ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਉੱਚ-ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਬਾਇਓਫੋਰਟੀਫਾਈਡ ਫ਼ਸਲਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ


ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਮੁੱਲ ਵਾਧੇ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ

ਇਨ੍ਹਾਂ ਫ਼ਸਲਾਂ ਦੇ ਬੀਜ ਮੌਸਮ ਦੇ ਅਨੁਕੂਲ ਹਨ ਅਤੇ ਪ੍ਰਤੀਕੂਲ ਮੌਸਮ ਵਿੱਚ ਵੀ ਚੰਗੀ ਫ਼ਸਲ ਪੈਦਾ ਕਰ ਸਕਦੇ ਹਨ: ਸ੍ਰੀ ਸ਼ਿਵਰਾਜ ਸਿੰਘ ਚੌਹਾਨ

ਅੱਜ ਦਾ ਪ੍ਰੋਗਰਾਮ ਲੈਬ ਟੂ ਲੈਂਡ ਪ੍ਰੋਗਰਾਮ ਦੀ ਸਭ ਤੋਂ ਵਧੀਆ ਉਦਾਹਰਣ ਹੈ: ਸ੍ਰੀ ਚੌਹਾਨ

Posted On: 11 AUG 2024 5:40PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਉੱਚ-ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਜੈਵ-ਸਸ਼ਕਤ ਫ਼ਸਲਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ। 

ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਨਵੀਆਂ ਫ਼ਸਲਾਂ ਦੀਆਂ ਕਿਸਮਾਂ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਮੁੱਲ ਵਾਧੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਇਹ ਨਵੀਆਂ ਕਿਸਮਾਂ ਬੇਹੱਦ ਲਾਹੇਵੰਦ ਹੋਣਗੀਆਂ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੇ ਖਰਚੇ ਵੀ ਘਟਣਗੇ ਅਤੇ ਵਾਤਾਵਰਨ 'ਤੇ ਵੀ ਚੰਗਾ ਪ੍ਰਭਾਵ ਪਵੇਗਾ। 

ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਰੇਖਾਂਕਿਤ ਕੀਤਾ ਕਿ ਕਿਵੇਂ ਲੋਕ ਪੌਸ਼ਟਿਕ ਭੋਜਨ ਵੱਲ ਵਧ ਰਹੇ ਹਨ। ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਕੇਵੀਕੇ ਨੂੰ ਹਰ ਮਹੀਨੇ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ ਦੇ ਲਾਭਾਂ ਬਾਰੇ ਕਿਸਾਨਾਂ ਨੂੰ ਸਰਗਰਮੀ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਲਾਭਾਂ ਬਾਰੇ ਜਾਗਰੂਕਤਾ ਵਧ ਸਕੇ। 

ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ 61 ਫ਼ਸਲਾਂ ਦੀਆਂ 109 ਕਿਸਮਾਂ ਵਿੱਚ 34 ਖੇਤ ਫ਼ਸਲਾਂ ਅਤੇ 27 ਬਾਗ਼ਬਾਨੀ ਫ਼ਸਲਾਂ ਸ਼ਾਮਲ ਹਨ। ਖੇਤਾਂ ਦੀਆਂ ਫ਼ਸਲਾਂ ਵਿੱਚ, ਬਾਜਰੇ, ਚਾਰੇ ਦੀਆਂ ਫ਼ਸਲਾਂ, ਤੇਲ ਬੀਜ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵੀ ਫ਼ਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ। ਬਾਗ਼ਬਾਨੀ ਫ਼ਸਲਾਂ ਵਿੱਚ ਫਲਾਂ, ਸਬਜ਼ੀਆਂ, ਪਲਾਂਟੇਸ਼ਨ ਫ਼ਸਲਾਂ, ਕੰਦ ਫ਼ਸਲਾਂ, ਮਸਾਲੇ, ਫੁੱਲ ਅਤੇ ਔਸ਼ਧੀ ਫ਼ਸਲਾਂ ਦੀਆਂ ਵੱਖ ਵੱਖ ਕਿਸਮਾਂ ਜਾਰੀ ਕੀਤੀਆਂ ਗਈਆਂ। 

