ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਮਲਾਵੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ; ਵਫ਼ਦ ਪੱਧਰ ਦੀ ਗੱਲਬਾਤ ਦੀ ਅਗਵਾਈ ਕੀਤੀ


ਕਲਾ ਅਤੇ ਸੰਸਕ੍ਰਿਤੀ , ਯੁਵਾ ਮਾਮਲਿਆਂ, ਖੇਡਾਂ ਅਤੇ ਫਾਰਮਾਸਿਊਟੀਕਲ ਸਹਿਯੋਗ ‘ਤੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਦੇ ਸਾਖੀ ਬਣੇ

ਕੱਲ੍ਹ ਮਲਾਵੀ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

Posted On: 18 OCT 2024 7:46PM by PIB Chandigarh

ਮਲਾਵੀ ਦੀ ਆਪਣੀ ਯਾਤਰਾ ਦੇ ਦੂਸਰੇ ਦਿਨ (18 ਅਕਤੂਬਰ, 2024) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਟੇਟ ਹਾਊਸ, ਲਿਲੋਂਗਵੇ ਦਾ ਦੌਰਾ ਕੀਤਾ, ਜਿੱਥੇ ਮਲਾਵੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਲਾਜ਼ਾਰਸ ਮੈਕਾਰਥੀ ਚਕਵੇਰਾ (H.E. Dr Lazarus McCarthy Chakwera) ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਭਾਰਤ-ਮਲਾਵੀ ਸਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਲਈ ਕਈ ਮੁੱਦਿਆਂ ‘ਤੇ ਸਾਰਥਕ ਚਰਚਾ ਕੀਤੀ। 

ਰਾਸ਼ਟਰਪਤੀ ਦੇ ਸਾਹਮਣੇ ਕਲਾ ਅਤੇ ਸੰਸਕ੍ਰਿਤੀ , ਯੁਵਾ ਮਾਮਲਿਆਂ, ਖੇਡਾਂ ਅਤੇ ਫਾਰਮਾਸਿਊਟੀਕਲ ਸਹਿਯੋਗ ‘ਤੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ। ਉਹ ਭਾਰਤ ਦੀ ਤਰਫ਼ੋਂ ਮਲਾਵੀ ਨੂੰ ਪ੍ਰਤੀਕਾਤਮਕ ਤੌਰ ‘ਤੇ ਮਾਨਵੀ ਸਹਾਇਤਾ ਦੇ ਰੂਪ ਵਿੱਚ 1000 ਮੀਟ੍ਰਿਕ ਟਨ ਚਾਵਲ ਸੌਂਪੇ ਜਾਣ ਅਤੇ ਮਲਾਵੀ ਨੂੰ ਭਾਭਾਟ੍ਰੌਨ ਕੈਂਸਰ ਟ੍ਰੀਟਿੰਗ ਮਸ਼ੀਨ ਸੌਂਪੇ ਜਾਣ ਦੇ ਭੀ ਸਾਖੀ ਬਣੇ। ਉਨ੍ਹਾਂ ਨੇ ਮਲਾਵੀ ਵਿੱਚ ਇੱਕ ਸਥਾਈ ਆਰਟੀਫਿਸ਼ਲ ਲਿੰਬ ਫਿਟਮੈਂਟ ਸੈਂਟਰ (ਜੈਪੁਰ ਫੁੱਟ) ਦੀ ਸਥਾਪਨਾ ਵਿੱਚ ਭਾਰਤ ਸਰਕਾਰ ਦੇ ਸਮਰਥਨ ਦਾ ਭੀ ਐਲਾਨ ਕੀਤਾ।

ਇਸ ਤੋਂ ਪਹਿਲਾਂ ਅੱਜ ਸੁਬ੍ਹਾ, ਰਾਸ਼ਟਰਪਤੀ ਨੇ ਲਿਲੋਂਗਵੇ ਵਿੱਚ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕੀਤਾ ਅਤੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਅਤੇ ਹੋਰ ਸੈਨਿਕ ਅਭਿਯਾਨਾਂ ਦੇ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸੈਨਿਕਾਂ ਅਤੇ ਨਾਗਰਿਕਾਂ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਮਲਾਵੀ ਦੇ ਪਹਿਲੇ ਰਾਸ਼ਟਰਪਤੀ ਡਾ. ਹੇਸਟਿੰਗਸ ਕਾਮੁਜ਼ੁ ਬਾਂਡਾ (Dr Hastings Kamuzu Banda) ਦੇ ਸਮਾਧੀ ਸਥਲ- ਕਾਮੁਜ਼ੁ ਮਕਬਰੇ (Kamuzu Mausoleum) ‘ਤੇ ਭੀ ਪੁਸ਼ਪਾਂਜਲੀ ਅਰਪਿਤ ਕੀਤੀ।

