ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ, ਮਹਾਰਾਸ਼ਟਰ ਵਿੱਚ ਅਭਿਜਾਤ ਮਰਾਠੀ ਭਾਸ਼ਾ ਪ੍ਰੋਗਰਾਮ ਵਿੱਚ ਹਿੱਸਾ ਲਿਆ


ਮਰਾਠੀ ਨੂੰ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਮਿਲਣਾ ਹਰ ਕਿਸੇ ਲਈ ਮਾਣ ਵਾਲੀ ਗੱਲ ਹੈ: ਪੀਐੱਮ

ਮਰਾਠੀ ਦੇ ਨਾਲ-ਨਾਲ ਬੰਗਾਲੀ, ਪਾਲੀ, ਪ੍ਰਾਕ੍ਰਿਤ ਅਤੇ ਅਸਮੀਆ ਭਾਸ਼ਾਵਾਂ ਨੂੰ ਵੀ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ, ਮੈਂ ਇਨ੍ਹਾਂ ਭਾਸ਼ਾਵਾਂ ਨਾਲ ਜੁੜੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ: ਪੀਐੱਮ

ਮਰਾਠੀ ਭਾਸ਼ਾ ਦਾ ਇਤਿਹਾਸ ਬਹੁਤ ਸਮ੍ਰਿੱਧ ਰਿਹਾ ਹੈ: ਪੀਐੱਮ

ਮਹਾਰਾਸ਼ਟਰ ਦੇ ਕਈ ਕ੍ਰਾਂਤੀਕਾਰੀ ਨੇਤਾਵਾਂ ਅਤੇ ਚਿੰਤਕਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਕਜੁੱਟ ਕਰਨ ਲਈ ਮਰਾਠੀ ਭਾਸ਼ਾ ਨੂੰ ਮਾਧਿਅਮ ਵਜੋਂ ਇਸਤੇਮਾਲ ਕੀਤਾ: ਪੀਐੱਮ

ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ ਹੈ, ਇਸ ਦਾ ਸੱਭਿਆਚਾਰ, ਇਤਿਹਾਸ, ਪਰੰਪਰਾ ਅਤੇ ਸਾਹਿਤ ਨਾਲ ਡੂੰਘਾ ਸਬੰਧ ਹੈ: ਪੀਐੱਮ

