ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav g20-india-2023

ਐੱਨਐੱਚਆਰਸੀ ਦੀ ਦੋ ਹਫ਼ਤਿਆਂ ਦੀ ਔਨਲਾਈਨ ਛੋਟੀ ਮਿਆਦ ਦੀ ਇੰਟਰਨਸ਼ਿਪ ਮੁਕੰਮਲ ਹੋਈ


ਕਾਰਜਕਾਰੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਭਾਰਤੀ ਸਯਾਨੀ ਨੇ ਸਿਖਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਬਣਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪ੍ਰੋਤਸਾਹਿਤ ਕੀਤਾ

ਦੇਸ਼ ਭਰ ਤੋਂ 77 ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ

Posted On: 03 OCT 2024 2:10PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਵੱਲੋਂ ਆਯੋਜਿਤ ਦੋ ਹਫ਼ਤਿਆਂ ਦਾ ਥੋੜ੍ਹੇ ਸਮੇਂ ਲਈ ਮਿੱਥਿਆ ਗਿਆ ਔਨਲਾਈਨ ਇੰਟਰਨਸ਼ਿਪ ਪ੍ਰੋਗਰਾਮ ਮੁਕੰਮਲ ਹੋ ਗਿਆ ਹੈ। 17 ਸਤੰਬਰ, 2024 ਨੂੰ ਇਸਦੀ ਸ਼ੁਰੂਆਤ ਹੋਈ ਸੀ। ਦੇਸ਼ ਦੀਆਂ ਵੱਖੋ ਵੱਖ ਯੂਨੀਵਰਸਿਟੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਸਣੇ ਵੱਖ-ਵੱਖ ਖੇਤਰਾਂ ਦੇ 77 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਔਨਲਾਈਨ ਫਾਰਮੈਟ ਦੀ ਸਹੂਲਤ ਹੋਣ ਕਾਰਨ ਵਿਦਿਆਰਥੀਆਂ ਨੂੰ ਇਸ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਦੀ ਯਾਤਰਾ ਅਤੇ ਹੋਰ ਸੰਬੰਧਿਤ ਖਰਚਿਆਂ ਦਾ ਬੋਝ ਵੀ ਨਹੀਂ ਝੱਲਣਾ ਪਿਆ।

ਸਮਾਪਤੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਐੱਨਐੱਚਆਰਸੀ ਦੀ ਕਾਰਜਕਾਰੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਭਾਰਤੀ ਸਯਾਨੀ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਅਧਿਕਾਰਾਂ ਨੂੰ ਵਧਾਵਾ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਸਿਖਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਕਮਜ਼ੋਰ ਸਮੂਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਕੰਮ ਕਰਨ ਦੀ ਅਪੀਲ ਕੀਤੀ। ਐੱਨਐੱਚਆਰਸੀ ਦੇ ਆਦੇਸ਼ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਫਿਰ ਯਾਦ ਦਿਵਾਇਆ ਕਿ ਕਮਿਸ਼ਨ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਲਈ ਅਜਿਹੇ ਇੰਟਰਨਸ਼ਿਪ ਪ੍ਰੋਗਰਾਮ ਆਯੋਜਿਤ ਕਰਨ ਲਈ ਵਚਨਬੱਧ ਹੈ।