ਬਾਅਦ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਕਿਸਾਨਾਂ ਲਈ ਇੱਕ ਮਹੱਤਵਪੂਰਨ ਦਿਨ ਹੈ, ਕਿਉਂਕਿ 61 ਫ਼ਸਲਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੱਧ ਉਤਪਾਦਨ, ਵੱਧ ਆਮਦਨ ਅਤੇ ਖਰਚਾ ਘਟਾਉਣ ਵਿੱਚ ਮਦਦ ਮਿਲੇਗੀ। ਸ੍ਰੀ ਚੌਹਾਨ ਨੇ ਕਿਹਾ ਕਿ ਇਨ੍ਹਾਂ ਫ਼ਸਲਾਂ ਦੇ ਬੀਜ ਮੌਸਮ ਦੇ ਅਨੁਕੂਲ ਹਨ ਅਤੇ ਮਾੜੇ ਮੌਸਮ ਵਿੱਚ ਵੀ ਚੰਗੀ ਫ਼ਸਲ ਦੇ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਿਸਮਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ। ਅੱਜ ਦਾ ਪ੍ਰੋਗਰਾਮ ਲੈਬ-ਟੂ-ਲੈਂਡ ਪ੍ਰੋਗਰਾਮ ਦਾ ਸਭ ਤੋਂ ਵਧੀਆ ਉਦਾਹਰਣ ਹੈ। 

ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਕਿ ਤਿੰਨ ਸਾਲਾਂ ਦੇ ਅੰਦਰ ਕਿਸਾਨਾਂ ਨੂੰ ਸਾਰੀਆਂ 109 ਕਿਸਮਾਂ ਦੇ ਬੀਜ ਮਿਲ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਸਮੇਂ ਵਿਦੇਸ਼ੀ ਅੰਬਾਂ ਦੀਆਂ ਕਿਸਮਾਂ ਦੀ ਦਰਾਮਦ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਾਡੀ ਆਪਣੀ ਕਿਸਮ ਵਧੇਰੇ ਲਾਭਕਾਰੀ, ਦਿੱਖ ਵਿਚ ਵਧੇਰੇ ਮਨਮੋਹਕ ਅਤੇ ਵਧੀਆ ਸਾਂਭ-ਸੰਭਾਲ ਯੋਗ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ। ਇਹ ਸਾਰੀਆਂ ਕਿਸਮਾਂ ਕੁਦਰਤੀ ਖੇਤੀ ਲਈ ਢੁਕਵੀਆਂ ਹਨ ਅਤੇ ਇਸ ਵਿਸ਼ੇ 'ਤੇ ਖੋਜ ਜਾਰੀ ਹੈ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੇਵੀਕੇਜ਼, ਆਈਸੀਏਆਰ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਿਰਾਂ ਨੂੰ ਹਰ ਮਹੀਨੇ ਇੱਕ ਦਿਨ ਕਿਸਾਨਾਂ ਨਾਲ ਜੁੜਨ ਦਾ ਪ੍ਰਸਤਾਵ ਦਿੱਤਾ। ਇਸ ਅਦਾਨ-ਪ੍ਰਦਾਨ ਦਾ ਉਦੇਸ਼ ਖੇਤੀਬਾੜੀ ਨਾਲ ਸਬੰਧਤ ਮੌਜੂਦਾ ਮੁੱਦਿਆਂ ਨਾਲ ਨਜਿੱਠਣਾ ਅਤੇ ਆਪਸੀ ਸਿੱਖਿਆ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕਰਨਾ ਹੋਣਾ ਚਾਹੀਦਾ ਹੈ। 

ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਭਾਗੀਰਥ ਚੌਧਰੀ ਅਤੇ ਸ੍ਰੀ ਰਾਮ ਨਾਥ ਠਾਕੁਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਅਤੇ ਡੀਏਆਰਈ ਦੇ ਸਕੱਤਰ ਡਾ. ਹਿਮਾਂਸ਼ੂ ਪਾਠਕ, ਨੇੜਲੇ ਰਾਜਾਂ ਦੇ 30 ਕਿਸਾਨ ਅਤੇ ਆਈਸੀਏਆਰ ਦੇ ਸਾਰੇ ਡੀਡੀਜੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

**************

 

ਐੱਸਐੱਸ



(Release ID: 2044583) Visitor Counter : 24