ਰੱਖਿਆ ਮੰਤਰਾਲਾ
azadi ka amrit mahotsav

ਐੱਨਸੀਸੀ ਕੈਡਿਟ ਭਾਰਤ ਦੇ ਸਰੋਤ ਹਨ, ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ: ਐੱਨਸੀਸੀ ਗਣਤੰਤਰ ਦਿਵਸ ਕੈਂਪ 2025 ਵਿਖੇ ਰਕਸ਼ਾ ਮੰਤਰੀ


ਸ਼੍ਰੀ ਰਾਜਨਾਥ ਸਿੰਘ ਨੇ ਕੈਡਿਟਾਂ ਨੂੰ ਬਦਲਦੇ ਸਮੇਂ ਦੇ ਨਾਲ ਆਪਣੇ ਹੁਨਰਾਂ ਨੂੰ ਵਧਾਉਣ ਦੀ ਤਾਕੀਦ ਕੀਤੀ

ਰਕਸ਼ਾ ਮੰਤਰੀ ਨੇ ਮਿਸਾਲੀ ਪ੍ਰਦਰਸ਼ਨ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਕੈਡਿਟਾਂ ਨੂੰ ਰਕਸ਼ਾ ਮੰਤਰੀ ਪਦਕ ਅਤੇ ਪ੍ਰਸ਼ੰਸਾ ਪੱਤਰ ਦਿੱਤੇ

Posted On: 20 JAN 2025 4:44PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐੱਨਸੀਸੀ ਕੈਡਿਟਾਂ ਨੂੰ 2047 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਭਾਰਤ ਦੇ ਸਰੋਤ ਦੱਸਿਆ। 20 ਜਨਵਰੀ, 2025 ਨੂੰ ਦਿੱਲੀ ਛਾਉਣੀ ਵਿਖੇ ਐੱਨਸੀਸੀ ਗਣਤੰਤਰ ਦਿਵਸ ਕੈਂਪ ਦੇ ਆਪਣੇ ਦੌਰੇ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਕੈਡਿਟ, ਭਾਵੇਂ ਉਹ ਕਿਸੇ ਵੀ ਖੇਤਰ ਵਿੱਚ ਕੰਮ ਕਰਦੇ ਹਨ, ਐੱਨਸੀਸੀ ਵਲੋਂ ਉਨ੍ਹਾਂ ਵਿੱਚ ਪਾਏ ਗਏ 'ਲੀਡਰਸ਼ਿਪ', 'ਅਨੁਸ਼ਾਸਨ', 'ਅਭਿਲਾਸ਼ਾ' ਅਤੇ 'ਦੇਸ਼ ਭਗਤੀ' ਦੇ ਗੁਣਾਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਂਦੇ ਹਨ।

“ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਪ੍ਰਣ ਲਿਆ ਹੈ। ਉਹ ਖੁਦ ਇੱਕ ਐੱਨਸੀਸੀ ਕੈਡਿਟ ਰਹੇ ਹਨ। ਇਸ ਲਈ, ਜੇਕਰ ਇੱਕ ਸਾਬਕਾ ਐੱਨਸੀਸੀ ਕੈਡਿਟ ਨੇ ਕੋਈ ਸੁਪਨਾ ਦੇਖਿਆ ਹੈ, ਤਾਂ ਇਸਨੂੰ ਪੂਰਾ ਕਰਨਾ ਬਾਕੀ ਸਾਰੇ ਕੈਡਿਟਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਵਿਕਸਿਤ ਭਾਰਤ ਦਾ ਅਰਥ ਜ਼ਮੀਨ ਦੇ ਇੱਕ ਟੁਕੜੇ ਦਾ ਵਿਕਾਸ ਨਹੀਂ ਹੈ; ਇਸਦਾ ਅਰਥ ਹੈ 140 ਕਰੋੜ ਭਾਰਤੀਆਂ ਦੀ ਤਰੱਕੀ, ਜੋ ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਦੇ ਬਾਵਜੂਦ ਏਕਤਾ ਵਿੱਚ ਰਹਿੰਦੇ ਹਨ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਣੇ ਨਾਲ-ਨਾਲ, ਸਾਨੂੰ ਸਮਾਜ ਲਈ ਕੁਝ ਚੰਗਾ ਕਰਨਾ ਚਾਹੀਦਾ ਹੈ ਅਤੇ ਜਲਦੀ ਹੀ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਜਾਵੇਗਾ।

