ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਤੀਜੀ ਵਾਰ 'ਮੋਦੀ ਸਰਕਾਰ' ਦੇ ਸਹੁੰ ਚੁੱਕਣ ਤੋਂ ਬਾਅਦ ਕੇਵੀਆਈਸੀ ਨੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਰਫ਼ਤਾਰ ਵਧਾਈ


ਕੇਵੀਆਈਸੀ ਚੇਅਰਮੈਨ ਨੇ ਵੀਡੀਓ ਕਾਨਫਰੰਸ ਰਾਹੀਂ 299.25 ਕਰੋੜ ਰੁਪਏ ਦੀ ਲਾਭ ਧਨ ਸਬਸਿਡੀ ਵੰਡੀ

ਦੇਸ਼ ਭਰ ਵਿੱਚ 81884 ਨਵੀਆਂ ਨੌਕਰੀਆਂ ਪੈਦਾ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਿਤ ਭਾਰਤ ਅਭਿਆਨ' ਨੂੰ ਮਿਲੀ ਨਵੀਂ ਤਾਕਤ

Posted On: 11 JUN 2024 3:14PM by PIB Chandigarh

ਕੇਂਦਰ ਵਿੱਚ ਤੀਜੀ ਵਾਰ 'ਮੋਦੀ ਸਰਕਾਰ' ਦੇ ਗਠਨ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਇੱਕ ਵਾਰ ਫਿਰ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਨੂੰ ਪਹੁੰਚਾਉਣ ਦੀ ਗਤੀ ਵਧਾ ਦਿੱਤੀ ਹੈ। ਸੋਮਵਾਰ ਨੂੰ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦੇ ਤਹਿਤ ਦੇਸ਼ ਭਰ ਦੀਆਂ 7444 ਇਕਾਈਆਂ ਨੂੰ 299.25 ਕਰੋੜ ਰੁਪਏ ਦੀ ਲਾਭ ਧਨ ਸਬਸਿਡੀ ਵੰਡੀ। ਦੇਸ਼ ਭਰ ਵਿੱਚ ਲਾਭਪਾਤਰੀਆਂ ਲਈ ਮਨਜ਼ੂਰ ਕਰਜ਼ੇ ਦੀ ਰਕਮ ਨਾਲ 81,884 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ।

ਇੱਕ ਬਿਆਨ ਵਿੱਚ, ਕੇਵੀਆਈਸੀ ਦੇ ਚੇਅਰਮੈਨ ਨੇ 'ਖਾਦੀ ਪਰਿਵਾਰ' ਦੀ ਤਰਫ਼ੋਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਹੁੰ ਚੁੱਕ ਸਮਾਗਮ ਦੇ ਅਗਲੇ ਹੀ ਦਿਨ ਕੇਵੀਆਈਸੀ ਦੁਆਰਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੇ ਤੌਰ 'ਤੇ 299.25 ਕਰੋੜ ਰੁਪਏ ਦੀ ਸਬਸਿਡੀ ਦੀ ਵੰਡ ਇਸ ਗੱਲ ਦਾ ਸੰਕੇਤ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰੀ ਯੋਜਨਾਵਾਂ ਨੂੰ ਹੁਣ ਦੁੱਗਣੀ ਰਫ਼ਤਾਰ ਨਾਲ ਜਨਤਾ ਤੱਕ ਪਹੁੰਚਾਇਆ ਜਾਵੇਗਾ।

ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਮੁਤਾਬਿਕ, ਸਾਲ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਕੇਵੀਆਈਸੀ ਹਰ ਪਿੰਡ ਵਿੱਚ 'ਖਾਦੀ ਗ੍ਰਾਮ ਸਵਰਾਜ ਅਭਿਆਨ' ਨੂੰ ਮਜ਼ਬੂਤ ​​ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਖਾਦੀ ਨੂੰ ਲੋਕਲ ਤੋਂ ਗਲੋਬਲ ਤੱਕ ਲਿਜਾਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਨਾਲ, ਪੇਂਡੂ ਉਦਯੋਗ ਨਾਲ ਸਬੰਧਤ ਉਤਪਾਦਾਂ ਦੀ ਗੁਣਵੱਤਾ ਅਤੇ ਪਹੁੰਚ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ, ਕੇਵੀਆਈਸੀ ਨੇ ਆਨਲਾਈਨ ਮਾਧਿਅਮ ਰਾਹੀਂ ਆਪਣੇ ਸਾਰੇ 6 ਜ਼ੋਨਾਂ ਦੇ 7444 ਲਾਭਪਾਤਰੀਆਂ ਦੇ ਖਾਤਿਆਂ ਵਿੱਚ 299.25 ਕਰੋੜ ਰੁਪਏ ਵੰਡੇ ਹਨ। ਇਸ ਤਹਿਤ ਕੇਂਦਰੀ ਜ਼ੋਨ ਦੇ 2017 ਲਾਭਪਾਤਰੀਆਂ ਨੂੰ 75.17 ਕਰੋੜ ਰੁਪਏ, ਪੂਰਬੀ ਜ਼ੋਨ ਦੇ 763 ਲਾਭਪਾਤਰੀਆਂ ਨੂੰ 22.92 ਕਰੋੜ ਰੁਪਏ, ਉੱਤਰੀ ਜ਼ੋਨ ਦੇ 2477 ਲਾਭਪਾਤਰੀਆਂ ਨੂੰ 91.78 ਕਰੋੜ ਰੁਪਏ, ਉੱਤਰ ਪੂਰਬੀ ਜ਼ੋਨ ਦੇ 223 ਦੇ ਲਾਭਪਾਤਰੀਆਂ ਨੂੰ 9.2 ਕਰੋੜ ਰੁਪਏ, ਦੱਖਣੀ ਜ਼ੋਨ ਦੇ 1539 ਲਾਭਪਾਤਰੀਆਂ ਨੂੰ 72.97 ਕਰੋੜ ਰੁਪਏ ਅਤੇ ਪੱਛਮੀ ਜ਼ੋਨ ਦੇ 425 ਲਾਭਪਾਤਰੀਆਂ ਦੇ ਖਾਤੇ ਵਿੱਚ 27.13 ਕਰੋੜ ਰੁਪਏ ਆਨਲਾਈਨ ਮਾਧਿਅਮ ਰਾਹੀਂ ਭੇਜੇ ਗਏ ਹਨ। ਕੇਂਦਰੀ ਜ਼ੋਨ ਵਿੱਚ 22187 ਨੌਕਰੀਆਂ, ਪੂਰਬੀ ਜ਼ੋਨ ਵਿੱਚ 8393 ਨੌਕਰੀਆਂ, ਉੱਤਰੀ ਜ਼ੋਨ ਵਿੱਚ 27247 ਨੌਕਰੀਆਂ, ਉੱਤਰ-ਪੂਰਬੀ ਰਾਜਾਂ ਵਿੱਚ 2453 ਨੌਕਰੀਆਂ, ਦੱਖਣੀ ਜ਼ੋਨ ਵਿੱਚ 16929 ਨੌਕਰੀਆਂ ਅਤੇ ਪੱਛਮੀ ਜ਼ੋਨ ਵਿੱਚ 4675 ਨੌਕਰੀਆਂ ਪੈਦਾ ਹੋਈਆਂ ਹਨ।

