ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਠਾਣੇ ਵਿੱਚ 32,800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਮੁੰਬਈ ਮੈਟਰੋ ਲਾਈਨ 3 ਫੇਜ਼-1 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦਾ ਉਦਘਾਟਨ ਕੀਤਾ

ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਅਤੇ ਐਲੀਵੇਟਿਡ ਈਸਟਰਨ ਫ੍ਰੀਵੇਅ ਐਕਸਟੈਂਸ਼ਨ ਦੀ ਨੀਂਹ ਪੱਥਰ ਰੱਖਿਆ

ਨਵੀਂ ਮੁੰਬਈ ਏਅਰਪੋਰਟ ਇੰਫਲੂਐਂਸ ਨੋਟੀਫਾਈਡ ਏਰੀਆ (ਨੈਨਾ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਠਾਣੇ ਮਿਊਂਸਿਪਲ ਕਾਰਪੋਰੇਸ਼ਨ ਦਾ ਨੀਂਹ ਪੱਥਰ ਰੱਖਿਆ

ਭਾਰਤ ਦੀ ਤਰੱਕੀ ਵਿੱਚ ਮਹਾਰਾਸ਼ਟਰ ਦੀ ਅਹਿਮ ਭੂਮਿਕਾ ਹੈ, ਰਾਜ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਠਾਣੇ ਤੋਂ ਕਈ ਪਰਿਵਰਤਨਕਾਰੀ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਦਾ ਹਰ ਫੈਸਲਾ, ਹਰ ਸੰਕਲਪ ਅਤੇ ਹਰ ਪਹਿਲ ਵਿਕਸਿਤ ਭਾਰਤ ਦੇ ਲਕਸ਼ ਨੂੰ ਸਮਰਪਿਤ ਹੈ: ਪ੍ਰਧਾਨ ਮੰਤਰੀ

Posted On: 05 OCT 2024 6:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਠਾਣੇ, ਮਹਾਰਾਸ਼ਟਰ ਵਿੱਚ 32,800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਸਦਾ ਮੁੱਖ ਉਦੇਸ਼ ਖੇਤਰ ਵਿੱਚ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣਾ ਹੈ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਮਹਾਰਾਸ਼ਟਰ ਅਤੇ ਮਰਾਠੀ ਭਾਸ਼ਾ ਪ੍ਰਤੀ ਸਨਮਾਨ ਨਹੀਂ ਹੈ, ਬਲਕਿ ਇਹ ਉਸ ਪਰੰਪਰਾ ਨੂੰ ਸ਼ਰਧਾਂਜਲੀ ਹੈ ਜਿਸ ਨੇ ਭਾਰਤ ਨੂੰ ਗਿਆਨ, ਫਲਸਫੇ, ਰੂਹਾਨੀਅਤ ਅਤੇ ਸਾਹਿਤ ਦਾ ਇੱਕ ਸਮ੍ਰਿੱਧ ਸੱਭਿਆਚਾਰ ਦਿੱਤਾ ਹੈ। ਸ਼੍ਰੀ ਮੋਦੀ ਨੇ ਦੁਨੀਆ ਭਰ ਦੇ ਸਾਰੇ ਮਰਾਠੀ ਬੋਲਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ।

ਨਵਰਾਤਰੀ ਦੇ ਮੌਕੇ 'ਤੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਆਪਣੇ ਵਾਸ਼ਿਮ ਦੌਰੇ ਦਾ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਨੇ ਦੇਸ਼ ਦੇ 9.5 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵੰਡੀ ਅਤੇ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਆਧੁਨਿਕ ਵਿਕਾਸ ਲਈ ਠਾਣੇ ਵਿੱਚ ਨਵੇਂ ਮੀਲ ਪੱਥਰ ਹਾਸਲ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅੱਜ ਦਾ ਮੌਕਾ ਸੂਬੇ ਦੇ ਉੱਜਵਲ ਭਵਿੱਖ ਦੀ ਝਲਕ ਦਿੰਦਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਅੱਜ 30,000 ਕਰੋੜ ਰੁਪਏ ਤੋਂ ਵੱਧ ਦੇ ਮੁੰਬਈ ਐੱਮਐੱਮਆਰ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਅੱਜ 12,000 ਕਰੋੜ ਰੁਪਏ ਤੋਂ ਵੱਧ ਦੇ ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮੁੰਬਈ ਅਤੇ ਠਾਣੇ ਨੂੰ ਇੱਕ ਆਧੁਨਿਕ ਪਹਿਚਾਣ ਮਿਲੇਗੀ। 

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮੁੰਬਈ ਦੇ ਆਰੇ ਤੋਂ ਬੀਕੇਸੀ ਤੱਕ ਐਕਵਾ ਲਾਈਨ ਮੈਟਰੋ (aqua line metro) ਵੀ ਅੱਜ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੰਬਈ ਦੇ ਲੋਕ ਇਸ ਮੈਟਰੋ ਲਾਈਨ ਨੂੰ ਲੰਬੇ ਸਮੇਂ ਤੋਂ ਉਡੀਕ ਰਹੇ ਸਨ। ਸ਼੍ਰੀ ਮੋਦੀ ਨੇ ਐਕਵਾ ਮੈਟਰੋ ਲਾਈਨ ਦੇ ਸਮਰਥਨ ਲਈ ਵਿਸ਼ੇਸ਼ ਤੌਰ 'ਤੇ ਜਾਪਾਨ ਸਰਕਾਰ ਅਤੇ ਜਾਪਾਨੀ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ (ਜੇਆਈਸੀਏ) ਦਾ ਧੰਨਵਾਦ ਕੀਤਾ। ਇਸ ਲਈ, ਉਨ੍ਹਾਂ ਨੇ ਕਿਹਾ, "ਇਹ ਮੈਟਰੋ ਲਾਈਨ ਭਾਰਤ-ਜਾਪਾਨ ਦੋਸਤੀ ਦਾ ਪ੍ਰਤੀਕ ਵੀ ਹੈ।”

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸ਼੍ਰੀ ਬਾਲਾ ਸਾਹਿਬ ਠਾਕਰੇ ਦਾ ਠਾਣੇ ਨਾਲ ਵਿਸ਼ੇਸ਼ ਪਿਆਰ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਠਾਣੇ ਮਰਹੂਮ ਸ਼੍ਰੀ ਆਨੰਦ ਦੀਘੇ ਦਾ ਵੀ ਸ਼ਹਿਰ ਸੀ। ਸ਼੍ਰੀ ਮੋਦੀ ਨੇ ਕਿਹਾ "ਠਾਣੇ ਨੇ ਭਾਰਤ ਦੀ ਪਹਿਲੀ ਮਹਿਲਾ ਡਾਕਟਰ, ਡਾ. ਆਨੰਦੀ ਭਾਈ ਜੋਸ਼ੀ ਦਿੱਤੀ।" ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨਾਲ ਅੱਜ ਅਸੀਂ ਇਨ੍ਹਾਂ ਸਾਰੇ ਦੂਰਅੰਦੇਸ਼ੀ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ। 

