ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਵੱਲੋਂ ਬਜ਼ੁਰਗ ਅਤੇ ਦਿਵਯਾਂਗ ਵੋਟਰਾਂ ਦੇ ਘਰਾਂ ਤੱਕ ਪਹੁੰਚਣ ਦਾ ਵਾਧੂ ਯਤਨ
85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਯਾਂਗ ਵਿਅਕਤੀਆਂ ਲਈ ਘਰ ਤੋਂ ਵੋਟਿੰਗ ਦੀ ਸ਼ੁਰੂਆਤ: 18ਵੀਆਂ ਲੋਕ ਸਭਾ ਚੋਣਾਂ ਰਚਣਗੀਆਂ ਇਤਿਹਾਸ
1.7 ਕਰੋੜ ਤੋਂ ਵੱਧ 85+ ਵੋਟਰ ਅਤੇ ਸਰੀਰਕ ਤੌਰ 'ਤੇ ਦਿਵਯਾਂਗ (ਪੀਡਬਲਿਊਡੀ) ਵੋਟਰ ਸਹੂਲਤ ਦਾ ਲਾਭ ਲੈ ਸਕਦੇ ਹਨ
Posted On:
12 APR 2024 5:39PM by PIB Chandigarh
ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਨੇ ਪਹਿਲੀ ਵਾਰ ਲੋਕ ਸਭਾ ਚੋਣਾਂ 2024 ਲਈ ਬਜ਼ੁਰਗਾਂ ਅਤੇ ਦਿਵਯਾਂਗ ਵਿਅਕਤੀਆਂ ਲਈ ਘਰ ਤੋਂ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਹੈ। 85 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ 40 ਪ੍ਰਤੀਸ਼ਤ ਬੈਂਚਮਾਰਕ ਅਪੰਗਤਾ ਵਾਲੇ ਵਿਅਕਤੀ (ਪੀਡਬਲਿਊਡੀ) ਵਿਕਲਪਿਕ ਘਰ ਤੋਂ ਵੋਟਿੰਗ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਵਰਗ ਦੇ ਵੋਟਰਾਂ ਨੇ ਪਹਿਲੇ ਅਤੇ ਦੂਜੇ ਪੜਾਅ ਦੀ ਵੋਟਿੰਗ ਲਈ ਆਪਣੀ ਵੋਟ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਕਦਮੀ ਚੋਣ ਪ੍ਰਕਿਰਿਆ ਦੀ ਸ਼ਮੂਲੀਅਤ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਅਤੇ ਜਮਹੂਰੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪ੍ਰਗਤੀ ਹੈ। ਦੇਸ਼ ਭਰ ਵਿੱਚ 81 ਲੱਖ ਤੋਂ ਵੱਧ 85+ ਉਮਰ ਦੇ ਬਜ਼ੁਰਗ ਵੋਟਰ ਅਤੇ 90 ਲੱਖ ਤੋਂ ਵੱਧ ਸਰੀਰਕ ਤੌਰ 'ਤੇ ਦਿਵਯਾਂਗ ਵੋਟਰ ਰਜਿਸਟਰਡ ਹਨ।
