ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਮੋਹਾਲੀ ਵਿਖੇ ਆਪਣੀ ਕਿਸਮ ਦੀ ਪਹਿਲੀ 'ਨੈਸ਼ਨਲ ਸਪੀਡ ਬ੍ਰੀਡਿੰਗ ਕ੍ਰੌਪ ਫੈਸਿਲਿਟੀ’, “ਡੀਬੀਟੀ ਸਪੀਡੀ ਸੀਡਜ਼” ਦਾ ਉਦਘਾਟਨ ਕੀਤਾ


“ਇਹ ਪਹਿਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਉਨ੍ਹਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਯਕੀਨੀ ਬਣਾਉਣ ਅਤੇ ਐਗਰੀ-ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੀ ਪ੍ਰਾਥਮਿਕਤਾ ਦੇ ਅਨੁਰੂਪ ਹੈ”: ਡਾ. ਜਿਤੇਂਦਰ ਸਿੰਘ

ਕਿਸਾਨਾਂ ਨੂੰ ਹੁਣ ਆਪਣੀਆਂ ਫ਼ਸਲਾਂ ਨੂੰ ਗੁਣਾਤਮਕ ਅਤੇ ਗਿਣਾਤਮਕ ਤੌਰ 'ਤੇ ਸੁਧਾਰਣ ਦਾ ਮੌਕਾ ਮਿਲੇਗਾ: ਡਾ. ਸਿੰਘ

“ਭਾਰਤ ਦੀ ਜੈਵ-ਅਰਥਵਿਵਸਥਾ ਪਿਛਲੇ 10 ਸਾਲਾਂ ਵਿੱਚ 13 ਗੁਣਾ ਵਧ ਗਈ ਹੈ, ਜੋ 2014 ਵਿੱਚ 10 ਬਿਲੀਅਨ ਡਾਲਰ ਤੋਂ ਵਧ ਕੇ 2024 ਵਿੱਚ 130 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ”: ਡਾ. ਜਿਤੇਂਦਰ ਸਿੰਘ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਬਾਇਓ-ਮੈਨੂਫੈਕਚਰਿੰਗ ਅਤੇ ਬਾਇਓ-ਫਾਊਂਡਰੀ ਭਾਰਤ ਦੇ ਭਵਿੱਖ ਦੀ ਜੈਵ-ਅਰਥਵਿਵਸਥਾ ਨੂੰ ਅੱਗੇ ਵਧਾਉਣਗੇ ਅਤੇ "ਗ੍ਰੀਨ ਵਿਕਾਸ" ਨੂੰ ਉਤਸ਼ਾਹਿਤ ਕਰਨਗੇ

Posted On: 11 MAR 2024 5:56PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਮੋਹਾਲੀ ਦੇ ਪ੍ਰਮੁੱਖ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ) ਵਿਖੇ ਆਪਣੀ ਕਿਸਮ ਦੀ ਪਹਿਲੀ "ਰਾਸ਼ਟਰੀ ਸਪੀਡ ਬ੍ਰੀਡਿੰਗ ਕ੍ਰੌਪ ਫੈਸਿਲਿਟੀ" ਦਾ ਉਦਘਾਟਨ ਕੀਤਾ। 

 

ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, "ਇਹ ਪਹਿਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਉਨ੍ਹਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਯਕੀਨੀ ਬਣਾਉਣ ਅਤੇ ਐਗਰੀ-ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੀ ਪ੍ਰਾਥਮਿਕਤਾ ਦੇ ਅਨੁਰੂਪ ਹੈ।” ਉਨ੍ਹਾਂ ਕਿਹਾ, ਕਿਸਾਨਾਂ ਨੂੰ ਹੁਣ ਆਪਣੀਆਂ ਫਸਲਾਂ ਨੂੰ ਗੁਣਾਤਮਕ ਅਤੇ ਗਿਣਾਤਮਕ ਤੌਰ 'ਤੇ ਸੁਧਾਰਣ ਦਾ ਮੌਕਾ ਮਿਲੇਗਾ।

 ਡਾ. ਜਿਤੇਂਦਰ ਸਿੰਘ ਨੇ ਕਿਹਾ, “ਬਾਇਓਟੈਕਨੋਲੋਜੀ ਸਪੀਡੀ ਸੀਡਜ਼ ਸੁਵਿਧਾ ਭਾਰਤ ਦੇ ਸਾਰੇ ਰਾਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਪਰ ਇਹ ਵਿਸ਼ੇਸ਼ ਤੌਰ 'ਤੇ ਉੱਤਰੀ ਭਾਰਤ ਦੇ ਰਾਜਾਂ ਜਿਵੇਂ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਲਈ ਲਾਭਦਾਇਕ ਹੋਵੇਗੀ। ਉਨ੍ਹਾਂ ਅੱਗੇ ਕਿਹਾ, "ਇਹ ਸੁਵਿਧਾ ਫਸਲਾਂ ਦੀਆਂ ਉੱਨਤ ਕਿਸਮਾਂ ਦੇ ਵਿਕਾਸ ਵਿੱਚ ਤੇਜ਼ੀ ਲਿਆ ਕੇ ਫਸਲ ਸੁਧਾਰ ਪ੍ਰੋਗਰਾਮਾਂ ਵਿੱਚ ਪਰਿਵਰਤਨਕਾਰੀ ਤਬਦੀਲੀਆਂ ਨੂੰ ਹੁਲਾਰਾ ਦੇਵੇਗੀ ਜੋ ਜਲਵਾਯੂ ਪਰਿਵਰਤਨ ਨੂੰ ਬਰਕਰਾਰ ਰੱਖ ਸਕਦੀਆਂ ਹਨ ਅਤੇ ਸਪੀਡ ਬ੍ਰੀਡਿੰਗ ਫਸਲੀ ਵਿਧੀਆਂ ਨੂੰ ਲਾਗੂ ਕਰਨ ਦੇ ਨਾਲ ਆਬਾਦੀ ਦੀ ਭੋਜਨ ਅਤੇ ਪੋਸ਼ਣ ਦੀ ਮੰਗ ਵਿੱਚ ਯੋਗਦਾਨ ਪਾ ਸਕਦੀਆਂ ਹਨ।”

 ਮੰਤਰੀ ਨੇ ਕਿਹਾ, “ਐੱਨਏਬੀਆਈ ਦੇ ਡੀਬੀਟੀ ਇੰਸਟੀਟਿਊਟ ਨੇ ‘ਜਲਵਾਯੂ-ਰੋਧਕ ਫਸਲਾਂ’ ਦੀ ਟੈਕਨੋਲੋਜੀ ਵਿਕਸਿਤ ਕੀਤੀ ਹੈ, ਇਨ੍ਹਾਂ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਕਿਸੇ ਖਾਸ ਮੌਸਮ ਵਿੱਚ ਫਸਲ ਦੀ ਕਾਸ਼ਤ ਕਰਨ ਤੋਂ ਰੋਕਿਆ ਨਹੀਂ ਜਾਵੇਗਾ, ਬਲਕਿ ਉਨ੍ਹਾਂ ਨੂੰ ਮੌਸਮ ਅਨੁਕੂਲਤਾ ਦੀ ਪਰਵਾਹ ਕੀਤੇ ਬਿਨਾ ਖੇਤੀ ਕਰਨ ਦੀ ਆਜ਼ਾਦੀ ਹੋਵੇਗੀ।"

ਡਾ. ਜਿਤੇਂਦਰ ਸਿੰਘ ਨੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਸੰਸਥਾਵਾਂ ਦੀਆਂ ਹਾਲੀਆ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ, "ਸਾਡੀਆਂ ਸੰਸਥਾਵਾਂ ਕੋਲ ਆਧੁਨਿਕ ਜੈਨੇਟਿਕ ਸਾਧਨਾਂ ਦੁਆਰਾ ਫਲਾਂ, ਫੁੱਲਾਂ ਅਤੇ ਫਸਲਾਂ ਦੀ ਕਾਸ਼ਤ ਸਬੰਧੀ ਵਿਸ਼ੇਸ਼ ਟੈਕਨੋਲੋਜੀ ਉਪਲਬੱਧ ਹੈ।” ਉਨ੍ਹਾਂ ਨੇ ਸੀਐੱਸਆਈਆਰ ਪਾਲਮਪੁਰ ਦੁਆਰਾ 'ਟਿਊਲਿਪ' ਕਾਸ਼ਤ ਦੀ ਸਫਲਤਾ ਨੂੰ ਯਾਦ ਕੀਤਾ, ਅਤੇ ਸੀਐੱਸਆਈਆਰ ਲਖਨਊ ਦੁਆਰਾ '108-ਪੰਖੜੀਆਂ ਵਾਲੇ ਕਮਲ' ਦੇ ਵਿਕਾਸ ਨੂੰ ਵੀ ਯਾਦ ਕੀਤਾ ਜਿਸ ਨੇ ਟੀਵੀ ਸੀਰੀਜ਼ ਕੇਬੀਸੀ ਵਿੱਚ ਇੱਕ ਪੁਰਸਕਾਰ ਜਿੱਤਿਆ ਸੀ। ਉਨ੍ਹਾਂ ਨੇ ਅੱਗੇ ਜ਼ੋਰ ਦਿੱਤਾ ਕਿ ਖੇਤੀ ਸੈਕਟਰ ਵਿੱਚ ਨਵੀਨਤਮ ਟੈਕਨੋਲੋਜੀ ਦੀ ਵਰਤੋਂ ਭਾਰਤ ਵਿੱਚ ਖੇਤੀ ਦੇ ਰਵਾਇਤੀ ਕਿੱਤੇ ਦੇ ਨਾਲ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਸਾਧਨਾਂ ਦੀ ਪੂਰਤੀ ਕਰਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਏਗੀ।

