ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪਿਛਲੇ 9 ਵਰ੍ਹਿਆਂ ਵਿੱਚ 12 ਕਰੋੜ ਪਖਾਨੇ ਬਣਾਏ ਗਏ, ਜਿਸ ਨਾਲ ਸਾਨੂੰ ਖੁੱਲ੍ਹੇ ਵਿੱਚ ਸ਼ੌਚ ਦੀ ਸਮੱਸਿਆ ਤੋਂ ਮੁਕਤੀ ਮਿਲੀ: ਹਰਦੀਪ ਐੱਸ ਪੁਰੀ
95 ਪ੍ਰਤੀਸ਼ਤ ਵਾਰਡਾਂ ਵਿੱਚ ਘਰ-ਘਰ ਜਾ ਕੇ 100 ਪ੍ਰਤੀਸ਼ਤ ਕੂੜਾ ਇਕੱਠਾ ਕਰਨਾ ਸੁਨਿਸ਼ਚਿਤ ਕੀਤਾ ਗਿਆ: ਹਰਦੀਪ ਪੁਰੀ
ਸਵੱਛਤਾ ਪਖਵਾੜਾ-2024(1-15 ਜੁਲਾਈ 2024) ਦਾ ਉਦਘਾਟਨ ਕੀਤਾ ਗਿਆ
Posted On:
01 JUL 2024 1:45PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਅੱਜ ਇੱਥੇ ਸ਼ਾਸਤਰੀ ਭਵਨ ਵਿਖੇ ਆਯੋਜਿਤ ਇੱਕ ਉਦਘਾਟਨੀ ਸਮਾਰੋਹ ਦੇ ਨਾਲ ਸਵੱਛਤਾ ਪਖਵਾੜਾ-2024 ਦੀ ਸ਼ੁਰੂਆਤ ਕੀਤੀ।
ਇਸ ਇਵੈਂਟ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ। ਇਸ ਸਮਾਰੋਹ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਪੰਕਜ ਜੈਨ ਵੀ ਮੌਜੂਦ ਸਨ।
ਇਸ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸਵੱਛ ਭਾਰਤ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਸਵੱਛਤਾ ਪਖਵਾੜਾ ਪਹਿਲ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸਵੱਛਤਾ ਅਭਿਯਾਨ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਵਿੱਚ ਸਭ ਤੋਂ ਮੌਲਿਕ ਪਰਿਵਰਤਨਕਾਰੀ ਅਭਿਯਾਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਅਭਿਯਾਨ ਨੇ ਸਾਡੇ ਸੋਚਣ ਦੇ ਤਰੀਕੇ ਵਿੱਚ ਇੱਕ ਵੱਡਾ ਬਦਲਾਅ ਲਿਆਂਦਾ ਹੈ।
ਸ਼੍ਰੀ ਪੁਰੀ ਨੇ ਸਾਰੇ ਵਿਭਾਗਾਂ ਵਿੱਚ ਸਵੱਛਤਾ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਮੰਤਰਾਲੇ ਦੇ ਅਧੀਨ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਸਬੰਧਿਤ ਦਫ਼ਤਰਾਂ ਸਮੇਤ ਸਾਰੇ ਹਿੱਤਧਾਰਕਾਂ ਦੀ ਸਰਗਰਮ ਭਾਗੀਦਾਰੀ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ।
ਇਸ ਇਵੈਂਟ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪੁਰੀ ਨੇ ਪਿਛਲੇ ਵਰ੍ਹੇ ਦੇ ਸਵੱਛਤਾ ਪਖਵਾੜੇ ਦੀਆਂ ਉਪਲਬਧੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸਵੱਛਤਾ ਸੁਵਿਧਾਵਾਂ ਦਾ ਨਿਰਮਾਣ, ਸਵੱਛਤਾ ਸਬੰਧੀ ਬੁਨਿਆਦੀ ਢਾਂਚੇ ਦੀ ਸਥਾਪਨਾ ਅਤ ਜਨਤਕ ਸਥਾਨਾਂ ਅਤੇ ਦਫ਼ਤਰਾਂ ਵਿੱਚ ਸਫ਼ਾਈ ਅਭਿਯਾਨ ਜਿਹੀਆਂ ਵਿਭਿੰਨ ਗਤੀਵਿਧੀਆਂ ਸ਼ਾਮਲ ਸਨ। ਉਨ੍ਹਾਂ ਨੇ ਕਿਹਾ, “ਪਿਛਲੇ ਸਾਲ ਅਸੀਂ ਟਿਕਾਊ ਵਿਕਾਸ ਲਕਸ਼ 6 (ਐੱਸਡੀਜੀ-6) ਨੂੰ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ 1 ਜੁਲਾਈ ਤੋਂ 15 ਜੁਲਾਈ 2023 ਦੇ ਦਰਮਿਆਨ ‘ਸਵੱਛਤਾ ਪਖਵਾੜੇ’ ਦੇ ਤਹਿਤ ਕਈ ਗਤੀਵਿਧੀਆਂ ਕੀਤੀਆਂ।”
ਸ਼੍ਰੀ ਪੁਰੀ ਨੇ ਸਵੱਛ ਭਾਰਤ ਮਿਸ਼ਨ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਲਈ ਵੀ ਕੁਝ ਸਮਾਂ ਕੱਢਿਆ। ਸਵੱਛ ਭਾਰਤ ਮਿਸ਼ਨ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਭਾਰਤ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਵਿੱਚ ਲਗਭਗ 12 ਕਰੋੜ ਪਖਾਨਿਆਂ ਦੇ ਨਿਰਮਾਣ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਮਹੱਤਵਪੂਰਨ ਸੁਧਾਰਾਂ ਅਤੇ ਸਿਹਤ ਅਤੇ ਸਵੱਛਤਾ ਪ੍ਰਥਾਵਾਂ ‘ਤੇ ਸਮੁੱਚੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਾਡਾ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਜੋ ਮਿਸ਼ਨ ਦੀ ਸ਼ੁਰੂਆਤ ਵਿੱਚ ਲਗਭਗ ਨਾ ਦੇ ਬਰਾਬਰ ਸੀ, ਹੁਣ ਪ੍ਰਭਾਵਸ਼ਾਲੀ 77 ਪ੍ਰਤੀਸ਼ਤ ‘ਤੇ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅਨੁਸਾਰ, ਬਿਹਤਰ ਸਿਹਤ ਅਤੇ ਸਵੱਛਤਾ ਪ੍ਰਥਾਵਾਂ ਦੇ ਕਾਰਨ ਪਰਿਵਾਰਾਂ ਨੇ 50,000 ਰੁਪਏ ਤੱਕ ਦੀ ਬਚਤ ਕੀਤੀ ਹੈ।
ਸ਼੍ਰੀ ਪੁਰੀ ਨੇ ਸਵੱਛਤਾ ਦੇ ਪ੍ਰਤੀ ਨਿਰੰਤਰ ਪ੍ਰਤੀਬੱਧਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਅਤੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 (ਐੱਸਬੀਐੱਮ-ਯੂ 2.0) ਰਾਹੀਂ ਸਾਰੇ ਪੁਰਾਣੇ ਕੂੜਾ ਸਥਾਨਾਂ ਦੇ ਸੁਧਾਰ ਦੇ ਮਹੱਤਵ ‘ਤੇ ਜ਼ੋਰ ਦਿੱਤਾ।
******
ਕੇਐੱਸਵਾਈ/ਐੱਮ
(Release ID: 2030366)
Visitor Counter : 56