ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਮਾਨਸਿਕ ਸਿਹਤ ਦੇਖਭਾਲ ਨੂੰ ਐਡਵਾਂਸ ਬਣਾਉਣਾ
Posted On:
07 FEB 2025 5:26PM by PIB Chandigarh
“ਭਾਰਤ ਦੀ ਚੰਗੀ ਸਿਹਤ ਦੇ ਦ੍ਰਿਸ਼ਟੀਕੋਣ ਦਾ ਅਰਥ ਸਿਰਫ ਬਿਮਾਰੀ ਤੋਂ ਮੁਕਤ ਹੋਣਾ ਨਹੀਂ ਹੈ, ਸਗੋਂ ਸਾਰਿਆਂ ਦੇ ਲਈ ਚੰਗੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ। ਸਾਡਾ ਟੀਚਾ ਸਰੀਰਕ, ਮਾਨਸਿਕ ਅਤੇ ਸਮਾਜਿਕ ਭਲਾਈ ਯਕੀਨੀ ਬਣਾਉਣਾ ਹੈ।”
ਸ਼੍ਰੀ ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ
|
ਮਾਨਸਿਕ ਸਿਹਤ ਕੀ ਹੈ
ਮਾਨਸਿਕ ਸਿਹਤ ਦਾ ਅਰਥ ਕਿਸੇ ਵਿਅਕਤੀ ਦੀ ਭਾਵਨਾਤਮਕ, ਮਨੋਵਿਗਿਆਨੀ ਅਤੇ ਸਮਾਜਿਕ ਸਿਹਤ ਤੋਂ ਹੈ। ਇਹ ਦਰਸਾਉਂਦਾ ਹੈ ਕਿ ਲੋਕ ਰੋਜ਼ਾਨਾ ਜੀਵਨ ਵਿੱਚ ਕਿਵੇਂ ਸੋਚਦੇ ਹਨ, ਮਹਿਸੂਸ ਕਰਦੇ ਹਨ ਅਤੇ ਵਿਵਹਾਰ ਕਰਦੇ ਹਨ। ਇਹ ਫੈਸਲੇ ਲੈਣ, ਤਣਾਅ ਪ੍ਰਬੰਧਨ ਅਤੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਨੁਸਾਰ, ਮਾਨਸਿਕ ਸਿਹਤ, ਮਾਨਸਿਕ ਭਲਾਈ ਦੀ ਇੱਕ ਸਥਿਤੀ ਹੈ, ਜੋ ਲੋਕਾਂ ਨੂੰ ਜੀਵਨ ਦੀਆਂ ਮੁਸ਼ਕਲਾਂ ਨਾਲ ਨਿਪਟਣ, ਆਪਣੀਆਂ ਸਮਰੱਥਾਵਾਂ ਦਾ ਅਹਿਸਾਸ ਕਰਨ, ਹਾਲਾਤਾਂ ਤੋਂ ਸਬਕ ਲੈਣ, ਚੰਗੀ ਤਰ੍ਹਾਂ ਨਾਲ ਕੰਮ ਕਰਨ ਅਤੇ ਆਪਣੇ ਭਾਈਚਾਰੇ ਲਈ ਯੋਗਦਾਨ ਕਰਨ ਵਿੱਚ ਸਮਰੱਥ ਬਣਾਉਂਦੀ ਹੈ।

ਖਰਾਬ ਮਨਾਸਿਕ ਸਿਹਤ ਦਾ ਪ੍ਰਭਾਵ
- ਉਤਪਾਦਕਤਾ ‘ਤੇ ਪ੍ਰਭਾਵ: ਖਰਾਬ ਮਾਨਸਿਕ ਸਿਹਤ ਦੇ ਕਾਰਨ ਕਾਰਜਸਥਲ ‘ਤੇ ਉਤਪਾਦਕਤਾ ਘੱਟ ਹੁੰਦੀ ਹੈ, ਗ਼ੈਰ-ਮੌਜੂਦਗੀ ਵਧਦੀ ਹੈ ਅਤੇ ਕੁਸ਼ਲਤਾ ਵੀ ਘੱਟ ਹੁੰਦੀ ਹੈ।
- ਸਮਾਜਿਕ ਅਤੇ ਭਾਵਨਾਤਮਕ ਭਲਾਈ: ਮਾਨਸਿਕ ਭਲਾਈ ਆਪਸੀ ਸਬੰਧਾਂ, ਆਤਮਵਿਸ਼ਵਾਸ ਅਤੇ ਸਮਾਜਿਕ ਸਬੰਧਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
- ਆਰਥਿਕ ਪ੍ਰਭਾਵ: ਡਬਲਿਊਐੱਚਓ ਦੇ ਅਨੁਸਾਰ, ਮਾਨਸਿਕ ਵਿਕਾਰ ਬਿਮਾਰੀ ਦੇ ਆਲਮੀ ਬੋਝ ਵਿੱਚ ਅਹਿਮ ਯੋਗਦਾਨ ਦਿੰਦੇ ਹਨ, ਅਤੇ ਅਜਿਹੀਆਂ ਸਮੱਸਿਆਵਾਂ ਦਾ ਸਹੀ ਸਮਾਧਾਨ ਨਾ ਨਿਕਲਣ ਨਾਲ ਆਰਥਿਕ ਲਾਗਤ ‘ਤੇ ਵੀ ਬਹੁਤ ਅਸਰ ਪੈਂਦਾ ਹੈ।
ਭਾਰਤ ਵਿੱਚ ਮਾਨਸਿਕ ਸਿਹਤ ਦ੍ਰਿਸ਼
ਡਬਲਿਊਐੱਚਓ ਡੇਟਾ ਤੋਂ ਮਿਲੀ ਜਾਣਕਾਰੀ
- ਆਲਮੀ ਜਨਸੰਖਿਆ ਵਿੱਚ ਭਾਰਤ ਦਾ ਯੋਗਦਾਨ 18% ਹੈ। ਡਬਲਿਊਐੱਚਓ ਦੇ ਅਨੁਮਾਨ ਅਨੁਸਾਰ ਭਾਰਤ ਵਿੱਚ ਪ੍ਰਤੀ 10000 ਜਨਸੰਖਿਆ ‘ਤੇ 2443 ਵਿਕਲਾਂਗਤਾ-ਸਮਾਯੋਜਿਤ ਜੀਵਨ ਵਰ੍ਹੇ (ਡੀਏਐੱਲਵਾਈ) ਹੈ; ਪ੍ਰਤੀ 100000 ਜਨਸੰਖਿਆ ‘ਤੇ ਉਮਰ-ਸਮਾਯੋਜਿਤ ਆਤਮਹੱਤਿਆ ਦਰ 21.1 ਹੈ। 2012-2030 ਦਰਮਿਆਨ ਮਾਨਸਿਕ ਸਿਹਤ ਸਥਿਤੀਆਂ ਦੇ ਕਾਰਨ 1.03 ਟ੍ਰਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ।
