ਸੱਭਿਆਚਾਰ ਮੰਤਰਾਲਾ
ਸਭਿਆਚਾਰ ਮੰਤਰਾਲੇ ਨੇ 46ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਲਈ ਪ੍ਰੋਜੈਕਟ ਪਰੀ (ਪੀਏਆਰਆਈ) ਦੀ ਸ਼ੁਰੂਆਤ ਕੀਤੀ
ਪ੍ਰੋਜੈਕਟ ਪੀਏਆਰਆਈ ਦਾ ਉਦੇਸ਼ ਸੰਵਾਦ, ਚਿੰਤਨ ਅਤੇ ਪ੍ਰੇਰਨਾ ਨੂੰ ਉਤਸ਼ਾਹਿਤ ਕਰਨਾ ਹੈ, ਜੋ ਰਾਸ਼ਟਰ ਦੇ ਗਤੀਸ਼ੀਲ ਸਭਿਆਚਾਰਕ ਤਾਣੇ-ਬਾਣੇ ਵਿੱਚ ਯੋਗਦਾਨ ਪਾਉਣਾ ਹੈ
ਆਉਣ ਵਾਲੇ ਸਮਾਗਮ ਲਈ ਦੇਸ਼ ਭਰ ਦੇ 150 ਤੋਂ ਵੱਧ ਵਿਜੂਅਲ ਕਲਾਕਾਰ ਰਾਸ਼ਟਰੀ ਰਾਜਧਾਨੀ ਵਿੱਚ ਜਨਤਕ ਥਾਂਵਾਂ ਨੂੰ ਸੋਹਣਾ ਬਣਾਉਣ ਲਈ ਵੱਖ-ਵੱਖ ਸਾਈਟਾਂ 'ਤੇ ਕੰਮ ਕਰ ਰਹੇ ਹਨ
Posted On:
06 JUL 2024 6:50PM by PIB Chandigarh
ਭਾਰਤ ਲੰਬੇ ਸਮੇਂ ਤੋਂ ਕਲਾਤਮਕ ਪ੍ਰਗਟਾਵੇ ਦਾ ਇੱਕ ਜੀਵੰਤ ਕੇਂਦਰ ਰਿਹਾ ਹੈ, ਜਿਸ ਵਿੱਚ ਜਨਤਕ ਕਲਾ ਦਾ ਅਮੀਰ ਇਤਿਹਾਸ ਦੇਸ਼ ਦੀ ਸਭਿਆਚਾਰਕ ਅਤੇ ਅਧਿਆਤਮਿਕ ਵਿਵਿਧਤਾ ਨੂੰ ਦਰਸਾਉਂਦਾ ਹੈ। ਪੁਰਾਤਨ ਚਟਾਨਾਂ ਤੋਂ ਕੱਟੇ ਹੋਏ ਮੰਦਰਾਂ ਅਤੇ ਗੁੰਝਲਦਾਰ ਫ੍ਰੈਸਕੋ ਤੋਂ ਲੈ ਕੇ ਸ਼ਾਨਦਾਰ ਜਨਤਕ ਮੂਰਤੀਆਂ ਅਤੇ ਜੀਵੰਤ ਸਟ੍ਰੀਟ ਆਰਟ ਤੱਕ ਭਾਰਤ ਦੇ ਲੈਂਡਸਕੇਪ ਨੂੰ ਹਮੇਸ਼ਾ ਕਲਾਤਮਕ ਅਦਭੁਤਤਾ ਨਾਲ ਸ਼ਿੰਗਾਰਿਆ ਗਿਆ ਹੈ। ਇਤਿਹਾਸਕ ਤੌਰ 'ਤੇ ਕਲਾ ਰੋਜ਼ਾਨਾ ਜੀਵਨ, ਧਾਰਮਿਕ ਅਭਿਆਸਾਂ ਅਤੇ ਸਮਾਜਿਕ ਰੀਤੀ-ਰਿਵਾਜਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ, ਜੋ ਕਿ ਵੱਖ-ਵੱਖ ਰੂਪਾਂ ਜਿਵੇਂ ਕਿ ਨਾਚ, ਸੰਗੀਤ, ਥੀਏਟਰ ਅਤੇ ਵਿਜੂਅਲ ਆਰਟਸ ਰਾਹੀਂ ਪ੍ਰਗਟ ਹੁੰਦੀ ਹੈ।
