ਆਯੂਸ਼

ਕੇਂਦਰੀ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ 'ਸਵੈ ਅਤੇ ਸਮਾਜ ਲਈ ਯੋਗ' 'ਤੇ ਜ਼ੋਰ ਦਿੱਤਾ


ਅੰਤਰਰਾਸ਼ਟਰੀ ਯੋਗ ਦਿਵਸ 2024 ਸ੍ਰੀਨਗਰ ਵਿੱਚ ਆਯੋਜਿਤ ਕੀਤਾ ਜਾਵੇਗਾ

ਵਿਅਕਤੀਗਤ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਦੋਹਰੀ ਭੂਮਿਕਾ ਨੂੰ ਉਜਾਗਰ ਕੀਤਾ

‘ਬ੍ਰੇਲ ਲਿਪੀ ਵਿੱਚ ਇੱਕ ਕੌਮਨ ਯੋਗ ਪ੍ਰੋਟੋਕੋਲ ਪੁਸਤਕ' ਲਾਂਚ ਕੀਤੀ; ਬੱਚਿਆਂ ਲਈ ਪ੍ਰੋਫ਼ੈਸਰ ਆਯੁਸ਼ਮਾਨ ਕੌਮਿਕ ਬੁੱਕ ਦਾ ਉਦਘਾਟਨ ਕੀਤਾ

ਪਿਛਲੇ 10 ਸਾਲਾਂ ਵਿੱਚ ਆਈਡੀਵਾਈ ਨੇ ਚਾਰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਏ

Posted On: 18 JUN 2024 2:49PM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਦਾ ਥੀਮ 'ਸਵੈ ਅਤੇ ਸਮਾਜ ਲਈ ਯੋਗ' ਵਿਅਕਤੀਗਤ ਅਤੇ ਸਮਾਜਕ ਭਲਾਈ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਦੋਹਰੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ "ਯੋਗ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਦਾ ਪੋਸ਼ਣ ਕਰਦਾ ਹੈ। ਉਨ੍ਹਾਂ ਅੱਗੇ ਕਿਹਾ "ਹਾਲ ਹੀ ਦੇ ਸਾਲਾਂ ਵਿੱਚ ਲੱਖਾਂ ਲੋਕਾਂ ਦੀ ਉਤਸ਼ਾਹੀ ਸ਼ਮੂਲੀਅਤ ਭਾਈਚਾਰਿਆਂ ਉੱਤੇ ਯੋਗ ਦੇ ਡੂੰਘੇ ਪ੍ਰਭਾਵ ਨੂੰ ਦਰਸਾਉਂਦੀ ਹੈ।" ਉਨ੍ਹਾਂ ਇਹ ਵੀ ਘੋਸ਼ਣਾ ਕੀਤੀ ਕਿ ਪ੍ਰਧਾਨ ਮੰਤਰੀ ਨੇ ਗ੍ਰਾਮੀਣ ਖੇਤਰਾਂ ਵਿੱਚ ਜ਼ਮੀਨੀ ਪੱਧਰ ਦੀ ਭਾਗੀਦਾਰੀ ਅਤੇ ਯੋਗ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਦੇ ਹੋਏ ਹਰੇਕ ਗ੍ਰਾਮ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਇਸ ਸਾਲ ਦੇ ਆਈਡੀਵਾਈ ਜਸ਼ਨ ਸ੍ਰੀਨਗਰ ਵਿੱਚ ਆਯੋਜਿਤ ਕੀਤੇ ਜਾਣਗੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਵਾਰ ਫਿਰ ਤੋਂ ਅਗਵਾਈ ਕਰਨਗੇ। 

ਉਹ ਅੱਜ ਇੱਥੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਕਰਟੇਨ ਰੇਜ਼ਰ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਪੱਧਰ 'ਤੇ ਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਪ੍ਰਮੁੱਖ ਸ਼ਖ਼ਸੀਅਤ ਰਹੇ ਹਨ। 2015 ਤੋਂ ਪ੍ਰਧਾਨ ਮੰਤਰੀ ਨੇ ਦਿੱਲੀ, ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਜਬਲਪੁਰ ਅਤੇ ਇੱਥੋਂ ਤੱਕ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਕਰਤੱਵਯ ਪਾਠ ਸਮੇਤ ਵੱਖ-ਵੱਖ ਪ੍ਰਸਿੱਧ ਸਥਾਨਾਂ 'ਤੇ ਆਈਡੀਵਾਈ ਜਸ਼ਨਾਂ ਦੀ ਅਗਵਾਈ ਕੀਤੀ ਹੈ। ਸ਼੍ਰੀ ਜਾਧਵ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਨੇ ਯੋਗ ਦੀ ਵਿਸ਼ਵ ਪ੍ਰਸਿੱਧੀ ਅਤੇ ਮਾਨਤਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸਤੰਬਰ, 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਨੂੰ ਦਿੱਤੇ ਪ੍ਰਸਤਾਵ ਤੋਂ ਬਾਅਦ 11 ਦਸੰਬਰ, 2014 ਨੂੰ ਸਰਬਸੰਮਤੀ ਨਾਲ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਲਈ ਇੱਕ ਮਹੱਤਵਪੂਰਨ ਕੂਟਨੀਤਕ ਜਿੱਤ ਸੀ। ਇਸ ਯਤਨ ਨਾਲ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ। 

ਪਿਛਲੇ 10 ਸਾਲਾਂ ਵਿੱਚ ਆਈਡੀਵਾਈ ਨੇ ਚਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਏ ਹਨ। 2015 ਵਿੱਚ ਕੁੱਲ 35,985 ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਰਾਜਪਥ 'ਤੇ ਯੋਗ ਕੀਤਾ। ਕੁੱਲ 84 ਦੇਸ਼ਾਂ ਨੇ ਇੱਕ ਥਾਂ 'ਤੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਹੌਲੀ-ਹੌਲੀ ਹਰ ਸਾਲ ਦੁਨੀਆ ਭਰ ਤੋਂ ਭਾਗੀਦਾਰੀ ਦੀ ਗਿਣਤੀ ਵਧਦੀ ਗਈ ਅਤੇ ਪਿਛਲੇ ਸਾਲ 2023 ਵਿੱਚ ਦੁਨੀਆ ਭਰ ਤੋਂ ਕੁੱਲ 23.4 ਕਰੋੜ ਲੋਕਾਂ ਨੇ ਆਈਡੀਵਾਈ ਈਵੈਂਟ ਵਿੱਚ ਹਿੱਸਾ ਲਿਆ। 

ਆਯੁਸ਼ ਰਾਜ ਮੰਤਰੀ ਨੇ ਨੇਤਰਹੀਣਾਂ ਨੂੰ ਸਹੂਲਤ ਨਾਲ ਯੋਗ ਸਿੱਖਣ ਅਤੇ ਅਭਿਆਸ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਬਰੇਲ ਲਿਪੀ ਵਿੱਚ ‘ਕੌਮਨ ਯੋਗ ਪ੍ਰੋਟੋਕੋਲ ਬੁੱਕ’ ਲਾਂਚ ਕੀਤੀ। ਉਨ੍ਹਾਂ ਨੇ ਯੋਗ 'ਤੇ ਪ੍ਰੋਫ਼ੈਸਰ ਆਯੁਸ਼ਮਾਨ ਕੌਮਿਕ ਵੀ ਲਾਂਚ ਕੀਤਾ। ਉਨ੍ਹਾਂ ਕਿਹਾ "ਇਹ ਕਿਤਾਬ ਬੱਚਿਆਂ ਨੂੰ ਦਿਲਚਸਪੀ ਅਤੇ ਮਨੋਰੰਜਨ ਨਾਲ ਯੋਗ ਸਿੱਖਣ ਅਤੇ ਅਭਿਆਸ ਕਰਨ ਵਿੱਚ ਮਦਦ ਕਰੇਗੀ।”

ਇੱਕ ਵਿਸ਼ੇਸ਼ ਪਹਿਲਕਦਮੀ ਵਜੋਂ ਇਸ ਸਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅੰਤਰਰਾਸ਼ਟਰੀ ਯੋਗ ਦਿਵਸ 2024 ਨੂੰ ਮਨਾਉਣ ਲਈ ਇੱਕ ਵਿਲੱਖਣ ਪਹਿਲਕਦਮੀ 'ਪੁਲਾੜ ਲਈ ਯੋਗ' ਦਾ ਆਯੋਜਨ ਕਰ ਰਿਹਾ ਹੈ। ਇਸਰੋ ਦੇ ਸਾਰੇ ਵਿਗਿਆਨੀ ਅਤੇ ਅਧਿਕਾਰੀ ਕੌਮਨ ਯੋਗ ਪ੍ਰੋਟੋਕੋਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕੱਠੇ ਯੋਗਾ ਕਰਨਗੇ। ਗਗਨਯਾਨ ਪ੍ਰੋਜੈਕਟ ਦੀ ਟੀਮ ਵੀ ਇਸ ਮੌਕੇ 'ਤੇ ਯੋਗ ਅਭਿਆਸ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਿਸ਼ਵ ਮੁਹਿੰਮ ਵਿੱਚ ਸ਼ਾਮਲ ਹੋਵੇਗੀ।

