ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨਾਲ ਇੰਡੀਅਨ ਰੈਵੇਨਿਊ ਸਰਵਿਸ (ਕਸਟਮਜ਼ ਅਤੇ ਇਨਡਾਇਰੈਕਟ ਟੈਕਸਿਜ਼) ਦੇ ਆਫਿਸਰ ਟ੍ਰੇਨੀਆਂ ਦੀ ਮੁਲਾਕਾਤ

Posted On: 02 DEC 2024 1:31PM by PIB Chandigarh

ਇੰਡੀਅਨ ਰੈਵੇਨਿਊ ਸਰਵਿਸ (ਕਸਟਮਜ਼ ਅਤੇ ਇਨਡਾਇਰੈਕਟ ਟੈਕਸਿਜ਼) ਦੇ ਆਫਿਸਰ ਟ੍ਰੇਨੀਆਂ ਨੇ ਅੱਜ (2 ਦਸੰਬਰ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ  ਕੀਤੀ ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇੰਡੀਅਨ ਰੈਵੇਨਿਊ ਸਰਵਿਸ (ਕਸਟਮਜ਼ ਅਤੇ ਇਨਡਾਇਰੈਕਟ ਟੈਕਸਿਜ਼) ਸਾਡੀ ਅਰਥਵਿਵਸਥਾ ਨੂੰ ਇੱਕ ਬਰਾਬਰ ਟੈਕਸ ਸਿਸਟਮ ਅਤੇ ਸਾਂਝੀਆਂ ਪ੍ਰਸ਼ਾਸਨਿਕ ਕਦਰਾਂ ਕੀਮਤਾਂ ਨਾਲ ਜੋੜਦੀ ਹੈ। ਇਹ ਸਰਵਿਸ ਦੇਸ਼ ਦੇ ਟੈਕਸ ਪ੍ਰਸ਼ਾਸਨ ਵਿੱਚ ਇਕਸਾਰਤਾ ਨੂੰ ਹੁਲਾਰਾ ਦਿੰਦੀ ਹੈ। ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀ ਭਾਰਤ ਸਰਕਾਰ, ਵਪਾਰ ਅਤੇ ਵੱਖ-ਵੱਖ ਰਾਜਾਂ ਦੇ ਟੈਕਸ ਪ੍ਰਸ਼ਾਸਨ ਦਰਮਿਆਨ ਬਹੁਤ ਹੀ ਮਹੱਤਵਪੂਰਨ ਕੜੀ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਵਿੱਚ ਬਦਲਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਰਾਸ਼ਟਰ  ਹਿਤ ਦਾ ਏਜੰਡਾ ਕਾਫੀ ਹੱਦ ਤੱਕ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਨਾਲ ਤੈਅ ਹੁੰਦਾ ਹੈ। ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀ ਦੇਸ਼ ਦੀਆਂ ਆਰਥਿਕ ਸੀਮਾਵਾਂ ਦੇ ਰੱਖਿਅਕ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਦੀ ਭੂਮਿਕਾ ਦੂਸਰੇ ਦੇਸ਼ਾਂ ਦੇ ਨਾਲ ਵਪਾਰ ਸਰਲ ਬਣਾਉਣ ਦੇ ਸਮਝੌਤਿਆਂ ਵਿੱਚ ਵੀ ਮਹੱਤਵਪੂਰਨ ਹੋਵੇਗੀ। 

ਰਾਸ਼ਟਰਪਤੀ ਨੇ ਕਿਹਾ ਕਿ ਇੰਡੀਅਨ ਰੈਵੇਨਿਊ ਸਰਵਿਸ (ਕਸਟਮਜ਼ ਅਤੇ ਇਨਡਾਇਰੈਕਟ ਟੈਕਸਿਜ਼) ਦੇਸ਼ ਨੂੰ ਆਰਥਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ, ਸਮਾਜਿਕ-ਆਰਥਿਕ ਯੋਜਨਾਵਾਂ ਦੇ ਸੰਚਾਲਨ, ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਜਿਹੇ ਕਾਰਜਾਂ ਲਈ ਸੰਸਾਧਨਾਂ ਦਾ ਉਪਯੋਗ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਇਹ ਕਾਰਜ ਰਾਸ਼ਟਰ ਨਿਰਮਾਣ ਵਿੱਚ ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ  ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਟ੍ਰੇਨੀ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਸ਼ਾਸਕ ਵਜੋਂ ਆਪਣੀ ਭੂਮਿਕਾ ਸੰਪੰਨ ਕਰਨ ਲਈ, ਉਨ੍ਹਾਂ ਨੂੰ ਅਜਿਹੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ ਜੋ ਪਾਰਦਰਸ਼ੀ ਹੋਣ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ। 

 

ਰਾਸ਼ਟਰਪਤੀ ਨੇ ਕਿਹਾ ਕਿ ਇਸ ਨਵੇਂ ਅਤੇ ਗਤੀਸ਼ੀਲ ਯੁਗ ਵਿੱਚ ਟੈਕਸ ਕਲੈਕਸ਼ਨ ਵਿੱਚ ਘੱਟ ਦਖਲਅੰਦਾਜ਼ੀ ਅਤੇ ਟੈਕਨੋਲੋਜੀ ਦਾ ਵਧੇਰੇ ਉਪਯੋਗ ਕਰਨ ਦਾ ਪ੍ਰਯਾਸ ਕੀਤਾ ਜਾਣਾ ਚਾਹੀਦਾ ਹੈ। ਟੈਕਸ ਪ੍ਰਸ਼ਾਸਨ ਦੇ ਖੇਤਰ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਮਾਧਾਨ ਪੇਸ਼ ਕਰਨ ਦੀ ਜਵਾਬਦੇਹੀ ਯੁਵਾ ਅਧਿਕਾਰੀਆਂ ’ਤੇ ਹੈ।  

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਮਸ਼ਵਰਾ ਦਿੱਤਾ ਕਿ ਉਹ ਇਹ ਯਾਦ ਰੱਖਣ, ਟੈਕਸੇਸ਼ਨ ਕੇਵਲ ਦੇਸ਼ ਦੇ ਰੈਵੇਨਿਊ ਨੂੰ ਵਧਾਉਣ ਦਾ ਸਾਧਨ ਨਹੀਂ ਹੈ। ਇਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਿਕਾਸ ਦੇ ਲਈ ਵੀ ਮਹੱਤਵਪੂਰਨ ਹੈ। ਰਾਸ਼ਟਰ ਦੇ ਨਾਗਰਿਕਾਂ ਦੁਆਰਾ ਦਿੱਤੇ ਗਏ ਟੈਕਸ ਦੀ ਵਰਤੋਂ ਦੇਸ਼ ਅਤੇ ਲੋਕਾਂ ਦੇ ਵਿਕਾਸ ਲਈ ਕੀਤੀ ਜਾਂਦੀ ਹੈ। ਇਸ ਲਈ, ਜੇਕਰ ਉਹ ਆਪਣਾ ਕੰਮ ਲਗਨ ਅਤੇ ਮਿਹਨਤ ਨਾਲ ਕਰਨਗੇ, ਤਾਂ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਣਗੇ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

************

ਐੱਮਜੇਪੀਐੱਸ/ਐੱਸਆਰ


(Release ID: 2080122) Visitor Counter : 14