ਵਿਆਪਕਤਾ:
- ਐੱਨਆਈਐੱਮਐੱਚਏਐੱਨਐੱਸ ਦੁਆਰਾ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ (ਐੱਨਐੱਮਐੱਚਐੱਸ) 2015-16 ਵਿੱਚ ਪਾਇਆ ਗਿਆ ਕਿ ਭਾਰਤ ਵਿੱਚ 10.6% ਬਾਲਗ ਮਾਨਸਿਕ ਵਿਕਾਰਾਂ ਤੋਂ ਪੀੜਤ ਹਨ।
- ਭਾਰਤ ਵਿੱਚ ਮਾਨਸਿਕ ਵਿਕਾਰਾਂ ਦਾ ਜੀਵਨ ਕਾਲ ਪ੍ਰਸਾਰ 13.7% ਹੈ।
- ਰਾਸ਼ਟਰੀ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਭਾਰਤ ਦੀ 15% ਬਾਲਗ ਆਬਾਦੀ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਜੂਝ ਰਹੀ ਹਨ, ਜਿਸ ਵਿੱਚ ਦਖਲਅੰਦਾਜ਼ੀ ਦੀ ਜ਼ਰੂਰਤ ਹੁੰਦੀ ਹੈ।
- ਗ੍ਰਾਮੀਣ (6.9%) ਦੀ ਤੁਲਨਾ ਵਿੱਚ ਸ਼ਹਿਰੀ ਖੇਤਰਾਂ ਵਿੱਚ ਇਸ ਦਾ ਪ੍ਰਸਾਰ (13.5%) ਵੱਧ ਹੈ।
ਇਲਾਜ ਵਿੱਚ ਅੰਤਰਾਲ
- ਜਾਗਰੂਕਤਾ ਦੀ ਕਮੀ, ਸਮਾਜ ਦੇ ਡਰ ਅਤੇ ਪੇਸ਼ੇਵਰਾਂ ਦੀ ਕਮੀ ਦੇ ਕਾਰਨ ਮਾਨਸਿਕ ਵਿਕਾਰ ਵਾਲੇ 70% ਤੋਂ 92% ਲੋਕਾਂ ਨੂੰ ਉਚਿਤ ਇਲਾਜ ਨਹੀਂ ਮਿਲ ਪਾਉਂਦਾ ਹੈ।
- ਇੰਡੀਅਨ ਜਨਰਲ ਆਫ ਸਾਇਕਾਇਟ੍ਰੀ ਦੇ ਅਨੁਸਾਰ ਭਾਰਤ ਵਿੱਚ ਪ੍ਰਤੀ 100,000 ਲੋਕਾਂ ‘ਤੇ 0.75 ਮਨੋ-ਵਿਗਿਆਨੀ (psychiatrists) ਹਨ, ਜਦਕਿ ਡਬਲਿਊਐੱਚਓ ਪ੍ਰਤੀ 100,000 ‘ਤੇ ਘੱਟ ਤੋਂ ਘੱਟ 3 ਮਨੋਵਿਗਿਆਨੀਆਂ ਦੀ ਸਿਫਾਰਿਸ਼ ਕਰਦਾ ਹੈ।
ਆਰਥਿਕ ਸਰਵੇਖਣ 2024-25 ਤੋਂ ਜਾਣਕਾਰੀ
ਮਾਨਸਿਕ ਸਿਹਤ, ਜੀਵਨ ਦੀਆਂ ਚੁਣੌਤੀਆਂ ਨਾਲ ਨਿਪਟਣ ਅਤੇ ਉਤਪਾਦਕ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਹੈ। ਇਸ ਦੇ ਮਹੱਤਵ ਨੂੰ ਪਹਿਚਾਣਦੇ ਹੋਏ, ਆਰਥਿਕ ਸਰਵੇਖਣ 2024-25 ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਾਨਸਿਕ ਭਲਾਈ ਵਿੱਚ ਸਾਡੀਆਂ ਸਾਰੀਆਂ ਮਾਨਸਿਕ-ਭਾਵਨਾਤਮਕ, ਸਮਾਜਿਕ, ਬੌਧਿਕ ਅਤੇ ਸਰੀਰਕ ਸਮਰੱਥਾਵਾਂ ਸ਼ਾਮਲ ਹਨ। ਇਸ ਨੂੰ ਮਨ ਦੀ ਸਮੁੱਚੀ ਸਿਹਤ ਦੇ ਰੂਪ ਵਿੱਚ ਵੀ ਸਮਝਿਆ ਜਾ ਸਕਦਾ ਹੈ। ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਸੰਪੂਰਨ ਭਾਈਚਾਰਕ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਜ਼ਾਹਿਰ ਹੈ ਕਿ ਹੁਣ ਵਿਵਹਾਰਿਕ, ਪ੍ਰਭਾਵੀ ਨਿਵਾਰਕ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ ਨੂੰ ਖੋਜਣ ਦਾ ਸਮਾਂ ਆ ਗਿਆ ਹੈ। ਭਾਰਤ ਦਾ ਜਨਸੰਖਿਆ ਲਾਭ ਅੰਸ਼ ਨੌਜਵਾਨਾਂ ਦੇ ਹੁਨਰ, ਸਿੱਖਿਆ, ਸਰੀਰਕ ਸਿਹਤ ਅਤੇ ਸਭ ਤੋਂ ਜ਼ਰੂਰੀ, ਮਾਨਸਿਕ ਸਿਹਤ 'ਤੇ ਨਿਰਭਰ ਕਰਦਾ ਹੈ।
ਆਰਥਿਕ ਸਰਵੇਖਣ 2024-25 ਦੇ ਸੁਝਾਅ:
