ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪੈਰਿਸ ਜਾਣ ਵਾਲੇ ਰੋਹਨ ਬੋਪੰਨਾ ਅਤੇ ਸ੍ਰੀਰਾਮ ਬਾਲਾਜੀ ਦੋ ਏਟੀਪੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ


ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਪੈਰਿਸ 2024 ਓਲੰਪਿਕ ਤੋਂ ਪਹਿਲਾਂ ਭਾਰਤੀ ਅਥਲੀਟਾਂ ਦੀ ਤਿਆਰੀ ਲਈ ਸਮਰਥਨ ਵਧਾਇਆ

ਪੈਰਿਸ 2024 ਓਲੰਪਿਕ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਅਥਲੀਟਾਂ ਨੂੰ ਟੋਪਸ ਦੇ ਤਹਿਤ ਸਹਾਇਤਾ ਪ੍ਰਦਾਨ ਕੀਤੀ ਗਈ

Posted On: 04 JUL 2024 3:01PM by PIB Chandigarh

ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਦੀ ਉਸ ਬੇਨਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖ਼ੁਦ ਅਤੇ ਪੁਰਸ਼ ਡਬਲਜ਼ ਦੇ ਉਨ੍ਹਾਂ ਦੇ ਜੋੜੀਦਾਰ ਸ੍ਰੀਰਾਮ ਬਾਲਾਜੀ ਨੂੰ ਪੈਰਿਸ 2024 ਓਲੰਪਿਕ ਖੇਡਾਂ ਤੋਂ ਪਹਿਲਾਂ ਦੋ ਏਟੀਪੀ ਟੂਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਹਾਇਤਾ ਮੰਗੀ ਸੀ।

ਰੋਹਨ ਬੋਪੰਨਾ ਅਤੇ ਸ੍ਰੀਰਾਮ ਬਾਲਾਜੀ ਆਪਣੇ ਕੋਚ ਅਤੇ ਫਿਜ਼ੀਓਥੈਰੇਪਿਸਟ ਦੇ ਨਾਲ ਪੈਰਿਸ ਜਾਣ ਤੋਂ ਪਹਿਲਾਂ ਹੈਮਬਰਗ ਅਤੇ ਉਮਾਗ ਵਿੱਚ ਏਟੀਪੀ 500 ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। 

ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਨਿਸ਼ਾਨੇਬਾਜ਼ਾਂ ਰਿਦਮ ਸਾਂਗਵਾਨ, ਸਰਬਜੋਤ ਸਿੰਘ, ਵਿਜੇਵੀਰ, ਅਤੇ ਅਨੀਸ਼ ਭਾਨਵਾਲਾ ਵੱਲੋਂ ਵੋਲਮੇਰੇਂਜ ਵਿੱਚ ਓਲੰਪਿਕ ਸਿਖਲਾਈ ਕੈਂਪ ਅਤੇ ਚੇਟੋਰੈਕਸ ਵਿੱਚ 2024 ਪੈਰਿਸ ਓਲੰਪਿਕ ਖੇਡਾਂ ਦੇ ਦੌਰਾਨ ਨਿੱਜੀ ਕੋਚਾਂ ਜਾਂ ਟ੍ਰੇਨਰਾਂ ਨਾਲ ਸਬੰਧਤ ਖ਼ਰਚਿਆਂ ਲਈ ਸਹਾਇਤਾ ਲਈ ਬੇਨਤੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੋਪਸ) ਤਹਿਤ ਉਹਨਾਂ ਦੇ ਹਵਾਈ ਸਫ਼ਰ, ਬੋਰਡਿੰਗ ਅਤੇ ਲਾਜਿੰਗ, ਵੀਜ਼ਾ ਖ਼ਰਚਿਆਂ ਅਤੇ ਸਥਾਨਕ ਆਵਾਜਾਈ ਦੇ ਖ਼ਰਚਿਆਂ ਦਾ ਭੁਗਤਾਨ ਵੀ ਕੀਤਾ ਜਾਵੇਗਾ। 

ਸਕੀਟ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਅਤੇ ਅਨੰਤਜੀਤ ਸਿੰਘ ਨਰੂਕਾ ਦੀਆਂ ਬੇਨਤੀਆਂ ਨੂੰ ਵੀ ਐੱਮਓਸੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਬੇਨਤੀਆਂ ਵਿੱਚ ਇਟਲੀ ਦੇ ਅਰੇਜ਼ੋ ਵਿੱਚ ਨਿੱਜੀ ਕੋਚ ਰਿਕਾਰਡੋ ਫਿਲੀਪੇਲੀ ਅਤੇ ਇਟਲੀ ਦੇ ਕੇਪੂਆ ਵਿੱਚ ਤਿਰੋ ਏ ਵੋਲੋ ਫ਼ੈਲਕੋ ਰੇਂਜ ਵਿੱਚ ਨਿੱਜੀ ਕੋਚ ਐੱਨੀਓ ਫਾਲਕੋ ਨਾਲ ਸਿਖਲਾਈ ਲਈ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਗਈ ਸੀ। ਮੀਟਿੰਗ ਦੌਰਾਨ ਐੱਮਓਸੀ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ 24 ਦਿਨਾਂ ਲਈ ਸੇਂਟ ਮੋਰਿਟਜ਼, ਸਵਿਟਜ਼ਰਲੈਂਡ ਵਿੱਚ ਸਿਖਲਾਈ ਲਈ ਸਟੀਪਲਚੇਜ਼ਰ ਅਵਿਨਾਸ਼ ਸਾਬਲੇ ਅਤੇ ਪਾਰੁਲ ਚੌਧਰੀ ਦੇ ਨਾਲ ਨਾਲ ਉਨ੍ਹਾਂ ਦੇ ਕੋਚ ਸਕਾਟ ਸਿਮੰਸ ਨੂੰ ਸਹਾਇਤਾ ਦੇਣ ਦਾ ਫੈਸਲਾ ਕੀਤਾ। ਹੋਰ ਪ੍ਰਵਾਨਗੀਆਂ ਵਿੱਚ ਔਰਤਾਂ ਦੀ ਰਿਲੇਅ 4x400 ਮੀਟਰ ਟੀਮ ਲਈ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਸਹਾਇਤਾ ਅਤੇ ਟੇਬਲ ਟੈਨਿਸ ਖਿਡਾਰੀ ਹਰਮੀਤ ਦੇਸਾਈ ਦੀ ਜਰਮਨੀ ਦੇ ਬੀਬਰੈਚ ਵਿੱਚ ਸਿਖਲਾਈ ਸਹਾਇਤਾ ਸ਼ਾਮਲ ਹੈ, ਜਿਸ ਵਿੱਚ ਖਪਤਯੋਗ ਵਸਤਾਂ ਦੀ ਖ਼ਰੀਦ ਅਤੇ ਸਹਾਇਕ ਸਟਾਫ ਦੀ ਫ਼ੀਸ ਵੀ ਸ਼ਾਮਲ ਹੈ। ਐੱਮਓਸੀ ਨੇ ਪੈਰਿਸ ਓਲੰਪਿਕ ਲਈ 400 ਮੀਟਰ ਦੌੜਾਕ ਕਿਰਨ ਪਹਿਲ, ਹਾਈ ਜੰਪਰ ਸਰਵੇਸ਼ ਅਨਿਲ ਕੁਸ਼ਾਰੇ ਅਤੇ ਸ਼ਾਟ ਪੁਟਰ ਆਭਾ ਖਟੂਆ ਨੂੰ ਵੀ ਟੋਪਸ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਹੈ।

************

 

ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ



(Release ID: 2030992) Visitor Counter : 5