ਰਕਸ਼ਾ ਮੰਤਰੀ ਨੇ ਕੈਡਿਟਾਂ ਦੀ ਰਾਸ਼ਟਰ ਦੇ ਪ੍ਰਤੀ ਵਚਨਬੱਧਤਾ, ਅਨੁਸ਼ਾਸਨ ਅਤੇ ਪਿਆਰ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੱਕ ਦੇਸ਼ ਦੇ ਤੌਰ 'ਤੇ ਜੋ ਕੁਝ ਪ੍ਰਾਪਤ ਕਰ ਸਕਿਆ ਹੈ ਉਹ ਸਾਰਿਆਂ ਦੀ ਸਖ਼ਤ ਮਿਹਨਤ, ਖਾਸ ਕਰਕੇ ਨੌਜਵਾਨਾਂ ਦੀ ਮਿਹਨਤ ਸਦਕਾ ਹੈ। ਉਨ੍ਹਾਂ ਨੇ ਕਿਹਾ, "ਜਦੋਂ ਵੀ ਮੈਂ ਐੱਨਸੀਸੀ ਕੈਡਿਟਾਂ ਨੂੰ ਮਿਲਦਾ ਹਾਂ, ਤਾਂ ਮੈਨੂੰ ਉਨ੍ਹਾਂ ਵਿੱਚ ਸਿਰਫ਼ ਇੱਕ ਕੈਡਿਟ ਹੀ ਦਿਖਾਈ ਨਹੀਂ ਦਿੰਦਾ ਬਲਕਿ ਮੈਂ ਭਾਰਤ ਦਾ ਪ੍ਰਤੀਬਿੰਬ ਦੇਖਦਾ ਹਾਂ, ਜਿਸ ਦੇ ਕਈ ਸਰੀਰ ਹਨ ਪਰ ਇੱਕ ਆਤਮਾ ਹੈ, ਕਈ ਟਾਹਣੀਆਂ ਹਨ ਪਰ ਇੱਕ ਜੜ੍ਹ ਹੈ, ਕਈ ਕਿਰਨਾਂ ਹਨ ਪਰ ਇੱਕ ਰੌਸ਼ਨੀ ਹੈ। ਇਹ ਕੈਡਿਟ ਵੱਖ-ਵੱਖ ਖੇਤਰਾਂ ਤੋਂ ਹਨ, ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਅਤੇ ਵੱਖ-ਵੱਖ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਦੀ ਪਾਲਣਾ ਕਰਦੇ ਹਨ, ਪਰ ਇੱਕ ਚੀਜ਼ ਜੋ ਉਨ੍ਹਾਂ ਵਿੱਚ ਸਾਂਝੀ ਹੈ ਉਹ ਹੈ 'ਏਕਤਾ'। ਉਨ੍ਹਾਂ ਨੇ ਅੱਗੇ ਕਿਹਾ ਕਿਹਾ ਕਿ ਕੈਡਿਟਾਂ ਦੀ ਊਰਜਾ ਅਤੇ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦਾ ਭਵਿੱਖ ਉੱਜਵਲ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਦੇਸ਼ ਉਸੇ ਸਮੇਂ ਆਜ਼ਾਦ ਹੋਏ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਐੱਨਸੀਸੀ ਦੀ ਇਨ੍ਹਾਂ ਗੁਣਾਂ ਦੀ ਸ਼ਲਾਘਾ ਕਰਦੇ ਹੋਏ ਜੋ ਹਰੇਕ ਵਿਅਕਤੀ ਲਈ ਜ਼ਰੂਰੀ ਹਨ, ਉਨ੍ਹਾਂ ਨੇ ਕਿਹਾ, "ਸਿਰਫ਼ ਉਹ ਰਾਸ਼ਟਰ ਜਿਨ੍ਹਾਂ ਨੇ ਅਨੁਸ਼ਾਸਨ, ਅਖੰਡਤਾ ਅਤੇ ਰਾਸ਼ਟਰੀ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ, ਅੱਜ ਵਿਕਾਸ ਕਰ ਰਹੇ ਹਨ, ਜਦਕਿ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ, ਉਹ ਅਰਾਜਕਤਾ ਵਿੱਚ ਹਨ।" 

