ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਵਿਸ਼ਵ ਬ੍ਰੇਲ ਦਿਵਸ


ਸਮਾਵੇਸ਼ਨ, ਇਨੋਵੇਸ਼ਨ ਅਤੇ ਸੁਤੰਤਰਤਾ ਦਾ ਸਨਮਾਨ

Posted On: 03 JAN 2025 7:39PM by PIB Chandigarh

4 ਜਨਵਰੀ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਬ੍ਰੇਲ ਦਿਵਸ, ਲੁਈਸ ਬ੍ਰੇਲ (Louis Braille) ਦੇ ਜਨਮਦਿਨ ਦੇ ਮੌਕੇ ਮਨਾਇਆ ਜਾਂਦਾ ਹੈ, ਉਹ ਦੁਰਦਰਸ਼ੀ ਵਿਅਕਤੀ ਜਿਸ ਨੇ ਇੱਕ ਸਪਰਸ਼ ਲਿਪੀ ਵਿਕਸਿਤ ਕੀਤੀ ਜਿਸ ਨੇ ਨੇਤਰਹੀਣ ਅਤੇ ਅੰਸ਼ਕ ਤੌਰ 'ਤੇ ਨੇਤਰਹੀਣ ਵਿਅਕਤੀਆਂ ਦੇ ਲਈ ਸੰਚਾਰ ਵਿੱਚ ਕ੍ਰਾਂਤੀ ਲਿਆ ਦਿੱਤੀ 2019 ਤੋਂ, ਵਿਸ਼ਵ ਪੱਧਰ 'ਤੇ ਮਨਾਇਆ ਜਾਣ ਵਾਲਾ ਇਹ ਦਿਨ ਨੇਤਰਹੀਣ ਵਿਅਕਤੀਆਂ ਨੂੰ ਸਿੱਖਿਆ, ਸੂਚਨਾ ਅਤੇ ਅਵਸਰਾਂ ਤੱਕ ਪਹੁੰਚ ਕਰਨ ਲਈ ਸਸ਼ਕਤ ਬਣਾਉਣ ਲਈ ਬ੍ਰੇਲ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ, ਜਿਸ ਨਾਲ ਸਮਾਜ ਵਿੱਚ ਉਨ੍ਹਾਂ ਦੀ ਪੂਰੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

ਬ੍ਰੇਲ ਲਿਪੀ ਕੀ ਹੈ?

ਬ੍ਰੇਲ ਵਰਣਮਾਲਾ ਅਤੇ ਸੰਖਿਆਤਮਕ ਚਿੰਨ੍ਹਾਂ ਦੀ ਇੱਕ ਸਪਰਸ਼ ਪ੍ਰਤੀਨਿਧਤਾ ਹੈ ਜਿਸ ਵਿੱਚ ਹਰੇਕ ਅੱਖਰ ਅਤੇ ਸੰਖਿਆ ਨੂੰ ਦਰਸਾਉਣ ਲਈ ਛੇ ਬਿੰਦੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਥੋਂ ਤੱਕ ਕਿ ਸੰਗੀਤਕ, ਗਣਿਤਿਕ ਅਤੇ ਵਿਗਿਆਨਕ ਚਿੰਨ੍ਹ ਵੀ। ਬ੍ਰੇਲ (19ਵੀਂ ਸਦੀ ਦੇ ਫਰਾਂਸ ਵਿੱਚ ਇਸ ਦੇ ਖੋਜਕਰਤਾ ਲੁਈਸ ਬ੍ਰੇਲ ਦੇ ਨਾਮ 'ਤੇ) ਦੀ ਵਰਤੋਂ ਨੇਤਰਹੀਣ ਅਤੇ ਅੰਸ਼ਕ ਤੌਰ 'ਤੇ ਨੇਤਰਹੀਣ ਲੋਕ ਉਹੀ ਕਿਤਾਬਾਂ ਅਤੇ ਰਸਾਲੇ ਪੜ੍ਹਨ ਲਈ ਕਰਦੇ ਹਨ ਜੋ ਵਿਜ਼ੂਅਲ ਫੌਂਟ ਵਿੱਚ ਛਾਪੀਆਂ ਜਾਂਦੀਆਂ ਹਨ।

