਡ ਵੈਕਸੀਨ ਮੈਨੇਜਮੈਂਟ ਰਿਸੋਰਸ ਸੈਂਟਰ (NCCVMRC) ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ "ਕੇਂਦਰ ਸੇਵਾਵਾਂ ਪ੍ਰਦਾਨ ਕਰਨ ਨਾਲ ਸਬੰਧਤ ਪੇਸ਼ੇਵਰਾਂ ਦੀ ਸਮਰੱਥਾ-ਨਿਰਮਾਣ ਦਾ ਇੱਕ ਸ਼ਾਨਦਾਰ ਕੰਮ ਕਰ ਰਿਹਾ ਹੈ। ਕੇਂਦਰ ਨੂੰ ਇੱਕ ਅੰਤਰਰਾਸ਼ਟਰੀ ਕੇਂਦਰ ਫਾਰ ਐਕਸੀਲੈਂਸ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਹ ਵਿਸਥਾਰ ਨਾ ਸਿਰਫ਼ ਦੇਸ਼ ਦੇ ਅੰਦਰ ਸਗੋਂ ਵਿਸ਼ਵ ਪੱਧਰ 'ਤੇ ਵੀ ਟੀਕਾਕਰਣ ਅਤੇ ਸਪਲਾਈ-ਚੇਨ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਮਾਣ ਹੈ।"
ਆਪਣੇ ਸਮਾਪਨ ਭਾਸ਼ਣ ਵਿੱਚ, ਸ਼੍ਰੀ ਨੱਡਾ ਨੇ ਕਿਹਾ ਕਿ "ਆਓ ਅਸੀਂ ਸਾਰੇ 'ਸਾਰਿਆਂ ਲਈ ਸਿਹਤ' ਨੂੰ ਯਕੀਨੀ ਬਣਾਉਣ ਅਤੇ ਆਪਣੀਆਂ ਜਨਤਕ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ" ਅਤੇ ਸਾਰਿਆਂ ਨੂੰ ਭਾਰਤ ਦੇ ਸਿਹਤ ਵਾਤਾਵਰਣ ਪ੍ਰਣਾਲੀ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਤਾਂ ਜੋ "ਅਸੀਂ ਇੱਕ ਸਿਹਤਮੰਦ, ਮਜ਼ਬੂਤ ਅਤੇ ਵਧੇਰੇ ਲਚਕੀਲਾ ਭਾਰਤ ਦਾ ਨਿਰਮਾਣ ਕਰ ਸਕੀਏ।"
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ "ਭਾਰਤ ਦੇ ਜਨਤਕ ਸਿਹਤ ਦ੍ਰਿਸ਼ ਨੂੰ ਮਜ਼ਬੂਤ ਕਰਨ ਪ੍ਰਤੀ ਇਸਦੀ ਅਟੁੱਟ ਵਚਨਬੱਧਤਾ ਅਤੇ ਜਨਤਕ ਸਿਹਤ ਸਿੱਖਿਆ, ਖੋਜ ਅਤੇ ਨੀਤੀ ਵਕਾਲਤ ਵਿੱਚ ਲਗਭਗ ਪੰਜ ਦਹਾਕਿਆਂ ਦੀ ਉੱਦਮਤਾ" ਲਈ ਐਨਆਈਐਚਐਫਡਬਲਿਊ ਦੀ ਸ਼ਲਾਘਾ ਕੀਤੀ।
ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀਮਤੀ ਪਟੇਲ ਨੇ ਕਿਹਾ ਕਿ "ਦੇਸ਼ ਰਾਸ਼ਟਰੀ ਸਿਹਤ ਨੀਤੀ 2017 ਦੇ ਅਨੁਸਾਰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ ਪੀਐਮ-ਜੇਏਵਾਈ) ਵਰਗੀਆਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਆਯੁਸ਼ਮਾਨ ਅਰੋਗਯ ਮੰਦਰਾਂ ਦੀ ਸਥਾਪਨਾ ਰਾਹੀਂ ਜਨਤਕ ਸਿਹਤ ਦ੍ਰਿਸ਼ਟੀਕੋਣ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ।" ਉਨ੍ਹਾਂ ਅੱਗੇ ਕਿਹਾ ਕਿ "ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (ਪੀਐਮਬੀਜੇਪੀ) ਰਾਹੀਂ, ਆਮ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਤਬਦੀਲੀ ਲਿਆਂਦੀ ਗਈ ਹੈ ਕਿਉਂਕਿ ਦੇਸ਼ ਭਰ ਵਿੱਚ ਫੈਲੀਆਂ ਅੰਮ੍ਰਿਤ ਫਾਰਮੇਸੀਆਂ ਰਾਹੀਂ ਕਿਫਾਇਤੀ ਕੀਮਤਾਂ 'ਤੇ ਉਪਲਬਧ ਦਵਾਈਆਂ ਦੇ ਕਾਰਨ, ਜੇਬ ਤੋਂ ਹੋਣ ਵਾਲੇ ਖਰਚ ਵਿੱਚ ਕਾਫ਼ੀ ਕਮੀ ਆਈ ਹੈ।"
ਦੇਸ਼ ਦੇ ਸਿਹਤ ਸੰਭਾਲ ਵਾਤਾਵਰਣ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੀਤੇ ਗਏ ਕਦਮਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀਮਤੀ ਪਟੇਲ ਨੇ ਕਿਹਾ ਕਿ "2014 ਤੋਂ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਅੱਜ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ780 ਹੋ ਗਈ ਹੈ, ਲਗਭਗ 101% ਵਾਧੇ ਦੇ ਨਾਲ ਜਦਕਿ ਏਮਸ ਦੀ ਗਿਣਤੀ 6 ਤੋਂ ਵਧ ਕੇ 22 ਹੋ ਗਈ ਹੈ।" ਸ਼੍ਰੀਮਤੀ ਪਟੇਲ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ "ਅਸੀਂ ਦੇਸ਼ ਵਿੱਚ ਸਿਹਤ ਸੰਭਾਲ ਪ੍ਰਤੀ ਨਾ ਸਿਰਫ਼ ਇਲਾਜਯੋਗ, ਸਗੋਂ ਰੋਕਥਾਮ, ਪ੍ਰੋਤਸਾਹਨ ਅਤੇ ਪੁਨਰਵਾਸ ਪਹੁੰਚ ਨਾਲ ਵੀ ਕੰਮ ਕਰ ਰਹੇ ਹਾਂ।"
ਉਨ੍ਹਾਂ ਨੇ ਐਨਆਈਐਚਐਫਡਬਲਿਊ ਦੇ ਮਜ਼ਬੂਤ ਟ੍ਰੇਨਿੰਗ ਮਾਡਲਾਂ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਟ੍ਰੇਨਿੰਗ ਰਾਹੀਂ ਸਿਹਤ ਸੰਭਾਲ ਦੇ ਦ੍ਰਿਸ਼ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਮਹਾਮਾਰੀ ਅਤੇ ਐਮਰਜੈਂਸੀ ਤਿਆਰੀ, ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੁੰਝਲਦਾਰ ਚੁਣੌਤੀਆਂ ਲਈ ਤਿਆਰ ਕਰਨਾ ਸ਼ਾਮਲ ਹੈ; ਅਤੇ ਸਿੱਖਿਆ ਅਤੇ ਖੋਜ ਵਿੱਚ ਨਵੀਨਤਮ ਟੈਕਨੋਲੋਜੀਆਂ ਅਤੇ ਰੁਝਾਨਾਂ ਦੇ ਗਿਆਨ ਨਾਲ ਆਪਣੇ ਫੈਕਲਟੀ ਨੂੰ ਲਗਾਤਾਰ ਅਪਡੇਟ ਕਰਨ ਲਈ ਸੰਸਥਾ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਐਨਆਈਐਚਐਫਡਬਲਿਊ ਨੂੰ ਜਨਤਕ ਸਿਹਤ ਅਤੇ ਸਿਹਤ ਪ੍ਰਬੰਧਨ ਦੇ ਵਿਭਿੰਨ ਖੇਤਰਾਂ ਵਿੱਚ 132 ਟ੍ਰੇਨਿੰਗ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ ਤਾਂ ਜੋ ਕੇਂਦਰ ਅਤੇ ਰਾਜ ਸਿਹਤ ਸੇਵਾਵਾਂ, ਮੈਡੀਕਲ ਕਾਲਜ ਫੈਕਲਟੀ, ਨਰਸਿੰਗ ਪੇਸ਼ੇਵਰਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਹੋਰ ਸਰਕਾਰੀ ਸੰਗਠਨਾਂ ਦੇ ਲਗਭਗ 4000 ਸਿਹਤ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ ਜੋ ਪਿਛਲੇ ਸਾਲ ਨਾਲੋਂ ਟ੍ਰੇਨਿੰਗ ਕੋਰਸਾਂ ਦੀ ਗਿਣਤੀ ਵਿੱਚ ਇੱਕ ਤਿਹਾਈ ਤੋਂ ਵੱਧ ਦੇ ਵਾਧੇ ਦਾ ਨੂੰ ਦਰਸਾਉਂਦਾ ਹੈ।
ਯੋਗ ਜਨਤਕ ਸਿਹਤ ਪੇਸ਼ੇਵਰਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ, ਸ਼੍ਰੀਮਤੀ ਪਟੇਲ ਨੇ ਮੈਡੀਕਲ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਵਧਾਉਣ ਦੀ ਜ਼ਰੂਰਤ ਅਤੇ ਇਸ ਉਦੇਸ਼ ਲਈ ਡਿਜੀਟਲ ਟ੍ਰੇਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਿਸ਼ਨ ਕਰਮਯੋਗੀ ਦੀ ਸਫਲਤਾ ਵਿੱਚ ਐਨਆਈਐਚਐਫਡਬਲਿਊ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਮੈਡੀਕਲ ਪੇਸ਼ੇਵਰਾਂ ਲਈ ਡਿਜੀਟਲ ਟ੍ਰੇਨਿੰਗ ਨੂੰ ਯਕੀਨੀ ਬਣਾਉਣ ਲਈ ਹੋਰ ਸੰਸਥਾਵਾਂ ਦੀ ਸਹਾਇਤਾ ਨੂੰ ਰੇਖਾਂਕਿਤ ਕੀਤਾ ਜੋ ਕਿ ਕਿੱਤੇ ਅਤੇ ਸਥਾਨ ਦੇ ਕਾਰਨ ਪੈਦਾ ਹੋਏ ਪਾੜੇ ਨੂੰ ਭਰ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ "ਅਜਿਹੀਆਂ ਟ੍ਰੇਨਿੰਗਾਂ ਵਿੱਚ ਸੰਸਥਾ ਦਾ ਸਰਗਰਮ ਦ੍ਰਿਸ਼ਟੀਕੋਣ ਸਿਹਤ ਸੰਭਾਲ ਸਿੱਖਿਆ ਅਤੇ ਸੇਵਾ ਪ੍ਰਦਾਨ ਕਰਨ ਨੂੰ ਆਧੁਨਿਕੀਕਰਣ ਬਣਾਉਣ ਪ੍ਰਤੀ ਆਪਣੀ ਸਮਰਪਣ ਨੂੰ ਉਜਾਗਰ ਕਰਦਾ ਹੈ।"