ਕੈਡਿਟਾਂ ਨੂੰ ਲੀਡਰਸ਼ਿਪ ਦਾ ਸਹੀ ਅਰਥ ਸਮਝਾਉਂਦੇ ਹੋਏ, ਰਕਸ਼ਾ ਮੰਤਰੀ ਨੇ 26/11 ਦੇ ਮੁੰਬਈ ਹਮਲਿਆਂ ਦੌਰਾਨ ਮੇਜਰ ਸੰਦੀਪ ਉਨੀਕ੍ਰਿਸ਼ਨਣ ਦੇ ਬਹਾਦਰੀ ਭਰੇ ਬਲੀਦਾਨ ਦਾ ਹਵਾਲਾ ਦਿੱਤਾ ਜੋ ਦੇਸ਼ ਨੂੰ ਪ੍ਰੇਰਿਤ ਕਰਦਾ ਹੈ। “ਮੇਜਰ ਉਨੀਕ੍ਰਿਸ਼ਨਣ ਦੇ ਆਪਣੀ ਟੀਮ ਨੂੰ ਕਹੇ ਸ਼ਬਦ ‘ਉੱਪਰ ਨਾ ਆਓ, ਮੈਂ ਉਨ੍ਹਾਂ ਨੂੰ ਸੰਭਾਲਾਂਗਾ’ ਨਾ ਸਿਰਫ਼ ਉਨ੍ਹਾਂ ਦੇ ਜੇਤੂ ਰਵੱਈਏ ਅਤੇ ਭਲੇ ਸੁਭਾਅ ਦਾ ਪ੍ਰਮਾਣ ਸਨ, ਸਗੋਂ ਅਗਲੇਰੀ ਕਤਾਰ ਤੋਂ ਅਗਵਾਈ ਕਰਨ ਦੀ ਉਨ੍ਹਾਂ ਦੀ ਯੋਗਤਾ ਦਾ ਵੀ ਪ੍ਰਮਾਣ ਸਨ। ਅਜਿਹੇ ਅਸਾਧਾਰਨ ਪਲ ਇੱਕ ਆਮ ਵਿਅਕਤੀ ਨੂੰ ਮੋਹਰੀ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਐੱਨਸੀਸੀ ਇਨ੍ਹਾਂ ਗੁਣਾਂ ਨੂੰ ਵਰਤਦਾ ਹੈ।"

ਸ਼੍ਰੀ ਰਾਜਨਾਥ ਸਿੰਘ ਨੇ ਕੈਡਿਟਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖਣਾ ਕਦੇ ਨਾ ਰੋਕਣ ਕਿਉਂਕਿ ਹਾਲਾਤ ਬਦਲਦੇ ਰਹਿੰਦੇ ਹਨ, ਹਰ ਵਾਰ ਇੱਕ ਨਵੀਂ ਪਹੁੰਚ ਅਤੇ ਨਵੇਂ ਹੁਨਰ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਬਦਲਦੇ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿਉਂਕਿ ਨਵੀਆਂ ਸਮੱਸਿਆਵਾਂ ਨੂੰ ਪੁਰਾਣੇ ਦ੍ਰਿਸ਼ਟੀਕੋਣ ਜਾਂ ਪੁਰਾਣੇ ਹੁਨਰਾਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਨਰ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਰਕਸ਼ਾ ਮੰਤਰੀ ਨੇ ਕੈਡਿਟਾਂ ਨੂੰ ਹਰ ਚੁਣੌਤੀ ਦਾ ਸਾਹਮਣਾ ਵਿਸ਼ਵਾਸ ਨਾਲ ਅਤੇ ਅਸਫਲਤਾ ਦੇ ਡਰ ਤੋਂ ਬਿਨਾਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ‘ਕਦੇ ਹਾਰ ਨਾ ਮੰਨੋ’ ਦਾ ਰਵੱਈਆ ਸਫਲਤਾ ਦੀ ਕੁੰਜੀ ਹੈ।