ਪ੍ਰਧਾਨ ਮੰਤਰੀ ਨੇ ਅੱਜ ਸ਼ੁਰੂ ਹੋਏ ਵਿਕਾਸ ਕਾਰਜਾਂ ਲਈ ਠਾਣੇ, ਮੁੰਬਈ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ "ਵਿਕਸਿਤ ਭਾਰਤ ਅੱਜ ਹਰ ਭਾਰਤੀ ਦਾ ਲਕਸ਼ ਹੈ।” ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਹਰ ਫੈਸਲਾ, ਹਰ ਸੰਕਲਪ ਅਤੇ ਹਰ ਸੁਪਨਾ ਵਿਕਸਿਤ ਭਾਰਤ ਨੂੰ ਸਮਰਪਿਤ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਲਈ ਮੁੰਬਈ, ਠਾਣੇ ਆਦਿ ਸ਼ਹਿਰਾਂ ਨੂੰ ਭਵਿੱਖ ਲਈ ਤਿਆਰ ਕਰਨਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨਾ ਹੋਵੇਗਾ ਕਿਉਂਕਿ ਇਸ ਨੂੰ ਵਿਕਾਸ ਦੇ ਨਾਲ-ਨਾਲ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਨੂੰ ਵੀ ਦੂਰ ਕਰਨਾ ਹੋਵੇਗਾ। ਪਿਛਲੀਆਂ ਸਰਕਾਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਵਧਦੀ ਆਬਾਦੀ ਅਤੇ ਵਧਦੀ ਟ੍ਰੈਫਿਕ ਘਣਤਾ ਦੇ ਬਾਵਜੂਦ ਮਸਲਿਆਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਵਧਦੀਆਂ ਸਮੱਸਿਆਵਾਂ ਕਾਰਨ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਰੁਕ ਜਾਣ ਦਾ ਖਦਸ਼ਾ ਹੈ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਮੌਜੂਦਾ ਸਰਕਾਰ ਨੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ 300 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੱਟਵਰਤੀ ਸੜਕ ਕਾਰਨ ਮਰੀਨ ਡ੍ਰਾਈਵ ਤੋਂ ਬਾਂਦਰਾ ਤੱਕ ਦਾ ਸਮਾਂ ਘਟ ਕੇ 12 ਮਿੰਟ ਰਹਿ ਗਿਆ ਹੈ, ਜਦੋਂ ਕਿ ਅਟਲ ਸੇਤੂ ਨੇ ਉੱਤਰੀ ਅਤੇ ਦੱਖਣੀ ਮੁੰਬਈ ਦਰਮਿਆਨ ਦੂਰੀ ਨੂੰ ਘਟਾ ਦਿੱਤਾ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਔਰੇਂਜ ਗੇਟ ਤੋਂ ਮਰੀਨ ਡਰਾਈਵ ਜ਼ਮੀਨਦੋਜ਼ ਸੁਰੰਗ ਪ੍ਰੋਜੈਕਟ ਨੇ ਵੀ ਗਤੀ ਪਕੜ ਲਈ ਹੈ।

ਸ਼ਹਿਰ ਦੇ ਵਿਭਿੰਨ ਪ੍ਰੋਜੈਕਟਾਂ ਜਿਵੇਂ ਵਰਸੋਵਾ ਤੋਂ ਬਾਂਦਰਾ ਸੀ ਬ੍ਰਿਜ ਪ੍ਰੋਜੈਕਟ, ਈਸਟਰਨ ਫ੍ਰੀ-ਵੇਅ, ਠਾਣੇ-ਬੋਰੀਵਲੀ ਟਨਲ, ਠਾਣੇ ਸਰਕੂਲਰ ਮੈਟਰੋ ਰੇਲ ਪ੍ਰੋਜੈਕਟ ਦੀ ਸੂਚੀ ਦਿੰਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਪ੍ਰੋਜੈਕਟ ਮੁੰਬਈ ਦਾ ਚਿਹਰਾ ਬਦਲ ਰਹੇ ਹਨ ਅਤੇ ਇਨ੍ਹਾਂ ਦੇ ਨਾਲ ਮੁੰਬਈ ਅਤੇ ਆਸ-ਪਾਸ ਦੇ ਸ਼ਹਿਰਾਂ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਮੁੰਬਈ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਦਯੋਗਾਂ ਦੇ ਵਿਕਾਸ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਨਗੇ। 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਰਾਜ ਸਰਕਾਰ ਮਹਾਰਾਸ਼ਟਰ ਦੇ ਵਿਕਾਸ ਨੂੰ ਆਪਣਾ ਇੱਕੋ-ਇੱਕ ਉਦੇਸ਼ ਮੰਨਦੀ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਟਾਲ-ਮਟੋਲ ਵਾਲੇ ਰਵੱਈਏ 'ਤੇ ਵੀ ਅਫਸੋਸ ਜਤਾਇਆ, ਜਿਸ ਕਾਰਨ ਮੁੰਬਈ ਮੈਟਰੋ ਨੂੰ 2.5 ਸਾਲ ਦੀ ਦੇਰੀ ਹੋਈ, ਜਿਸ ਨਾਲ 14,000 ਕਰੋੜ ਰੁਪਏ ਦੀ ਲਾਗਤ ਵੱਧ ਗਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਇਹ ਪੈਸਾ ਮਹਾਰਾਸ਼ਟਰ ਦੇ ਮਿਹਨਤੀ ਟੈਕਸਪੇਅਰਸ ਦਾ ਸੀ।" 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦਾ ਟ੍ਰੈਕ ਰਿਕਾਰਡ ਇਸ ਗੱਲ ਦਾ ਸਬੂਤ ਹੈ ਕਿ ਉਹ ਵਿਕਾਸ ਵਿਰੋਧੀ ਹਨ ਅਤੇ ਉਨ੍ਹਾਂ ਨੇ ਅਟਲ ਸੇਤੂ ਦੇ ਖਿਲਾਫ ਪ੍ਰਦਰਸ਼ਨ, ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਨੂੰ ਬੰਦ ਕਰਨ ਦੀ ਸਾਜ਼ਿਸ਼ ਅਤੇ ਰਾਜ ਦੇ ਸੋਕੇ ਵਾਲੇ ਖੇਤਰਾਂ ਵਿੱਚ ਪਾਣੀ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਰੋਕਣ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਅਤੀਤ ਤੋਂ ਸਬਕ ਸਿੱਖਣ ਦਾ ਸੁਝਾਅ ਦਿੱਤਾ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਵਿੱਚ ਸ਼ਾਮਲ ਲੋਕਾਂ ਤੋਂ ਸਾਵਧਾਨ ਕੀਤਾ। 