(ਛੱਤੀਸਗੜ੍ਹ, ਤਾਮਿਲਨਾਡੂ ਅਤੇ ਰਾਜਸਥਾਨ ਵਿੱਚ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਨੇ ਘਰ ਤੋਂ ਵੋਟਿੰਗ ਸਹੂਲਤ ਦੀ ਵਰਤੋਂ ਕਰਕੇ ਵੋਟ ਪਾਈ)
ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ ਨੇ ਐਲਾਨ ਕੀਤਾ ਸੀ ਕਿ ਬਜ਼ੁਰਗਾਂ ਅਤੇ ਦਿਵਯਾਂਗ ਵੋਟਰਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕਰਨਾ ਕਮਿਸ਼ਨ ਦੀ ਉਨ੍ਹਾਂ ਪ੍ਰਤੀ ਚਿੰਤਾ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਲੋਕ ਇਸ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਉਤਸ਼ਾਹਿਤ ਹੋਣਗੇ। ਵੋਟਿੰਗ ਦੇ ਪਹਿਲੇ ਪੜਾਅ ਵਿੱਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਲਾਭ ਲੈਣ ਵਾਲੇ ਵੋਟਰਾਂ ਨੇ ਚੋਣ ਕਮਿਸ਼ਨ ਦੀ ਪਹਿਲਕਦਮੀ ਲਈ ਧੰਨਵਾਦ ਅਤੇ ਸੰਤੁਸ਼ਟੀ ਪ੍ਰਗਟਾਈ। ਪੋਲਿੰਗ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੀ ਸਮੁੱਚੀ ਟੀਮ ਦੀ ਸ਼ਮੂਲੀਅਤ ਨਾਲ ਘਰ ਤੋਂ ਵੋਟਿੰਗ ਹੁੰਦੀ ਹੈ ਅਤੇ ਵੋਟਿੰਗ ਦੀ ਗੁਪਤਤਾ ਪੂਰੀ ਸਾਵਧਾਨੀ ਨਾਲ ਰੱਖੀ ਜਾਂਦੀ ਹੈ। ਇਸਦੇ ਨਾਲ, ਚੋਣ ਕਮਿਸ਼ਨ ਨੇ ਵਧੇਰੇ ਨਿਆਂਸੰਗਤ ਅਤੇ ਆਪਣਾ ਨੁਮਾਇੰਦਾ ਚੁਣਨ ਦੀ ਲੋਕਤੰਤਰੀ ਸਹੂਲਤ ਦੀ ਦਿਸ਼ਾ ਵਿੱਚ ਇੱਕ ਹੋਰ ਫ਼ੈਸਲਾਕੁੰਨ ਕਦਮ ਚੁੱਕਿਆ ਹੈ, ਜਿੱਥੇ ਸਰੀਰਕ ਸੀਮਾਵਾਂ ਜਾਂ ਉਮਰ ਦੀ ਪਰਵਾਹ ਕੀਤੇ ਬਿਨਾਂ ਹਰੇਕ ਨਾਗਰਿਕ ਦੀ ਆਵਾਜ਼ ਮਾਇਨੇ ਰੱਖਦੀ ਹੈ।