ਸ਼੍ਰੀਮਤੀ ਪਟੇਲ ਨੇ ਸਵੱਛ ਭਾਰਤ ਮਿਸ਼ਨ ਵਿੱਚ ਸੰਸਥਾ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਅਤੇ ਕਿਹਾ ਕਿ "ਆਉਣ ਵਾਲੇ ਸਮੇਂ ਲਈ ਇਸ ਦੇ ਸਕਾਰਾਤਮਕ ਪ੍ਰਭਾਵ ਪੈਣਗੇ"। ਉਨ੍ਹਾਂ ਨੇ ਇਹ ਵੀ ਕਿਹਾ ਕਿ "ਸੰਸਥਾ ਵਿੱਚ ਅਰੋਗਯ ਪਾਰਕ ਦਾ ਉਦਘਾਟਨ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਨੂੰ ਉਤਸ਼ਾਹਿਤ ਕਰੇਗਾ ਜੋ ਕਿ ਇਲਾਜਯੋਗ ਸਿਹਤ ਦੀ ਬਜਾਏ ਨਿਵਾਰਕ ਸਿਹਤ ਵੱਲ ਵਧਣ ਵਿੱਚ ਸਹਾਇਤਾ ਕਰੇਗਾ।"
ਇਸ ਮੌਕੇ ਬੋਲਦਿਆਂ, ਸ਼੍ਰੀ ਅਤੁਲ ਗੋਇਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਖੋਜ ਐਨਆਈਐਚਐਫਡਬਲਿਊ ਦੀ ਇੱਕ ਮੁੱਖ ਤਾਕਤ ਰਹੀ ਹੈ ਅਤੇ ਸੰਸਥਾ ਨੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਮੁਲਾਂਕਣ ਰਾਹੀਂ ਨੀਤੀ ਅਤੇ ਅਭਿਆਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦਕਿ ਮੈਡੀਕਲ ਸਿੱਖਿਆ ਵਿੱਚ ਈ-ਲਰਨਿੰਗ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ, ਡਾਕਟਰੀ ਪੇਸ਼ੇਵਰਾਂ ਦੀ ਵਿਵਹਾਰਕ ਟ੍ਰੇਨਿੰਗ 'ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐਨਆਈਐਚਐਫਡਬਲਿਊ ਰਾਹੀਂ ਮੁੱਢਲੀ ਖੋਜ ਅਤੇ ਸੰਸਥਾਵਾਂ ਦੀਆਂ ਗਤੀਵਿਧੀਆਂ ਦੇ ਸੰਪੂਰਨ ਮੁਲਾਂਕਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਉੱਭਰ ਰਹੀਆਂ ਅਤੇ ਮੌਜੂਦਾ ਚੁਣੌਤੀਆਂ ਲਈ ਬਿਹਤਰ ਹੱਲ ਲੱਭੇ ਜਾ ਸਕਣ। ਸ਼੍ਰੀ ਗੋਇਲ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸਰੀਰਕ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਜੀਵਨ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਐਨਆਈਐਚਐਫਡਬਲਿਊ ਦੇ ਡਾਇਰੈਕਟਰ, ਪ੍ਰੋ. ਧੀਰਜ ਸ਼ਾਹ ਨੇ ਪਿਛਲੇ ਸਾਲ ਦੀਆਂ ਸੰਸਥਾ ਦੀਆਂ ਮੁੱਖ ਪ੍ਰਾਪਤੀਆਂ ਪੇਸ਼ ਕੀਤੀਆਂ ਅਤੇ ਸੰਸਥਾ ਦੁਆਰਾ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਕੁਝ ਗਤੀਵਿਧੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਨਆਈਐਚਐਫਡਬਲਿਊ ਦਾ ਮੁੱਖ ਉਦੇਸ਼ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਲਈ ਸਿੱਖਿਆ, ਟ੍ਰੇਨਿੰਗ , ਸਮਰੱਥਾ ਨਿਰਮਾਣ, ਖੋਜ ਰਾਹੀਂ ਦੇਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ "ਐਨਆਈਐਚਐਫਡਬਲਿਊ ਗਿਆਨ ਪ੍ਰਦਾਨ ਕਰਨ ਅਤੇ ਸਮਰੱਥਾ ਨਿਰਮਾਣ ਦੇ ਦਾਇਰੇ ਨੂੰ ਵਧਾਉਣ ਦੇ ਆਪਣੇ ਮੁੱਖ ਕਦਰਾਂ ਕੀਮਤਾਂ ਨੂੰ ਅੱਗੇ ਵਧਾ ਰਿਹਾ ਹੈ।"
ਇਸ ਸਮਾਗਮ ਦੌਰਾਨ ਐਨਆਈਐਚਐਫਡਬਲਿਊ ਵੱਲੋਂ ਨਵੀਆਂ ਪਹਿਲਕਦਮੀਆਂ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸੰਸਥਾ ਦਾ ਨਵਾਂ ਲੋਗੋ , ਕਮੇਟੀ ਹਾਲਸ ਦੇ ਨਾਮ ਅਤੇ ਦੋ-ਵਰ੍ਹਾ ਹਿੰਦੀ ਮੈਗਜ਼ੀਨ "ਜਨ ਸਵਾਸਥ ਧਾਰਨਾ" ਦਾ ਰਿਲੀਜ ਸ਼ਾਮਲ ਸਨ। ਸੰਸਥਾ ਦੇ ਸਰਵੋਤਮ ਕਰਮਚਾਰੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਗਏ। ਇਸ ਸਮਾਗਮ ਵਿੱਚ ਡਾ. ਆਰ.ਪੀ. ਸੈਂਟਰ ਫਾਰ ਓਪਥੇਲਮਿਕ ਸਾਇੰਸਿਜ਼, ਏਮਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇੱਕ ਵਿਆਪਕ ਅੱਖਾਂ ਦੀ ਜਾਂਚ ਕੈਂਪ ਵੀ ਲਗਾਇਆ ਗਿਆ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਮਹਿਮਾਨਾਂ, ਸਾਬਕਾ ਵਿਦਿਆਰਥੀਆਂ ਅਤੇ ਸੰਸਥਾ ਦੇ ਸੇਵਾਮੁਕਤ ਫੈਕਲਟੀ ਅਤੇ ਸਟਾਫ ਲਈ ਸਾਲ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਪ੍ਰਦਰਸ਼ਿਤ ਕੀਤੀ ਗਈ ਸੀ।
ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐਨਆਈਐਚਐਫਡਬਲਿਊ ਦੇ ਡੀਨ, ਪ੍ਰੋਫੈਸਰ ਵੀ.ਕੇ. ਤਿਵਾੜੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਭਾਰਤ ਅਤੇ ਵਿਦੇਸ਼ਾਂ ਦੇ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਇਨੋਵੇਟਰਸ ਅਤੇ ਉਦਯੋਗ ਭਾਈਵਾਲਾਂ ਨੇ ਵੀ ਹਿੱਸਾ ਲਿਆ, ਆਪਣੇ ਦ੍ਰਿਸ਼ਟੀਕੋਣ ਅਤੇ ਅੰਤਰਦ੍ਰਿਸ਼ਟੀ ਸਾਂਝੀਆਂ ਕੀਤੀਆਂ।
