ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਕੇਐੱਲਈ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ
Posted On:
03 JAN 2025 6:00PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ, ਅੱਜ (3 ਜਨਵਰੀ, 2025) ਕਰਨਾਟਕ ਦੇ ਬੇਲਾਗਾਵੀ ਵਿਖੇ ਕੇਐੱਲਈ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਆਲਮੀ ਅਧਿਐਨ ਅਨੁਸਾਰ ਕੈਂਸਰ ਵਿਸ਼ਵ ਵਿੱਚ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ। 2022 ਵਿੱਚ, ਦੁਨੀਆ ਭਰ ਵਿੱਚ ਅੰਦਾਜ਼ਨ 20 ਮਿਲੀਅਨ ਨਵੇਂ ਕੈਂਸਰ ਦੇ ਕੇਸ ਅਤੇ 9.7 ਮਿਲੀਅਨ ਮੌਤਾਂ ਹੋਈਆਂ। ਭਾਰਤ ਵਿੱਚ ਹਰ ਇੱਕ ਲੱਖ ਲੋਕਾਂ ਪਿੱਛੇ ਕੈਂਸਰ ਦੇ 100 ਮਰੀਜ਼ ਹਨ। ਆਈਸੀਐੱਮਆਰ ਵਲੋਂ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਕੈਂਸਰ ਦੇ ਮਾਮਲੇ 2020 ਦੇ ਮੁਕਾਬਲੇ 2025 ਵਿੱਚ ਲਗਭਗ 13 ਪ੍ਰਤੀਸ਼ਤ ਵਧਣ ਦਾ ਅਨੁਮਾਨ ਹੈ।
ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਹਤ ਸੰਭਾਲ ਪੇਸ਼ੇਵਰਾਂ ਦਾ ਫਰਜ਼ ਹੈ ਕਿ ਉਹ ਵਿਆਪਕ ਦੇਖਭਾਲ ਪ੍ਰਦਾਨ ਕਰਨ, ਜੋ ਕੈਂਸਰ ਦੇ ਮਰੀਜ਼ਾਂ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਜ਼ਰੂਰਤਾਂ ਨਾਲ ਨਿਪਟਦਾ ਹੈ। ਉਨ੍ਹਾਂ ਨੇ ਕਿਹਾ ਕਿ ਹਮਦਰਦੀ ਅਤੇ ਸਦਭਾਵਨਾ ਦਾ ਹਰ ਇੱਕ ਸ਼ਬਦ ਜੋ ਇੱਕ ਡਾਕਟਰ ਬੋਲਦਾ ਹੈ ਉਸ ਵਿੱਚ ਮਰੀਜ਼ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਸ਼ਕਤੀ ਹੁੰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਦੇ ਕਾਰਨਾਂ, ਨਿਦਾਨ ਅਤੇ ਇਲਾਜ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਅਜਿਹੇ ਕਈ ਮਾਮਲੇ ਸਾਡੇ ਸਾਹਮਣੇ ਆਉਂਦੇ ਹਨ ਜਿੱਥੇ ਜਾਂ ਤਾਂ ਮਰੀਜ਼ ਅਤੇ ਪਰਿਵਾਰ ਦੀ ਅਣਦੇਖੀ ਜਾਂ ਆਰਥਿਕ ਤੰਗੀ ਕਾਰਨ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ। ਕੈਂਸਰ ਦੇ ਮਾਮਲੇ ਵਿੱਚ, ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨਾ ਸਮੂਹਿਕ ਯਤਨ ਹੈ। ਉਨ੍ਹਾਂ ਵਿਸ਼ਵ ਪੱਧਰੀ ਹੋਣ ਦੇ ਨਾਲ-ਨਾਲ ਇੱਕ ਅਜਿਹੀ ਸਿਹਤ ਸੰਭਾਲ਼ ਪ੍ਰਣਾਲੀ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ, ਜੋ ਮਰੀਜ਼-ਕੇਂਦ੍ਰਿਤ ਅਤੇ ਬਰਾਬਰ ਹੋਵੇ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਕੁਝ ਪਰਿਵਾਰਾਂ ਵਿਚ ਲੜਕਿਆਂ ਦੀ ਸਿਹਤ ਨੂੰ ਲੜਕੀਆਂ ਨਾਲੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਹ ਵੱਖਰਾ ਵਿਵਹਾਰ ਬਾਅਦ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੇ ਸਬੰਧ ਵਿੱਚ ਵੀ ਦੇਖਿਆ ਜਾਂਦਾ ਹੈ। ਕਈ ਵਾਰ, ਇੱਕ ਪਰਿਵਾਰ ਦੀਆਂ ਮਹਿਲਾਵਾਂ ਨੂੰ ਆਪਣੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਮੇਂ ਸਿਰ ਨਿਦਾਨ ਅਤੇ ਇਲਾਜ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਦੇਰੀ, ਖਾਸ ਕਰਕੇ ਕੈਂਸਰ ਦੇ ਮਾਮਲੇ ਵਿੱਚ ਗੰਭੀਰ ਹੋ ਸਕਦੀ ਹੈ। ਉਨ੍ਹਾਂ ਹਰ ਘਰ ਦੀਆਂ ਮਹਿਲਾਵਾਂ ਨੂੰ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਸਮਾਜ ਦੇ ਹਰੇਕ ਮੈਂਬਰ ਨੂੰ ਮਹਿਲਾਵਾਂ ਦੀ ਸਿਹਤ ਨੂੰ ਹੋਰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਦੀ ਸਹੂਲਤ ਦੇਣ ਲਈ ਸਰਗਰਮ ਯੋਗਦਾਨ ਪਾਉਣ ਦੀ ਜ਼ਰੂਰਤ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਐੱਮਜੇਪੀਐੱਸ
(Release ID: 2090174)
Visitor Counter : 18