ਯੋਗ ਦੇ ਖੇਤਰ ਵਿੱਚ ਤਕਨਾਲੋਜੀ ਅਤੇ ਸਟਾਰਟ-ਅੱਪ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਨੇ ਭਾਰਤ ਸਰਕਾਰ ਦੇ MyGov ਪੋਰਟਲ ਅਤੇ MyBharat ਪੋਰਟਲ 'ਤੇ ਯੋਗ ਟੈਕ ਚੈਲੇਂਜ ਦਾ ਆਯੋਜਨ ਕੀਤਾ ਹੈ, ਜਿਸਦਾ ਉਦੇਸ਼ ਉਨ੍ਹਾਂ ਸਟਾਰਟ-ਅੱਪਸ ਜਾਂ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਨ੍ਹਾਂ ਨੇ ਯੋਗ ਨਾਲ ਸਬੰਧਤ ਸਾਧਨ, ਵਿਕਸਿਤ ਸਾਫ਼ਟਵੇਅਰ ਅਤੇ ਸਹਾਇਕ ਉਤਪਾਦ ਵਿਕਸਿਤ ਕੀਤੇ ਹਨ।

ਆਯੁਸ਼ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਯਾਤਰਾ 'ਤੇ ਚਾਨਣਾ ਪਾਇਆ ਅਤੇ ਸਮੁੱਚੀ ਸਿਹਤ, ਸਮਾਜਿਕ ਕਦਰਾਂ-ਕੀਮਤਾਂ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਯੋਗ ਮਨ ਅਤੇ ਸਰੀਰ ਵਿਚਕਾਰ ਏਕਤਾ ਨੂੰ ਉਤਸ਼ਾਹਿਤ ਕਰਦਾ ਹੈ, ਸੰਤੁਲਨ, ਸੰਜਮ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ।" ਉਨ੍ਹਾਂ ਵਿਸ਼ਵਵਿਆਪੀ ਮਹਾਮਾਰੀ ਦੌਰਾਨ ਵਰਚੂਅਲ ਜਸ਼ਨਾਂ ਨੂੰ ਯਾਦ ਕੀਤਾ, ਜਿਸ ਵਿੱਚ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਸੀ। 

ਉਨ੍ਹਾਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਲਈ 'ਸਰਕਾਰ ਦੀ ਸੰਪੂਰਨ' ਪਹੁੰਚ ਨੂੰ ਹੋਰ ਉਜਾਗਰ ਕੀਤਾ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਤਾਲਮੇਲ ਵਾਲੇ ਯਤਨਾਂ ਅਤੇ ਹਰ ਸਾਲ ਇੱਕ ਸਮਾਵੇਸ਼ੀ ਅਤੇ ਵਿਆਪਕ ਤੌਰ 'ਤੇ ਮਨਾਉਣ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ 'ਤੇ ਜ਼ੋਰ ਦਿੱਤਾ। ਰਾਜ ਸਰਕਾਰਾਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਆਈਡੀਵਾਈ 2024 ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਨ। ਦੇਸ਼ ਭਰ ਵਿੱਚ ਰਾਸ਼ਟਰੀ ਆਯੂਸ਼ ਮਿਸ਼ਨ ਟੀਮ ਵੀ ਆਈਡੀਵਾਈ ਸਮਾਗਮਾਂ ਦੇ ਆਯੋਜਨ ਵਿੱਚ ਸਰਗਰਮ ਹੈ। ਇਹ ਸਹਿਯੋਗੀ ਯਤਨ ਸਮਾਜ ਦੇ ਸਾਰੇ ਖੇਤਰਾਂ ਵਿੱਚ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। 

