ਰੱਖਿਆ ਮੰਤਰਾਲਾ

ਆਸੀਆਨ ਦੇਸ਼ਾਂ ਵਿੱਚ ਵਿਦੇਸ਼ੀ ਤਾਇਨਾਤੀ ਦੇ ਹਿੱਸੇ ਵਜੋਂ ਭਾਰਤੀ ਤਟ ਰੱਖਿਅਕ ਜਹਾਜ਼ ਸਮੁੰਦਰ ਪਹਿਰੇਦਾਰ ਫਿਲੀਪੀਨਜ਼ ਦੀ ਮਨੀਲਾ ਖਾੜੀ ਪਹੁੰਚਿਆ

Posted On: 26 MAR 2024 9:11AM by PIB Chandigarh

ਭਾਰਤੀ ਤਟ ਰੱਖਿਅਕ ਸਮੁੰਦਰੀ ਜਹਾਜ਼ ਸਮੁੰਦਰ ਪਹਿਰੇਦਾਰ, ਜੋ ਇੱਕ ਵਿਸ਼ੇਸ਼ ਪ੍ਰਦੂਸ਼ਣ ਕੰਟਰੋਲ ਜਹਾਜ਼ ਹੈ, ਫਿਲੀਪੀਨਜ਼ ਦੀ ਮਨੀਲਾ ਖਾੜੀ ਵਿੱਚ 25 ਮਾਰਚ, 2024 ਨੂੰ ਆਪਣੀ ਤਿੰਨ ਦਿਨਾ ਯਾਤਰਾ ਤਹਿਤ ਪਹੁੰਚ ਗਿਆ ਹੈ। ਇਸ ਵਿਸ਼ੇਸ਼ ਪ੍ਰਦੂਸ਼ਣ ਕੰਟਰੋਲ ਜਹਾਜ਼ ਦੀ ਇਹ ਫੇਰੀ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਆਈਸੀਜੀ ਸਮੁੰਦਰੀ ਪ੍ਰਦੂਸ਼ਣ ਪ੍ਰਤੀਕ੍ਰਿਆ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਆਸੀਆਨ ਖੇਤਰ ਵਿੱਚ ਸਮੁੰਦਰੀ ਪ੍ਰਦੂਸ਼ਣ ਦੇ ਸਬੰਧ ਵਿੱਚ ਫਿਲੀਪੀਨਜ਼ ਕੋਸਟ ਗਾਰਡ (ਪੀਸੀਜੀ) ਨਾਲ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨਾ ਹੈ ਅਤੇ ਚਿੰਤਾਵਾਂ ਅਤੇ ਸੰਕਲਪਾਂ ਨੂੰ ਸਾਂਝਾ ਕਰਨਾ ਹੈ। ਆਈਸੀਜੀ ਜਹਾਜ਼ 25 ਮਾਰਚ ਤੋਂ 12 ਅਪ੍ਰੈਲ 2024 ਤੱਕ ਆਸੀਆਨ ਦੇਸ਼ਾਂ - ਫਿਲੀਪੀਨਜ਼, ਵੀਅਤਨਾਮ ਅਤੇ ਬਰੂਨੇਈ ਵਿੱਚ ਵਿਦੇਸ਼ੀ ਤਾਇਨਾਤੀ 'ਤੇ ਹੈ। ਆਸੀਆਨ ਦੇਸ਼ਾਂ ਵਿੱਚ ਭਾਰਤੀ ਤਟ ਰੱਖਿਅਕ ਦੀ ਇਹ ਲਗਾਤਾਰ ਤੀਜੀ ਤਾਇਨਾਤੀ ਹੈ। ਇਸ ਤੋਂ ਪਹਿਲਾਂ ਸਾਲ 2023 ਵਿੱਚ, ਆਈਸੀਜੀ ਪ੍ਰਦੂਸ਼ਣ ਕੰਟਰੋਲ ਜਹਾਜ਼ਾਂ ਨੇ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਕੰਬੋਡੀਆ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਇੰਡੋਨੇਸ਼ੀਆ ਦਾ ਦੌਰਾ ਕੀਤਾ ਸੀ।