- ਸਕੂਲਾਂ ਵਿੱਚ ਮਾਨਸਿਕ ਸਿਹਤ ਸਿੱਖਿਆ ਨੂੰ ਵਧਾਉਣਾ: ਵਿਦਿਆਰਥੀਆਂ ਵਿੱਚ ਚਿੰਤਾ, ਤਣਾਅ ਅਤੇ ਵਿਵਹਾਰ ਸਬੰਧੀ ਮੁੱਦਿਆਂ ਦੇ ਸਮਾਧਾਨ ਲਈ ਸ਼ੁਰੂਆਤੀ ਦਖਲਅੰਦਾਜ਼ੀ ਰਣਨੀਤੀਆਂ।
- ਕਾਰਜਸਥਲ ਮਾਨਸਿਕ ਸਿਹਤ ਨੀਤੀਆਂ ਵਿੱਚ ਸੁਧਾਰ ਕਰੋ: ਨੌਕਰੀ ਦੇ ਤਣਾਅ, ਲੰਬੇ ਸਮੇਂ ਤੱਕ ਕੰਮ ਕਰਨ ਅਤੇ ਥਕਾਨ ਨੂੰ ਦੂਰ ਕਰੋ।
- ਡਿਜੀਟਲ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਤਾਰ ਕਰੋ: ਟੈਲੀ ਮਾਨਸ ਨੂੰ ਮਜ਼ਬੂਤ ਕਰੋ ਅਤੇ ਏਆਈ-ਅਧਾਰਿਤ ਮਾਨਸਿਕ ਸਿਹਤ ਸਮਾਧਾਨਾਂ ਨੂੰ ਏਕੀਕ੍ਰਿਤ ਕਰੋ।
ਭਾਰਤ ਵਿੱਚ ਮਾਨਸਿਕ ਸਿਹਤ ਨਾਲ ਜੁੜੀ ਵਿਵਸਥਾ
- ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ, ਵਰ੍ਹੇ 2024 ਵਿੱਚ, ਮਾਨਸਿਕ ਸਿਹਤ ਵਿੱਚ ਵੱਧ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਟ੍ਰੇਂਡ ਕਰਨ ਅਤੇ ਐਡਵਾਂਸ ਇਲਾਜ ਪ੍ਰਦਾਨ ਕਰਨ ਦੇ ਲਈ 25 ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
- 19 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮਾਨਸਿਕ ਸਿਹਤ ਵਿੱਚ 47 ਪੀਜੀ ਵਿਭਾਗ ਸਥਾਪਿਤ ਜਾਂ ਅੱਪਗ੍ਰੇਡ ਕੀਤੇ ਗਏ ਹਨ। 22 ਨਵੇਂ ਸਥਾਪਿਤ ਏਮਸ ਵਿੱਚ ਮਾਨਸਿਕ ਸਿਹਤ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
- 3 ਕੇਂਦਰੀ ਮਾਨਸਿਕ ਸਿਹਤ ਸੰਸਥਾਵਾਂ, ਰਾਸ਼ਟਰੀ ਮਾਨਸਿਕ ਸਿਹਤ ਅਤੇ ਤੰਤ੍ਰਿਕਾ ਵਿਗਿਆਨ ਸੰਸਥਾਨ, ਬੰਗਲੁਰੂ, ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਖੇਤਰੀ ਮਾਨਸਿਕ ਸਿਹਤ ਸੰਸਥਾਨ, ਤੇਜਪੁਰ, ਅਸਾਮ ਅਤੇ ਕੇਂਦਰੀ ਮਨੋਵਿਗਿਆਨੀ ਸੰਸਥਾਨ, ਰਾਂਚੀ, ਸਹਿਤ 47 ਸਰਕਾਰੀ-ਸੰਚਾਲਿਤ ਮਾਨਸਿਕ ਹਸਪਤਾਲ।
- ਆਯੁਸ਼ਮਾਨ ਭਾਰਤ-ਸਿਹਤ ਅਤੇ ਭਲਾਈ ਕੇਂਦਰ (ਐੱਚਡਬਲਿਊਸੀ) ਵਿੱਚ ਮਾਨਸਿਕ ਸਿਹਤ ਸੇਵਾਵਾਂ ਦਾ ਏਕੀਕਰਣ।
ਆਯੁਸ਼ਮਾਨ ਭਾਰਤ ਦੇ ਤਹਿਤ, ਸਰਕਾਰ ਨੇ 1.73 ਲੱਖ ਤੋਂ ਵੱਧ ਉਪ ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਥਮਿਕ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਅੱਪਗ੍ਰੇਡ ਕੀਤਾ ਹੈ। ਇਨ੍ਹਾਂ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਵਿਆਪਕ ਪ੍ਰਾਥਮਿਕ ਸਿਹਤ ਦੇਖਭਾਲ ਦੇ ਤਹਿਤ ਸੇਵਾਵਾਂ ਦੇ ਪੈਕੇਜ ਵਿੱਚ, ਮਾਨਸਿਕ ਸਿਹਤ ਸੇਵਾਵਾਂ ਨੂੰ ਵੀ ਜੋੜਿਆ ਗਿਆ ਹੈ। ਇਹ ਐੱਚਡਬਲਿਊਸੀ ਹੇਠ ਲਿਖੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ:
- ਪੀਐੱਚਸੀ ਪੱਧਰ ‘ਤੇ ਬੁਨਿਆਦੀ ਸਲਾਹ-ਮਸ਼ਵਰਾ ਅਤੇ ਮਨੋਰੋਗ ਮੈਡੀਕੇਸ਼ਨ।
- ਹਲਕੇ ਤੋਂ ਦਰਮਿਆਨੀ ਮਾਨਸਿਕ ਸਿਹਤ ਸਥਿਤੀਆਂ ਨੂੰ ਸੰਭਾਲਣ ਲਈ ਜਨਰਲ ਮਨੋਵਿਗਿਆਨੀਆਂ ਦੇ ਲਈ ਟ੍ਰੇਨਿੰਗ।