ਕੱਲ੍ਹ ਸ਼ਾਮ (17 ਅਕਤੂਬਰ, 2024 ) ਰਾਸ਼ਟਰਪਤੀ ਨੇ ਮਲਾਵੀ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੁਆਰਾ ਆਯੋਜਿਤ ਇੱਕ ਸੁਆਗਤ ਸਮਾਰੋਹ ਵਿੱਚ ਮਲਾਵੀ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ, ਭਾਰਤ ਆਪਸੀ ਵਿਸ਼ਵਾਸ, ਸਮਾਨਤਾ ਅਤੇ ਪਰਸਪਰ ਲਾਭ ਦੇ ਸਿਧਾਂਤਾਂ ਦੇ ਅਧਾਰ ‘ਤੇ ਅਫਰੀਕਾ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਮਹੱਤਵ ਦਿੰਦਾ ਹੈ। ਸਾਡੇ ਸਹਿਯੋਗ ਦੇ ਮੁੱਖ ਥੰਮ੍ਹ ਵਿਕਾਸ ਵਿੱਚ ਸਾਂਝੇਦਾਰੀ, ਸਮਰੱਥਾ ਨਿਰਮਾਣ, ਵਪਾਰ ਅਤੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਤੇ ਲੋਕਾਂ ਦੇ ਦਰਮਿਆਨ ਸੰਪਰਕ (people-to-people contacts) ਹਨ। ਭਾਰਤ-ਅਫਰੀਕਾ ਸਬੰਧਾਂ ਦੇ ਲਈ ਹਰੇਕ ਥੰਮ੍ਹ ਅਹਿਮੀਅਤ ਰੱਖਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ, ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ20 (G20) ਸੰਗਠਨ ਦਾ ਸਥਾਈ ਮੈਂਬਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗਲੋਬਲ ਸਾਊਥ ਦੇ ਇੱਕ ਮੋਹਰੀ ਮੈਂਬਰ ਦੇ ਰੂਪ ਵਿੱਚ, ਭਾਰਤ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਆਪਣੇ ਅਨੁਭਵ ਅਤੇ ਸਮਰੱਥਾਵਾਂ ਸਾਂਝੇ ਕਰਨਾ ਜਾਰੀ ਰੱਖੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਪ੍ਰਵਾਸੀ ਭਾਰਤੀ (ਡਾਇਸਪੋਰਾ), ਭਾਰਤ ਦੀ ਪਰਿਵਰਤਨਕਾਰੀ ਯਾਤਰਾ ਦਾ ਇੱਕ ਅਭਿੰਨ ਅੰਗ ਹਨ। ਉਨ੍ਹਾਂ ਨੇ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਭਾਰਤ ਦੇ ਵਿਕਾਸ ਏਜੰਡਾ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। 

ਰਾਸ਼ਟਰਪਤੀ, ਕੱਲ੍ਹ (19 ਅਕਤੂਬਰ, 2024) ਲਿਲੋਂਗਵੇ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ (Shree Radha Krishna Mandir) ਵਿੱਚ ਆਰਤੀ ਅਤੇ ਪੂਜਾ ਕਰਨਗੇ ਅਤੇ ਨਾਲ ਹੀ ਅਲਜੀਰੀਆ, ਮੌਰਿਟਾਨੀਆ ਅਤੇ ਮਲਾਵੀ ਦੀ ਤਿੰਨ ਦੇਸ਼ਾਂ ਦੀ ਸਰਕਾਰੀ ਯਾਤਰਾ ਦੇ ਪੂਰਾ ਹੋਣ ‘ਤੇ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮਲਾਵੀ ਝੀਲ ਦਾ ਦੌਰਾ ਕਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

************

ਐੱਮਜੇਪੀਐੱਸ/ਐੱਸਆਰ


(Release ID: 2066433) Visitor Counter : 39