ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2024-25 ਦੇ ਲਈ ਸੁਝਾਅ ਲੈਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਵਿਧਾਨ ਸਭਾ ਦੇ ਨਾਲ) ਦੇ ਵਿੱਤ ਮੰਤਰੀਆਂ ਦੇ ਨਾਲ ਪ੍ਰੀ-ਬਜਟ ਸਲਾਹ-ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 22 JUN 2024 3:18PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ (ਵਿਧਾਨ ਸਭਾ ਦੇ ਨਾਲ) ਦੇ ਵਿੱਤ ਮੰਤਰੀਆਂ ਦੇ ਨਾਲ ਪ੍ਰੀ-ਬਜਟ ਸਲਾਹ ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਮੀਟਿੰਗ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ  ਸ਼੍ਰੀ ਪੰਕਜ ਚੌਧਰੀ, ਗੋਆ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਦੇ ਮੁੱਖ ਮੰਤਰੀ, ਬਿਹਾਰ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਤੇਲੰਗਾਨਾ ਦੇ ਉੱਪ-ਮੁੱਖ ਮੰਤਰੀ, ਵੱਖ-ਵੱਖ ਰਾਜਾਂ ਦੇ ਵਿੱਤ ਮੰਤਰੀ ਅਤੇ ਹੋਰ ਮੰਤਰੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਵਿਧਾਨ ਸਭਾ ਦੇ ਨਾਲ) ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਵਿੱਤ ਸਕੱਤਰ ਨੇ ਮੀਟਿੰਗ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ। ਜ਼ਿਆਦਾਤਰ ਮੰਤਰੀਆਂ ਨੇ ਭਾਰਤ ਸਰਕਾਰ ਦੀ ‘ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ’ ਦੀ ਸ਼ਲਾਘਾ ਕੀਤੀ ਅਤੇ ਇਸ ਵਿੱਚ ਅੱਗੇ ਸੁਧਾਰ ਲਈ ਕੁਝ ਹੋਰ ਸੁਝਾਅ ਦਿੱਤੇ। ਪ੍ਰਤੀਭਾਗੀਆਂ ਨੇ ਕੁਝ ਰਾਜ-ਵਿਸ਼ੇਸ਼ ਬੇਨਤੀਆਂ ਦੇ ਨਾਲ ਵਿੱਤੀ-ਵਰ੍ਹੇ 2024-25 ਦੇ ਕੇਂਦਰੀ ਬਜਟ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਵਿੱਤ ਮੰਤਰੀ ਨੂੰ ਕਈ ਕੀਮਤੀ ਸੁਝਾਅ ਵੀ ਦਿੱਤੇ।

ਆਪਣੀਆਂ ਟਿੱਪਣੀਆਂ ਵਿੱਚ, ਕੇਂਦਰੀ ਵਿੱਤ ਮੰਤਰੀ ਨੇ ਵਿਕਾਸ ਨੂੰ ਪ੍ਰੇਤਸਾਹਨ ਪ੍ਰਦਾਨ ਕਰਨ ਲਈ ਸਮੇਂ ‘ਤੇ ਟੈਕਸ ਵੰਡ, ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਅਤੇ ਜੀਐੱਸਟੀ ਮੁਆਵਜ਼ੇ ਦੇ ਬਕਾਏ ਰਾਹੀਂ ਰਾਜਾਂ ਨੂੰ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਸਮਰਥਨ ਨੂੰ ਰੇਖਾਂਕਿਤ ਕੀਤਾ।

 ‘ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਦੇ ਸਬੰਧ ਵਿੱਚ, ਸ਼੍ਰੀਮਤੀ ਸੀਤਾਰਮਨ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਜਿੱਥੇ ਜ਼ਿਆਦਾਤਰ ਕਰਜ਼ਿਆਂ ਨੂੰ ਬੰਦ ਕੀਤਾ ਗਿਆ ਹੈ, ਉੱਥੇ ਹੀ ਇਸ ਦਾ ਇੱਕ ਹਿੱਸਾ ਰਾਜਾਂ ਦੁਆਰਾ ਨਾਗਰਿਕ-ਕੇਂਦਰੀ ਸੁਧਾਰਾਂ ਅਤੇ ਖੇਤਰ-ਵਿਸ਼ੇਸ਼ ਪੂੰਜੀ ਪ੍ਰੋਜੈਕਟਾਂ ਨਾਲ ਸ਼ਰਤੀਆ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਜਾਂ ਨੂੰ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਕੇ ਇਨ੍ਹਾਂ ਕਰਜ਼ਿਆਂ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ।

ਕੇਂਦਰੀ ਵਿੱਤ ਮੰਤਰੀ ਨੇ ਸਾਰੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਇਨਪੁਟ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕੇਂਦਰੀ ਬਜਟ 2024-25 ਦੀ ਤਿਆਰੀ ਦੌਰਾਨ ਕੇਂਦਰ ਸਰਕਾਰ ਦੁਆਰਾ ਉੱਚਿਤ ਵਿਚਾਰ ਦਾ ਭਰੋਸਾ ਦਿੱਤਾ।

****

ਐੱਨਬੀ/ਕੇਐੱਮਐੱਨ



(Release ID: 2028293) Visitor Counter : 14