- ਐਡਵਾਂਸ ਮਨੋਰੋਗ ਦੇਖਭਾਲ ਦੇ ਲਈ ਜ਼ਿਲ੍ਹਾ ਹਸਪਤਾਲਾਂ ਨਾਲ ਜੁੜਾਅ।
ਇਹ ਪਹਿਲ ਸੁਨਿਸ਼ਚਿਤ ਕਰਦੀ ਹੈ ਕਿ ਮਾਨਸਿਕ ਸਿਹਤ ਦੇਖਭਾਲ, ਸ਼ਹਿਰੀ ਅਤੇ ਗ੍ਰਾਮੀਣ ਦੋਨੋਂ ਖੇਤਰਾਂ ਵਿੱਚ ਉਪਲਬਧ ਹੈ, ਜਿਸ ਨਾਲ ਵਿਸ਼ੇਸ਼ ਹਸਪਤਾਲਾਂ ‘ਤੇ ਨਿਰਭਰਤਾ ਘੱਟ ਹੋ ਜਾਵੇਗੀ ਅਤੇ ਮਨੋਰੋਗ ਦੇਖਭਾਲ ਵਧੇਰੇ ਭਾਈਚਾਰਾ-ਕੇਂਦ੍ਰਿਤ ਹੋ ਜਾਵੇਗਾ।
ਭਾਰਤ ਸਰਕਾਰ ਦੁਆਰਾ ਸੰਚਾਲਿਤ ਨੀਤੀਆਂ ਅਤੇ ਯੋਜਨਾਵਾਂ
ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐੱਨਐੱਮਐੱਚਪੀ) – 1982
ਮਾਨਸਿਕ ਵਿਕਾਰਾਂ ਦੇ ਵਧਦੇ ਬੋਝ ਅਤੇ ਮਾਨਸਿਕ ਸਿਹਤ ਸੇਵਾਵਾਂ ਦੀ ਕਮੀ ਨੂੰ ਦੇਖਦੇ ਹੋਏ, ਭਾਰਤ ਨੇ 1982 ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐੱਨਐੱਮਐੱਚਪੀ) ਸ਼ੁਰੂ ਕੀਤਾ। ਇਸ ਦਾ ਪ੍ਰਾਥਮਿਕ ਟੀਚਾ ਇਹ ਯਕੀਨੀ ਬਣਾਉਣਾ ਸੀ, ਕਿ ਮਾਨਸਿਕ ਸਿਹਤ ਦੇਖਭਾਲ, ਵਿਸ਼ੇਸ਼ ਹਸਪਤਾਲਾਂ ਤੱਕ ਸੀਮਿਤ ਰਹਿਣ ਦੀ ਬਜਾਏ, ਸਧਾਰਣ ਸਿਹਤ ਦੇਖਭਾਲ ਪ੍ਰਣਾਲੀ ਦਾ ਇੱਕ ਅਭਿੰਨ ਅੰਗ ਬਣ ਜਾਵੇ।
ਇਸ ਦੇ ਪ੍ਰਮੁੱਖ ਕੰਪੋਨੈਂਟਾਂ ਵਿੱਚ ਸ਼ਾਮਲ ਹਨ:
ਭਾਈਚਾਰਕ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਤਾਰ ਕਰਨ ਲਈ ਐੱਨਐੱਮਐੱਚਪੀ ਦੇ ਤਹਿਤ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐੱਮਐੱਚਪੀ) ਸ਼ੁਰੂ ਕੀਤਾ ਗਿਆ ਸੀ।
- 767 ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ।
- ਕਾਉਂਸਲਿੰਗ, ਬਾਹਰੀ ਰੋਗੀ ਸੇਵਾਵਾਂ, ਆਤਮਹੱਤਿਆ ਰੋਕਥਾਮ ਪ੍ਰੋਗਰਾਮ ਅਤੇ ਜਾਗਰੂਕਤਾ ਪਹਿਲ ਪ੍ਰਦਾਨ ਕਰਦਾ ਹੈ।
- ਜ਼ਿਲ੍ਹਾ ਪੱਧਰ ‘ਤੇ 10 ਬੈੱਡਾਂ ਵਾਲੀਆਂ ਦਾਖਲ ਮਰੀਜਾਂ ਲਈ ਮਾਨਸਿਕ ਸਿਹਤ ਸੁਵਿਧਾਵਾਂ।

ਨਿਮਹੰਸ ਐਕਟ, 2012
ਨਿਮਹੰਸ ਐਕਟ, 2012, ਭਾਰਤ ਵਿੱਚ ਮਾਨਸਿਕ ਸਿਹਤ ਸਿੱਖਿਆ ਅਤੇ ਰਿਸਰਚ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਇਸ ਐਕਟ ਦੇ ਤਹਿਤ, ਰਾਸ਼ਟਰੀ ਮਾਨਸਿਕ ਸਿਹਤ ਅਤੇ ਨਿਊਰੋਸਾਇੰਸਿਜ਼ (ਨਿਮਹੰਸ), ਬੰਗਲੁਰੂ ਨੂੰ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨਿਆ ਗਿਆ ਸੀ। ਇਸ ਮਾਨਤਾ ਨੇ ਨਿਮਹੰਸ ਨੂੰ ਆਪਣੀ ਅਕਾਦਮਿਕ ਅਤੇ ਰਿਸਰਚ ਸਮਰੱਥਾਵਾਂ ਦਾ ਵਿਸਤਾਰ ਕਰਨ ਦੀ ਪ੍ਰਵਾਨਗੀ ਦਿੱਤੀ, ਜਿਸ ਨਾਲ ਇਹ ਭਾਰਤ ਵਿੱਚ ਮਨੋਵਿਗਿਆਨ, ਨਿਊਰੋਸਾਇਕੌਲੋਜੀ ਅਤੇ ਮਾਨਸਿਕ ਸਿਹਤ ਵਿਗਿਆਨ ਦੇ ਲਈ ਪ੍ਰਮੁੱਖ ਸੰਸਥਾਨ ਬਣ ਗਿਆ।
ਦਿਵਯਾਂਗਜਨ ਅਧਿਕਾਰ (ਆਰਪੀਡਬਲਿਊਡੀ) ਐਕਟ, 2016
