ਰੇਲ ਮੰਤਰਾਲਾ
ਰੇਲਵੇ ਪ੍ਰੋਟੈਕਸ਼ਨ ਫੋਰਸ ਨੇ 2021 ਤੋਂ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ 586 ਬੰਗਲਾਦੇਸ਼ੀ ਅਤੇ 318 ਰੋਹਿੰਗਿਆ ਨੂੰ ਗ੍ਰਿਫ਼ਤਾਰ ਕੀਤਾ
ਆਰਪੀਐੱਫ ਨੇ ਗੈਰ-ਕਾਨੂੰਨੀ ਘੁਸਪੈਠ ਦੇ ਵਿਰੁੱਧ ਰੇਲਵੇ ਨੈੱਟਵਰਕ ਨੂੰ ਸੁਰੱਖਿਅਤ ਕਰਨ ਲਈ ਸੀਮਾ ਸੁਰੱਖਿਆ ਬਲ, ਸਥਾਨਕ ਪੁਲਿਸ ਅਤੇ ਖੁਫੀਆ ਇਕਾਈਆਂ ਨਾਲ ਸਹਿਯੋਗ ਕੀਤਾ
Posted On:
19 JAN 2025 4:59PM by PIB Chandigarh
ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੇ 2021 ਤੋਂ ਲੈ ਕੇ ਹੁਣ ਤੱਕ 916 ਵਿਅਕਤੀਆਂ ਨੂੰ ਸਫਲਤਾਪੂਰਵਕ ਫੜਿਆ ਹੈ, ਜਿਨ੍ਹਾਂ ਵਿੱਚ 586 ਬੰਗਲਾਦੇਸ਼ੀ ਨਾਗਰਿਕ ਅਤੇ 318 ਰੋਹਿੰਗਿਆ ਸ਼ਾਮਲ ਹਨ, ਜੋ ਦੇਸ਼ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਜੂਨ ਅਤੇ ਜੁਲਾਈ 2024 ਵਿੱਚ, ਆਰਪੀਐੱਫ ਨੇ ਉੱਤਰ-ਪੂਰਬੀ ਸਰਹੱਦੀ ਰੇਲਵੇ (NFR) ਦੇ ਅਧੀਨ ਆਉਣ ਵਾਲੇ ਖੇਤਰਾਂ ਵਿੱਚ 88 ਬੰਗਲਾਦੇਸ਼ੀ ਅਤੇ ਰੋਹਿੰਗਿਆ ਪ੍ਰਵਾਸੀਆਂ ਨੂੰ ਫੜਿਆ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਗੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖਲ ਹੋਣ ਦੀ ਗੱਲ ਕਬੂਲ ਕੀਤੀ ਅਤੇ ਕੋਲਕਾਤਾ ਜਿਹੇ ਸਥਾਨਾਂ 'ਤੇ ਟ੍ਰੇਨ ਰਾਹੀਂ ਯਾਤਰਾ ਕਰਦੇ ਸਮੇਂ ਉਨ੍ਹਾਂ ਨੂੰ ਰੋਕਿਆ ਗਿਆ।
ਅਕਤੂਬਰ 2024 ਵਿੱਚ, ਰਿਪੋਰਟਾਂ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਸੀ ਕਿ ਬੰਗਲਾਦੇਸ਼ ਸਰਹੱਦ 'ਤੇ ਸੁਰੱਖਿਆ ਨਾਲ ਜੁੜੇ ਉਪਾਵਾਂ ਦੇ ਬਾਵਜੂਦ, ਗੈਰ-ਕਾਨੂੰਨੀ ਪ੍ਰਵਾਸੀ ਭਾਰਤ ਵਿੱਚ ਘੁਸਪੈਠ ਕਰਨਾ ਜਾਰੀ ਰੱਖਦੇ ਹਨ, ਅਸਾਮ ਨੂੰ ਇੱਕ ਟ੍ਰਾਂਸਜ਼ਿਟ ਰੂਟ ਵਜੋਂ ਅਤੇ ਰੇਲਵੇ ਨੂੰ ਦੇਸ਼ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਆਪਣੀ ਪਸੰਦੀਦਾ ਯਾਤਰਾ ਦੇ ਸਾਧਨ ਵਜੋਂ ਉਪਯੋਗ ਕਰਦੇ ਹਨ। ਇਹ ਘਟਨਾਵਾਂ ਭਾਰਤੀ ਅਧਿਕਾਰੀਆਂ ਦੁਆਰਾ ਗੈਰ-ਕਾਨੂੰਨੀ ਘੁਸਪੈਠ ਵਿਰੁੱਧ ਰੇਲਵੇ ਨੈੱਟਵਰਕਸ ਦੀ ਨਿਗਰਾਨੀ ਅਤੇ ਸੁਰੱਖਿਆ ਵਿੱਚ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਉਜਾਗਰ ਕਰਦੀਆਂ ਹਨ। ਘੁਸਪੈਠੀਆਂ ਦੁਆਰਾ ਰੇਲਵੇ ਦੀ ਵਰਤੋਂ ਨਾ ਸਿਰਫ਼ ਰਾਜਾਂ ਵਿੱਚ ਉਨ੍ਹਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਂਦੀ ਹੈ ਬਲਕਿ ਦੇਸ਼ ਵਿੱਚ ਅਣਅਧਿਕਾਰਤ ਪ੍ਰਵੇਸ਼ ਦਾ ਪਤਾ ਲਗਾਉਣ ਅਤੇ ਰੋਕਣ ਦੇ ਯਤਨਾਂ ਨੂੰ ਵੀ ਗੁੰਝਲਦਾਰ ਬਣਾਉਂਦੀ ਹੈ।
ਉਪਰੋਕਤ ਮੁੱਦੇ 'ਤੇ ਵਿਚਾਰ ਕਰਨ ਲਈ, ਆਰਪੀਐੱਫ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ), ਸਥਾਨਕ ਪੁਲਿਸ ਅਤੇ ਖੁਫੀਆ ਇਕਾਈਆਂ ਜਿਹੀਆਂ ਪ੍ਰਮੁੱਖ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਕੇ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਇੰਟਰ-ਏਜੰਸੀ ਪਹੁੰਚ ਨੇ ਕਾਰਜਸ਼ੀਲ ਕੁਸ਼ਲਤਾ ਵਿੱਚ ਕਾਫ਼ੀ ਵਾਧਾ ਕੀਤਾ ਹੈ, ਜਿਸ ਨਾਲ ਗੈਰ-ਕਾਨੂੰਨੀ ਪ੍ਰਵਾਸ ਵਿੱਚ ਸ਼ਾਮਲ ਵਿਅਕਤੀਆਂ ਦੀ ਤੇਜ਼ੀ ਨਾਲ ਪਹਿਚਾਣ ਅਤੇ ਹਿਰਾਸਤ ਨੂੰ ਸੰਭਵ ਬਣਾਇਆ ਗਿਆ ਹੈ।
ਆਪਣੇ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ, ਆਰਪੀਐੱਫ ਨੂੰ ਫੜੇ ਗਏ ਵਿਅਕਤੀਆਂ ‘ਤੇ ਮੁਕੱਦਮਾ ਚਲਾਉਣ ਦਾ ਸਿੱਧਾ ਅਧਿਕਾਰ ਨਹੀਂ ਹੈ। ਇਸ ਦੀ ਬਜਾਏ, ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਅਤੇ ਹੋਰ ਅਧਿਕਾਰਤ ਏਜੰਸੀਆਂ ਨੂੰ ਸੌਂਪਿਆ ਜਾਂਦਾ ਹੈ।
ਬੰਗਲਾਦੇਸ਼ ਅਤੇ ਮਿਆਂਮਾਰ ਜਿਹੇ ਗੁਆਂਢੀ ਦੇਸ਼ਾਂ ਵਿੱਚ ਚੱਲ ਰਹੀ ਹਾਲ ਹੀ ਦੀ ਰਾਜਨੀਤਿਕ ਉਥਲ-ਪੁਥਲ ਅਤੇ ਇਨ੍ਹਾਂ ਖੇਤਰਾਂ ਵਿੱਚ ਭੂ-ਰਾਜਨੀਤਿਕ ਵਿਕਾਸ ਅਤੇ ਸਮਾਜਿਕ-ਧਾਰਮਿਕ ਕਾਰਕਾਂ ਦੇ ਮੱਦੇਨਜ਼ਰ, ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਪਨਾਹ, ਰੋਜ਼ਗਾਰ ਅਤੇ ਪਨਾਹ ਦੀ ਮੰਗ ਕਰਨ ਵਾਲੇ ਵਿਅਕਤੀਆਂ ਦੀ ਆਮਦ ਵਧੀ ਹੈ। ਇਹ ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦਕਿ ਰੇਲਵੇ ਦੀ ਵਰਤੋਂ ਕਰਨ ਵਾਲੇ ਘੁਸਪੈਠੀਆਂ ਦੀ ਗਿਣਤੀ ਦੇ ਸਹੀ ਅੰਕੜੇ ਸੀਮਤ ਹਨ, ਹਾਲ ਹੀ ਦੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਗੈਰ-ਕਾਨੂੰਨੀ ਪ੍ਰਵਾਸੀ ਅਕਸਰ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਜਾਣ ਲਈ ਅਸਾਮ ਅਤੇ ਤ੍ਰਿਪੁਰਾ ਜਿਹੇ ਖੇਤਰਾਂ ਵਿੱਚੋਂ ਲੰਘਣ ਲਈ ਰੇਲਵੇ ਨੈੱਟਵਰਕ ਦੀ ਵਰਤੋਂ ਕਰਦੇ ਹਨ।
ਰੇਲਵੇ ਸੁਰੱਖਿਆ ਬਲ ਨੇ ਇਸ ਅਹਿਮ ਮੁੱਦੇ ਨੂੰ ਹੱਲ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ, ਅਤੇ ਭਾਰਤ ਦੀਆਂ ਸਰਹੱਦਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਵਿਅਕਤੀ ਨਾ ਸਿਰਫ਼ ਰਾਸ਼ਟਰੀ ਸੁਰੱਖਿਆ ਦੀ ਚਿੰਤਾ ਦੇ ਵਿਸ਼ਾ ਹਨ, ਸਗੋਂ ਸ਼ੋਸ਼ਣ ਲਈ ਵੀ ਬਹੁਤ ਕਮਜ਼ੋਰ ਹਨ, ਜਿਸ ਵਿੱਚ ਬੰਧੂਆ ਮਜ਼ਦੂਰੀ ਲਈ ਮਨੁੱਖੀ ਤਸਕਰੀ, ਘਰੇਲੂ ਨੌਕਰਸ਼ਾਹੀ, ਪ੍ਰੋਸਟਿਟੂਸ਼ਨ (prostitution), ਅਤੇ ਇੱਥੋਂ ਤੱਕ ਕਿ ਅੰਗਾਂ ਦੀ ਕਟਾਈ ਵੀ ਸ਼ਾਮਲ ਹੈ।
****
ਡੀਟੀ/ਐੱਸਕੇ
(Release ID: 2094823)
Visitor Counter : 26