Posted On: 05 OCT 2024 8:50PM by PIB Chandigarh

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਰਾਠੀ ਭਾਸ਼ਾ ਨੂੰ ਅਧਿਕਾਰਿਤ ਤੌਰ 'ਤੇ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਲ ਮਹੱਤਵਪੂਰਨ ਹੈ ਅਤੇ ਇਹ ਮਰਾਠੀ ਭਾਸ਼ਾ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਮਰਾਠੀ ਬੋਲਣ ਵਾਲਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਅਕਾਂਖਿਆਵਾਂ ਪੂਰੀਆਂ ਹੋ ਗਈਆਂ ਹਨ ਅਤੇ ਸਾਨੂੰ ਮਹਾਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਇਤਿਹਾਸਕ ਪ੍ਰਾਪਤੀ ਦਾ ਹਿੱਸਾ ਬਣਨ 'ਤੇ ਮਾਣ ਪ੍ਰਗਟ ਕੀਤਾ। ਇਹ ਕਹਿੰਦੇ ਹੋਏ ਕਿ ਬੰਗਾਲੀ, ਪਾਲੀ, ਪ੍ਰਾਕ੍ਰਿਤ ਅਤੇ ਅਸਮੀਆ ਭਾਸ਼ਾਵਾਂ ਨੂੰ ਵੀ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਨੇ ਇਨ੍ਹਾਂ ਭਾਸ਼ਾਵਾਂ ਨਾਲ ਸਬੰਧਿਤ ਲੋਕਾਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਮਰਾਠੀ ਭਾਸ਼ਾ ਦਾ ਇਤਿਹਾਸ ਬਹੁਤ ਅਮੀਰ ਹੈ ਅਤੇ ਇਸ ਭਾਸ਼ਾ ਦੁਆਰਾ ਪੈਦਾ ਹੋਏ ਗਿਆਨ ਦੀਆਂ ਧਾਰਾਵਾਂ ਨੇ ਕਈ ਪੀੜ੍ਹੀਆਂ ਨੂੰ ਸੇਧ ਦਿੱਤੀ ਹੈ ਅਤੇ ਅੱਜ ਵੀ ਸਾਡੀ ਅਗਵਾਈ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਤ ਗਿਆਨੇਸ਼ਵਰ ਨੇ ਮਰਾਠੀ ਰਾਹੀਂ ਲੋਕਾਂ ਨੂੰ ਵੇਦਾਂਤ ਦੇ ਗਿਆਨ ਨਾਲ ਜੋੜਿਆ ਅਤੇ ਗਿਆਨੇਸ਼ਵਰੀ ਨੇ ਗੀਤਾ ਦੇ ਅਰਥ ਲੋਕਾਂ ਤੱਕ ਪਹੁੰਚਾ ਕੇ ਭਾਰਤ ਦੇ ਅਧਿਆਤਮਿਕ ਗਿਆਨ ਨੂੰ ਮੁੜ ਤੋਂ ਜਾਗ੍ਰਿਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸੰਤ ਨਾਮਦੇਵ ਨੇ ਮਰਾਠੀ ਦੀ ਵਰਤੋਂ ਕਰਕੇ ਭਗਤੀ ਸੰਪਰਦਾ ਬਾਰੇ ਜਾਗਰੂਕਤਾ ਨੂੰ ਮਜ਼ਬੂਤ ਕੀਤਾ, ਸੰਤ ਤੁਕਾਰਾਮ ਨੇ ਮਰਾਠੀ ਭਾਸ਼ਾ ਵਿੱਚ ਧਾਰਮਿਕ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ ਅਤੇ ਸੰਤ ਚੋਖਾਮੇਲਾ ਨੇ ਸਮਾਜਿਕ ਤਬਦੀਲੀ ਲਈ ਅੰਦੋਲਨਾਂ ਨੂੰ ਤਾਕਤ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਮੈਂ ਮਹਾਰਾਸ਼ਟਰ ਅਤੇ ਮਰਾਠੀ ਦੇ ਸੰਤਾਂ ਨੂੰ ਨਮਨ ਕਰਦਾ ਹਾਂ।" ਉਨ੍ਹਾਂ ਨੇ ਅੱਗੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ 350ਵੇਂ ਤਾਜਪੋਸ਼ੀ ਸਾਲ ਵਿੱਚ ਮਰਾਠੀ ਭਾਸ਼ਾ ਦਾ ਵਿਸ਼ੇਸ਼ ਦਰਜਾ ਪੂਰੇ ਦੇਸ਼ ਦਾ ਸਨਮਾਨ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਮਰਾਠੀ ਭਾਸ਼ਾ ਦੇ ਅਮੁੱਲ ਯੋਗਦਾਨ ਨੂੰ ਉਜਾਗਰ ਕੀਤਾ ਅਤੇ ਜ਼ਿਕਰ ਕੀਤਾ ਕਿ ਮਹਾਰਾਸ਼ਟਰ ਦੇ ਕਿੰਨੇ ਕ੍ਰਾਂਤੀਕਾਰੀ ਨੇਤਾਵਾਂ ਅਤੇ ਚਿੰਤਕਾਂ ਨੇ ਜਨ ਜਾਗਰੂਕਤਾ ਪੈਦਾ ਕਰਨ ਅਤੇ ਜਨਤਾ ਨੂੰ ਇੱਕਜੁੱਟ ਕਰਨ ਲਈ ਮਰਾਠੀ ਭਾਸ਼ਾ ਨੂੰ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਲੋਕਮਾਨਯ ਤਿਲਕ ਨੇ ਆਪਣੇ ਮਰਾਠੀ ਅਖਬਾਰ ਕੇਸਰੀ ਨਾਲ ਵਿਦੇਸ਼ੀ ਸ਼ਾਸਨ ਦੀ ਨੀਂਹ ਹਿਲਾ ਦਿੱਤੀ ਅਤੇ ਮਰਾਠੀ ਵਿੱਚ ਦਿੱਤੇ ਉਨ੍ਹਾਂ ਦੇ ਭਾਸ਼ਣਾਂ ਨੇ ਹਰ ਭਾਰਤੀ ਦੇ ਦਿਲ ਵਿੱਚ ਸਵਰਾਜ ਦੀ ਇੱਛਾ ਜਗਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਮਰਾਠੀ ਭਾਸ਼ਾ ਨੇ ਨਿਆਂ ਅਤੇ ਸਮਾਨਤਾ ਦੀ ਲੜਾਈ ਨੂੰ ਅੱਗੇ ਲਿਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਗੋਪਾਲ ਗਣੇਸ਼ ਅਗਰਕਰ ਵਰਗੇ ਹੋਰ ਦਿੱਗਜਾਂ ਦੇ ਯੋਗਦਾਨ ਨੂੰ ਯਾਦ ਕੀਤਾ, ਜਿਨ੍ਹਾਂ ਨੇ ਆਪਣੇ ਮਰਾਠੀ ਅਖਬਾਰ ਸੁਧਾਕਰ ਰਾਹੀਂ ਸਮਾਜਿਕ ਸੁਧਾਰਾਂ ਲਈ ਮੁਹਿੰਮ ਚਲਾਈ ਅਤੇ ਇਸ ਨੂੰ ਹਰ ਘਰ ਤੱਕ ਪਹੁੰਚਾਇਆ। ਗੋਪਾਲ ਕ੍ਰਿਸ਼ਨ ਗੋਖਲੇ ਇੱਕ ਹੋਰ ਦਿੱਗਜ ਵਿਅਕਤੀ ਸਨ ਜਿਨ੍ਹਾਂ ਨੇ ਸੁਤੰਤਰਤਾ ਸੰਗ੍ਰਾਮ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਰਾਠੀ ਦੀ ਮਦਦ ਲਈ।