ਬ੍ਰੇਲ ਲਿਪੀ ਦਾ ਮਹਤੱਵ

2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ 50,32,463 ਨੇਤਰਹੀਣ ਵਿਅਕਤੀ ਹਨ। ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਦਿਵਿਯਾਂਗ ਲੋਕਾਂ ਨੂੰ ਸਿਹਤ ਸੰਭਾਲ, ਸਿੱਖਿਆ ਅਤੇ ਰੋਜ਼ਗਾਰ ਪਾਉਣ ਲਈ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਅਕਸਰ ਹਿੰਸਾ, ਅਣਗਹਿਲੀ ਅਤੇ ਗਰੀਬੀ ਦੀਆਂ ਉਚੀਆਂ ਦਰਾਂ ਦਾ ਸਾਹਮਣਾ ਕਰਦੇ ਹਨ, ਜਿਸ ਨਾਲ ਉਹ ਸਮਾਜ ਵਿੱਚ ਸਭ ਤੋਂ ਜ਼ਿਆਦਾ ਹਾਸ਼ੀਏ ਤੇ ਰਹਿਣ ਵਾਲਿਆਂ ਵਿਚੋਂ ਇੱਕ ਬਣ ਜਾਂਦੇ ਹਨ। ਵਿਸ਼ਵ ਬ੍ਰੇਲ ਦਿਵਸ, 2019 ਤੋਂ ਮਨਾਇਆ ਜਾਂਦਾ ਹੈ, ਨੇਤਰਹੀਣ ਅਤੇ ਅੰਸ਼ਕ ਤੌਰ 'ਤੇ ਨੇਤਰਹੀਣ ਲੋਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਪੂਰਾ ਕਰਨ ਲਈ ਸੰਚਾਰ ਦੇ ਸਾਧਨ ਵਜੋਂ ਬ੍ਰੇਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।

ਨੇਤਰਹੀਣ ਵਿਅਕਤੀਆਂ ਦੀ ਜਨਸੰਖਿਆ ਸਥਿਤੀ

ਨੇਤਰਹੀਣ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਕੁਝ ਮਹੱਤਪੂਰਨ ਪਹਿਲਕਦਮੀਆਂ

ਭਾਰਤ ਸਰਕਾਰ ਨੇ ਨੇਤਰਹੀਣ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਦੇ ਲਈ ਕਈ ਵਿਆਪਕ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ, ਸਿੱਖਿਆ, ਰੋਜ਼ਗਾਰ ਅਤੇ ਸਮੁੱਚੇ ਕਲਿਆਣ 'ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਮੁੱਖ ਪਹਿਲਕਦਮੀਆਂ ਵਿੱਚ ਸ਼ਾਮਲ ਹਨ:

ਸੂਚਨਾ ਨੂੰ ਪਹੁੰਚਯੋਗ ਬਣਾਉਣਾ

  • ਨੈਸ਼ਨਲ ਐਸੋਸੀਏਸ਼ਨ ਫ਼ਾਰ ਦਾ ਬਲਾਈਂਡ ਦੇ ਨਾਲ ਸਹਿਯੋਗ ਦਾ ਉਦੇਸ਼ ਲਗਭਗ 10,000 ਪੰਨਿਆਂ ਦੇ ਦਸਤਾਵੇਜ਼ਾਂ ਨੂੰ ਨੇਤਰਹੀਣ ਵਿਅਕਤੀਆਂ ਲਈ ਪਹੁੰਚਯੋਗ ਬਣਾਇਆ ਸੀ, ਜਿਨ੍ਹਾਂ ਵਿੱਚ ਸਰਕਾਰੀ ਯੋਜਨਾਵਾਂ ਅਤੇ ਕਾਨੂੰਨੀ ਰਾਹਤਾਂ ਸ਼ਾਮਲ ਸਨ
  • ਇਨਕਲੂਸਿਵ ਸਾਇੰਸ, ਮਿਸ਼ਨ ਅਸੈਸਬਿਲਟੀ ਅਤੇ ਨੈਸ਼ਨਲ ਐਸੋਸੀਏਸ਼ਨ ਫਾਰ ਦਾ ਬਲਾਇੰਡ ਦੇ ਨਾਲ ਹਸਤਾਖ਼ਰ ਕੀਤੇ ਸਮਝੌਤਿਆਂ ਵਿੱਚ ਏਆਈ ਟੈਕਨੋਲੋਜੀ ਰਾਹੀਂ ਮੋਬਾਈਲ ਐਪਲੀਕੇਸ਼ਨ ਅਸੈਸਬਿਲਟੀ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਵਿਜ਼ਨ ਦਿਵਿਯਾਂਗ ਫਾਊਂਡੇਸ਼ਨ ਦੇ ਨਾਲ ਇਕ ਹੋਰ ਸਮਝੌਤੇ ਦਾ ਉਦੇਸ਼ ਸਰਕਾਰੀ ਯੋਜਨਾਵਾਂ ਲਈ ਯੋਗਤਾ ਬਾਰੇ ਦਿਵਿਯਾਂਗਜਨਾਂ ਨੂੰ ਮਾਰਗਦਰਸ਼ਨ ਕਰਨ ਲਈ ਏਆਈ ਦੀ ਵਰਤੋਂ ਕਰਨਾ ਸੀ।