ਆਪਣੀ ਤਾਇਨਾਤੀ ਦੇ ਦੌਰਾਨ ਇਹ ਜਹਾਜ਼ ਮਨੀਲਾ (ਫਿਲੀਪੀਨਜ਼), ਹੋ ਚੀ ਮਿਨਹ (ਵੀਅਤਨਾਮ) ਅਤੇ ਮੁਆਰਾ (ਬਰੂਨੇਈ) ਵਿਖੇ ਬੰਦਰਗਾਹਾਂ ਦਾ ਨਿਰੀਖਣ ਕਰੇਗਾ। ਇਹ ਜਹਾਜ਼ ਵਿਸ਼ੇਸ਼ ਸਮੁੰਦਰੀ ਪ੍ਰਦੂਸ਼ਣ ਨਿਯੰਤਰਨ ਉਪਕਰਨਾਂ ਨਾਲ ਲੈਸ ਹੈ ਅਤੇ ਪ੍ਰਦੂਸ਼ਣ ਪ੍ਰਤੀਕ੍ਰਿਆ ਕਨਫਿਗਰੇਸ਼ਨ ਲਈ ਇੱਕ ਚੇਤਕ ਹੈਲੀਕਾਪਟਰ ਦੀ ਤੈਨਾਤੀ ਨਾਲ ਲੈਸ ਹੈ, ਜਿਸ ਨੂੰ ਸਮੁੰਦਰ ਵਿੱਚ ਤੇਲ ਦੇ ਫੈਲਾਅ ਨੂੰ ਰੋਕਣ, ਇਕੱਠਾ ਕਰਨ ਅਤੇ ਅਪ੍ਰੇਸ਼ਨ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਫੇਰੀ ਦੌਰਾਨ ਬੰਦਰਗਾਹਾਂ 'ਤੇ ਪ੍ਰਦੂਸ਼ਣ ਪ੍ਰਤੀਕ੍ਰਿਆ ਸਿਖਲਾਈ ਅਤੇ ਵੱਖ-ਵੱਖ ਉਪਕਰਨਾਂ ਦਾ ਪ੍ਰੈਕਟੀਕਲ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਜਹਾਜ਼ ਸਰਕਾਰ ਦੀ ਪਹਿਲਕਦਮੀ "ਪੁਨੀਤ ਸਾਗਰ ਅਭਿਆਨ" ਵਿੱਚ ਹਿੱਸਾ ਲੈਣ ਲਈ 25 ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਕੈਡਿਟਾਂ ਨੂੰ ਵੀ ਲੈ ਕੇ ਜਾਵੇਗਾ ਅਤੇ ਭਾਈਵਾਲ ਦੇਸ਼ਾਂ ਦੇ ਨਾਲ ਤਾਲਮੇਲ ਵਿੱਚ ਇੱਕ ਅੰਤਰਰਾਸ਼ਟਰੀ ਪਹੁੰਚ ਪ੍ਰਦਾਨ ਕਰੇਗਾ। ਵਿਦੇਸ਼ੀ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਹਿੱਸੇ ਵਜੋਂ ਐੱਨਸੀਸੀ ਕੈਡਿਟਾਂ, ਆਈਸੀਜੀ ਜਹਾਜ਼ ਦੇ ਕਰਮਚਾਰੀਆਂ, ਭਾਗੀਦਾਰ ਏਜੰਸੀਆਂ ਦੇ ਕਰਮਚਾਰੀਆਂ, ਭਾਰਤੀ ਦੂਤਘਰ/ਮਿਸ਼ਨ ਅਮਲੇ ਅਤੇ ਸਥਾਨਕ ਯੁਵਾ ਸੰਗਠਨਾਂ ਦੇ ਨਾਲ ਤਾਲਮੇਲ ਵਿੱਚ ਜਹਾਜ਼ ਦੇ ਬੰਦਰਗਾਹ ਦੌਰੇ ਦੌਰਾਨ ਸਮੁੰਦਰੀ ਤਟਾਂ ਦੀ ਸਫ਼ਾਈ ਅਤੇ ਇਸੇ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਸ਼ਾਮਲ ਹੋਣਗੀਆਂ। 