 

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਮਰਾਠੀ ਸਾਹਿਤ ਭਾਰਤ ਦੀ ਇੱਕ ਅਨਮੋਲ ਵਿਰਾਸਤ ਹੈ, ਜਿਸ ਨੇ ਆਪਣੇ ਸੱਭਿਆਚਾਰ ਦੇ ਵਿਕਾਸ ਅਤੇ ਸੱਭਿਆਚਾਰਕ ਤਰੱਕੀ ਦੀਆਂ ਕਹਾਣੀਆਂ ਨੂੰ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਰਾਠੀ ਸਾਹਿਤ ਨੇ ਸਵਰਾਜ, ਸਵਦੇਸ਼ੀ, ਮਾਤ੍ਰ ਭਾਸ਼ਾ ਅਤੇ ਸੱਭਿਆਚਾਰਕ ਗੌਰਵ ਦੇ ਆਦਰਸ਼ਾਂ ਨੂੰ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੁਤੰਤਰਤਾ ਅੰਦੋਲਨ ਦੌਰਾਨ, ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਗਣੇਸ਼ ਉਤਸਵ ਅਤੇ ਸ਼ਿਵ ਜਯੰਤੀ ਸਮਾਗਮਾਂ, ਵੀਰ ਸਾਵਰਕਰ ਦੇ ਕ੍ਰਾਂਤੀਕਾਰੀ ਵਿਚਾਰਾਂ, ਬਾਬਾ ਸਾਹੇਬ ਅੰਬੇਡਕਰ ਦੀ ਅਗਵਾਈ ਵਾਲੀ ਸਮਾਜਿਕ ਬਰਾਬਰੀ ਦੀ ਲਹਿਰ, ਮਹਾਰਿਸ਼ੀ ਕਰਵੇ ਦੀ ਮਹਿਲਾ ਸਸ਼ਕਤੀਕਰਣ ਮੁਹਿੰਮ ਦੇ ਨਾਲ-ਨਾਲ ਉਦਯੋਗੀਕਰਣ ਅਤੇ ਖੇਤੀਬਾੜੀ ਸੁਧਾਰ ਦੇ ਯਤਨਾਂ ਵਰਗੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਜਿਨ੍ਹਾਂ ਨੂੰ ਮਰਾਠੀ ਭਾਸ਼ਾ ਤੋਂ ਤਾਕਤ ਮਿਲੀ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਮਰਾਠੀ ਭਾਸ਼ਾ ਨਾਲ ਜੁੜੇ ਰਹਿਣ ਕਾਰਨ ਹੀ ਸਮ੍ਰਿੱਧ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, "ਭਾਸ਼ਾ ਨਾ ਸਿਰਫ਼ ਸੰਚਾਰ ਦਾ ਇੱਕ ਮਾਧਿਅਮ ਹੈ, ਸਗੋਂ ਸੱਭਿਆਚਾਰ, ਇਤਿਹਾਸ, ਪਰੰਪਰਾ ਅਤੇ ਸਾਹਿਤ ਨਾਲ ਨੇੜਿਓਂ ਜੁੜੀ ਹੋਈ ਹੈ।" ਲੋਕ ਗੀਤ ਪੋਵਾੜਾ ਬਾਰੇ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਕਈ ਸਦੀਆਂ ਬਾਅਦ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਹੋਰ ਨਾਇਕਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸਾਡੇ ਤੱਕ ਪਹੁੰਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੋਵਾੜਾ ਅੱਜ ਦੀ ਪੀੜ੍ਹੀ ਲਈ ਮਰਾਠੀ ਭਾਸ਼ਾ ਦਾ ਅਦਭੁਤ ਤੋਹਫ਼ਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅੱਜ ਜਦੋਂ ਅਸੀਂ ਗਣਪਤੀ ਦੀ ਪੂਜਾ ਕਰਦੇ ਹਾਂ, ਤਾਂ 'ਗਣਪਤੀ ਬੱਪਾ ਮੋਰਿਆ' ਸ਼ਬਦ ਸੁਭਾਵਿਕ ਤੌਰ 'ਤੇ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਇਹ ਸਿਰਫ਼ ਕੁਝ ਸ਼ਬਦਾਂ ਦਾ ਵਾਕੰਸ਼ ਨਹੀਂ ਹਨ, ਸਗੋਂ ਸ਼ਰਧਾ ਦਾ ਇੱਕ ਅਨੰਤ ਪ੍ਰਵਾਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਰਧਾ ਪੂਰੇ ਦੇਸ਼ ਨੂੰ ਮਰਾਠੀ ਭਾਸ਼ਾ ਨਾਲ ਜੋੜਦੀ ਹੈ। ਇਸੇ ਤਰ੍ਹਾਂ ਸ਼੍ਰੀ ਮੋਦੀ ਨੇ ਇਹ ਵੀ ਉਜਾਗਰ ਕੀਤਾ ਕਿ ਜੋ ਲੋਕ ਸ਼੍ਰੀ ਵਿੱਠਲ ਦੇ ਅਭੰਗ ਨੂੰ ਸੁਣਦੇ ਹਨ ਉਹ ਆਪਣੇ ਆਪ ਹੀ ਮਰਾਠੀ ਨਾਲ ਜੁੜ ਜਾਂਦੇ ਹਨ।