ਇਸ ਤੋਂ ਪਹਿਲਾਂ, ਐੱਨਐੱਚਆਰਸੀ ਦੇ ਜਨਰਲ ਸਕੱਤਰ ਸ਼੍ਰੀ ਭਰਤ ਲਾਲ ਨੇ ਸਿਖਿਆਰਥੀਆਂ ਨੂੰ ਸਫ਼ਲਤਾਪੂਰਵਕ ਇੰਟਰਨਸ਼ਿਪ ਪੂਰਾ ਕਰਨ ’ਤੇ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਸਿਖਿਆਰਥੀ ਇੰਟਰਨਸ਼ਿਪ ਦੇ ਦੌਰਾਨ ਪ੍ਰਾਪਤ ਹੋਏ ਗਿਆਨ ਨੂੰ ਗ੍ਰਹਿਣ ਕਰਨਗੇ ਅਤੇ ਮਨੁੱਖੀ ਅਧਿਕਾਰਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਵਿੱਚ ਇਸਦੀ ਸਭ ਤੋਂ ਵੱਧ ਵਰਤੋਂ ਕਰਨਗੇ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਲੋਕਾਂ ਦੀ ਨਿਰਸਵਾਰਥ ਸੇਵਾ ਲਈ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਮਹਾਤਮਾ ਗਾਂਧੀ, ਨੈਲਸਨ ਮੰਡੇਲਾ ਅਤੇ ਮਾਰਟਿਨ ਲੂਥਰ ਕਿੰਗ ਵਰਗੇ ਮਹਾਨ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਜੀਵਨ ਅਤੇ ਕੰਮਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਨੇ ਇੰਟਰਨਸ਼ਿਪ ਦੇ ਦੌਰਾਨ ਸਿੱਖੇ ਗਏ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਕੇ ਸਮਾਜ ਵਿੱਚ ਲਿਆਂਦੇ ਜਾ ਸਕਣ ਵਾਲੇ ਹਾਂ ਪੱਖੀ ਬਦਲਾਵਾਂ ਬਾਰੇ ਵਿਚਾਰ ਕਰਨ ਦੇ ਲਈ ਸਿਖਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ।

ਐੱਨਐੱਚਆਰਸੀ ਦੇ ਸੰਯੁਕਤ ਸਕੱਤਰ ਸ਼੍ਰੀ ਦੇਵੇਂਦਰ ਕੁਮਾਰ ਨਿਮ ਨੇ ਸੈਸ਼ਨ ਦੌਰਾਨ ਇੰਟਰਨਸ਼ਿਪ ਰਿਪੋਰਟ ਪੇਸ਼ ਕੀਤੀ, ਅਤੇ ਨਾਲ਼ ਹੀ ਪੁਸਤਕ ਸਮੀਖਿਆ, ਸਮੂਹ ਖੋਜ ਪ੍ਰੋਜੈਕਟ ਪੇਸ਼ਕਾਰੀ ਅਤੇ ਭਾਸ਼ਣ ਮੁਕਾਬਲੇ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਵੀ ਕੀਤਾ। ਸਮਾਗਮ ਦੀ ਸਮਾਪਤੀ ਐੱਨਐੱਚਆਰਸੀ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਵੀਰੇਂਦਰ ਸਿੰਘ ਦੇ ਧੰਨਵਾਦ ਦੇ ਮਤੇ ਨਾਲ ਹੋਈ।

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੂਰੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਹੁੰਗਾਰਾ ਦੇਣ ਦਾ ਕੰਮ ਸੌਂਪਿਆ ਗਿਆ ਹੈ। ਆਪਣੀ ਪਹੁੰਚ ਨੂੰ ਵਧਾਉਣ ਅਤੇ ਜਾਗਰੂਕਤਾ ਪਹਿਲਕਦਮੀਆਂ ਦਾ ਵਿਸਥਾਰ ਕਰਨ ਦੇ ਲਈ, ਕਮਿਸ਼ਨ ਔਨਲਾਈਨ ਅਤੇ ਔਫਲਾਈਨ ਦੋਵੇਂ ਤਰੀਕਿਆਂ ਨਾਲ਼ ਇੰਟਰਨਸ਼ਿਪ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਇਨ੍ਹਾਂ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ, ਐੱਨਐੱਚਆਰਸੀ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਅਗਲੀ ਪੀੜ੍ਹੀ ਨੂੰ ਸਿੱਖਿਅਤ ਅਤੇ ਸਸ਼ਕਤ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਰਹਿੰਦਾ ਹੈ।

*****

ਐੱਨਐੱਸਕੇ/ ਵੀਸੀਕੇ



(Release ID: 2062024) Visitor Counter : 7