ਪਿਛੋਕੜ: ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ (NIHFW) ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ, ਜੋ ਦੇਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ 'ਸਿਖਰਲੀ ਤਕਨੀਕੀ ਸੰਸਥਾ' ਦੇ ਨਾਲ-ਨਾਲ ਇੱਕ 'ਥਿੰਕ ਟੈਂਕ' ਵਜੋਂ ਕੰਮ ਕਰਦੀ ਹੈ। ਐਨਆਈਐਚਐਫਡਬਲਿਊ ਆਪਣੀਆਂ ਸਿੱਖਿਆ, ਟ੍ਰੇਨਿੰਗ , ਖੋਜ ਅਤੇ ਵਿਸ਼ੇਸ਼ ਸਲਾਹਕਾਰੀ ਸੇਵਾਵਾਂ ਲਈ ਜਾਣਿਆ ਜਾਂਦਾ ਹੈ।
ਵਿਦਿਅਕ ਗਤੀਵਿਧੀਆਂ: ਸੰਸਥਾ ਦੀਆਂ ਵਿਦਿਅਕ ਗਤੀਵਿਧੀਆਂ ਦੇਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਦੇ ਬਿਹਤਰ ਪ੍ਰਬੰਧਨ ਲਈ ਮਨੁੱਖੀ ਸਰੋਤ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ। ਕੈਂਪਸ ਵਿੱਚ ਕੋਰਸ ਤਿੰਨ ਵਰ੍ਹਾ ਦੀ ਪੋਸਟ ਗ੍ਰੈਜੂਏਟ ਡਿਗਰੀ ਇਨ ਕਮਿਊਨਿਟੀ ਹੈਲਥ ਐਡਮਿਨਿਸਟ੍ਰੇਸ਼ਨ; ਦੋ ਵਰ੍ਹਾ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਹੈਲਥ ਐਡਮਿਨਿਸਟ੍ਰੇਸ਼ਨ; ਅਤੇ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪਬਲਿਕ ਹੈਲਥ, ਦੋ ਵਰ੍ਹਾ ਦਾ ਮਾਸਟਰ ਇਨ ਪਬਲਿਕ ਹੈਲਥ, ਡਾਕਟਰ ਆਫ਼ ਫਿਲੌਸਫੀ ਇਨ ਪਬਲਿਕ ਹੈਲਥ ਸ਼ਾਮਲ ਹਨ। ਸੰਸਥਾਨ ਦਾ ਡਿਸਟੈਂਸ ਲਰਨਿੰਗ ਸੈੱਲ ਹਨ ਜੋ ਡਿਸਟੈਂਸ ਲਰਨਿੰਗ ਰਾਹੀਂ ਹਸਪਤਾਲ ਪ੍ਰਬੰਧਨ, ਸਿਹਤ ਅਤੇ ਪਰਿਵਾਰ ਭਲਾਈ ਪ੍ਰਬੰਧਨ ਅਤੇ ਸਿਹਤ ਪ੍ਰਮੋਸ਼ਨ ਵਿੱਚ 15 ਮਹੀਨਿਆਂ ਦੀ ਮਿਆਦ ਦੇ ਕੋਰਸ ਅਤੇ ਡਿਸਟੈਂਸ ਲਰਨਿੰਗ ਮੋਡ ਰਾਹੀਂ ਪ੍ਰਬੰਧਨ ਵਿੱਚ ਛੇ ਪੋਸਟ ਗ੍ਰੈਜੂਏਟ ਡਿਪਲੋਮੇ (PGDM-ਕਾਰਜਕਾਰੀ) ਕਰਵਾਉਂਦੀ ਹੈ। ਕੋਰਸ ਜ਼ਰੂਰਤ-ਅਧਾਰਤ ਅਤੇ ਬਹੁ-ਅਨੁਸ਼ਾਸਨੀ ਹਨ। ਸੈੱਲ ਦੋ ਈ-ਲਰਨਿੰਗ ਸਰਟੀਫਿਕੇਟ ਕੋਰਸ ਵੀ ਪੇਸ਼ ਕਰਦਾ ਹੈ ਜਿਵੇਂ ਕਿ ਛੇ ਮਹੀਨਿਆਂ ਦੀ ਮਿਆਦ ਦੇ ਪ੍ਰੋਫੈਸ਼ਨਲ ਡਿਵੈਲਪਮੈਂਟ ਇਨ ਪਬਲਿਕ ਹੈਲਥ ਐਂਡ ਹੈਲਥ ਸੈਕਟਰ ਰਿਫਾਰਮਸ ਅਤੇ ਤਿੰਨ ਮਹੀਨਿਆਂ ਦੀ ਮਿਆਦ ਦੇ ਪ੍ਰੋਗਰਾਮ ਮੈਨੇਜਮੈਂਟ ਫਾਰ ਪਬਲਿਕ ਹੈਲਥਕੇਅਰ, ਜੋ ਕਿ ਸੇਵਾ ਵਿੱਚ ਮੱਧ ਪੱਧਰ ਦੇ ਸਿਹਤ ਪੇਸ਼ੇਵਰਾਂ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਕੰਮ ਕਰਨ ਵਾਲੇ ਪ੍ਰੋਗਰਾਮ ਮੈਨੇਜਰਾਂ ਦੇ ਹੁਨਰਾਂ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਹਨ। ਸੰਸਥਾ ਜਨਤਕ ਸਿਹਤ ਅਤੇ ਬਾਇਓ-ਮੈਡੀਕਲ ਖੋਜ ਦੇ ਖੇਤਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਡਾਕਟਰੇਟ ਪ੍ਰੋਗਰਾਮ ਵੀ ਪੇਸ਼ ਕਰਦੀ ਹੈ।
ਟ੍ਰੇਨਿੰਗ ਅਤੇ ਵਰਕਸ਼ਾਪਾਂ: ਸੰਸਥਾ ਦੁਆਰਾ ਹਰ ਸਾਲ ਲਗਭਗ 140-150 ਟ੍ਰੇਨਿੰਗ ਕੋਰਸ ਅਤੇ ਵਰਕਸ਼ਾਪਾਂ (ਅੰਦਰੂਨੀ ਅਤੇ ਬਾਹਰੀ) ਆਯੋਜਿਤ ਕੀਤੀਆਂ ਜਾਂਦੀਆਂ ਹਨ, ਜਿਸਦਾ ਉਦੇਸ਼ ਸੇਵਾ ਵਿੱਚ ਉਮੀਦਵਾਰਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਪ੍ਰੋਗਰਾਮਾਂ ਦੇ ਟੀਚਿਆਂ ਅਤੇ ਉਦੇਸ਼ਾਂ ਨਾਲ ਜਾਣੂ ਕਰਵਾਉਣਾ ਹੈ; ਲਾਗੂ ਕਰਨ ਵਿੱਚ ਸੰਚਾਲਨ ਮੁਸ਼ਕਲਾਂ ਬਾਰੇ ਉਨ੍ਹਾਂ ਦੇ ਗਿਆਨ ਅਤੇ ਸਮਝ ਨੂੰ ਅਪਡੇਟ ਕਰਨਾ ਅਤੇ ਅਜਿਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਉਪਚਾਰਕ ਉਪਾਅ ਸੁਝਾਉਣਾ ਹੈ।
ਖੋਜ ਅਤੇ ਮੁਲਾਂਕਣ: ਸੰਸਥਾ ਸਿਹਤ ਅਤੇ ਪਰਿਵਾਰ ਭਲਾਈ ਦੇ ਵੱਖ-ਵੱਖ ਪਹਿਲੂਆਂ ਵਿੱਚ ਖੋਜ ਨੂੰ ਪਹਿਲ ਦਿੰਦੀ ਹੈ। ਸੰਸਥਾ ਕੋਲ ਅਕਾਦਮਿਕ ਯਤਨਾਂ ਵਿੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਅਕਾਦਮਿਕ ਕਮੇਟੀ ਅਤੇ ਇੱਕ ਉੱਚ ਪੱਧਰੀ ਪ੍ਰੋਗਰਾਮ ਸਲਾਹਕਾਰ ਕਮੇਟੀ ਹੈ। ਸੰਸਥਾ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਈ ਹੋਰ ਸੰਬੰਧਿਤ ਗਤੀਵਿਧੀਆਂ ਦੇ ਮੁਲਾਂਕਣ ਅਧਿਐਨ ਵੀ ਕਰਦੀ ਹੈ।
ਵਿਸ਼ੇਸ਼ ਸੇਵਾਵਾਂ: ਸੰਸਥਾ ਦੀਆਂ ਵਿਸ਼ੇਸ਼ ਸੇਵਾਵਾਂ ਵਿੱਚ ਕਲੀਨਿਕਲ ਸੇਵਾਵਾਂ, ਨੈਸ਼ਨਲ ਕੋਲਡ ਚੇਨ ਵੈਕਸੀਨ ਮੈਨੇਜਮੈਂਟ ਰੀਜਨਲ ਸੈਂਟਰ, ਸੈਂਟਰ ਫਾਰ ਹੈਲਥ ਇਨਫਾਰਮੇਟਿਕਸ, ਸਕਿੱਲ ਲੈਬ, ਨੈਸ਼ਨਲ ਡਾਕਿਊਮੈਂਟੇਸ਼ਨ ਸੈਂਟਰ, ਸਕਸ਼ਮ: ਐਲਐਮਆਈਐਸ, ਮਿਸ਼ਨ ਕਰਮਯੋਗੀ ਅਤੇ ਪ੍ਰਕਾਸ਼ਨ ਸ਼ਾਮਲ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਿਊ) ਨੇ ਦੇਸ਼ ਵਿੱਚ ਪ੍ਰਜਨਨ ਅਤੇ ਬਾਲ ਸਿਹਤ (ਆਰਸੀਐਚ) ਦੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਸੰਗਠਿਤ, ਤਾਲਮੇਲ ਅਤੇ ਨਿਗਰਾਨੀ ਕਰਨ ਲਈ ਸੰਸਥਾ ਨੂੰ 'ਰਾਸ਼ਟਰੀ ਨੋਡਲ ਏਜੰਸੀ' ਵਜੋਂ ਚੁਣਿਆ ਹੈ। ਕਲੀਨਿਕ ਦਾ ਮੁੱਖ ਉਦੇਸ਼ ਮਾਂ ਅਤੇ ਬਾਲ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਬਾਂਝਪਨ, ਪ੍ਰਜਨਨ ਵਿਕਾਰ, ਖਾਸ ਕਰਕੇ ਐਂਡੋਕਰਾਈਨੋਲੋਜੀ ਅਤੇ ਜਿਨਸੀ ਰੋਗ ਨਾਲ ਸੰਬੰਧੀ ਕਲੀਨਿਕਲ ਕੰਮ ਜ਼ਿਕਰ ਦੇ ਯੋਗ ਹੈ। ਐਨਆਈਐਚਐਫਡਬਲਿਊ, ਨੈਸ਼ਨਲ ਕੋਲਡ ਚੇਨ ਵੈਕਸੀਨ ਮੈਨੇਜਮੈਂਟ ਰਿਸੋਰਸ ਸੈਂਟਰ (ਐਨਸੀਸੀਵੀਐਮਆਰਸੀ) ਰਾਹੀਂ ਯੂਨੀਸੇਫ ਨਾਲ ਸਾਂਝੇਦਾਰੀ ਵਿੱਚ, ਦੇਸ਼ ਭਰ ਵਿੱਚ ਨੈਸ਼ਨਲ ਕੋਲਡ ਚੇਨ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਨਸੀਸੀਐਮਆਈਐਸ) ਦੇ ਸਮੁੱਚੇ ਰੱਖ-ਰਖਾਅ ਅਤੇ ਲਾਗੂ ਕਰਨ ਅਤੇ ਨਿਗਰਾਨੀ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਅੰਤਿਮ ਉਪਭੋਗਤਾਵਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਨੈਸ਼ਨਲ ਡਾਕਿਊਮੈਂਟੇਸ਼ਨ ਸੈਂਟਰ ਦੀਆਂ ਪਬਲੀਕੇਸ਼ਨਸ, ਰੈਫਰਲ, ਪ੍ਰੈੱਸ ਕਲਿੱਪਿੰਗ ਅਤੇ ਬਿਬਲੀਓਗ੍ਰਾਫਿਕ ਸੇਵਾਵਾਂ ਅਤੇ ਸੰਚਾਰ ਵਿਭਾਗ ਦੀਆਂ ਪ੍ਰਕਾਸ਼ਨ, ਕਲਾ ਅਤੇ ਪ੍ਰੋਜੈਕਸ਼ਨ ਸੇਵਾਵਾਂ ਸੰਸਥਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਦੀਆਂ ਹਨ।
ਸਲਾਹਕਾਰ ਅਤੇ ਸਲਾਹ ਸੇਵਾਵਾਂ: ਸੰਸਥਾ ਦੇ ਡਾਇਰੈਕਟਰ ਅਤੇ ਫੈਕਲਟੀ ਮੈਂਬਰ ਵੱਖ-ਵੱਖ ਸਮਰੱਥਾਵਾਂ ਵਿੱਚ ਵੱਖ-ਵੱਖ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਸਵੈ-ਇੱਛਤ ਸੰਗਠਨਾਂ ਨੂੰ ਸਲਾਹਕਾਰ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਦੇ ਹਨ।
****
ਐਮ.ਵੀ.
HFW/NIHFW 48ਵਾਂ ਸਲਾਨਾ ਦਿਵਸ ਸਮਾਰੋਹ/09 ਮਾਰਚ 2025/1
(Release ID: 2109869)
Visitor Counter : 32