ਚੇਅਰਮੈਨ ਕੇਵੀਆਈਸੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਵੀਆਈਸੀ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪਿਛਲੇ 10 ਸਾਲਾਂ ਵਿੱਚ ਖਾਦੀ ਅਤੇ ਪੇਂਡੂ ਉਦਯੋਗ ਦੀਆਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਪੀਐੱਮਈਜੀਪੀ ਨੇ ਕਾਟੇਜ ਉਦਯੋਗ ਸਥਾਪਤ ਕਰਨ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਪਹਿਲ ਕੀਤੀ ਹੈ। ਪੀਐੱਮਈਜੀਪੀ ਲਈ ਅਰਜ਼ੀ ਦੇਣ ਤੋਂ ਲੈ ਕੇ ਸਬਸਿਡੀ ਜਾਰੀ ਕਰਨ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਪੀਐੱਮਈਜੀਪੀ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਵਿੱਤੀ ਵਰ੍ਹੇ ਤੱਕ ਦੇਸ਼ ਵਿੱਚ 9.40 ਲੱਖ ਨਵੇਂ ਪ੍ਰੋਜੈਕਟ ਸਥਾਪਿਤ ਕੀਤੇ ਗਏ ਹਨ, ਜਿਸ ਨਾਲ 81.48 ਲੱਖ ਤੋਂ ਵੱਧ ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਇਨ੍ਹਾਂ ਸਕੀਮਾਂ ਲਈ, ਪਿਛਲੇ ਵਿੱਤੀ ਵਰ੍ਹੇ ਤੱਕ, ਭਾਰਤ ਸਰਕਾਰ ਨੇ 24520.19 ਕਰੋੜ ਰੁਪਏ ਤੋਂ ਵੱਧ ਦੀ ਮਾਰਜਿਨ ਮਨੀ ਸਬਸਿਡੀ ਵੰਡੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀ/ਜਨਜਾਤੀ ਵਰਗ ਅਤੇ ਔਰਤਾਂ ਲਈ 52% ਯੂਨਿਟ ਮਨਜ਼ੂਰ ਕੀਤੇ ਗਏ ਹਨ। 80% ਪੀਐੱਮਈਜੀਪੀ ਯੂਨਿਟਾਂ ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ, 20% ਯੂਨਿਟ ਸ਼ਹਿਰੀ ਖੇਤਰਾਂ ਵਿੱਚ। ਲਗਭਗ 67% ਪੀਐੱਮਈਜੀਪੀ ਯੂਨਿਟਾਂ ਨਿਰਮਾਣ ਖੇਤਰ ਵਿੱਚ ਅਤੇ 33% ਸੇਵਾ ਖੇਤਰ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਇਸ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ ਆਮ ਵਰਗ ਦੇ ਉਮੀਦਵਾਰਾਂ ਨੂੰ 15% ਤੋਂ 25% ਅਤੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ 25% ਤੋਂ 35% ਤੱਕ ਦੀ ਗਰਾਂਟ ਦਿੱਤੀ ਜਾਂਦੀ ਹੈ।

ਸ਼੍ਰੀ ਮਨੋਜ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਦੀ ਗਾਰੰਟੀ ਨੇ ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਬਣਾਇਆ ਹੈ। ਪਿਛਲੇ 10 ਸਾਲਾਂ ਵਿੱਚ 'ਨਵੇਂ ਭਾਰਤ ਦੀ ਨਵੀਂ ਖਾਦੀ' ਨੇ 'ਆਤਮਨਿਰਭਰ ਭਾਰਤ ਅਭਿਆਨ' ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਨਤੀਜੇ ਵਜੋਂ ਇਸ ਸਮੇਂ ਦੌਰਾਨ ਖਾਦੀ ਉਤਪਾਦਾਂ ਦੀ ਵਿਕਰੀ ਚਾਰ ਗੁਣਾ ਤੋਂ ਵੱਧ ਦਰਜ ਕੀਤੀ ਗਈ ਹੈ। ਖਾਦੀ ਦੇ ਉਤਪਾਦਨ ਅਤੇ ਵਿਕਰੀ ਵਿੱਚ ਵਾਧੇ ਨਾਲ ਪੇਂਡੂ ਭਾਰਤ ਦੇ ਕਾਰੀਗਰ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਗਏ ਹਨ। ਪਿਛਲੇ 10 ਸਾਲਾਂ ਵਿੱਚ ਕਾਰੀਗਰਾਂ ਦੇ ਮਿਹਨਤਾਨੇ ਵਿੱਚ 233 ਫ਼ੀਸਦ ਤੋਂ ਵੱਧ ਦੇ ਵਾਧੇ ਨੇ ਕਾਰੀਗਰਾਂ ਨੂੰ ਖਾਦੀ ਦੇ ਕੰਮ ਵੱਲ ਖਿੱਚ ਪੈਦਾ ਕੀਤੀ ਹੈ, ਜੱਦ ਕਿ 'ਵੋਕਲ ਫਾਰ ਲੋਕਲ' ਅਤੇ 'ਮੇਕ ਇਨ ਇੰਡੀਆ' ਮੰਤਰਾਂ ਨੇ ਖਾਦੀ ਨੂੰ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਇਆ ਹੈ। ਪ੍ਰੋਗਰਾਮ ਵਿੱਚ ਕੇਵੀਆਈਸੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

*******

ਐੱਮਜੇਪੀਐੱਸ



(Release ID: 2026073) Visitor Counter : 14