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਮਹਾਰਾਸ਼ਟਰ ਲਈ ਇਮਾਨਦਾਰ ਅਤੇ ਸਥਿਰ ਨੀਤੀਆਂ ਵਾਲੀ ਸਰਕਾਰ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਨਾ ਸਿਰਫ਼ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ ਬਲਕਿ ਸਮਾਜਿਕ ਢਾਂਚੇ ਨੂੰ ਵੀ ਮਜ਼ਬੂਤ ​​ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਹਾਈਵੇਅ, ਐਕਸਪ੍ਰੈਸਵੇਅ, ਰੇਲਵੇ ਅਤੇ ਹਵਾਈ ਅੱਡਿਆਂ ਦੇ ਵਿਕਾਸ ਵਿੱਚ ਵੀ ਰਿਕਾਰਡ ਬਣਾਇਆ ਹੈ ਅਤੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਵੀ ਬਾਹਰ ਕੱਢਿਆ ਹੈ। ਅਸੀਂ ਅਜੇ ਵੀ ਦੇਸ਼ ਨੂੰ ਬਹੁਤ ਅੱਗੇ ਲਿਜਾਣਾ ਹੈ।” ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਹਾਰਾਸ਼ਟਰ ਦਾ ਹਰ ਨਾਗਰਿਕ ਇਸ ਸੰਕਲਪ ਨਾਲ ਖੜ੍ਹਾ ਹੈ।

ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀਪੀ ਰਾਧਾਕ੍ਰਿਸ਼ਨਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਮੌਜੂਦ ਸਨ।

