ਪ੍ਰਿਥਵੀ ਵਿਗਿਆਨ ਮੰਤਰਾਲਾ
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਨੇ ਕਿਹਾ, "ਦੱਖਣੀ-ਪੱਛਮੀ ਮੌਨਸੂਨ ਦੌਰਾਨ ਸਮੁੱਚੇ ਦੇਸ਼ ਵਿੱਚ ਆਮ ਨਾਲੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ"
ਆਈਐੱਮਡੀ ਦਾ ਕਹਿਣਾ ਹੈ ਕਿ ± 5 ਪ੍ਰਤੀਸ਼ਤ ਦੀ ਮਾਡਲ ਤਰੁੱਟੀ ਦੇ ਨਾਲ ਮੌਸਮੀ ਬਾਰਸ਼, ਲੰਬੀ ਮਿਆਦ ਦੀ ਔਸਤ (ਐੱਲਪੀਏ) ਦਾ 106 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ
ਅੱਜ ਆਈਐੱਮਡੀ ਵੱਲੋਂ 2024 ਦੇ ਦੱਖਣੀ-ਪੱਛਮੀ ਮੌਨਸੂਨ ਸੀਜ਼ਨ ਲਈ ਵਿਆਪਕ ਬਾਰਸ਼ ਦੀ ਭਵਿੱਖਬਾਣੀ ਜਾਰੀ ਕੀਤੀ ਗਈ
ਪਿਛਲੇ ਤਿੰਨ ਮਹੀਨਿਆਂ (ਜਨਵਰੀ ਤੋਂ ਮਾਰਚ 2024) ਦੌਰਾਨ ਉੱਤਰੀ ਗੋਲਾਰਧ ਵਿੱਚ ਬਰਫ਼ ਦਾ ਕਵਰ ਆਮ ਨਾਲੋਂ ਘੱਟ ਸੀ
Posted On:
15 APR 2024 6:37PM by PIB Chandigarh
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ. ਰਵੀਚੰਦਰਨ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ 2024 ਤੱਕ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ 2024 ਦੱਖਣ-ਪੱਛਮੀ ਮੌਨਸੂਨ ਸੀਜ਼ਨ ਬਾਰਸ਼ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ± 5% ਦੀ ਮਾਡਲ ਤਰੁੱਟੀ ਦੇ ਨਾਲ ਲੰਬੀ ਮਿਆਦ ਦੀ ਔਸਤ (ਐੱਲਪੀਏ) 106% ਰਹਿਣ ਦੀ ਸੰਭਾਵਨਾ ਹੈ। 1971-2020 ਦੇ ਅੰਕੜਿਆਂ ਦੇ ਆਧਾਰ 'ਤੇ ਪੂਰੇ ਦੇਸ਼ ਵਿੱਚ ਸੀਜ਼ਨ ਬਾਰਸ਼ ਦਾ ਐੱਲਪੀਏ 87 ਸੈਂਟੀਮੀਟਰ ਹੈ।
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਰਵੀਚੰਦਰਨ
ਡਾ. ਰਵੀਚੰਦਰਨ ਨੇ ਕਿਹਾ ਪੂਰਵ ਅਨੁਮਾਨ ਗਤੀਸ਼ੀਲ ਅਤੇ ਅੰਕੜਾ ਮਾਡਲਾਂ 'ਤੇ ਅਧਾਰਿਤ ਹੈ ਅਤੇ ਇਹ ਸੁਝਾਅ ਦਿੰਦਾ ਹੈ ਕਿ ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਖੇਤਰਾਂ ਜਿੱਥੇ ਆਮ ਨਾਲੋਂ ਘੱਟ ਬਾਰਸ਼ ਹੋਣ ਦੀ ਸੰਭਾਵਨਾ ਹੈ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਤੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਸੰਭਾਵਿਤ ਲਾ ਨੀਨਾ, ਸਕਾਰਾਤਮਕ ਆਈਓਡੀ ਅਤੇ ਉੱਤਰੀ ਗੋਲਾਰਧ ਵਿੱਚ ਆਮ ਨਾਲੋਂ ਘੱਟ ਬਰਫ਼ ਦਾ ਕਵਰ ਦੱਖਣ-ਪੱਛਮੀ ਮੌਨਸੂਨ 2024 ਸੀਜ਼ਨ ਦੌਰਾਨ ਬਾਰਸ਼ ਲਈ ਅਨੁਕੂਲ ਹੋਵੇਗਾ।
ਇੱਕ ਵਿਸਤ੍ਰਿਤ ਪੇਸ਼ਕਾਰੀ ਦਿੰਦੇ ਹੋਏ ਆਈਐੱਮਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤਯੁੰਜਯ ਮਹਾਪਾਤਰਾ ਨੇ ਕਿਹਾ ਕਿ ਵਰਤਮਾਨ ਵਿੱਚ ਭੂਮੱਧ ਪ੍ਰਸ਼ਾਂਤ ਖੇਤਰ ਵਿੱਚ ਮੱਧਮ ਅਲ ਨੀਨੋ ਪ੍ਰਭਾਵ ਦੀਆਂ ਸਥਿਤੀਆਂ ਮੌਜੂਦ ਹਨ ਅਤੇ ਜਲਵਾਯੂ ਮਾਡਲ ਦੇ ਪੂਰਵ-ਅਨੁਮਾਨ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਤੱਕ ਇੱਕ ਨਿਰਪੱਖ ਮੌਨਸੂਨ ਅਤੇ ਮੌਨਸੂਨ ਦੇ ਦੂਜੇ ਅੱਧ ਵਿੱਚ ਲਾ ਨੀਨਾ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐੱਮ ਮਹਾਪਾਤਰਾ
ਉਨ੍ਹਾਂ ਮੀਡੀਆ ਨੂੰ ਇਹ ਵੀ ਦੱਸਿਆ ਕਿ ਵਰਤਮਾਨ ਵਿੱਚ ਨਿਊਟਰਲ ਇੰਡੀਅਨ ਓਸ਼ੀਅਨ ਡਾਈਪੋਲ (ਆਈਓਡੀ) ਸਥਿਤੀਆਂ ਪ੍ਰਚਲਿਤ ਹਨ ਅਤੇ ਜਲਵਾਯੂ ਮਾਡਲ ਦੀ ਭਵਿੱਖਬਾਣੀ ਦਰਸਾਉਂਦੀ ਹੈ ਕਿ ਮੌਨਸੂਨ ਦੌਰਾਨ ਇਸ ਦੇ ਸਕਾਰਾਤਮਕ ਵਿਕਾਸ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸਤਹ ਦੇ ਤਾਪਮਾਨ ਦਾ ਭਾਰਤੀ ਮੌਨਸੂਨ 'ਤੇ ਮਜ਼ਬੂਤ ਪ੍ਰਭਾਵ ਪੈਂਦਾ ਹੈ, ਇਸ ਲਈ ਆਈਐੱਮਡੀ ਸਮੁੰਦਰੀ ਸਤਹ ਦੀਆਂ ਸਥਿਤੀਆਂ ਵਿੱਚ ਤਬਦੀਲੀਆਂ ਦੀ ਧਿਆਨ ਨਾਲ ਨਿਗਰਾਨੀ ਕਰ ਰਿਹਾ ਹੈ।