ਰਾਜਸਥਾਨ ਦੇ ਚੁਰੂ ਵਿੱਚ ਇੱਕ ਹੀ ਪਰਿਵਾਰ ਦੇ ਅੱਠ ਦਿਵਯਾਂਗ ਵੋਟਰਾਂ ਨੇ ਭਾਰਤ ਦੇ ਚੋਣ ਲੋਕਤੰਤਰ ਦੀ ਤਾਕਤ 'ਤੇ ਜ਼ੋਰ ਦਿੰਦੇ ਹੋਏ, ਘਰ ਤੋਂ ਵੋਟ ਪਾਉਣ ਦੀ ਸਹੂਲਤ ਦੀ ਵਰਤੋਂ ਕੀਤੀ। ਛੱਤੀਸਗੜ੍ਹ ਵਿੱਚ ਬਸਤਰ ਅਤੇ ਸੁਕਮਾ ਆਦਿਵਾਸੀ ਜ਼ਿਲ੍ਹਿਆਂ ਦੀ ਇੰਦੂਮਤੀ ਪਾਂਡੇ (87) ਅਤੇ ਸੋਨਮਤੀ ਬਘੇਲ (86) ਨੇ ਘਰ ਤੋਂ ਪੋਸਟਲ ਬੈਲਟ ਦੀ ਵਰਤੋਂ ਕਰਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਇਸ ਸਹੂਲਤ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਮਹਾਰਾਸ਼ਟਰ ਵਿੱਚ ਈਸੀਆਈ ਪੋਲਿੰਗ ਟੀਮਾਂ ਨੇ ਖੱਬੇ-ਪੱਖੀ ਉਗਰਵਾਦ ਤੋਂ ਪ੍ਰਭਾਵਿਤ ਖੇਤਰ ਗੜ੍ਹਚਿਰੌਲੀ ਜ਼ਿਲ੍ਹੇ ਦੇ ਸਿਰੋਂਚਾ ਸ਼ਹਿਰ ਵਿੱਚ ਦੋ ਬਜ਼ੁਰਗ ਵੋਟਰਾਂ ਨੂੰ ਘਰ ਤੋਂ ਵੋਟਿੰਗ ਦੀ ਸਹੂਲਤ ਪ੍ਰਦਾਨ ਕਰਨ ਲਈ 107 ਕਿੱਲੋਮੀਟਰ ਦਾ ਸਫ਼ਰ ਕੀਤਾ।
ਰਾਜਸਥਾਨ ਦੇ ਚੁਰੂ ਵਿੱਚ ਦਿਵਯਾਂਗ ਵੋਟਰ
ਮੱਧ ਪ੍ਰਦੇਸ਼ ਦੇ ਜੈਸਿੰਘ ਨਗਰ ਦੇ ਸ਼੍ਰੀ ਬੀ ਆਰ ਮਿਸ਼ਰਾ ਨੇ ਘਰ ਤੋਂ ਵੋਟਿੰਗ ਦਾ ਲਾਭ ਲੈਣ ਤੋਂ ਬਾਅਦ ਖੁਸ਼ੀ ਅਤੇ ਪ੍ਰਸ਼ੰਸਾ ਨਾਲ ਕਿਹਾ, “ਤੁਸੀਂ ਜੋ ਡਿਊਟੀ ਨਿਭਾਈ ਹੈ, ਉਹ ਸ਼ਲਾਘਾਯੋਗ ਹੈ, ਮੈਂ ਕਹਿ ਸਕਦਾ ਹਾਂ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਕਹਿ ਸਕਦਾ ਹਾਂ ਕਿ ਤੁਸੀਂ ਜੋ ਆਪਣੇ ਫ਼ਰਜ਼ ਨਿਭਾਏ ਉਹ ਅਸਾਧਾਰਨ ਹੈ, ਜੇਕਰ ਹਰ ਕੋਈ ਅਜਿਹਾ ਕਰੇ ਤਾਂ ਸਾਡੇ ਦੇਸ਼ ਦਾ ਮਾਣ ਵਧੇਗਾ।"
ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ, ਜਿੱਥੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਅਜਿਹੀ ਪ੍ਰਸ਼ੰਸਾ ਨਾ ਕੇਵਲ ਘਰੇਲੂ ਵੋਟਿੰਗ ਇੱਕ ਤਰਕ ਅਧਾਰਤ ਸਹੂਲਤ ਦੇ ਰੂਪ ਵਿੱਚ ਸਗੋਂ ਸਾਡੇ ਸਮਾਜ ਦੇ ਲੋਕਤੰਤਰੀ ਢਾਂਚੇ ਦੇ ਅੰਦਰ ਸਮਾਵੇਸ਼, ਹਮਦਰਦੀ ਅਤੇ ਸਸ਼ਕਤੀਕਰਨ ਦੇ ਪ੍ਰਤੀਕ ਵਜੋਂ ਘਰੇਲੂ ਮਤਦਾਨ ਦੇ ਪਰਿਵਰਤਨਕਾਰੀ ਅਸਰ 'ਤੇ ਜ਼ੋਰ ਦਿੰਦੀ ਹੈ। ਦੇਸ਼ ਦੀ ਵੱਡੀ ਵੋਟਰ ਸੂਚੀ ਵਿੱਚ 85 ਸਾਲ ਦੇ ਬਜ਼ੁਰਗਾਂ ਅਤੇ ਦਿਵਯਾਂਗ ਵਿਅਕਤੀਆਂ ਦੀ ਪਛਾਣ ਕਰਨਾ ਆਪਣੇ ਆਪ ਵਿੱਚ ਇੱਕ ਔਖਾ ਕੰਮ ਹੈ।