ਦਿਵਯਾਂਗਜਨਾਂ ਦੇ ਅਧਿਕਾਰ (ਆਰਪੀਡਬਲਿਊਡੀ) ਐਕਟ, ਜਿਸ ਨੇ ਦਿਵਯਾਂਗਜਨ (ਪੀਡਬਲਿਊਡੀ) ਐਕਟ, 1995 ਦਾ ਸਥਾਨ ਲਿਆ, ਨੇ ਮਾਨਸਿਕ ਬਿਮਾਰੀ ਨੂੰ ਸ਼ਾਮਲ ਕਰਨ ਦੇ ਲਈ ਦਿਵਯਾਂਗਤਾ ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਅਤੇ ਮਨੋਸਮਾਜਿਕ ਦਿਵਯਾਂਗਜਨਾਂ ਦੇ ਲਈ ਮਜ਼ਬੂਤ ਕਾਨੂੰਨੀ ਸੁਰੱਖਿਆ ਦੀ ਮਦਦ ਕੀਤੀ। ਇਹ ਐਕਟ ਦਿਵਯਾਂਗ ਵਿਅਕਤੀਆਂ ਦੇ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂਐੱਨਸੀਆਰਪੀਡੀ) ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਅਨੁਰੂਪ ਹੈ ਅਤੇ ਇਸ ਦਾ ਮਕਸਦ ਮਾਨਸਿਕ ਸਿਹਤ ਸਥਿਤੀਆਂ ਵਾਲੇ ਦਿਵਯਾਂਗ ਲੋਕਾਂ ਸਹਿਤ ਦਿਵਯਾਂਗਜਨਾਂ ਦੇ ਲਈ ਸਮਾਨਤਾ, ਗਰਿਮਾ ਅਤੇ ਗੈਰ-ਭੇਦਭਾਵ ਨੂੰ ਯਕੀਨੀ ਬਣਾਉਣਾ ਹੈ।
ਰਾਸ਼ਟਰੀ ਮਾਨਸਿਕ ਸਿਹਤ ਦੇਖਭਾਲ ਐਕਟ, 2017
ਮਾਨਸਿਕ ਸਿਹਤ ਦੇਖਭਾਲ ਐਕਟ 2017, ਮਾਨਸਿਕ ਸਿਹਤ ਸੇਵਾਵਾਂ ਦੇ ਅਧਿਕਾਰ ਨੂੰ ਯਕੀਨੀ ਬਣਾਉਣ, ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਦੀ ਗਰਿਮਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਭਾਰਤ ਦੇ ਮਾਨਸਿਕ ਸਿਹਤ ਕਾਨੂੰਨਾਂ ਨੂੰ ਅੰਤਰਰਾਸ਼ਟਰੀ ਮਿਆਰਾਂ, ਖਾਸ ਤੌਰ ‘ਤੇ ਦਿਵਯਾਂਗਜਨਾਂ ਦੇ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂਐੱਨਸੀਆਰਪੀਡੀ) ਦੇ ਨਾਲ ਏਕੀਕ੍ਰਿਤ ਕਰਨ ਲਈ ਲਾਗੂ ਕੀਤਾ ਗਿਆ ਸੀ। ਇਸ ਐਕਟ ਨੇ 1987 ਦੀ ਮਾਨਸਿਕ ਸਿਹਤ ਐਕਟ ਦਾ ਸਥਾਨ ਲਿਆ ਅਤੇ ਭਾਰਤ ਵਿੱਚ ਮਾਨਸਿਕ ਸਿਹਤ ਦੇਖਭਾਲ ਅਤੇ ਸੇਵਾਵਾਂ ਵਿੱਚ ਕਈ ਪ੍ਰਗਤੀਸ਼ੀਲ ਬਦਲਾਵ ਪੇਸ਼ ਕੀਤੇ, ਜਿਵੇਂ ਸਸਤੀਆਂ ਅਤੇ ਗੁਣਵੱਤਾਪੂਰਨ ਮਾਨਸਿਕ ਸਿਹਤ ਸੇਵਾਵਾਂ ਦਾ ਅਧਿਕਾਰ ਅਤੇ ਭਾਰਤ ਵਿੱਚ ਆਤਮਹੱਤਿਆ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨਾ।
ਰਾਸ਼ਟਰੀ ਸਿਹਤ ਨੀਤੀ, 2017
ਰਾਸ਼ਟਰੀ ਸਿਹਤ ਨੀਤੀ (ਐੱਨਐੱਚਪੀ) 2017, ਇੱਕ ਅਹਿਮ ਪੜਾਅ ਸੀ, ਜਿਸ ਨੇ ਮਾਨਸਿਕ ਸਿਹਤ ਨੂੰ ਰਾਸ਼ਟਰੀ ਸਿਹਤ ਪ੍ਰਾਥਮਿਕਤਾ ਦੇ ਰੂਪ ਵਿੱਚ ਸਵੀਕਾਰ ਕੀਤਾ। ਇਸ ਨੀਤੀ ਦਾ ਮਕਸਦ ਬਹੁ-ਆਯਾਮੀ ਦ੍ਰਿਸ਼ਟੀਕੋਣ ਦੇ ਜ਼ਰੀਏ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਦਾ ਸਮਾਧਾਨ ਕਰਨਾ, ਮਾਨਸਿਕ ਸਿਹਤ ਦੇਖਭਾਲ ਨੂੰ ਪ੍ਰਾਥਮਿਕ ਸਿਹਤ ਦੇਖਭਾਲ ਵਿੱਚ ਏਕੀਕ੍ਰਿਤ ਕਰਨਾ, ਮਾਨਵ ਸੰਸਾਧਨਾਂ ਨੂੰ ਮਜ਼ਬੂਤ ਕਰਨਾ ਅਤੇ ਇਲਾਜ ਦੀ ਪਹੁੰਚ ਵਿੱਚ ਸੁਧਾਰ ਕਰਨਾ ਹੈ।
ਮਾਨਸਿਕ ਸਿਹਤ ਨੂੰ ਭਾਰਤ ਦੀ ਸਿਹਤ ਸੇਵਾ ਢਾਂਚੇ ਦੇ ਕੇਂਦਰ ਵਿੱਚ ਰੱਖਦੇ ਹੋਏ, ਐੱਨਐੱਚਪੀ 2017 ਦਾ ਟੀਚਾ, ਆਯੁਸ਼ਮਾਨ ਭਾਰਤ ਦੇ ਤਹਿਤ ਪ੍ਰਾਥਮਿਕ ਸਿਹਤ ਕੇਂਦਰਾਂ (ਪੀਐੱਚਸੀ) ਅਤੇ ਸਿਹਤ ਅਤੇ ਭਲਾਈ ਕੇਂਦਰਾਂ (ਐੱਚਡਬਲਿਊਸੀ) ਵਿੱਚ ਮਨੋਵਿਗਿਆਨੀ ਸੇਵਾਵਾਂ ਉਪਲਬਧ ਕਰਵਾ ਕੇ ਇਲਾਜ ਦੇ ਅੰਤਰਾਲ ਨੂੰ ਖਤਮ ਕਰਨਾ ਹੈ।
ਮਾਨਸਿਕ ਸਿਹਤ ਟ੍ਰੇਨਿੰਗ ਦੇ ਲਈ ਆਈਗੌਟ-ਦੀਕਸ਼ਾ ਸਹਿਯੋਗ
ਸਰਕਾਰ ਨੇ ਮਾਨਸਿਕ ਸਿਹਤ ਦੇਖਭਾਲ ਨਾਲ ਜੁੜੇ ਸਿਹਤ ਪੇਸ਼ੇਵਰਾਂ, ਫਰੰਟਲਾਈਨ ਵਰਕਰਾਂ ਅਤੇ ਭਾਈਚਾਰਕ ਹੈਲਥ ਵਲੰਟੀਅਰਾਂ ਨੂੰ ਟ੍ਰੇਂਡ ਕਰਨ ਲਈ ਵਰ੍ਹੇ 2020 ਵਿੱਚ ਇੱਕ ਡਿਜੀਟਲ ਲਰਨਿੰਗ ਪਹਿਲ, ਆਈਗੌਟ-ਦੀਕਸ਼ਾ ਪਲੈਟਫਾਰਮ ਦੇ ਨਾਲ ਵੀ ਮਿਲ ਕੇ ਕੰਮ ਕੀਤਾ ਹੈ। ਇਹ ਪ੍ਰੋਗਰਾਮ ਹੇਠਾਂ ਲਿਖੇ ਅਨੁਸਾਰ ਕੇਂਦ੍ਰਿਤ ਹੈ:
- ਜ਼ਮੀਨੀ ਪੱਧਰ ‘ਤੇ ਮਾਨਸਿਕ ਸਿਹਤ ਦੇਖਭਾਲ ਦੇ ਲਈ ਸਮਰੱਥਾ ਨਿਰਮਾਣ।
- ਮਾਨਸਿਕ ਵਿਕਾਰਾਂ ਦੇ ਜਾਂਚ ਅਤੇ ਇਲਾਜ ਦੇ ਲਈ ਡਾਕਟਰਾਂ ਅਤੇ ਨਰਸਾਂ ਨੂੰ ਸਕਿੱਲ ਟ੍ਰੇਨਿੰਗ ਦੇਣਾ
- ਗ੍ਰਾਮੀਣ ਖੇਤਰਾਂ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਨੂੰ ਹੁਲਾਰਾ ਦੇਣਾ।
ਆਈਗੌਟ-ਦੀਕਸ਼ਾ ਦੇ ਜ਼ਰੀਏ ਭਾਰਤ ਨੇ ਬਿਹਤਰ ਸ਼ੁਰੂਆਤੀ ਦਖਲਅੰਦਾਜ਼ੀ ਰਣਨੀਤੀਆਂ ਅਤੇ ਭਾਈਚਾਰਕ ਸਹਾਇਤਾ ਤੰਤਰ ਨੂੰ ਯਕੀਨੀ ਬਣਾਉਂਦੇ ਹੋਏ ਆਪਣੀ ਮਾਨਸਿਕ ਸਿਹਤ ਕਾਰਜਬਲ ਦਾ ਵਿਸਤਾਰ ਕੀਤਾ ਹੈ।
ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ (ਟੈਲੀ ਮਾਨਸ), 2022
10 ਅਕਤੂਬਰ 2022 ਨੂੰ ਲਾਂਚ ਕੀਤਾ ਗਿਆ, ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ (ਟੈਲੀ ਮਾਨਸ) ਭਾਰਤ ਦੇ ਡਿਜੀਟਲ ਮਾਨਸਿਕ ਸਿਹਤ ਬੁਨਿਆਦੀ ਢਾਂਚੇ ਵਿੱਚ ਇੱਕ ਗੇਮ-ਚੇਂਜਰ ਸੀ। ਟੈਲੀ ਮਾਨਸ ਇੱਕ ਰਾਸ਼ਟਰੀ ਟੋਲ-ਫ੍ਰੀ ਹੈਲਪਲਾਈਨ (14416/1800-89-14416) ਦੇ ਮਾਧਿਅਮ ਨਾਲ ਲੋਕਾਂ ਨੂੰ ਮੁਫਤ, 24/7 ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਦਾ ਹੈ। ਇਹ 20 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਟੈਲੀ ਮਾਨਸ ਹੈਲਪਲਾਈਨ ਨੇ 2022 ਵਿੱਚ ਲਾਂਚ ਹੋਣ ਦੇ ਬਾਅਦ ਤੋਂ 7 ਫਰਵਰੀ 2025 ਤੱਕ, 1.81 ਮਿਲੀਅਨ (18,27,951) ਤੋਂ ਵੱਧ ਕੌਲਸ ਨੂੰ ਸੰਭਾਲਿਆ ਹੈ, ਜੋ ਪੂਰੇ ਭਾਰਤ ਵਿੱਚ ਜ਼ਰੂਰੀ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਦੀ ਹੈ। ਵਿਭਿੰਨ ਰਾਜਾਂ ਵਿੱਚ 53 ਟੈਲੀ ਮਾਨਸ ਸੈੱਲ ਹਨ, ਜੋ ਮਾਨਸਿਕ ਸਿਹਤ ਸੇਵਾਵਾਂ ਤੱਕ ਸਥਾਨਕ ਪਹੁੰਚ ਯਕੀਨੀ ਬਣਾਉਂਦੇ ਹਨ। ਇਹ ਪ੍ਰੋਗਰਾਮ ਦੇਸ਼ ਭਰ ਵਿੱਚ 23 ਮੈਂਟਰਿੰਗ ਇੰਸਟੀਟਿਊਟਸ ਦੇ ਨਾਲ-ਨਾਲ 5 ਖੇਤਰੀ ਤਾਲਮੇਲ ਕੇਂਦਰਾਂ ਦੁਆਰਾ ਸਹਿਯੋਗ ਪ੍ਰਾਪਤ ਹੈ, ਜੋ ਮਾਨਸਿਕ ਸਿਹਤ ਦੇਖਭਾਲ ਵਿੱਚ ਕੁਸ਼ਲ ਸੇਵਾ ਵੰਡ ਅਤੇ ਮਾਹਰ ਮਾਰਗਦਰਸ਼ਨਨੂੰ ਯਕੀਨੀ ਬਣਾਉਂਦਾ ਹੈ।
ਟੈਲੀ ਮਾਨਸ ਸੇਵਾਵਾਂ ਵਿੱਚ ਸ਼ਾਮਲ ਹਨ:
- ਟ੍ਰੇਂਡ ਪੇਸ਼ੇਵਰਾਂ ਦੁਆਰਾ ਤਤਕਾਲ ਟੈਲੀ-ਕਾਊਸਲਿੰਗ।
- ਗੰਭੀਰ ਮਾਮਲਿਆਂ ਦੇ ਲਈ ਮਨੋਵਿਗਿਆਨੀਆਂ ਨੂੰ ਰੈਫਰਲ ਸਹਾਇਤਾ।
- ਡਿਜੀਟਲ ਪਲੈਟਫਾਰਮ ਦੇ ਮਾਧਿਅਮ ਨਾਲ ਮਾਨਸਿਕ ਸਿਹਤ ਜਾਗਰੂਕਤਾ ਅਭਿਯਾਨ।
- ਮੋਬਾਈਲ ਅਧਾਰਿਤ ਮਾਨਸਿਕ ਸਿਹਤ ਦਖਲਅੰਦਾਜ਼ੀ, ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪਹੁੰਚ ਯਕੀਨੀ ਕਰਨਾ।
ਟੈਲੀ ਮਾਨਸ ਮੋਬਾਈਲ ਐਪ ਅਤੇ ਵੀਡੀਓ ਕੰਸਲਟੇਸ਼ਨ
- ਟੈਲੀ ਮਾਨਸ ਐਪ ਅਕਤੂਬਰ 2024 ਵਿੱਚ ਲਾਂਚ ਕੀਤਾ ਗਿਆ ਸੀ।
- ਸਵੈ-ਦੇਖਭਾਲ ਰਣਨੀਤੀਆਂ, ਤਣਾਅ ਪ੍ਰਬੰਧਨ ਉਪਕਰਣ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ।
- ਕਰਨਾਟਕ, ਤਮਿਲ ਨਾਡੂ ਅਤੇ ਜੰਮੂ-ਕਸ਼ਮੀਰ ਵਿੱਚ ਵੀਡੀਓ ਕੰਸਲਟੇਸ਼ਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ।
ਡਬਲਿਊਐੱਚਓ ਦੀ ਮਾਨਤਾ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਮਾਨਸਿਕ ਸਿਹਤ ਦੇਖਭਾਲ ਨੂੰ ਵੱਧ ਸਮਾਵੇਸ਼ੀ ਅਤੇ ਕਿਫਾਇਤੀ ਬਣਾਉਣ ਵਾਲੇ ਇੱਕ ਪ੍ਰਭਾਵੀ ਮਾਨਸਿਕ ਸਿਹਤ ਸਮਾਧਾਨ ਦੇ ਰੂਪ ਵਿੱਚ ਟੈਲੀ ਮਾਨਸ ਦੀ ਪ੍ਰਸ਼ੰਸਾ ਕੀਤੀ।

ਕਿਰਨ ਹੈਲਪਲਾਈਨ ਦਾ ਟੈਲੀ ਮਾਨਸ ਵਿੱਚ ਮਿਲਣਾ
ਕਿਰਨ ਹੈਲਪਲਾਈਨ (1800-599-0019), ਜੋ ਸ਼ੁਰੂ ਵਿੱਚ 2020 ਵਿੱਚ ਲਾਂਚ ਕੀਤੀ ਗਈ ਸੀ, ਮਾਨਸਿਕ ਸਿਹਤ ਸਹਾਇਤਾ ਸੇਵਾਵਾਂ ਦੀ ਕੁਸ਼ਲਤਾ ਵਧਾਉਣ ਦੇ ਲਈ 2022 ਵਿੱਚ ਟੈਲੀ ਮਾਨਸ ਵਿੱਚ ਮਿਲਾ ਦਿੱਤੀ ਗਈ ਸੀ। ਇਸ ਪਰਿਵਰਤਨ ਨੇ ਮਾਨਸਿਕ ਸਿਹਤ ਹੈਲਪਲਾਈਨ ਸੰਚਾਲਨ ਨੂੰ ਸੁਚਾਰੂ ਕਰ ਦਿੱਤਾ, ਜਿਸ ਨਾਲ ਇਹ ਵਧੇਰੇ ਸੁਲਭ ਹੋ ਗਿਆ ਅਤੇ ਭਾਰਤ ਦੀ ਸਿਹਤ ਦੇਖਭਾਲ ਪ੍ਰਣਾਲੀ ਦੇ ਨਾਲ ਬਿਹਤਰ ਏਕੀਕ੍ਰਿਤ ਹੋ ਗਿਆ।
ਕੋਵਿਡ-19 ਦੌਰਾਨ, ਸਰਕਾਰ ਨੇ ਮਾਨਸਿਕ ਸਿਹਤ ਦਾ ਸਮਰਥਨ ਕਰਨ ਦੇ ਲਈ ਅਹਿਮ ਕਦਮ ਚੁੱਕੇ ਹਨ। 24/7 ਹੈਲਪਲਾਈਨ ਨੇ ਰਾਸ਼ਟਰੀ ਮਨੋਸਮਾਜਿਕ ਸਹਾਇਤਾ ਪ੍ਰਦਾਨ ਕੀਤੀ, ਜਦਕਿ ਹੈਲਥ ਵਰਕਰਾਂ ਨੂੰ ਆਈਗੌਟ-ਦੀਕਸ਼ਾ ਪਲੈਟਫਾਰਮ ਦੇ ਜ਼ਰੀਏ ਔਨਲਾਈਨ ਟ੍ਰੇਨਿੰਗ ਦਿੱਤੀ ਗਈ। ਜਨ ਜਾਗਰੂਕਤਾ ਅਭਿਯਾਨ ਨੇ ਮੀਡੀਆ ਦੇ ਮਾਧਿਅਮ ਨਾਲ ਤਣਾਅ ਪ੍ਰਬੰਧਨ ਰਣਨੀਤੀਆਂ ਦਾ ਪ੍ਰਸਾਰ ਕੀਤਾ, ਅਤੇ ਮਾਨਸਿਕ ਭਲਾਈ ਨੂੰ ਹੁਲਾਰਾ ਦੇਣ ਦੇ ਲਈ ਅਧਿਕਾਰਿਕ ਦਿਸ਼ਾ-ਨਿਰਦੇਸ਼ ਅਤੇ ਸਲਾਹਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਦਖਲਅੰਦਾਜ਼ੀਆਂ ਨੇ ਮਹਾਮਾਰੀ ਦੀਆਂ ਮਨੋਵਿਗਿਆਨਿਕ ਚੁਣੌਤੀਆਂ ਨਾਲ ਨਿਪਟਣ ਵਿੱਚ ਅਹਿਮ ਭੂਮਿਕਾ ਨਿਭਾਈ।
ਰਾਸ਼ਟਰੀ ਆਤਮਹੱਤਿਆ ਰੋਕਥਾਮ ਰਣਨੀਤੀ, 2022
ਰਾਸ਼ਟਰੀ ਆਤਮਹੱਤਿਆ ਰੋਕਥਾਮ ਰਣਨੀਤੀ (ਐੱਨਐੱਸਪੀਐੱਸ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮਓਐੱਚਐੱਫਡਬਲਿਊ) ਦੁਆਰਾ 2022 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਟੀਚਾ 2030 ਤੱਕ ਆਤਮਹੱਤਿਆ ਮੌਤ ਦਰ ਨੂੰ 10% ਤੱਕ ਘੱਟ ਕਰਨਾ ਹੈ। ਆਤਮਹੱਤਿਆ ਨੂੰ ਇੱਕ ਜਨਤਕ ਸਿਹਤ ਚਿੰਤਾ ਦੇ ਰੂਪ ਵਿੱਚ ਮਾਨਤਾ ਦਿੰਦੇ ਹੋਏ, ਇਹ ਰਣਨੀਤੀ, ਸ਼ੁਰੂਆਤੀ ਦਖਲਅੰਦਾਜ਼ੀ, ਸੰਕਟ ਪ੍ਰਬੰਧਨ ਅਤੇ ਮੈਂਟਲ ਹੈਲਥ ਪ੍ਰਮੋਸ਼ਨ ‘ਤੇ ਕੇਂਦ੍ਰਿਤ ਹੈ।
ਐੱਨਐੱਸਪੀਐੱਸ ਦੇ ਪ੍ਰਮੁੱਖ ਕੰਪੋਨੈਂਟਸ ਵਿੱਚ ਸ਼ਾਮਲ ਹਨ:
- ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਲਈ ਮਾਨਸਿਕ ਸਿਹਤ ਜਾਂਚ।
- ਸੰਕਟ ਦੇ ਲਈ ਹੈਲਪਲਾਈਨ ਅਤੇ ਮਨੋਵਿਗਿਆਨਕ ਸਹਾਇਤਾ ਕੇਂਦਰ ਸਥਾਪਿਤ ਕਰਨਾ।
- ਮਾਨਸਿਕ ਬਿਮਾਰੀ ਅਤੇ ਆਤਮਹੱਤਿਆ ਨਾਲ ਜੁੜੇ ਸਮਾਜਿਕ ਮਿਥਿਹਾਸ ਨੂੰ ਤੋੜਨ ਦੇ ਲਈ ਭਾਈਚਾਰਕ ਜਾਗਰੂਕਤਾ ਪ੍ਰੋਗਰਾਮ।
- ਕਾਰਜਸਥਲ ਮਾਨਸਿਕ ਸਿਹਤ ਪ੍ਰੋਗਰਾਮਾਂ ਦਾ ਸਸ਼ਕਤ ਲਾਗੂਕਰਨ।
ਵਿਦਿਆਰਥੀਆਂ, ਕਿਸਾਨਾਂ ਅਤੇ ਯੁਵਾ ਬਾਲਗਾਂ ਜਿਹੀ ਉੱਚ ਜੋਖਮ ਵਾਲੀ ਆਬਾਦੀ ‘ਤੇ ਧਿਆਨ ਕੇਂਦ੍ਰਿਤ ਕਰਕੇ, ਇਹ ਰਣਨੀਤੀ, ਖੁਦ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਅਤੇ ਸਮੁੱਚੀ ਭਲਾਈ ਵਿੱਚ ਸੁਧਾਰ ਦੇ ਲਈ ਟੀਚਾਬੱਧ ਦਖਲਅੰਦਾਜ਼ੀ ਨੂੰ ਯਕੀਨੀ ਬਣਾਉਂਦੀ ਹੈ।
ਸਿੱਟਾ
ਭਾਰਤ ਨੇ ਨੀਤੀਗਤ ਸੁਧਾਰਾਂ, ਟੈਲੀ ਮਾਨਸ ਜਿਹੀ ਡਿਜੀਟਲ ਪਹਿਲ ਅਤੇ ਐੱਨਐੱਮਐੱਚਪੀ, ਆਯੁਸ਼ਮਾਨ ਭਾਰਤ ਐੱਚਡਬਲਿਊਸੀ ਅਤੇ ਰਾਸ਼ਟਰੀ ਆਤਮਹੱਤਿਆ ਰੋਕਥਾਮ ਰਣਨੀਤੀ ਜਿਹੇ ਪ੍ਰੋਗਰਾਮਾਂ ਦੇ ਤਹਿਤ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਕੇ, ਮਾਨਸਿਕ ਸਿਹਤ ਦੇਖਭਾਲ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਵੀ, ਭਾਰਤ ਨੂੰ ਜਾਗਰੂਕਤਾ ਅਭਿਯਾਨ ਮਜ਼ਬੂਤ ਕਰਨਾ ਚਾਹੀਦਾ ਹੈ, ਕਾਰਜਬਲ ਟ੍ਰੇਨਿੰਗ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਡਿਜੀਟਲ ਮਾਨਸਿਕ ਸਿਹਤ ਸਮਾਧਾਨਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਨਿਜੀ ਭਲਾਈ, ਆਰਥਿਕ ਵਿਕਾਸ ਅਤੇ ਰਾਸ਼ਟਰੀ ਵਿਕਾਸ ਦੇ ਲਈ ਭਾਰਤ ਦਾ ਮਾਨਸਿਕ ਤੌਰ ‘ਤੇ ਸਵਸਥ ਹੋਣਾ ਜ਼ਰੂਰੀ ਹੈ, ਅਤੇ ਇਸ ਕੜੀ ਵਿੱਚ ਮਾਨਸਿਕ ਸਿਹਤ ਦੇਖਭਾਲ ਨੂੰ ਸੁਲਭ, ਸਮਾਵੇਸ਼ੀ ਅਤੇ ਸਮਾਜਿਕ ਡਰ ਮੁਕਤ ਬਣਾਉਣ ਦੇ ਲਈ ਇਕੱਠੇ ਇੱਕ ਸਮਾਜ ਦੇ ਨਜ਼ਰੀਏ ਨਾਲ ਦੇਖਣ ਦੀ ਜ਼ਰੂਰਤ ਹੈ।
ਸੰਦਰਭ:
Kindly find the pdf file
****
ਸੰਤੋਸ਼ ਕੁਮਾਰ/ਸਰਲਾ ਮੀਨਾ/ਵਾਤਸਲਾ ਸ੍ਰੀਵਾਸਤਵ
(Release ID: 2107791)
Visitor Counter : 16