ਨੈਸ਼ਨਲ ਇੰਸਟੀਟਿਊਟ ਫਾਰ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਵਿਜ਼ੂਅਲ ਡਿਸਏਬਿਲਿਟੀਜ਼ (ਦਿਵਿਯਾਂਗਜਨ)

ਨੈਸ਼ਨਲ ਇੰਸਟੀਟਿਊਟ ਫਾਰ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਵਿਜ਼ੂਅਲ ਡਿਸਏਬਿਲਿਟੀਜ਼ (ਐੱਨਆਈਈਪੀਵੀਡੀ) (ਦਿਵਿਯਾਂਗਜਨ) 1943 ਤੋਂ ਨੇਤਰਹੀਣ ਵਿਅਕਤੀਆਂ ਦੀ ਸਿੱਖਿਆ, ਟ੍ਰੇਨਿੰਗ, ਪੁਨਰਵਾਸ ਅਤੇ ਸਸ਼ਕਤੀਕਰਣ ਲਈ ਵਿਜ਼ੂਅਲ ਡਿਸਏਬਿਲਿਟੀ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। 2023-24 ਦੀ ਮਿਆਦ ਦੇ ਦੌਰਾਨ, ਸੰਸਥਾ ਦੇ ਅਧੀਨ ਵੱਖ-ਵੱਖ ਸੇਵਾਵਾਂ/ਪ੍ਰੋਗਰਾਮਾਂ ਰਾਹੀਂ 2,94,388 ਵਿਅਕਤੀਆਂ (ਨਵੇਂ ਕੇਸਾਂ, ਫਾਲੋ-ਅਪ ਅਤੇ ਸਹਾਇਕ ਸੇਵਾਵਾਂ) ਨੂੰ ਲਾਭ ਪਹੁੰਚਾਇਆ ਗਿਆ ਸੀ।

 

ਨੇਤਰਹੀਣ ਵਿਅਕਤੀਆਂ ਲਈ ਮਾਡਲ ਸਕੂਲ (ਐੱਮਐੱਸਵੀਐੱਚ)

ਨੇਤਰਹੀਣ ਬੱਚਿਆਂ ਲਈ ਆਦਰਸ਼ ਵਿਦਿਆਲਿਆ (ਐੱਮਐੱਸਵੀਐੱਚ) ਬਾਲ ਵਾਟਿਕਾ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਨੇਤਰਹੀਣ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਜੋ ਸਮਾਜ ਦੇ ਵਿਆਪਕ ਸਪੈਕਟ੍ਰਮ ਦੀ ਪ੍ਰਤੀਨਿਧਤਾ ਕਰਦਾ ਹੈ। ਮੁਫ਼ਤ ਸਿੱਖਿਆ, ਰਿਹਾਇਸ਼ ਅਤੇ ਭੋਜਨ, ਵਰਦੀ, ਕਿਤਾਬਾਂ ਅਤੇ ਸਾਜ਼ੋ-ਸਾਮਾਨ ਪ੍ਰਦਾਨ ਕਰਨ ਤੋਂ ਇਲਾਵਾ, ਸਕੂਲ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪਾਠਕ੍ਰਮ ਤੋਂ ਪਰੇ ਕੁਝ ਵਾਧੂ ਗਤੀਵਿਧੀਆਂ ਵੀ ਪ੍ਰਦਾਨ ਕਰਦਾ ਹੈ। ਵਰ੍ਹੇ 2023-24 ਦੌਰਾਨ, ਮਾਡਲ ਸਕੂਲ ਨੇ 243 ਨੇਤਰਹੀਣ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਹੈ।