ਇਹ ਦੌਰਾ ਫਿਲੀਪੀਨਜ਼ ਕੋਸਟ ਗਾਰਡ, ਵੀਅਤਨਾਮ ਕੋਸਟ ਗਾਰਡ ਅਤੇ ਬਰੂਨੇਈ ਮੈਰੀਟਾਈਮ ਏਜੰਸੀਆਂ ਸਮੇਤ ਪ੍ਰਮੁੱਖ ਸਮੁੰਦਰੀ ਏਜੰਸੀਆਂ ਦੇ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਅਹਿਮ ਮਹੱਤਵ ਰੱਖਦਾ ਹੈ। ਭਾਰਤੀ ਤਟ ਰੱਖਿਅਕ ਨੇ ਸਮੁੰਦਰੀ ਸਹਿਯੋਗ ਅਤੇ ਸਮੁੰਦਰੀ ਰੱਖਿਆ ਅਤੇ ਸੁਰੱਖਿਆ ਨੂੰ ਵਧਾਉਣ ਲਈ ਫਿਲੀਪੀਨਜ਼ ਅਤੇ ਵੀਅਤਨਾਮ ਦੇ ਤਟ ਰੱਖਿਅਕਾਂ ਦੇ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ਹਸਤਾਖ਼ਰ ਕੀਤਾ ਹੈ। ਇਸ ਖੇਤਰ ਵਿੱਚ ਰੱਖਿਆ, ਸੁਰੱਖਿਆ ਅਤੇ ਸਮੁੰਦਰੀ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਇਹ ਸਬੰਧ ਪਿਛਲੇ ਕਈ ਸਾਲਾਂ ਦੌਰਾਨ ਵਿਕਸਤ ਹੋਏ ਹਨ। ਇਸ ਯਾਤਰਾ ਦੇ ਏਜੰਡੇ ਵਿੱਚ ਪੇਸ਼ਾਵਰ ਆਦਾਨ-ਪ੍ਰਦਾਨ, ਕਰਾਸ-ਡੇਕ ਦੌਰੇ, ਸਾਂਝੇ ਅਭਿਆਸਾਂ ਦੇ ਨਾਲ-ਨਾਲ ਸਮਰੱਥਾ ਨਿਰਮਾਣ ਸਹੂਲਤਾਂ ਦੇ ਦੌਰੇ ਸਮੇਤ ਅਧਿਕਾਰਤ ਅਤੇ ਸਮਾਜਿਕ ਗਤੀਵਿਧੀਆਂ ਸ਼ਾਮਲ ਹਨ।

ਆਈਸੀਜੀਐੱਸ ਸਮੁੰਦਰ ਪਹਿਰੇਦਾਰ ਬਾਰੇ ਕੁਝ ਜਾਣਕਾਰੀ:

ਡਿਪਟੀ ਇੰਸਪੈਕਟਰ ਜਨਰਲ ਸੁਧੀਰ ਰਵਿੰਦਰਨ ਦੀ ਕਮਾਨ ਹੇਠ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਚ ਭਾਰਤ ਦੇ ਪੂਰਬੀ ਤਟ 'ਤੇ ਆਈਸੀਜੀਐੱਸ ਸਮੁੰਦਰ ਪਹਿਰੇਦਾਨ ਤਾਇਨਾਤ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਸਮੁੰਦਰ ਪਹਿਰੇਦਾਰ ਨੇ ਸਮੁੰਦਰੀ ਪ੍ਰਦੂਸ਼ਣ ਪ੍ਰਤੀਕਿਰਿਆ, ਆਈਐੱਮਬੀਐੱਲ/ਈਈਜ਼ੈੱਡ ਨਿਗਰਾਨੀ, ਅੰਤਰ-ਰਾਸ਼ਟਰੀ ਅਪਰਾਧਾਂ ਦੀ ਰੋਕਥਾਮ ਅਤੇ ਸਮੁੰਦਰੀ ਖੋਜ ਅਤੇ ਬਚਾਅ (ਐੱਸਏਆਰ) ਸਮੇਤ ਵੱਖ-ਵੱਖ ਤਟ ਰੱਖਿਅਕ ਕਾਰਜਾਂ ਵਿੱਚ ਸਫਲਤਾਪੂਰਵਕ ਹਿੱਸਾ ਲਿਆ ਹੈ।

****

ਏਬੀਬੀ/ਆਨੰਦ 



(Release ID: 2016460) Visitor Counter : 48