ਡਾ. ਮਹਾਪਾਤਰਾ ਨੇ ਅੱਗੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ (ਜਨਵਰੀ ਤੋਂ ਮਾਰਚ 2024) ਦੌਰਾਨ ਉੱਤਰੀ ਗੋਲਾਰਧ ਵਿੱਚ ਬਰਫ਼ ਦਾ ਕਵਰ ਆਮ ਨਾਲੋਂ ਘੱਟ ਸੀ, ਜੋ ਕਿ ਇਸ ਮੌਨਸੂਨ ਵਿੱਚ ਜ਼ਿਆਦਾ ਬਾਰਸ਼ ਹੋਣ ਦਾ ਸੰਕੇਤ ਹੈ। ਉੱਤਰੀ ਗੋਲਾਰਧ ਦੇ ਨਾਲ-ਨਾਲ ਯੂਰੇਸ਼ੀਆ ਵਿੱਚ ਸਰਦੀਆਂ ਅਤੇ ਬਸੰਤ ਰੁੱਤ ਦੀ ਬਰਫ਼ ਦੀ ਚਾਦਰ ਦੀ ਹੱਦ ਦਾ ਆਮ ਤੌਰ 'ਤੇ ਬਾਅਦ ਵਿੱਚ ਮੌਨਸੂਨ ਸੀਜ਼ਨ ਦੀ ਬਾਰਸ਼ ਨਾਲ ਉਲਟਾ ਸਬੰਧ ਹੈ। ਉਨ੍ਹਾਂ ਕਿਹਾ, ਆਈਐੱਮਡੀ ਮਈ 2024 ਦੇ ਆਖ਼ਰੀ ਹਫ਼ਤੇ ਵਿੱਚ ਮੌਨਸੂਨ ਦੀ ਬਾਰਸ਼ ਲਈ ਅਪਡੇਟ ਕੀਤੇ ਪੂਰਵ ਅਨੁਮਾਨ ਜਾਰੀ ਕਰੇਗਾ।
ਪੂਰੇ ਦੇਸ਼ ਵਿੱਚ ਮੌਸਮੀ (ਜੂਨ ਤੋਂ ਸਤੰਬਰ, 2024) ਦੀ ਬਾਰਸ਼ ਲਈ ਸੰਭਾਵਿਤ ਪੂਰਵ ਅਨੁਮਾਨ ਹੇਠਾਂ ਸਾਰਨੀ ਵਿੱਚ ਦਿੱਤੇ ਗਏ ਹਨ:
ਮੌਨਸੂਨ ਸੀਜ਼ਨ (ਜੂਨ-ਸਤੰਬਰ), 2024 ਲਈ ਸੰਭਾਵਿਤ ਬਾਰਸ਼ ਦੀ ਭਵਿੱਖਬਾਣੀ
ਚਿੱਤਰ.1. ਮੌਨਸੂਨ ਸੀਜ਼ਨ (ਜੂਨ-ਸਤੰਬਰ), 2024 ਦੌਰਾਨ ਭਾਰਤ ਵਿੱਚ ਮੌਸਮੀ ਬਾਰਸ਼ ਲਈ ਟੇਰਸਾਈਲ ਸ਼੍ਰੇਣੀਆਂ* (ਆਮ ਤੋਂ ਹੇਠਾਂ, ਆਮ ਅਤੇ ਆਮ ਤੋਂ ਵੱਧ) ਦੀ ਸੰਭਾਵਨਾ ਪੂਰਵ ਅਨੁਮਾਨ।
2003 ਤੋਂ ਭਾਰਤ ਮੌਸਮ ਵਿਭਾਗ (ਆਈਐੱਮਡੀ) ਪੂਰੇ ਦੇਸ਼ ਵਿੱਚ ਦੱਖਣ-ਪੱਛਮੀ ਮੌਨਸੂਨ (ਜੂਨ-ਸਤੰਬਰ) ਦੀ ਔਸਤ ਬਾਰਸ਼ ਲਈ ਦੋ ਪੜਾਵਾਂ ਵਿੱਚ ਕਾਰਜਸ਼ੀਲ ਲੰਬੀ ਰੇਂਜ ਪੂਰਵ ਅਨੁਮਾਨ (ਐੱਲਆਰਐੱਫ) ਜਾਰੀ ਕਰ ਰਿਹਾ ਹੈ। ਪਹਿਲੇ ਪੜਾਅ ਦੀ ਭਵਿੱਖਬਾਣੀ ਅਪ੍ਰੈਲ ਵਿੱਚ ਜਾਰੀ ਕੀਤੀ ਜਾਂਦੀ ਹੈ ਅਤੇ ਦੂਜੇ ਪੜਾਅ ਜਾਂ ਅੱਪਡੇਟ ਦੀ ਭਵਿੱਖਬਾਣੀ ਮਈ ਦੇ ਅੰਤ ਤੱਕ ਜਾਰੀ ਕੀਤੀ ਜਾਂਦੀ ਹੈ। 