 

ਮਰਾਠੀ ਸਾਹਿਤਕਾਰਾਂ, ਲੇਖਕਾਂ, ਕਵੀਆਂ ਅਤੇ ਬਹੁਤ ਸਾਰੇ ਮਰਾਠੀ ਪ੍ਰੇਮੀਆਂ ਦੁਆਰਾ ਮਰਾਠੀ ਭਾਸ਼ਾ ਦੇ ਲਈ ਕੀਤੇ ਯੋਗਦਾਨ ਅਤੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਸ਼ਾ ਨੂੰ ਕਲਾਸੀਕਲ ਦਰਜਾ ਦੇਣਾ ਬਹੁਤ ਸਾਰੇ ਪ੍ਰਤਿਭਾਸ਼ਾਲੀ ਸਾਹਿਤਕਾਰਾਂ ਦੀ ਸੇਵਾ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਬਾਲ ਸ਼ਾਸਤਰੀ ਜਾਂਭੇਕਰ, ਮਹਾਤਮਾ ਜੋਤਿਬਾ ਫੂਲੇ, ਸਾਵਿਤ੍ਰੀਬਾਈ ਫੂਲੇ, ਕ੍ਰਿਸ਼ਨਾ ਜੀ ਪ੍ਰਭਾਕਰ ਖਾਡਿਲਕਰ, ਕੇਸ਼ਵਸੁਤ, ਸ਼੍ਰੀਪਦ ਮਹਾਦੇਵ ਮਤੇ, ਅਚਾਰਿਆ ਅਤਰੇ, ਅੰਨਾਭਾਊ ਸਾਠੇ, ਸ਼ਾਂਤਾਬਾਈ ਸ਼ੈਲਕੇ, ਗਜਾਨਨ ਦਿਗੰਬਰ ਮਾਡਗੁਲਕਰ, ਕੁਸੁਮਾਗ੍ਰਜ ਵਰਗੀਆਂ ਸ਼ਖਸੀਅਤਾਂ ਦਾ ਯੋਗਦਾਨ ਵਡਮੁੱਲਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਮਰਾਠੀ ਸਾਹਿਤ ਦੀ ਪਰੰਪਰਾ ਨਾ ਸਿਰਫ਼ ਪ੍ਰਾਚੀਨ ਹੈ, ਸਗੋਂ ਬਹੁਪੱਖੀ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਨੋਬਾ ਭਾਵੇ, ਸ਼੍ਰੀਪਦ ਅੰਮ੍ਰਿਤ ਡਾਂਗੇ, ਦੁਰਗਾਬਾਈ ਭਾਗਵਤ, ਬਾਬਾ ਆਮਟੇ, ਦਲਿਤ ਸਾਹਿਤਕਾਰ ਦਯਾ ਪਵਾਰ, ਬਾਬਾ ਸਾਹੇਬ ਪੁਰੰਦਰੇ ਵਰਗੀਆਂ ਕਈ ਮਹਾਨ ਹਸਤੀਆਂ ਨੇ ਮਰਾਠੀ ਸਾਹਿਤ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਸ਼੍ਰੀ ਮੋਦੀ ਨੇ ਪੁਰਸ਼ੋਤਮ ਲਕਸ਼ਮਣ ਦੇਸ਼ਪਾਂਡੇ, ਡਾ. ਅਰੁਣਾ ਧਾਰੇ, ਡਾ. ਸਦਾਨੰਦ ਮੋਰੇ, ਮਹੇਸ਼ ਐਲਕੁੰਚਵਾਰ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨਾਮਦੇਵ ਕਾਂਬਲੇ ਸਹਿਤ ਮਰਾਠੀ ਭਾਸ਼ਾ ਦੀ ਸੇਵਾ ਕਰਨ ਵਾਲੇ ਸਾਰੇ ਸਾਹਿਤਕਾਰਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਆਸ਼ਾ ਬਾਗੇ, ਵਿਜਯਾ ਰਾਜਾਧਿਯਕਸ਼, ਡਾ. ਸ਼ਰਣਕੁਮਾਰ ਲਿੰਬਾਲੇ, ਥੀਏਟਰ ਨਿਰਦੇਸ਼ਕ ਚੰਦਰਕਾਂਤ ਕੁਲਕਰਨੀ ਵਰਗੇ ਕਈ ਦਿੱਗਜਾਂ ਨੇ ਸਾਲਾਂ ਤੋਂ ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦਾ ਸੁਪਨਾ ਦੇਖਿਆ ਸੀ।

ਇਹ ਦੇਖਦੇ ਹੋਏ ਕਿ ਵੀ. ਸ਼ਾਂਤਾਰਾਮ ਅਤੇ ਦਾਦਾ ਸਾਹੇਬ ਫਾਲਕੇ ਵਰਗੇ ਦਿੱਗਜਾਂ ਨੇ ਭਾਰਤੀ ਸਿਨੇਮਾ ਦੀ ਨੀਂਹ ਰੱਖੀ, ਪ੍ਰਧਾਨ ਮੰਤਰੀ ਨੇ ਮਰਾਠੀ ਸਿਨੇਮਾ, ਸਾਹਿਤ ਅਤੇ ਸੱਭਿਆਚਾਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਵੰਚਿਤਾਂ ਦੀ ਆਵਾਜ਼ ਬਣ ਚੁਕੇ ਮਰਾਠੀ ਥੀਏਟਰ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਾਲ ਗੰਧਰਵ, ਭੀਮਸੈਨ ਜੋਸ਼ੀ ਅਤੇ ਲਤਾ ਮੰਗੇਸ਼ਕਰ ਵਰਗੇ ਮਹਾਨ ਕਲਾਕਾਰਾਂ ਦੇ ਯੋਗਦਾਨ ਅਤੇ ਮਰਾਠੀ ਸੰਗੀਤ ਦੀ ਪਰੰਪਰਾ ਨੂੰ ਕਾਇਮ ਰੱਖਣ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਇੱਕ ਵਿਅਕਤੀਗਤ ਯਾਦ ਸਾਂਝਾ ਕੀਤੀ ਕਿ ਕਿਵੇਂ ਅਹਿਮਦਾਬਾਦ ਵਿੱਚ ਇੱਕ ਮਰਾਠੀ ਪਰਿਵਾਰ ਨੇ ਉਨ੍ਹਾਂ ਦੀ ਮਰਾਠੀ ਭਾਸ਼ਾ ਸਿੱਖਣ ਵਿੱਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਮਰਾਠੀ ਨੂੰ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਮਿਲਣ ਨਾਲ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਭਾਸ਼ਾ ‘ਤੇ ਖੋਜ ਨੂੰ ਉਤਸ਼ਾਹ ਮਿਲੇਗਾ ਅਤੇ ਮਰਾਠੀ ਵਿੱਚ ਸਾਹਿਤ ਦੇ ਸੰਗ੍ਰਹਿ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਮਰਾਠੀ ਭਾਸ਼ਾ ਦੇ ਵਿਕਾਸ ਲਈ ਕੰਮ ਕਰ ਰਹੀਆਂ ਸੰਸਥਾਵਾਂ, ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਹੁਲਾਰਾ ਦੇਵੇਗਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਪਹਿਲਕਦਮੀ ਨਾਲ ਸਿੱਖਿਆ ਅਤੇ ਖੋਜ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਇਨ੍ਹਾਂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਤਰਜੀਹ ਦੇਣ ਵਾਲੀ ਸਰਕਾਰ ਹੈ, ਪ੍ਰਧਾਨ ਮੰਤਰੀ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਨੂੰ ਮਰਾਠੀ ਵਿੱਚ ਪੜ੍ਹਾਉਣ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਗਿਆਨ, ਅਰਥ ਸ਼ਾਸਤਰ ਅਤੇ ਕਲਾ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਮਰਾਠੀ ਵਿੱਚ ਕਿਤਾਬਾਂ ਦੀ ਵਧਦੀ ਉਪਲਬਧਤਾ ਵੱਲ ਧਿਆਨ ਦਿਵਾਇਆ ਅਤੇ ਮਰਾਠੀ ਨੂੰ ਵਿਚਾਰਾਂ ਦਾ ਮਾਧਿਅਮ ਬਣਾਉਣ 'ਤੇ ਜ਼ੋਰ ਦਿੱਤਾ ਤਾਂ ਜੋ ਮਰਾਠੀ ਭਾਸ਼ਾ ਜੀਵੰਤ ਬਣੀ ਰਹੇ। ਉਨ੍ਹਾਂ ਨੇ ਮਰਾਠੀ ਸਾਹਿਤ ਨੂੰ ਗਲੋਬਲ ਪਲੈਟਫਾਰਮ 'ਤੇ ਲਿਆਉਣ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਭਾਸ਼ਿਣੀ ਐਪ ਦਾ ਵੀ ਜ਼ਿਕਰ ਕੀਤਾ ਜੋ ਆਪਣੇ ਅਨੁਵਾਦ ਫੀਚਰ ਦੁਆਰਾ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਇਸ ਇਤਿਹਾਸਕ ਮੌਕੇ ਨਾਲ ਜ਼ਿੰਮੇਵਾਰੀ ਵੀ ਵਧ ਗਈ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਰਾਠੀ ਭਾਸ਼ਾ ਦੇ ਵਿਕਾਸ ਲਈ ਹਰੇਕ ਮਰਾਠੀ ਬੋਲਣ ਵਾਲੇ ਨੂੰ ਮਰਾਠੀ ਭਾਸ਼ਾ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮਰਾਠੀ ਭਾਸ਼ਾ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਕੇ ਮਰਾਠੀ ਦੀ ਪਹੁੰਚ ਨੂੰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਮਰਾਠੀ ਨੂੰ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਦੇਣ ਲਈ ਸਾਰਿਆਂ ਨੂੰ ਵਧਾਈ ਦਿੰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ। 

 

************

ਐੱਮਜੇਪੀਐੱਸ/ਐੱਸਆਰ/ਟੀਐੱਸ


(Release ID: 2062808) Visitor Counter : 34