ਰਕਸ਼ਾ ਮੰਤਰੀ ਨੇ ਕੈਡਿਟਾਂ ਨੂੰ ਵੱਡੇ ਸੁਪਨੇ ਦੇਖਣ, ਉਨ੍ਹਾਂ ਦੇ ਅਸਲ ਚਰਿੱਤਰ ਅਤੇ ਹਿੰਮਤ ਨੂੰ ਜਾਣਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਆਪਣੇ ਭਾਸ਼ਣ ਦਾ ਅੰਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਮਸ਼ਹੂਰ ਕਵਿਤਾ 'छोटे मन से कोई बड़ा नहीं होता, टूटे मन से कोई खड़ा नहीं होता' ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕੈਡਿਟਾਂ ਨੂੰ ਹਮੇਸ਼ਾ ਨਿਮਰ ਅਤੇ ਆਸ਼ਾਵਾਦੀ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, ਸ਼੍ਰੀ ਰਾਜਨਾਥ ਸਿੰਘ ਨੇ ਐੱਨਸੀਸੀ ਦੇ ਤਿੰਨੋਂ ਵਿੰਗਾਂ ਤੋਂ ਲਏ ਗਏ ਕੈਡਿਟਾਂ ਵਲੋਂ ਇੱਕ ਪ੍ਰਭਾਵਸ਼ਾਲੀ 'ਗਾਰਡ ਆਫ਼ ਆਨਰ' ਦਾ ਨਿਰੀਖਣ ਕੀਤਾ। ਇਸ ਸਮਾਗਮ ਵਿੱਚ 'ਸਨਮਾਨ ਸਮਾਰੋਹ' ਵੀ ਸ਼ਾਮਲ ਸੀ ਜਿੱਥੇ ਕੈਡਿਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਰਕਸ਼ਾ ਮੰਤਰੀ ਪਦਕ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ, ਕੇਰਲ ਅਤੇ ਲਕਸ਼ਦ੍ਵੀਪ ਡਾਇਰੈਕਟੋਰੇਟ ਦੇ ਅੰਡਰ ਅਫਸਰ ਥੇਜਾ ਵੀਪੀ ਅਤੇ ਉੱਤਰ ਪੂਰਬੀ ਖੇਤਰ ਡਾਇਰੈਕਟੋਰੇਟ ਦੇ ਸੀਨੀਅਰ ਅੰਡਰ ਅਫਸਰ ਆਰਿਆਮਿੱਤਰ ਨਾਥ ਨੂੰ ਰਕਸ਼ਾ ਮੰਤਰੀ ਪਦਕ ਨਾਲ ਸਨਮਾਨਿਤ ਕੀਤਾ ਗਿਆ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਡਾਇਰੈਕਟੋਰੇਟ ਦੇ ਕੈਡਿਟ ਦੋਂਤਾਰਾ ਗ੍ਰੀਸ਼ਮਾ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਡਾਇਰੈਕਟੋਰੇਟ ਦੇ ਜੂਨੀਅਰ ਅੰਡਰ ਅਫਸਰ ਆਬਿਦਾ ਆਫਰੀਨ, ਮਹਾਰਾਸ਼ਟਰ ਡਾਇਰੈਕਟੋਰੇਟ ਦੇ ਸਾਰਜੈਂਟ ਮਨਨ ਸ਼ਰਮਾ ਅਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਡਾਇਰੈਕਟੋਰੇਟ ਦੇ ਸਾਰਜੈਂਟ ਰਾਹੁਲ ਬਘੇਲ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਸਮਾਰੋਹ ਤੋਂ ਬਾਅਦ ਮਿਜ਼ੋ ਹਾਈ ਸਕੂਲ, ਆਈਜ਼ੌਲ ਦੇ ਐੱਨਸੀਸੀ ਕੈਡਿਟਾਂ ਵਲੋਂ ਇੱਕ ਸ਼ਾਨਦਾਰ ਬੈਂਡ ਪ੍ਰਦਰਸ਼ਨੀ ਕੀਤੀ ਗਈ। ਰਕਸ਼ਾ ਮੰਤਰੀ ਨੇ 'ਫਲੈਗ ਏਰੀਆ' ਦਾ ਵੀ ਦੌਰਾ ਕੀਤਾ ਜਿੱਥੇ ਸਾਰੇ 17 ਡਾਇਰੈਕਟੋਰੇਟਾਂ ਦੇ ਕੈਡਿਟਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਜੀਵੰਤ ਪ੍ਰਦਰਸ਼ਨੀਆਂ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ 'ਆਈਡੀਆ ਐਂਡ ਇਨੋਵੇਸ਼ਨ' ਪ੍ਰਦਰਸ਼ਨੀ ਦੇਖੀ ਜਿੱਥੇ ਉਨ੍ਹਾਂ ਨੂੰ ਕੈਡਿਟਾਂ ਵਲੋਂ ਤਿਆਰ ਕੀਤੇ ਗਏ ਵੱਖ-ਵੱਖ ਹੁਨਰਮੰਦ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ, ਸ਼੍ਰੀ ਰਾਜਨਾਥ ਸਿੰਘ ਨੇ ਐੱਨਸੀਸੀ ਕੈਡਿਟਾਂ ਵਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰਦਰਸ਼ਨਾਂ ਲਈ ਪ੍ਰਤਾਪ ਹਾਲ ਦਾ ਦੌਰਾ ਕੀਤਾ। ਡੀਜੀ ਐੱਨਸੀਸੀ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਅਤੇ ਐੱਨਸੀਸੀ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ 'ਤੇ ਮੌਜੂਦ ਸਨ।

****

ਵੀਕੇ/ਸੈਵੀ


(Release ID: 2094795) Visitor Counter : 33