ਸ਼੍ਰੀਮਤੀ ਰੁਕਮਣੀ ਸਿੰਘ (91 ਸਾਲ), 6-ਮੁਰਾਦਾਬਾਦ ਸੰਸਦੀ ਹਲਕੇ ਤੋਂ ਅਤੇ ਸ਼੍ਰੀ ਸੁਮਿਤ ਜੈਨ ਨਗੀਨਾ ਸੰਸਦੀ ਖੇਤਰ, ਉੱਤਰ ਪ੍ਰਦੇਸ਼ ਤੋਂ।
ਰਾਜਿੰਦਰ ਲਾਲ ਅਗਰਵਾਲ, 95 ਸਾਲ, ਅਲਵਰ, ਰਾਜਸਥਾਨ ਦੀਮਾਪੁਰ, ਨਾਗਾਲੈਂਡ
ਚਮੋਲੀ, ਉਤਰਾਖੰਡ ਵਿੱਚ ਘਰ ਤੋਂ ਵੋਟਿੰਗ ਸਹੂਲਤ ਦੀ ਵਰਤੋਂ ਕਰਦੇ ਹੋਏ ਬਜ਼ੁਰਗ ਵੋਟਰ
ਹਰਿਦੁਆਰ ਵਿੱਚ 107 ਸਾਲਾ ਸ਼੍ਰੀ ਧਰਮ ਦੇਵ ਅਤੇ ਉੱਤਰਾਖੰਡ ਦੇ ਚਮੋਲੀ ਵਿੱਚ ਵੋਟ ਪਾਉਣ ਲਈ ਘਰ ਤੋਂ ਵੋਟਿੰਗ ਲਈ ਜਾ ਰਹੇ ਪੋਲਿੰਗ ਕਰਮਚਾਰੀ।
(ਸੀਨੀਅਰ ਨਾਗਰਿਕ ਘਰੋਂ ਵੋਟਿੰਗ ਕਰਦੇ ਹੋਏ: ਰਾਜਸਥਾਨ ਦੇ ਸੀਈਓ ਵੱਲੋਂ)
ਇੱਕ ਹੋਰ ਵੋਟਰ ਸ਼੍ਰੀ ਮਿੱਤਲ ਨੇ ਕਿਹਾ, “ਬਹੁਤ ਹੀ ਖ਼ੁਸ਼ੀ ਹੋਈ, ਬਹੁਤ ਪ੍ਰਸੰਨਤਾ ਹੋਈ ਕਿ ਸਾਡੇ ਵਿੱਚੋਂ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈ, ਸਾਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਹ ਚੋਣਾਂ ਦਾ ਸਭ ਤੋਂ ਵਧੀਆ ਕੰਮ ਹੈ। ਇਸਦੇ ਲਈ ਮੈਂ ਬਹੁਤ ਧੰਨਵਾਦੀ ਹਾਂ।"
ਘਰ ਬੈਠੇ ਵੋਟ ਪਾਉਣ ਦੀ ਸਹੂਲਤ ਬਾਰੇ ਜਾਣਕਾਰੀ:
ਘਰੇਲੂ ਵੋਟਿੰਗ ਦੀ ਵਿਵਸਥਾ ਇੱਕ ਪ੍ਰਗਤੀਸ਼ੀਲ ਉਪਾਅ ਹੈ, ਜਿਸਦਾ ਉਦੇਸ਼ ਵੋਟਰਾਂ ਨੂੰ ਸਸ਼ਕਤ ਬਣਾਉਣਾ ਹੈ ਜੋ ਪੋਲਿੰਗ ਸਟੇਸ਼ਨਾਂ 'ਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਖ਼ਾਸ ਤੌਰ 'ਤੇ, ਇਹ ਸਹੂਲਤ ਦੋ ਮੁੱਖ ਜਨਸੰਖਿਆ ਸਮੂਹਾਂ ਲਈ ਵਿਸਥਾਰਤ ਕੀਤੀ ਗਈ ਹੈ: ਦਿਵਯਾਂਗ ਵਿਅਕਤੀ (ਪੀਡਬਲਿਊਡੀ) 40 ਪ੍ਰਤੀਸ਼ਤ ਦੇ ਬੈਂਚਮਾਰਕ ਅਪੰਗਤਾ ਮਾਪਦੰਡ ਨੂੰ ਪੂਰਾ ਕਰਨ ਵਾਲੇ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ। ਵੋਟਰਾਂ ਦੀਆਂ ਇਨ੍ਹਾਂ ਸ਼੍ਰੇਣੀਆਂ ਤੱਕ ਇਸ ਵਿਕਲਪਿਕ ਸਹੂਲਤ ਨੂੰ ਪਹੁੰਚਾ ਕੇ, ਚੋਣ ਕਮਿਸ਼ਨ ਨੇ ਇਸ ਲੋੜ ਨੂੰ ਪਛਾਣਿਆ ਹੈ ਕਿ ਸਰੀਰਕ ਅਪੰਗਤਾ ਅਤੇ ਰੁਕਾਵਟਾਂ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਵਿੱਚ ਅੜਿੱਕਾ ਨਹੀਂ ਹਨ। ਇਹ ਕਮਿਸ਼ਨ ਦੇ ਯਕੀਨੀ ਬਣਾਉਣ ਦੇ ਮਨੋਰਥ ਨੂੰ ਬਰਕਰਾਰ ਰੱਖਦਾ ਹੈ ਕਿ ਕੋਈ ਵੀ ਵੋਟਰ ਵਾਂਝਾ ਨਾ ਰਹੇ।
ਇਸ ਸਹੂਲਤ ਦਾ ਲਾਭ ਲੈਣ ਦੀ ਪ੍ਰਕਿਰਿਆ ਸਧਾਰਨ ਪਰ ਸੰਪੂਰਨ ਹੈ। ਚੋਣ ਨੋਟੀਫਿਕੇਸ਼ਨ ਦੇ ਪੰਜ ਦਿਨਾਂ ਦੇ ਅੰਦਰ, ਯੋਗ ਵੋਟਰਾਂ ਨੂੰ ਫ਼ਾਰਮ 12ਡੀ ਭਰ ਕੇ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਾਉਣਾ ਚਾਹੀਦਾ ਹੈ। ਅਪਾਹਜ ਵੋਟਰ ਆਪਣੀ ਅਰਜ਼ੀ ਦੇ ਨਾਲ ਇੱਕ ਬੁਨਿਆਦੀ ਅਪੰਗਤਾ ਸਰਟੀਫਿਕੇਟ ਜਮ੍ਹਾਂ ਕਰਦੇ ਹਨ।
ਇੱਕ ਵਾਰ ਲੋੜੀਂਦੇ ਦਸਤਾਵੇਜ਼ ਪੂਰੇ ਹੋ ਜਾਣ ਤੋਂ ਬਾਅਦ ਵੋਟਰ ਦੇ ਨਿਵਾਸ ਸਥਾਨ ਤੋਂ ਫਾਰਮ 12 ਡੀ ਇਕੱਠਾ ਕਰਨਾ ਬੂਥ ਲੈਵਲ ਅਫ਼ਸਰ (ਬੀਐੱਲਓ) ਦੀ ਜ਼ਿੰਮੇਵਾਰੀ ਹੈ। ਜਵਾਬਦੇਹੀ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਉਮੀਦਵਾਰਾਂ ਨੂੰ ਇਨ੍ਹਾਂ ਵੋਟਰਾਂ ਦੀ ਸੂਚੀ ਪ੍ਰਾਪਤ ਹੁੰਦੀ ਹੈ; ਜੇਕਰ ਉਹ ਚਾਹੁਣ ਤਾਂ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਇੱਕ ਪ੍ਰਤੀਨਿਧੀ ਚੁਣ ਸਕਦੇ ਹਨ।
ਇਸ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਦੀ ਇੱਕ ਸਮਰਪਿਤ ਟੀਮ ਸੁਰੱਖਿਆ ਕਰਮਚਾਰੀਆਂ ਦੇ ਨਾਲ ਵੋਟਰਾਂ ਦੇ ਘਰ ਜਾ ਕੇ ਉਨ੍ਹਾਂ ਦੀਆਂ ਵੋਟਾਂ ਇਕੱਠੀਆਂ ਕਰਦੀ ਹੈ। ਮਹੱਤਵਪੂਰਨ ਤੌਰ 'ਤੇ ਵੋਟਰਾਂ ਨੂੰ ਯੋਜਨਾਬੱਧ ਦੌਰੇ ਦੇ ਸਮੇਂ ਤੋਂ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਹੈ, ਜਿਸ ਨਾਲ ਉਹ ਸੁਰੱਖਿਅਤ ਅਤੇ ਆਰਾਮਦਾਇਕ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਤਿਆਰ ਰਹਿਣ। ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਅਤੇ ਪਹੁੰਚਯੋਗਤਾ ਵਿੱਚ ਸੁਧਾਰ ਕਰਨ ਲਈ, ਵੋਟਰ ਉਨ੍ਹਾਂ ਦਿਨਾਂ ਬਾਰੇ ਐੱਸਐੱਮਐੱਸ ਰਾਹੀਂ ਸੂਚਨਾਵਾਂ ਵੀ ਪ੍ਰਾਪਤ ਕਰ ਸਕਦੇ ਹਨ ਜਦੋਂ ਉਨ੍ਹਾਂ ਦੇ ਘਰ ਵਿੱਚ ਵੋਟਿੰਗ ਸਹੂਲਤ ਕਾਰਜਸ਼ੀਲ ਹੋਵੇਗੀ। ਪਾਰਦਰਸ਼ਤਾ ਲਈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ।
ਇਹ ਪਹਿਲਕਦਮੀ ਚੋਣ ਪ੍ਰਕਿਰਿਆ ਨੂੰ ਵਧਾਉਣ ਲਈ ਤਕਨਾਲੋਜੀ ਦਾ ਲਾਭ ਉਠਾਉਣ ਲਈ ਚੋਣ ਕਮਿਸ਼ਨ ਦੇ ਸਮਰਪਣ 'ਤੇ ਜ਼ੋਰ ਦਿੰਦੀ ਹੈ। ਡਿਜੀਟਲ ਜਾਣਕਾਰੀ ਤੋਂ ਲੈ ਕੇ ਵੀਡੀਓਗ੍ਰਾਫਰਾਂ ਦੀ ਤਾਇਨਾਤੀ ਤੱਕ, ਨਵੀਨਤਾਕਾਰੀ ਹੱਲਾਂ ਨੂੰ ਸ਼ਾਮਲ ਕਰਨਾ, ਯੋਗ ਵਿਅਕਤੀਆਂ ਲਈ ਇੱਕ ਸਹਿਜ ਅਤੇ ਪਾਰਦਰਸ਼ੀ ਵੋਟਿੰਗ ਤਜਰਬੇ ਦੀ ਸਹੂਲਤ ਦਿੰਦਾ ਹੈ। ਜਿਵੇਂ ਜਿਵੇਂ ਭਾਰਤ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੋ ਰਿਹਾ ਹੈ, ਘਰੇਲੂ ਵੋਟਿੰਗ ਦੀ ਸ਼ੁਰੂਆਤ ਭਾਗੀਦਾਰੀ, ਸਮਾਵੇਸ਼ੀ ਅਤੇ ਪਹੁੰਚਯੋਗ ਚੋਣਾਂ ਨੂੰ ਬਣਾਈ ਰੱਖਣ ਲਈ ਚੋਣ ਕਮਿਸ਼ਨ ਦੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਮਾਣ ਹੈ।
ਫੋਟੋ ਇੱਥੇ ਉਪਲਬਧ ਹੋਣਗੀਆਂ https://elections24.eci.gov.in/
****
ਸਾਰਨੀ ਏ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਯਾਂਗ ਵੋਟਰਾਂ ਦਾ ਡੇਟਾ
*****
ਡੀਕੇ/ਆਰਪੀ
(Release ID: 2017900)
Visitor Counter : 210