ਪ੍ਰੋਜੈਕਟ ਪੀਏਆਰਆਈ (ਪਬਲਿਕ ਆਰਟ ਆਫ਼ ਇੰਡੀਆ), ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ, ਜਿਸ ਨੂੰ ਲਲਿਤ ਕਲਾ ਅਕਾਦਮੀ ਅਤੇ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਆਧੁਨਿਕ ਵਿਸ਼ਿਆਂ ਅਤੇ ਤਕਨੀਕਾਂ ਨੂੰ ਸ਼ਾਮਲ ਕਰਦੇ ਹੋਏ ਹਜ਼ਾਰਾਂ ਸਾਲਾਂ ਦੀ ਕਲਾਤਮਕ ਵਿਰਾਸਤ (ਲੋਕ ਕਲਾ/ਲੋਕ ਸਭਿਆਚਾਰ) ਤੋਂ ਪ੍ਰੇਰਨਾ ਲੈਣ ਵਾਲੀ ਲੋਕ ਕਲਾ ਨੂੰ ਅੱਗੇ ਲਿਆਉਣਾ ਹੈ। ਇਹ ਪ੍ਰਗਟਾਵੇ ਭਾਰਤੀ ਸਮਾਜ ਵਿੱਚ ਕਲਾਵਾਂ ਦੇ ਅੰਦਰੂਨੀ ਮੁੱਲ ਨੂੰ ਰੇਖਾਂਕਿਤ ਕਰਦੇ ਹਨ, ਜੋ ਰਚਨਾਤਮਕਤਾ ਅਤੇ ਕਲਾਤਮਕ ਪ੍ਰਗਟਾਵੇ ਪ੍ਰਤੀ ਰਾਸ਼ਟਰ ਦੀ ਸਥਾਈ ਵਚਨਬੱਧਤਾ ਦਾ ਪ੍ਰਮਾਣ ਹੈ।
ਪ੍ਰੋਜੈਕਟ ਪੀਏਆਰਆਈ ਤਹਿਤ ਪਹਿਲਾ ਕਾਰਜ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ। ਇਹ ਆਯੋਜਨ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦੇ ਨਾਲ ਮੇਲ ਖਾਂਦਾ ਹੈ, ਜੋ ਕਿ ਨਵੀਂ ਦਿੱਲੀ, ਭਾਰਤ ਵਿੱਚ 21-31 ਜੁਲਾਈ, 2024 ਦਰਮਿਆਨ ਆਯੋਜਿਤ ਹੋਣ ਵਾਲਾ ਹੈ।
ਜਨਤਕ ਥਾਵਾਂ 'ਤੇ ਕਲਾ ਦੀ ਨੁਮਾਇੰਦਗੀ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ, ਜੋ ਦੇਸ਼ ਦੀ ਸਮ੍ਰਿੱਧ ਅਤੇ ਵਿਵਿਧ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਜਨਤਕ ਸਥਾਪਨਾਵਾਂ ਵੱਲੋਂ ਕਲਾ ਦਾ ਲੋਕਤੰਤਰੀਕਰਨ ਸ਼ਹਿਰੀ ਲੈਂਡਸਕੇਪਾਂ ਨੂੰ ਪਹੁੰਚਯੋਗ ਗੈਲਰੀਆਂ ਵਿੱਚ ਬਦਲ ਦਿੰਦਾ ਹੈ, ਜਿੱਥੇ ਕਲਾ ਅਜਾਇਬ ਘਰਾਂ ਅਤੇ ਗੈਲਰੀਆਂ ਵਰਗੇ ਰਵਾਇਤੀ ਸਥਾਨਾਂ ਦੀਆਂ ਹੱਦਾਂ ਤੋਂ ਪਾਰ ਹੋ ਜਾਂਦੀ ਹੈ। ਗਲੀਆਂ, ਪਾਰਕਾਂ ਅਤੇ ਆਵਾਜਾਈ ਕੇਂਦਰਾਂ ਵਿੱਚ ਕਲਾ ਨੂੰ ਏਕੀਕ੍ਰਿਤ ਕਰਕੇ, ਇਹ ਪਹਿਲਕਦਮੀਆਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਕਲਾਤਮਕ ਅਨੁਭਵ ਸਾਰਿਆਂ ਲਈ ਉਪਲਬਧ ਹੋਣ। ਇਹ ਸਮਾਵੇਸ਼ੀ ਪਹੁੰਚ ਇੱਕ ਸਾਂਝੀ ਸਭਿਆਚਾਰਕ ਪਛਾਣ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਮਾਜਿਕ ਏਕਤਾ ਨੂੰ ਵਧਾਉਂਦੀ ਹੈ, ਨਾਗਰਿਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਕਲਾ ਨਾਲ ਜੁੜਨ ਲਈ ਸੱਦਾ ਦਿੰਦੀ ਹੈ। ਪ੍ਰੋਜੈਕਟ ਪੀਏਆਰਆਈ ਦਾ ਉਦੇਸ਼ ਸੰਵਾਦ, ਪ੍ਰਤੀਬਿੰਬ ਅਤੇ ਪ੍ਰੇਰਨਾ ਨੂੰ ਉਤੇਜਿਤ ਕਰਨਾ, ਰਾਸ਼ਟਰ ਦੇ ਗਤੀਸ਼ੀਲ ਸਭਿਆਚਾਰਕ ਤਾਣੇ-ਬਾਣੇ ਵਿੱਚ ਯੋਗਦਾਨ ਪਾਉਣਾ ਹੈ।
ਦੇਸ਼ ਭਰ ਦੇ 150 ਤੋਂ ਵੱਧ ਵਿਜੂਅਲ ਆਰਟਿਸਟ ਇਸ ਪ੍ਰੋਜੈਕਟ ਦੇ ਤਹਿਤ ਤਿਆਰ ਕੀਤੇ ਜਾ ਰਹੇ ਵੱਖ-ਵੱਖ ਕੰਧ ਚਿੱਤਰ, ਗ੍ਰੈਫਿਟੀ, ਮੂਰਤੀਆਂ ਅਤੇ ਸਥਾਪਨਾਵਾਂ ਨੂੰ ਬਣਾਉਣ ਲਈ ਇਕੱਠੇ ਹੋਏ ਹਨ। ਰਚਨਾਤਮਕ ਕੈਨਵਸ ਵਿੱਚ ਫਡ ਪੇਂਟਿੰਗ (ਰਾਜਸਥਾਨ), ਥੰਗਕਾ ਪੇਂਟਿੰਗ (ਸਿੱਕਮ/ਲਦਾਖ), ਮਿਨੀਏਚਰ ਪੇਂਟਿੰਗਜ਼ (ਹਿਮਾਚਲ ਪ੍ਰਦੇਸ਼), ਗੋਂਡ ਆਰਟ (ਮੱਧ ਪ੍ਰਦੇਸ਼), ਤੰਜੌਰ ਪੇਂਟਿੰਗਜ਼ (ਤਾਮਿਲ ਨਾਡੂ), ਕਲਾਮਕਾਰੀ (ਆਂਧਰਾ ਪ੍ਰਦੇਸ਼), ਅਲਪੋਨਾ ਆਰਟ (ਪੱਛਮੀ ਬੰਗਾਲ), ਚੇਰਿਆਲ ਪੇਂਟਿੰਗ (ਤੇਲੰਗਾਨਾ), ਪਿਛਵਾਈ ਪੇਂਟਿੰਗ (ਰਾਜਸਥਾਨ), ਲਾਂਜੀਆ ਸੌਰਾ (ਓਡੀਸ਼ਾ), ਪੱਟਚਿੱਤਰ (ਪੱਛਮੀ ਬੰਗਾਲ), ਬਾਨੀ ਥਾਨੀ ਪੇਂਟਿੰਗ (ਰਾਜਸਥਾਨ), ਵਰਲੀ (ਮਹਾਰਾਸ਼ਟਰ), ਪਿਥੌਰਾ ਕਲਾ (ਗੁਜਰਾਤ), ਆਈਪਨ (ਉਤਰਾਖੰਡ), ਕੇਰਲਾ ਮੂਰਲਸ (ਕੇਰਲਾ), ਅਲਪਨਾ ਕਲਾ (ਤ੍ਰਿਪੁਰਾ) ਅਤੇ ਹੋਰ ਸ਼ੈਲੀਆਂ ਤੋਂ ਪ੍ਰੇਰਿਤ ਅਤੇ/ਜਾਂ ਖਿੱਚੀ ਗਈ ਕਲਾਕਾਰੀ ਸ਼ਾਮਲ ਹੈ ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।
