ਰੱਖਿਆ ਮੰਤਰਾਲਾ

ਆਈਸੀਜੀ ਨੇ ਮੁੰਬਈ ਤਟ ਨੇੜਿਓਂ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਮੱਛੀ ਫੜਨ ਵਾਲੇ ਜਹਾਜ਼ ਨੂੰ ਫੜਿਆ; 30,000 ਲੀਟਰ ਨਾਜਾਇਜ਼ ਡੀਜ਼ਲ ਅਤੇ 1.75 ਲੱਖ ਦੀ ਨਕਦੀ ਜ਼ਬਤ

Posted On: 13 MAY 2024 8:11PM by PIB Chandigarh

ਭਾਰਤੀ ਤਟ ਰੱਖਿਅਕ ਬਲ (ਆਈਸੀਜੀ) ਨੇ 12 ਮਈ, 2024 ਨੂੰ ਮੁੰਬਈ ਤੋਂ ਤਕਰੀਬਨ 27 ਸਮੁੰਦਰੀ ਮੀਲ ਦੱਖਣ-ਪੱਛਮ ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਇੱਕ ਮੱਛੀ ਫੜਨ ਵਾਲੇ ਬੇੜੇ ਆਈ ਤੁਲਜਾਈ ਨੂੰ ਫੜ ਲਿਆ। ਡੀਜ਼ਲ ਦੀ ਗ਼ੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਇਸ ਸ਼ੱਕੀ ਬੇੜੇ ਨੂੰ ਆਈਸੀਜੀ ਦੇ ਇੱਕ ਫਾਸਟ ਪੈਟਰੋਲ ਵੈਸਲ ਅਤੇ ਇੱਕ ਇੰਟਰਸੈਪਟਰ ਕਿਸ਼ਤੀ ਨੇ ਫੜਿਆ।

ਇਸ ਬੇੜੇ ਦੀ ਡੂੰਘਾਈ ਨਾਲ ਤਲਾਸ਼ੀ ਲੈਣ 'ਤੇ ਇਸ ਦੇ ਮੱਛੀ ਭੰਡਾਰ ਵਿੱਚ ਛੁਪਾ ਕੇ ਰੱਖਿਆ ਗਿਆ 30 ਲੱਖ ਰੁਪਏ ਦੇ ਅਨੁਮਾਨਿਤ ਮੁੱਲ ਵਾਲਾ 30,000 ਲੀਟਰ ਨਾਜਾਇਜ਼ ਡੀਜ਼ਲ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ 1.75 ਲੱਖ ਰੁਪਏ ਦੀ ਬੇਹਿਸਾਬ ਨਕਦੀ ਵੀ ਜ਼ਬਤ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਚਾਲਕ ਦਲ ਦੇ ਅਮਲੇ ਤੋਂ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਇਨ੍ਹਾਂ ਦਾ ਇਰਾਦਾ ਮਛੇਰਿਆਂ ਨੂੰ ਗ਼ੈਰ-ਕਾਨੂੰਨੀ ਮਾਲ ਵੇਚਣ ਦਾ ਸੀ।

ਫੜੇ ਗਏ ਬੇੜੇ ਨੂੰ ਆਈਸੀਜੀ ਇੰਟਰਸੈਪਟਰ ਕਿਸ਼ਤੀ ਵੱਲੋਂ ਮੁੰਬਈ ਬੰਦਰਗਾਹ 'ਤੇ ਲਿਜਾਇਆ ਗਿਆ, ਜਿੱਥੇ ਇਸ ਨੂੰ ਢੁਕਵੀਂ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਇਸ ਸਮੁੰਦਰੀ ਖ਼ਤਰੇ ਵਿਰੁੱਧ ਵਿਆਪਕ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪੁਲਿਸ, ਮੱਛੀ ਪਾਲਣ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਸਮੇਤ ਹੋਰ ਤਟਵਰਤੀ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

************

ਏਬੀਬੀ/ਸਾਵੀ/ਕੇਬੀ



(Release ID: 2020664) Visitor Counter : 34