ਵਿੱਤ ਮੰਤਰਾਲਾ
ਵਿੱਤੀ ਸੇਵਾ ਵਿਭਾਗ ਦੇ ਸਕੱਤਰ ਸ਼੍ਰੀ ਐੱਮ.ਨਾਗਾਰਾਜੂ ਨੇ ਖੇਤੀਬਾੜੀ ਨਾਲ ਜੁੜੇ ਖੇਤਰਾਂ ਨੂੰ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੁਆਰਾ ਦਿੱਤੇ ਜਾਣ ਵਾਲੇ ਕ੍ਰੈਡਿਟ ਵੰਡ ਦੀ ਸਮੀਖਿਆ ਕੀਤੀ
Posted On:
06 NOV 2024 10:37AM by PIB Chandigarh
ਸ਼੍ਰੀ ਨਾਗਾਰਾਜੂ ਨੇ ਜਨਤਕ ਖੇਤਰ ਦੇ ਬੈਂਕਾਂ ਦੁਆਰਾ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਲਈ ਕ੍ਰੈਡਿਟ ਉਪਲਬਧਤਾ ਵਧਾਉਣ ਦੀ ਅਪੀਲ ਕੀਤੀ
ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ.ਨਾਗਾਰਾਜੂ ਨੇ ਕੱਲ੍ਹ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ), ਨਾਬਾਰਡ ਅਤੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰੀ ਬੈਂਕਰਸ ਕਮੇਟੀ ਦੇ ਨਾਲ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਜਿਹੀਆਂ ਖੇਤੀਬਾੜੀ-ਸਬੰਧਿਤ ਗਤੀਵਿਧੀਆਂ ਲਈ ਕ੍ਰੈਡਿਟ ਵੰਡ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪਸ਼ੂ-ਪਾਲਣ ਅਤੇ ਡੇਅਰੀ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਤੀਨਿਧੀਆਂ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ।
ਸ਼੍ਰੀ ਨਾਗਾਰਾਜੂ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਚਾਲੂ ਵਿੱਤ ਵਰ੍ਹੇ ਦੌਰਾਨ ਸਬੰਧਿਤ ਟੀਚਿਆਂ ਨੂੰ ਪੂਰਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਕ੍ਰੈਡਿਟ ਪ੍ਰਵਾਹ ਵਿੱਚ ਸੁਧਾਰ ਲਿਆਉਣ ਲਈ ਬੈਂਕਾਂ ਨੂੰ ਸੁਵਿਧਾ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ।
ਡੀਐੱਫਐੱਸ ਸਕੱਤਰ ਨੇ ਖੇਤੀਬਾੜੀ ਵਿਕਾਸ ਨੂੰ ਗਤੀ ਦੇਣ ਅਤੇ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਸਮਰੱਥਾ ਵਧਾਉਣ ਵਿੱਚ ਸਬੰਧ ਖੇਤਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਸਬੰਧਿਤ ਗਤੀਵਿਧੀਆਂ ਲਈ ਕ੍ਰੈਡਿਟ ਵੰਡ ਵਿੱਚ ਖੇਤਰੀ ਅਸਮਾਨਤਾ ਨੂੰ ਉਜਾਗਰ ਕੀਤਾ। ਸਬੰਧਿਤ ਗਤੀਵਿਧੀਆਂ ਵਿੱਚ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਸ਼੍ਰੀ ਨਾਗਾਰਾਜੂ ਨੇ ਬੈਂਕਾਂ ਨੂੰ ਸਾਰੇ ਖੇਤਰਾਂ ਵਿੱਚ ਕ੍ਰੈਡਿਟ ਵੰਡ ਸੁਨਿਸ਼ਚਿਤ ਕਰਨ ਲਈ ਖੇਤਰੀ ਪੱਧਰ ‘ਤੇ ਮੁਲਾਂਕਣ ਕਰਨ ਅਤੇ ਮੀਟਿੰਗਾਂ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ। ਡੀਐੱਫਐੱਸ ਸਕੱਤਰ ਨੇ ਨਾਬਾਰਡ ਨੂੰ ਮੱਛੀ ਪਾਲਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਕੇਸੀਸੀ ਯੋਜਨਾ ਦਾ ਲਾਭ ਪ੍ਰਦਾਨ ਕਰਨ ਵਿੱਚ ਰਾਜਾਂ ਨਾਲ ਜੁੜੇ ਵਿਭਾਗਾਂ ਅਤੇ ਐੱਲਡੀਐੱਮ ਦੇ ਨਾਲ ਤਾਲਮੇਲ ਕਰਨ ਦਾ ਵੀ ਨਿਰਦੇਸ਼ ਦਿੱਤਾ।
ਸ਼੍ਰੀ ਨਾਗਾਰਾਜੂ ਨੇ ਸਬੰਧਿਤ ਖੇਤਰ ਲਈ ਨਿਰਵਿਘਨ ਤੌਰ ‘ਤੇ ਕਿਫਾਇਤੀ ਕ੍ਰੈਡਿਟ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਪ੍ਰਯਾਸਾਂ ਦਾ ਜ਼ਿਕਰ ਕੀਤਾ ਅਤੇ ਸਾਰੇ ਹਿਤਧਾਰਕਾਂ ਨਾਲ ਇਸ ਖੇਤਰ ਵਿੱਚ ਕ੍ਰੈਡਿਟ ਫਲੋ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਉਠਾਉਣ ਦੀ ਅਪੀਲ ਕੀਤੀ।
****
ਐੱਨਬੀ/ਕੇਐੱਮਐੱਨ
(Release ID: 2071366)
Visitor Counter : 17