ਬ੍ਰੇਲ ਡਿਵੈਲਪਮੈਂਟ ਯੂਨਿਟ

ਬ੍ਰੇਲ ਡਿਵੈਲਪਮੈਂਟ ਯੂਨਿਟ ਵਿਸ਼ੇਸ਼ ਸਿੱਖਿਆ ਅਤੇ ਖੋਜ ਵਿਭਾਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਬ੍ਰੇਲ ਕੋਡ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਮੌਜੂਦਾ ਪ੍ਰਕਾਸ਼ਨਾਂ ਤੋਂ ਇਲਾਵਾ, ਇੰਸਟੀਟਿਊਟ 'ਭਾਰਤੀ ਬ੍ਰੇਲ 'ਤੇ ਮੈਨੂਅਲ' ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਹ ਮੈਨੂਅਲ ਪੂਰੇ ਭਾਰਤ ਵਿੱਚ ਬ੍ਰੇਲ ਸਾਖਰਤਾ ਅਤੇ ਮਿਆਰੀਕਰਨ ਨੂੰ ਅਤੇ ਹੋਰ ਸਮਰਥਨ ਦੇਣ ਲਈ ਬਣਾਇਆ ਗਿਆ ਹੈ।

ਰਾਸ਼ਟਰੀ ਪਹੁੰਚਯੋਗ ਲਾਇਬ੍ਰੇਰੀ

ਐੱਨਆਈਈਪੀਵੀਡੀ ਨੇਤਰਹੀਣ ਵਿਅਕਤੀਆਂ ਨੂੰ ਬ੍ਰੇਲ, ਵੱਡੇ ਪ੍ਰਿੰਟ, ਆਡੀਓ ਅਤੇ ਈ-ਪਬ ਜਿਹੇ ਵੱਖ-ਵੱਖ ਪਹੁੰਚਯੋਗ ਫਾਰਮੈਟਾਂ ਵਿੱਚ ਸਿੱਖਣ ਸਮੱਗਰੀ ਪ੍ਰਦਾਨ ਕਰਨ ਲਈ ਇੱਕ ਰਾਸ਼ਟਰੀ ਪਹੁੰਚਯੋਗ ਲਾਇਬ੍ਰੇਰੀ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਲਾਇਬ੍ਰੇਰੀ 55,000 ਤੋਂ ਵੱਧ ਮੈਂਬਰਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ ਅਤੇ ਇਸ ਵਿੱਚ ਲਗਭਗ 1,58,901 ਬ੍ਰੇਲ ਵੌਲਯੂਮ, 20,784 ਪ੍ਰਿੰਟ ਕਿਤਾਬਾਂ ਅਤੇ 7100 ਤੋਂ ਵੱਧ ਆਡੀਓ ਟਾਈਟਲ ਹਨ। ਇਸ ਤੋਂ ਇਲਾਵਾ, ਇੰਸਟੀਟਿਊਟ ਇੱਕ ਔਨਲਾਈਨ ਬ੍ਰੇਲ ਲਾਇਬ੍ਰੇਰੀ - ਸੁਗਮਯ ਪੁਸਤਕਾਲਯ (Sugamya Pustkalaya) ਦੀ ਮੇਜ਼ਬਾਨੀ ਵੀ ਕਰ ਰਿਹਾ ਹੈ ਜਿਸ ਵਿੱਚ 6,79,120 ਟਾਈਟਲ ਹਨ।