 ਡਾ. ਜਿਤੇਂਦਰ ਸਿੰਘ ਨੇ ਕਿਹਾ "ਬਾਇਓ-ਮੈਨੂਫੈਕਚਰਿੰਗ ਅਤੇ ਬਾਇਓ-ਫਾਊਂਡਰੀ ਭਾਰਤ ਦੇ ਭਵਿੱਖ ਦੀ ਜੈਵ-ਅਰਥਵਿਵਸਥਾ ਨੂੰ ਅੱਗੇ ਵਧਾਉਣਗੇ ਅਤੇ ਗ੍ਰੀਨ ਵਿਕਾਸ ਨੂੰ ਉਤਸ਼ਾਹਿਤ ਕਰਨਗੇ।” ਉਨ੍ਹਾਂ ਦੇ ਅਨੁਸਾਰ, ਮੰਤਰਾਲਾ ਭਾਰਤ ਦੀ ਅਰਥਵਿਵਸਥਾ ਨੂੰ ਪੂਰਕ ਬਣਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਨੂੰ ਰਵਾਇਤੀ ਗਿਆਨ ਦੇ ਨਾਲ ਜੋੜਨ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਜ਼ੋਰ ਦੇ ਮੱਦੇਨਜ਼ਰ ਤਾਲਮੇਲ ਅਤੇ ਏਕੀਕ੍ਰਿਤ ਪਹੁੰਚ ਨਾਲ ਕੰਮ ਕਰ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਧੀਨ "ਭਾਰਤ ਦੀ ਜੈਵ-ਅਰਥਵਿਵਸਥਾ ਪਿਛਲੇ 10 ਸਾਲਾਂ ਵਿੱਚ 13 ਗੁਣਾ ਵਧੀ ਹੈ, ਜੋ 2014 ਵਿੱਚ 10 ਬਿਲੀਅਨ ਡਾਲਰ ਤੋਂ ਵਧ ਕੇ 2024 ਵਿੱਚ 130 ਬਿਲੀਅਨ ਡਾਲਰ ਹੋ ਗਈ ਹੈ।”

 

ਉਦਘਾਟਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਗਾਤਾਰ ਤੀਸਰੇ ਕਾਰਜਕਾਲ ਵਿੱਚ, ਭਾਰਤ ਦੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉੱਭਰਨ ਅਤੇ ਆਉਣ ਵਾਲੇ ਸਾਲਾਂ ਵਿੱਚ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਲਈ ਖੇਤੀਬਾੜੀ ਖੇਤਰ ਦਾ ਯੋਗਦਾਨ ਭਾਰਤੀ ਅਰਥਵਿਵਸਥਾ ਲਈ ਮਹੱਤਵਪੂਰਨ ਹੋਵੇਗਾ।”

 ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਬਾਇਓ-ਇਕੋਨੋਮੀ ਦੀ ਮਹੱਤਤਾ ਪ੍ਰਤੀ ਸੁਚੇਤ ਹੈ ਅਤੇ ਇਸ ਲਈ ਹਾਲ ਹੀ ਵਿੱਚ 'ਵੋਟ ਆਵੑ ਅਕਾਊਂਟ-ਬਜਟ' ਵਿੱਚ ਬਾਇਓ-ਮੈਨੂਫੈਕਚਰਿੰਗ ਲਈ ਇੱਕ ਵਿਸ਼ੇਸ਼ ਯੋਜਨਾ ਦੀ ਵਿਵਸਥਾ ਕੀਤੀ ਗਈ ਸੀ।

 ਡਾ. ਜਿਤੇਂਦਰ ਸਿੰਘ ਦੇ ਅਨੁਸਾਰ, ਖੇਤੀ ਸੈਕਟਰ ਦੀ ਉਤਪਾਦਕਤਾ ਵਿੱਚ ਪਰਿਵਰਤਨਕਾਰੀ ਪ੍ਰਗਤੀ ਅਤੇ ਮੁੱਲ ਵਾਧੇ ਨੂੰ ਸਮਰੱਥ ਬਣਾਉਣ ਲਈ ਐੱਨਏਬੀਆਈ ਜਿਹੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। 

 ਇਹ ਸੁਵਿਧਾ ਪ੍ਰਤੱਖ ਤੌਰ 'ਤੇ  (ੳ) ਭਾਰਤ ਦੇ ਖੇਤੀਬਾੜੀ ਅਤੇ ਬਾਇਓਟੈਕਨੋਲੋਜੀ ਰਿਸਰਚ ਅਤੇ ਫਸਲਾਂ ਦੀਆਂ ਸੁਧਰੀਆਂ ਹੋਈਆਂ ਕਿਸਮਾਂ ਅਤੇ ਉਤਪਾਦਾਂ ਦੇ ਵਿਕਾਸ ਵਿੱਚ ਲੱਗੇ ਹੋਏ ਸਰਕਾਰੀ ਅਦਾਰਿਆਂ, ਪ੍ਰਾਈਵੇਟ ਸੰਸਥਾਵਾਂ ਅਤੇ ਪ੍ਰਮੁੱਖ ਉਦਯੋਗਾਂ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ, (ਅ) ਫਸਲਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ ