ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਇਫ਼ੀ ਲਈ ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ ਹੋਈ
ਇਫ਼ੀ ਸਿਨੇਮਾ ਦਾ ਆਨੰਦ ਸਾਂਝਾ ਕਰਨ ਲਈ ਮੀਡੀਆ ਕਰਮੀਆਂ ਦਾ ਸੁਆਗਤ ਕਰਦਾ ਹੈ
ਪਹਿਲੇ ਕੁਝ ਖੁਸ਼ਕਿਸਮਤ ਮੀਡੀਆ ਡੈਲੀਗੇਟਾਂ ਲਈ ਐੱਫਟੀਆਈਆਈ ਦੁਆਰਾ ਮੁਫਤ ਫਿਲਮ ਪ੍ਰਸ਼ੰਸਾ ਸਰਟੀਫਿਕੇਟ ਕੋਰਸ
#IFFIWood, 18 ਅਕਤੂਬਰ 2024
#ਇਫ਼ੀਵੁੱਡ (#iffiwood) ਵਿੱਚ ਤੁਹਾਡਾ ਸੁਆਗਤ ਹੈ, 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫ਼ੀ) 2024 ਲਈ ਮੀਡੀਆ ਡੈਲੀਗੇਟਾਂ ਦੀ ਰਜਿਸਟ੍ਰੇਸ਼ਨ ਅੱਜ 18 ਅਕਤੂਬਰ 2024 ਨੂੰ ਸ਼ੁਰੂ ਹੋ ਰਹੀ ਹੈ। ਭਾਵੇਂ ਤੁਸੀਂ ਇੱਕ ਤਜ਼ਰਬੇਕਾਰ ਫਿਲਮ ਆਲੋਚਕ ਹੋ ਜਾਂ ਕਹਾਣੀ ਸੁਣਾਉਣ ਦੇ ਜਨੂੰਨ ਵਾਲੇ ਇੱਕ ਉਭਰਦੇ ਪੱਤਰਕਾਰ ਹੋ, 20 ਤੋਂ 28 ਨਵੰਬਰ, 2024 ਤੱਕ ਪਣਜੀ, ਗੋਆ ਵਿੱਚ ਹੋਣ ਵਾਲੇ ਇਫ਼ੀ ਦੇ 55ਵੇਂ ਸੰਸਕਰਨ ਵਿੱਚ ਸਿਨੇਮਾ ਦੀ ਉੱਤਮਤਾ ਦਾ ਅਨੁਭਵ ਕਰਨ ਲਈ ਇਹ ਤੁਹਾਡੀ ਸੁਨਹਿਰੀ ਮੌਕਾ ਹੈ। ਇਸ ਫੈਸਟੀਵਲ ਲਈ ਮੀਡੀਆ ਡੈਲੀਗੇਟ ਵਜੋਂ ਨਾਮ ਦਰਜ ਕਰਾਉਂਦੇ ਹੋਏ, ਤੁਸੀਂ ਉਸ ਟੀਮ ਦਾ ਹਿੱਸਾ ਹੋਵੋਗੇ ਜੋ ਸਿਨੇਮਾ ਦੇ ਆਨੰਦ 'ਤੇ ਤੁਹਾਡੇ ਧਿਆਨ ਨਾਲ ਲਿਖੇ ਲੇਖਾਂ ਨਾਲ ਫੈਸਟੀਵਲ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੋਕਾਂ ਤੱਕ ਲੈ ਜਾਵੇਗੀ।
ਜਿਵੇਂ ਕਿ ਭਾਰਤ ਵਿਸ਼ਵ ਲਈ ਲਾਗਤ-ਕੁਸ਼ਲ ਅਤੇ ਉੱਚ-ਗੁਣਵੱਤਾ ਵਾਲੀ ਸਮੱਗਰੀ ਬਣਾਉਣ ਦਾ ਕੇਂਦਰ ਬਣਨ ਲਈ ਤਿਆਰ ਹੈ, ਇਸ ਦਾ ਪ੍ਰੀਮੀਅਰ ਫਿਲਮ ਫੈਸਟੀਵਲ - ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫ਼ੀ) - ਉਤਸ਼ਾਹਿਤ ਕਰਨ, ਸਵੀਕਾਰ ਕਰਨ ਅਤੇ ਮਨੋਰੰਜਨ ਖੇਤਰ ਵਿੱਚ ਪ੍ਰਤਿਭਾ ਦੀ ਕਦਰ ਲਈ ਇੱਕ ਕਿਸਮ ਦਾ ਮੰਚ ਹੈ। ਸਿਰਜਣਾਤਮਕ ਪ੍ਰਗਟਾਵੇ ਲਈ ਇਸ ਜਨੂੰਨ ਨੂੰ ਦਿੱਤੀ ਗਈ ਮਾਨਤਾ ਹਿਤਧਾਰਕਾਂ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਮੌਕਿਆਂ ਦੀ ਇੱਕ ਲੜੀ ਲਿਆਉਂਦੀ ਹੈ। ਇਹ ਅਣਗਿਣਤ ਕੈਨਵਸਾਂ ਦੀਆਂ ਮਹੱਤਵਪੂਰਨ ਕਹਾਣੀਆਂ ਨੂੰ ਦੇਖਣ, ਸੁਣਨ ਅਤੇ ਅਨੁਭਵ ਕਰਨ ਦੀ ਵੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਫਿਲਮ ਬਣਾਉਣ ਦੀ ਕਲਾ ਅਤੇ ਕੌਸ਼ਲ ਬਾਰੇ ਤੁਹਾਡੀ ਜਾਣਕਾਰੀ ਨੂੰ ਵਧਾਉਣ ਲਈ ਇੱਕ ਮੰਚ ਹੈ, ਕਿਉਂਕਿ ਇਹ ਮਾਸਟਰ ਕਲਾਸਾਂ ਅਤੇ ਗੱਲਬਾਤ ਦੇ ਸੈਸ਼ਨਾਂ ਦੀ ਸਹੂਲਤ ਪੇਸ਼ ਕਰਦਾ ਹੈ, ਜਿਸ ਵਿੱਚ ਦੁਨੀਆ ਭਰ ਦੇ ਫਿਲਮ ਉਦਯੋਗ ਦੇ ਦਿੱਗਜ ਆਪਣੇ ਅਨੁਭਵਾਂ ਨੂੰ ਬਿਆਨ ਕਰਨ ਅਤੇ ਵਿਚਾਰ ਸਾਂਝੇ ਕਰਨ ਲਈ ਤਿਆਰ-ਬਰ-ਤਿਆਰ ਹਨ ਕਿ ਕਿਵੇਂ ਇਸ ਨੂੰ ਵੱਡਾ ਬਣਾਇਆ ਜਾ ਸਕਦਾ ਹੈ!
ਜਿਵੇਂ ਕਿ ਤੁਸੀਂ ਜਾਣਦੇ ਹੋ, ਜਾਣਕਾਰੀ ਅਤੇ ਸੰਚਾਰ ਸਿਨੇਮਾ ਦੀ ਪ੍ਰਸ਼ੰਸਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਫਿਲਮ ਨਿਰਮਾਣ ਦੀ ਕਲਾ ਲਈ ਸੱਚਾ ਪ੍ਰੇਮ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ, ਤੁਸੀਂ ਮੀਡੀਆ ਡੈਲੀਗੇਟ ਭਾਰਤ ਦੇ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਇੱਕ ਜ਼ਰੂਰੀ ਹਿੱਸਾ ਹੋ। ਤੁਹਾਡੇ ਕੋਲ 55ਵੇਂ ਇਫ਼ੀ 'ਤੇ ਮਹਾਨ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਦੀਆਂ ਬਾਰੀਕੀਆਂ ਨੂੰ ਲਿਖਣ, ਗੱਲ ਕਰਨ ਅਤੇ ਦਿਖਾਉਣ ਦਾ ਅਤੇ ਇਹ ਯਕੀਨੀ ਬਣਾਉਣ ਦੀ ਤਾਕਤ ਹੈ ਕਿ ਹਰ ਕਹਾਣੀ ਨੂੰ ਰੌਸ਼ਨ ਹੋਣ ਦਾ ਮੌਕਾ ਮਿਲੇ।
ਰਜਿਸਟ੍ਰੇਸ਼ਨ ਪ੍ਰਕਿਰਿਆ
ਮੀਡੀਆ ਡੈਲੀਗੇਟ ਵਜੋਂ ਰਜਿਸਟਰ ਕਰਨ ਲਈ, ਤੁਸੀਂ 1 ਜਨਵਰੀ, 2024 ਤੱਕ 21 ਸਾਲ ਦੀ ਉਮਰ ਪੂਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਇੱਕ ਪ੍ਰਿੰਟ, ਇਲੈਕਟ੍ਰੋਨਿਕ, ਡਿਜੀਟਲ ਜਾਂ ਔਨਲਾਈਨ ਮੀਡੀਆ ਸੰਸਥਾ ਨਾਲ ਸਬੰਧਿਤ ਪੱਤਰਕਾਰ, ਫੋਟੋਗ੍ਰਾਫਰ, ਕੈਮਰਾਮੈਨ ਜਾਂ ਡਿਜੀਟਲ ਸਮੱਗਰੀ ਨਿਰਮਾਤਾ ਹੋਣਾ ਚਾਹੀਦਾ ਹੈ। ਉਮਰ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਫ੍ਰੀਲਾਂਸ ਪੱਤਰਕਾਰਾਂ ਨੂੰ ਵੀ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਿਰਪਾ ਕਰਕੇ ਰਜਿਸਟਰ ਕਰਨ ਤੋਂ ਪਹਿਲਾਂ ਇੱਥੇ ਸਬੰਧਿਤ ਯੋਗਤਾ ਮਾਪਦੰਡ ਪੜ੍ਹੋ ਅਤੇ ਰਜਿਸਟਰ ਕਰਨ ਤੋਂ ਪਹਿਲਾਂ ਦੱਸੇ ਗਏ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਤਿਆਰ ਰੱਖੋ। ਰਜਿਸਟ੍ਰੇਸ਼ਨ ਪ੍ਰਕਿਰਿਆ ਸਿੱਧੀ ਹੈ ਅਤੇ https://my.iffigoa.org/media-login 'ਤੇ ਔਨਲਾਈਨ ਪੂਰੀ ਕੀਤੀ ਜਾ ਸਕਦੀ ਹੈ।
ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 12 ਨਵੰਬਰ, 2024 ਨੂੰ ਰਾਤ 11:59:59 (ਭਾਰਤੀ ਸਟੈਂਡਰਡ ਸਮਾਂ) 'ਤੇ ਨਿਰਧਾਰਤ ਕੀਤੀ ਗਈ ਹੈ। ਕਿਰਪਾ ਕਰਕੇ ਨੋਟ ਕਰੋ ਕਿ ਮੀਡੀਆ ਡੈਲੀਗੇਟ ਵਜੋਂ ਤੁਹਾਡੀ ਮਾਨਤਾ ਦੀ ਪ੍ਰਵਾਨਗੀ ਦੀ ਤੁਹਾਡੀ ਅਰਜ਼ੀ ਦੀ ਪੜਤਾਲ ਤੋਂ ਬਾਅਦ ਤੁਹਾਨੂੰ ਤੁਹਾਡੀ ਰਜਿਸਟਰਡ ਈਮੇਲ ਆਈਡੀ 'ਤੇ ਸੂਚਿਤ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਦੀ ਇਸ ਪ੍ਰਕਿਰਿਆ ਦੁਆਰਾ ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਦੁਆਰਾ ਮਾਨਤਾ ਪ੍ਰਾਪਤ ਮੀਡੀਆ ਕਰਮੀ ਹੀ 55ਵੇਂ ਇਫ਼ੀ 2024 ਲਈ ਮੀਡੀਆ ਡੈਲੀਗੇਟ ਪਾਸ ਲਈ ਯੋਗ ਹਨ। ਪੀਆਈਬੀ ਮੀਡੀਆ ਆਉਟਲੈਟ ਦੀ ਬਾਰੰਬਾਰਤਾ, ਆਕਾਰ (ਸਰਕੂਲੇਸ਼ਨ, ਦਰਸ਼ਕ, ਪਹੁੰਚ), ਸਿਨੇਮਾ 'ਤੇ ਫੋਕਸ ਅਤੇ ਇਫ਼ੀ ਦੀ ਸੰਭਾਵਿਤ ਮੀਡੀਆ ਕਵਰੇਜ਼ ਵਰਗੇ ਕਾਰਕਾਂ ਦੇ ਅਧਾਰ 'ਤੇ ਹਰੇਕ ਮੀਡੀਆ ਸੰਸਥਾ ਨੂੰ ਦਿੱਤੀਆਂ ਜਾਣ ਵਾਲੀਆਂ ਮਾਨਤਾਵਾਂ ਦੀ ਸੰਖਿਆ ਦਾ ਫੈਸਲਾ ਕਰੇਗਾ।
ਮੀਡੀਆ ਡੈਲੀਗੇਟ ਪਾਸ 18 ਨਵੰਬਰ 2024 ਤੋਂ ਇਫ਼ੀ ਸਥਾਨ 'ਤੇ ਮਾਨਤਾ ਪ੍ਰਾਪਤ ਮੀਡੀਆ ਡੈਲੀਗੇਟਾਂ ਦੁਆਰਾ ਹਾਸਲ ਕੀਤੇ ਜਾ ਸਕਦੇ ਹਨ। ਕਿਸੇ ਵੀ ਸਵਾਲ ਲਈ ਕਿਰਪਾ ਕਰਕੇ 'ਮੀਡੀਆ ਮਾਨਤਾ ਪੁੱਛ-ਗਿੱਛ' ਵਿਸ਼ੇ ਦੇ ਨਾਲ pib4iffi[at]gmail[dot]com 'ਤੇ ਇੱਕ ਈਮੇਲ ਭੇਜੋ।
ਮੀਡੀਆ ਡੈਲੀਗੇਟਾਂ ਲਈ ਐੱਫਟੀਆਈਆਈ ਦੁਆਰਾ ਫਿਲਮ ਪ੍ਰਸ਼ੰਸਾ ਸਰਟੀਫਿਕੇਟ ਕੋਰਸ
ਕੀ ਤੁਸੀਂ ਕਦੇ ਸੋਚਿਆ ਹੈ ਕਿ ਫਿਲਮ ਨੂੰ ਕੀ ਖਾਸ ਬਣਾਉਂਦਾ ਹੈ? ਸਿਨੇਮਾ ਦੀ ਡੂੰਘੀ ਸਮਝ ਦੇ ਨਾਲ ਜਾਣ ਲਈ ਤਿਆਰ ਹੋ ਜਾਓ, ਜੋ ਸਕ੍ਰੀਨ ਤੋਂ ਪਰ੍ਹੇ ਹੈ। ਕਿਵੇਂ?
ਇਸ ਸਾਲ, ਇੱਕ ਦੁਰਲੱਭ ਤੋਹਫ਼ਾ ਪਹਿਲੇ ਕੁਝ ਖੁਸ਼ਕਿਸਮਤ ਮਾਨਤਾ ਪ੍ਰਾਪਤ ਮੀਡੀਆ ਡੈਲੀਗੇਟਾਂ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਨੂੰ 18 ਨਵੰਬਰ 2024 ਨੂੰ ਪਣਜੀ, ਗੋਆ ਵਿੱਚ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਸਹਿਯੋਗ ਨਾਲ ਵੱਕਾਰੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (ਐੱਫਟੀਆਈਆਈ) ਦੇ ਸਰੋਤ ਵਿਅਕਤੀਆਂ ਦੁਆਰਾ ਕਰਵਾਏ ਜਾਣ ਵਾਲੇ ਇੱਕ ਮੁਫਤ ਫਿਲਮ ਪ੍ਰਸ਼ੰਸਾ ਕੋਰਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਹ ਕੋਰਸ ਇੱਕ ਦਿਨ-ਲੰਬਾ ਈਵੈਂਟ ਹੈ ਅਤੇ ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਫਾਰਮ ਨੂੰ ਜਮ੍ਹਾਂ ਕਰਾਉਣ ਅਤੇ ਫਾਰਮ ਵਿੱਚ ਪ੍ਰਦਾਨ ਕੀਤੇ ਗਏ ਕੋਰਸ ਵਿੱਚ ਸ਼ਾਮਲ ਹੋਣ ਲਈ ਵਿਕਲਪ ਚੁਣਨ ਦੇ ਅਧਾਰ 'ਤੇ ਮਾਨਤਾ ਪ੍ਰਾਪਤ ਮੀਡੀਆ ਡੈਲੀਗੇਟਾਂ ਲਈ ਉਪਲਬਧ ਹੋਵੇਗਾ।
ਕੋਰਸ ਦੇ ਹੋਰ ਵੇਰਵਿਆਂ ਨੂੰ ਚੁਣੇ ਗਏ ਮੀਡੀਆ ਡੈਲੀਗੇਟਾਂ ਨੂੰ ਸਮੇਂ ਸਿਰ ਦੱਸ ਦਿੱਤਾ ਜਾਵੇਗਾ। ਇਸ ਲਈ, ਅੱਜ ਹੀ ਰਜਿਸਟਰ ਕਰੋ ਅਤੇ ਦੇਖੋ ਕਿ ਜਲਦੀ ਰਜਿਸਟ੍ਰੇਸ਼ਨ ਕਰਨਾ ਕਿਵੇਂ ਇੱਕ ਗੇਮ-ਚੇਂਜਰ ਸਾਬਿਤ ਹੁੰਦਾ ਹੈ। ਤੁਸੀਂ ਨਾ ਸਿਰਫ਼ ਭੀੜ ਤੋਂ ਬਚੋਗੇ, ਬਲਕਿ ਤੁਸੀਂ 2024 ਇਫ਼ੀ ਫੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਵਿਸ਼ੇਸ਼ ਜਾਣਕਾਰੀ ਅਤੇ ਨੈੱਟਵਰਕਿੰਗ ਮੌਕਿਆਂ ਦਾ ਵੀ ਆਨੰਦ ਮਾਣੋਗੇ।
ਇੱਥੇ ਰਜਿਸਟਰ ਕਰੋ ਅਤੇ ਅਸੀਂ ਇੱਕ ਵਾਰ ਫਿਰ ਸਿਨੇਮਾ ਦਾ ਆਨੰਦ ਸਾਂਝਾ ਕਰਨ ਲਈ ਤੁਹਾਡਾ ਸੁਆਗਤ ਕਰਦੇ ਹਾਂ!