ਪ੍ਰੋਜੈਕਟ ਪੀਏਆਰਆਈ ਲਈ ਬਣਾਈਆਂ ਜਾ ਰਹੀਆਂ ਪ੍ਰਸਤਾਵਿਤ ਮੂਰਤੀਆਂ ਵਿੱਚ ਕੁਦਰਤ ਦਾ ਸਤਿਕਾਰ, ਨਾਟਿਆ ਸ਼ਾਸਤਰ, ਗਾਂਧੀ ਜੀ, ਭਾਰਤ ਦੇ ਖਿਡੌਣੇ, ਪਰਾਹੁਣਚਾਰੀ, ਪ੍ਰਾਚੀਨ ਬੁੱਧ, ਨਾਦ ਜਾਂ ਆਦਿ ਧਵਨੀ, ਜੀਵਨ ਦਾ ਸੁਮੇਲ, ਕਲਪਤਰੂ - ਬ੍ਰਹਮ ਰੁੱਖ ਆਦਿ ਤੋਂ ਪ੍ਰੇਰਿਤ ਵਿਚਾਰਾਂ ਸਮੇਤ ਬਹੁਤ ਸਾਰੇ ਵਿਚਾਰ ਸ਼ਾਮਲ ਹਨ।
ਪ੍ਰਸਤਾਵਿਤ 46ਵੀਂ ਵਰਲਡ ਹੈਰੀਟੇਜ ਕਮੇਟੀ ਦੀ ਮੀਟਿੰਗ ਦੇ ਅਨੁਸਾਰ ਕੁਝ ਕਲਾਕ੍ਰਿਤੀਆਂ ਅਤੇ ਮੂਰਤੀਆਂ ਵਿਸ਼ਵ ਵਿਰਾਸਤ ਸਾਈਟਾਂ ਜਿਵੇਂ ਕਿ ਬਿਮਬੇਟਕਾ ਅਤੇ ਭਾਰਤ ਦੀਆਂ 7 ਕੁਦਰਤੀ ਵਿਸ਼ਵ ਵਿਰਾਸਤ ਸਾਈਟਾਂ ਤੋਂ ਪ੍ਰੇਰਨਾ ਲੈਂਦੀਆਂ ਹਨ, ਜਿਨ੍ਹਾਂ ਨੂੰ ਪ੍ਰਸਤਾਵਿਤ ਕਲਾਕ੍ਰਿਤੀਆਂ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।
ਮਹਿਲਾ ਕਲਾਕਾਰ ਪ੍ਰੋਜੈਕਟ ਪੀਏਆਰਆਈ ਦਾ ਇੱਕ ਅਨਿੱਖੜਵਾਂ ਅੰਗ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਭਾਗੀਦਾਰੀ ਭਾਰਤ ਦੀ ਮਹਿਲਾ ਸ਼ਕਤੀ ਦਾ ਪ੍ਰਮਾਣ ਹੈ। ਆਓ ਜਸ਼ਨਾਂ ਵਿੱਚ ਸ਼ਾਮਲ ਹੋਈਏ। ਪ੍ਰੋਜੈਕਟ ਪੀਏਆਰਆਈ ਦੀ ਕਿਸੇ ਰਚਨਾ ਨਾਲ ਆਪਣੀ ਸੈਲਫੀ ਕਲਿੱਕ ਕਰੋ ਅਤੇ ਆਪਣੀਆਂ ਫੋਟੋਆਂ #ProjectPARI ਦੇ ਨਾਲ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰੋ।
ਕਲਾਕ੍ਰਿਤੀਆਂ ਬਾਰੇ ਹੋਰ ਵੇਰਵੇ ਜਲਦੀ ਹੀ https://lalitkala.gov.in/pariproject 'ਤੇ ਉਪਲਬਧ ਹੋਣਗੇ।
************
ਬੀਨਾ ਯਾਦਵ/ਰਿਤੂ ਕਟਾਰੀਆ
(Release ID: 2034008)
Visitor Counter : 69