2021 ਤੋਂ ਆਈਐੱਮਡੀ ਨੇ ਮੌਜੂਦਾ ਦੋ ਪੜਾਅ ਦੀ ਭਵਿੱਖਬਾਣੀ ਰਣਨੀਤੀ ਨੂੰ ਸੋਧ ਕੇ ਦੇਸ਼ ਭਰ ਵਿੱਚ ਦੱਖਣ-ਪੱਛਮੀ ਮੌਨਸੂਨ ਬਾਰਸ਼ ਲਈ ਮਹੀਨਾਵਾਰ ਅਤੇ ਮੌਸਮੀ ਸੰਚਾਲਨ ਪੂਰਵ ਅਨੁਮਾਨ ਜਾਰੀ ਕਰਨ ਲਈ ਇੱਕ ਨਵੀਂ ਰਣਨੀਤੀ ਲਾਗੂ ਕੀਤੀ ਹੈ। ਨਵੀਂ ਰਣਨੀਤੀ ਗਤੀਸ਼ੀਲ ਅਤੇ ਅੰਕੜਾ ਪੂਰਵ ਅਨੁਮਾਨ ਪ੍ਰਣਾਲੀ ਦੋਵਾਂ ਦੀ ਵਰਤੋਂ ਕਰਦੀ ਹੈ। ਆਈਐੱਮਡੀ ਦੇ ਮੌਨਸੂਨ ਮਿਸ਼ਨ ਜਲਵਾਯੂ ਪੂਰਵ-ਅਨੁਮਾਨ ਪ੍ਰਣਾਲੀ (ਐੱਮਐੱਮਸੀਐੱਫਐੱਸ) ਸਮੇਤ ਵੱਖ-ਵੱਖ ਗਲੋਬਲ ਕਲਾਈਮੇਟ ਪੂਰਵ-ਅਨੁਮਾਨ ਕੇਂਦਰਾਂ ਤੋਂ ਜੋੜੇ ਗਲੋਬਲ ਕਲਾਈਮੇਟ ਮਾਡਲਾਂ (ਸੀਜੀਸੀਐੱਮ’ਸ) 'ਤੇ ਅਧਾਰਿਤ ਮਲਟੀ-ਮਾਡਲ ਐਨਸੈਂਬਲ (ਐੱਮਐੱਮਈ) ਪੂਰਵ ਅਨੁਮਾਨ ਪ੍ਰਣਾਲੀ ਗਤੀਸ਼ੀਲ ਪੂਰਵ-ਅਨੁਮਾਨ ਪ੍ਰਣਾਲੀ ਵਿੱਚ ਵਰਤੀ ਜਾਂਦੀ ਹੈ।
ਉਪਰੋਕਤ ਪੂਰਵ-ਅਨੁਮਾਨਾਂ ਦੀ ਨਿਰੰਤਰਤਾ ਵਿੱਚ ਕ੍ਰਮਵਾਰ ਜੂਨ, ਜੁਲਾਈ ਅਤੇ ਅਗਸਤ ਦੇ ਅੰਤ ਵਿੱਚ ਅਗਲੇ ਇੱਕ ਮਹੀਨੇ ਲਈ ਮਹੀਨਾਵਾਰ ਬਾਰਸ਼ ਦੀ ਭਵਿੱਖਬਾਣੀ ਜਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੂਰੇ ਦੇਸ਼ ਲਈ ਗਿਣਾਤਮਕ ਅਤੇ ਸੰਭਾਵਿਤ ਪੂਰਵ-ਅਨੁਮਾਨਾਂ ਅਤੇ ਮੌਸਮ ਦੇ ਦੂਜੇ ਅੱਧ (ਅਗਸਤ-ਸਤੰਬਰ) ਲਈ ਵਰਖਾ ਦੇ ਸੰਭਾਵੀ ਪੂਰਵ ਅਨੁਮਾਨਾਂ ਦੀ ਸਥਾਨਿਕ ਵੰਡ ਅਗਸਤ ਦੇ ਪੂਰਵ ਅਨੁਮਾਨ ਦੇ ਨਾਲ ਜੁਲਾਈ ਦੇ ਅੰਤ ਦੇ ਨੇੜੇ-ਤੇੜੇ ਜਾਰੀ ਕੀਤੀ ਜਾਂਦੀ ਹੈ।
ਦੱਖਣ-ਪੱਛਮੀ ਮੌਨਸੂਨ ਸੀਜ਼ਨ, 2024 ਦੌਰਾਨ ਬਾਰਸ਼ ਦੇ ਪੂਰਵ ਅਨੁਮਾਨ ਦਾ ਸਾਰ ਇਸ ਤਰ੍ਹਾਂ ਹੈ:
-
ਮੌਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਦੌਰਾਨ ਪੂਰੇ ਦੇਸ਼ ਵਿੱਚ ਬਾਰਸ਼ ਆਮ ਨਾਲੋਂ ਵੱਧ ਹੋਣ ਦੀ ਬਹੁਤ ਸੰਭਾਵਨਾ ਹੈ (> ਲੰਬੀ ਮਿਆਦ ਦੀ ਔਸਤ ਦਾ 106%)
-
ਗਿਣਾਤਮਕ ਤੌਰ 'ਤੇ ਪੂਰੇ ਦੇਸ਼ ਵਿੱਚ ਮੌਸਮੀ ਬਾਰਸ਼ ± 5% ਦੀ ਮਾਡਲ ਗ਼ਲਤੀ ਦੇ ਨਾਲ ਐੱਲਪੀਏ ਦੇ 106% ਹੋਣ ਦੀ ਸੰਭਾਵਨਾ ਹੈ।
-
1971-2020 ਦੇ ਅੰਕੜਿਆਂ ਦੇ ਅਧਾਰ 'ਤੇ ਪੂਰੇ ਦੇਸ਼ ਵਿੱਚ ਸੀਜ਼ਨ ਬਾਰਸ਼ ਦਾ ਐੱਲਪੀਏ 87 ਸੈਂਟੀਮੀਟਰ ਹੈ।
-
ਵਰਤਮਾਨ ਵਿੱਚ ਭੂਮੱਧ ਪ੍ਰਸ਼ਾਂਤ ਖੇਤਰ ਵਿੱਚ ਦਰਮਿਆਨੀ ਅਲ ਨੀਨੋ ਸਥਿਤੀਆਂ ਪ੍ਰਚਲਿਤ ਹਨ। ਜਲਵਾਯੂ ਮਾਡਲ ਪੂਰਵ-ਅਨੁਮਾਨ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਤੱਕ ਨਿਊਟਰਲ ਸਥਿਤੀ ਅਤੇ ਮੌਨਸੂਨ ਸੀਜ਼ਨ ਦੇ ਦੂਜੇ ਅੱਧ ਦੌਰਾਨ ਲਾ ਨੀਨਾ ਸਥਿਤੀਆਂ ਨੂੰ ਦਰਸਾਉਂਦੇ ਹਨ।
-
ਵਰਤਮਾਨ ਵਿੱਚ ਨਿਊਟਰਲ ਹਿੰਦ ਮਹਾਸਾਗਰ ਡਾਈਪੋਲ (ਆਈਓਡੀ) ਸਥਿਤੀਆਂ ਪ੍ਰਚਲਿਤ ਹਨ। ਜਲਵਾਯੂ ਮਾਡਲ ਪੂਰਵ-ਅਨੁਮਾਨ ਮੌਨਸੂਨ ਸੀਜ਼ਨ ਦੌਰਾਨ ਸਕਾਰਾਤਮਕ ਆਈਓਡੀ ਸਥਿਤੀਆਂ ਦੇ ਵਿਕਾਸ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।
-
ਪਿਛਲੇ ਤਿੰਨ ਮਹੀਨਿਆਂ (ਜਨਵਰੀ ਤੋਂ ਮਾਰਚ 2024) ਦੌਰਾਨ ਉੱਤਰੀ ਗੋਲਾਰਧ ਦਾ ਬਰਫ਼ ਕਵਰ ਆਮ ਨਾਲੋਂ ਘੱਟ ਸੀ। ਉੱਤਰੀ ਗੋਲਾਰਧ ਦੇ ਨਾਲ-ਨਾਲ ਯੂਰੇਸ਼ੀਆ ਵਿੱਚ ਸਰਦੀਆਂ ਅਤੇ ਬਸੰਤ ਰੁੱਤ ਦੀ ਬਰਫ਼ ਦੀ ਸੀਮਾ ਦਾ ਆਮ ਤੌਰ 'ਤੇ ਬਾਅਦ ਵਿੱਚ ਮੌਨਸੂਨ ਸੀਜ਼ਨ ਦੀ ਬਾਰਸ਼ ਨਾਲ ਉਲਟਾ ਸਬੰਧ ਹੈ।
-
ਆਈਐੱਮਡੀ ਮਈ 2024 ਦੇ ਆਖ਼ਰੀ ਹਫ਼ਤੇ ਦੌਰਾਨ ਮੌਨਸੂਨ ਸੀਜ਼ਨ ਦੀ ਬਾਰਸ਼ ਲਈ ਅਪਡੇਟ ਕੀਤੇ ਪੂਰਵ-ਅਨੁਮਾਨ ਜਾਰੀ ਕਰੇਗਾ।
******
ਪੀਕੇ/ਪੀਐੱਸਐੱਮ
(Release ID: 2018048)
Visitor Counter : 99