ਪਿਛੋਕੜ

ਖੇਤਰ ਵਿੱਚ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਲਈ ਇੱਕ ਵੱਡੇ ਕਦਮ ਵਜੋਂ, ਪ੍ਰਧਾਨ ਮੰਤਰੀ ਨੇ ਪ੍ਰਮੁੱਖ ਮੈਟਰੋ ਅਤੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਲਗਭਗ 14,120 ਕਰੋੜ ਰੁਪਏ ਦੀ ਲਾਗਤ ਵਾਲੀ ਮੁੰਬਈ ਮੈਟਰੋ ਲਾਈਨ - 3 ਦੇ ਬੀਕੇਸੀ ਤੋਂ ਆਰੇ ਜੇਵੀਐੱਲਆਰ ਸੈਕਸ਼ਨ ਦਾ ਉਦਘਾਟਨ ਕੀਤਾ। ਇਸ ਸੈਕਸ਼ਨ ਵਿੱਚ 10 ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 9 ਜ਼ਮੀਨਦੋਜ਼ ਹੋਣਗੇ। ਮੁੰਬਈ ਮੈਟਰੋ ਲਾਈਨ - 3 ਇੱਕ ਪ੍ਰਮੁੱਖ ਪਬਲਿਕ ਟਰਾਂਸਪੋਰਟ ਪ੍ਰੋਜੈਕਟ ਹੈ ਜੋ ਮੁੰਬਈ ਸ਼ਹਿਰ ਅਤੇ ਉਪਨਗਰਾਂ ਦਰਮਿਆਨ ਆਵਾਜਾਈ ਵਿੱਚ ਸੁਧਾਰ ਕਰੇਗਾ। ਪੂਰੀ ਤਰ੍ਹਾਂ ਕਾਰਜਸ਼ੀਲ ਲਾਈਨ-3 ਨਾਲ ਰੋਜ਼ਾਨਾ ਲਗਭਗ 12 ਲੱਖ ਯਾਤਰੀਆਂ ਨੂੰ ਸੇਵਾ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਲਗਭਗ 12,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਪ੍ਰੋਜੈਕਟ ਦੀ ਕੁੱਲ ਲੰਬਾਈ 29 ਕਿਲੋਮੀਟਰ ਹੈ ਜਿਸ ਵਿੱਚ 20 ਐਲੀਵੇਟਿਡ ਅਤੇ 2 ਭੂਮੀਗਤ ਸਟੇਸ਼ਨ ਹਨ। ਇਹ ਅਭਿਲਾਸ਼ੀ ਬੁਨਿਆਦੀ ਢਾਂਚਾ ਪ੍ਰੋਜੈਕਟ ਮਹਾਰਾਸ਼ਟਰ ਦੇ ਇੱਕ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਠਾਣੇ ਦੀਆਂ ਵਧਦੀਆਂ ਆਵਾਜਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਪ੍ਰਮੁੱਖ ਪਹਿਲ ਹੈ।

ਪ੍ਰਧਾਨ ਮੰਤਰੀ ਨੇ ਛੇੜਾ ਨਗਰ ਤੋਂ ਆਨੰਦ ਨਗਰ, ਠਾਣੇ ਤੱਕ ਲਗਭਗ 3,310 ਕਰੋੜ ਰੁਪਏ ਦੀ ਐਲੀਵੇਟਿਡ ਈਸਟਰਨ ਫ੍ਰੀਵੇਅ ਐਕਸਟੈਂਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟ ਦੱਖਣੀ ਮੁੰਬਈ ਤੋਂ ਠਾਣੇ ਤੱਕ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗਾ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਲਗਭਗ 2,550 ਕਰੋੜ ਰੁਪਏ ਦੇ ਨਵੀਂ ਮੁੰਬਈ ਏਅਰਪੋਰਟ ਇਨਫਲੂਐਂਸ ਨੋਟੀਫਾਈਡ ਏਰੀਆ (ਨੈਨਾ) ਪ੍ਰੋਜੈਕਟ ਦੇ ਫੇਜ਼-1 ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਵਿੱਚ ਮੁੱਖ ਸੜਕਾਂ, ਪੁਲਾਂ, ਫਲਾਈਓਵਰ, ਅੰਡਰਪਾਸ ਅਤੇ ਏਕੀਕ੍ਰਿਤ ਉਪਯੋਗਤਾ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਠਾਣੇ ਨਗਰ ਨਿਗਮ ਦਾ ਨੀਂਹ ਪੱਥਰ ਵੀ ਰੱਖਿਆ। ਠਾਣੇ ਮਿਉਂਸਪਲ ਕਾਰਪੋਰੇਸ਼ਨ ਦੀ ਉੱਚੀ ਪ੍ਰਬੰਧਕੀ ਇਮਾਰਤ ਠਾਣੇ ਦੇ ਨਾਗਰਿਕਾਂ ਨੂੰ ਲਾਭ ਪ੍ਰਦਾਨ ਕਰੇਗੀ, ਕਿਉਂਕਿ ਜ਼ਿਆਦਾਤਰ ਮਿਉਂਸਪਲ ਦਫ਼ਤਰ ਕੇਂਦਰੀ ਸਥਾਨ 'ਤੇ ਸਥਿਤ ਹੋਣਗੇ।

 

**************

 

ਐੱਮਜੇਪੀਐੱਸ/ਐੱਸਆਰ/ਟੀਐੱਸ


(Release ID: 2062634) Visitor Counter : 26