ਤੁਹਾਨੂੰ ਫਿਲਮਾਂ ਵਿੱਚ ਮਿਲਦੇ ਹਾਂ!
ਇਫ਼ੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫ਼ੀ) ਏਸ਼ੀਆ ਦੇ ਪ੍ਰਮੁੱਖ ਫਿਲਮ ਉਤਸਵਾਂ ਵਿੱਚੋਂ ਇੱਕ ਹੈ। ਆਪਣੀ ਸ਼ੁਰੂਆਤ ਤੋਂ ਹੀ, ਇਫ਼ੀ ਦਾ ਉਦੇਸ਼ ਫਿਲਮਾਂ, ਉਨ੍ਹਾਂ ਦੀਆਂ ਮਨਮੋਹਕ ਕਹਾਣੀਆਂ ਅਤੇ ਉਨ੍ਹਾਂ ਦੇ ਪਿੱਛੇ ਪ੍ਰਤਿਭਾਸ਼ਾਲੀ ਵਿਅਕਤੀਆਂ ਦਾ ਜਸ਼ਨ ਮਨਾਉਣਾ ਹੈ। ਇਹ ਫੈਸਟੀਵਲ ਫਿਲਮਾਂ ਲਈ ਡੂੰਘੀ ਪ੍ਰਸ਼ੰਸਾ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਅਤੇ ਫੈਲਾਉਣ, ਲੋਕਾਂ ਵਿੱਚ ਸਮਝ ਅਤੇ ਮੇਲ-ਮਿਲਾਪ ਬਣਾਉਣ ਅਤੇ ਉਨ੍ਹਾਂ ਨੂੰ ਵਿਅਕਤੀਗਤ ਅਤੇ ਸਮੂਹਿਕ ਉੱਤਮਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਫ਼ੀ ਦਾ ਆਯੋਜਨ ਹਰ ਸਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਗੋਆ ਸਰਕਾਰ ਦੀ ਗੋਆ ਮਨੋਰੰਜਨ ਸੋਸਾਇਟੀ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ (ਡੀਐੱਫਐੱਫ) ਆਮ ਤੌਰ 'ਤੇ ਫੈਸਟੀਵਲ ਦੀ ਅਗਵਾਈ ਕਰਦਾ ਰਿਹਾ ਹੈ, ਪਰ ਫਿਲਮ ਮੀਡੀਆ ਯੂਨਿਟਾਂ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਵਿੱਚ ਰਲੇਵੇਂ ਤੋਂ ਬਾਅਦ, ਐੱਨਐੱਫਡੀਸੀ ਨੇ ਸਮਾਰੋਹ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। 55ਵੇਂ ਇਫ਼ੀ ਫੈਸਟੀਵਲ ਬਾਰੇ ਨਵੀਨਤਮ ਜਾਣਕਾਰੀ ਲਈ, ਕਿਰਪਾ ਕਰਕੇ ਇਵੈਂਟ ਦੀ ਵੈੱਬਸਾਈਟ www.iffigoa.org 'ਤੇ ਜਾਓ ਅਤੇ ਪੀਆਈਬੀ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਕਿ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਨਾਲ-ਨਾਲ ਪੀਆਈਬੀ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਇਫ਼ੀ ਨੂੰ ਫਾਲੋ ਕਰੋ।
******
ਪੀਆਈਬੀ ਇਫ਼ੀ ਕਾਸਟ ਅਤੇ ਕਰੂ | ਰਜਿਤ/ ਨਿਕਿਤਾ/ ਧਨਲਕਸ਼ਮੀ/ ਡੀਵਾਈ ਇਫ਼ੀ 55 - 1
(Release ID: 2066434)
Visitor Counter : 63