ਬ੍ਰੇਲ ਉਤਪਾਦਨ

ਐੱਨਆਈਈਪੀਵੀਡੀ ਨੇ ਬ੍ਰੇਲ ਪਾਠ ਪੁਸਤਕਾਂ ਅਤੇ ਰਸਾਲਿਆਂ ਦੀ ਛਪਾਈ ਲਈ ਇੱਕ ਪ੍ਰਭਾਵਸ਼ਾਲੀ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਇਸ ਵਿੱਚ 1951 ਵਿੱਚ ਸਥਾਪਿਤ ਕੇਂਦਰੀ ਬ੍ਰੇਲ ਪ੍ਰੈੱਸ, 2008 ਵਿੱਚ ਚੇੱਨਈ ਵਿੱਚ ਸਥਾਪਿਤ ਖੇਤਰੀ ਬ੍ਰੇਲ ਪ੍ਰੈੱਸ ਅਤੇ ਸਰਕਾਰ ਵੱਲੋਂ ਸਥਾਪਿਤ 25 ਹੋਰ ਬ੍ਰੇਲ ਪ੍ਰੈੱਸ ਸ਼ਾਮਲ ਹਨ।  ਇਨ੍ਹਾਂ ਬ੍ਰੇਲ ਪ੍ਰੈੱਸਾਂ ਦੇ ਸਾਂਝੇ ਯਤਨਾਂ ਨਾਲ, ਹੇਠਾਂ ਲਿਖਿਆਂ 14 ਭਾਸ਼ਾਵਾਂ ਵਿੱਚ ਬ੍ਰੇਲ ਸਾਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ:

  • ਅਸਾਮੀ
  • ਬਾਂਗਲਾ
  • ਅੰਗ੍ਰੇਜ਼ੀ
  • ਗਾਰੋ
  • ਹਿੰਦੀ
  • ਖਾਸੀ
  • ਕੰਨੜ
  • ਲੁਸਾਈ
  • ਨਗਾਮੇਸੀ
  • ਪੰਜਾਬੀ
  • ਸੰਸਕ੍ਰਿਤ
  • ਤੇਲਗੂ
  • ਤਾਮਿਲ
  • ਉਰਦੂ

ਸਿੱਟਾ

ਇਹ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਭਾਰਤ ਇਹ ਸੁਨਿਸ਼ਚਿਤ ਕਰਨ ਦੀ ਦਿਸ਼ਾ ਵੱਲ ਵਧ ਰਿਹਾ ਹੈ ਕਿ ਨੇਤਰਹੀਣ ਵਿਅਕਤੀ ਸਨਮਾਨ, ਸੁਤੰਤਰਤਾ ਅਤੇ ਸਮਾਨਤਾ ਨਾਲ ਜੀ ਸਕਣ। ਜਿਵੇਂ ਅਸੀਂ ਲੁਈਸ ਬ੍ਰੇਲ ਅਤੇ ਅਣਗਿਣਤ ਵਿਅਕਤੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ ਜੋ ਪਹੁੰਚਯੋਗਤਾ ਦਾ ਸਮਰਥਨ ਕਰਦੇ ਰਹਿੰਦੇ ਹਨ, ਆਓ ਅਸੀਂ ਇੱਕ ਅਜਿਹਾ ਸਮਾਜ ਬਣਾਉਣ ਦਾ ਪ੍ਰਣ ਕਰੀਏ ਜਿੱਥੇ ਹਰ ਕਿਸੇ ਨੂੰ ਆਪਣੀ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧਣ ਦਾ ਮੌਕਾ ਮਿਲੇ।

ਸੰਦਰਭ

https://pib.gov.in/PressReleasePage.aspx?PRID=2088877

https://www.un.org/en/observances/braille-day/background

 

ਐੱਨਆਈਈਪੀਵੀਡੀ ਸਲਾਨਾ ਰਿਪੋਰਟ 2023-24: https://niepvd.nic.in/annual-report/

 

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ: (0.25 MB, Format: PDF)

***********

ਸੰਤੋਸ਼ ਕੁਮਾਰ/ਸਰਲਾ ਮੀਨਾ/ਮਦੀਹਾ ਇਕਬਾਲ


(Release ID: 2091164) Visitor Counter : 29


Read this release in: English , Urdu , Hindi , Gujarati