ਦਿੱਲੀ ਵਿੱਚ ਆਯੁਸ਼ ਮੰਤਰਾਲੇ ਨੇ 21 ਜੂਨ, 2024 ਨੂੰ ਜਨ ਯੋਗ ਸਮਾਗਮਾਂ ਦਾ ਆਯੋਜਨ ਕਰਨ ਲਈ ਐੱਨਡੀਐੱਮਸੀ (ਨਵੀਂ ਦਿੱਲੀ ਨਗਰ ਨਿਗਮ), ਏਐੱਸਆਈ (ਭਾਰਤੀ ਪੁਰਾਤੱਤਵ ਸਰਵੇਖਣ) ਅਤੇ ਡੀਡੀਏ ਦਿੱਲੀ ਵਿਕਾਸ ਅਥਾਰਟੀ ਨਾਲ ਸਹਿਯੋਗ ਕੀਤਾ ਹੈ। ਮੰਤਰਾਲੇ ਨੂੰ ਬ੍ਰਹਮ ਕੁਮਾਰੀ, ਆਰਟ ਆਫ਼ ਲਿਵਿੰਗ, ਪਤੰਜਲੀ, ਗਾਇਤਰੀ ਪਰਿਵਾਰ, ਈਸ਼ਾ ਯੋਗ ਕੇਂਦਰ, ਹਾਰਟਫੁੱਲਨੇਸ ਆਦਿ ਵਰਗੀਆਂ ਸਮਾਜਿਕ ਸੰਸਥਾਵਾਂ ਤੋਂ ਵੀ ਭਾਰੀ ਸਮਰਥਨ ਮਿਲ ਰਿਹਾ ਹੈ।

ਲੋਕਾਂ ਨੂੰ ਸ਼ਾਮਲ ਕਰਨ ਲਈ ਆਯੁਸ਼ ਮੰਤਰਾਲੇ ਨੇ ਕਈ ਮੁਕਾਬਲੇ ਅਤੇ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਇੱਕ ਮਹੱਤਵਪੂਰਨ ਪਹਿਲ "ਪਰਿਵਾਰ ਨਾਲ ਯੋਗ" ਵੀਡੀਓ ਮੁਕਾਬਲਾ ਹੈ, ਜੋ ਮਾਈਗੌਵ ਅਤੇ ਮਾਈਭਾਰਤ ਪਲੇਟਫਾਰਮ 'ਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ (ਆਈਸੀਸੀਆਰ) ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਮੁਕਾਬਲਾ ਦੁਨੀਆ ਭਰ ਦੇ ਪਰਿਵਾਰਾਂ ਨੂੰ ਆਈਡੀਵਾਈ 2024 ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ, ਯੋਗ ਦੀ ਖ਼ੁਸ਼ੀ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਪਰਿਵਾਰਕ ਬੰਧਨਾਂ ਨੂੰ ਮਜ਼ਬੂਤ ​​ਕਰਦਾ ਹੈ। ਸਬਮਿਸ਼ਨ ਦੀ ਆਖ਼ਰੀ ਮਿਤੀ 30 ਜੂਨ, 2024 ਹੈ। 

#YogaWithFamily ਵੀਡੀਓ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਕੋਲ ਯੋਗ ਦੇ ਸਿਹਤ ਅਤੇ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਦਿਲਚਸਪ ਇਨਾਮ ਜਿੱਤਣ ਦਾ ਮੌਕਾ ਹੈ। ਮੰਤਰਾਲੇ ਨੇ ਗਲੋਬਲ ਵਰਤੋਂ ਲਈ ਕਈ ਵੱਡੇ ਹੈਸ਼ਟੈਗ ਵੀ ਬਣਾਏ ਹਨ: #InternationalDayofYoga2024, #YogaForSelfAndSociety, #YogaWithFamily ਅਤੇ #IDY2024। ਦੁਨੀਆ ਭਰ ਦੇ ਲੋਕਾਂ ਨੂੰ ਇਸ ਗਲੋਬਲ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਇਹਨਾਂ ਹੈਸ਼ਟੈਗਾਂ ਦੀ ਪਾਲਣਾ ਕਰਨ ਅਤੇ ਵਰਤਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। 

 

************

ਐੱਮਵੀ/ਐੱਸਬੀ/ਐੱਸਕੇ/ਡੀਪੀ



(Release ID: 2026508) Visitor Counter : 21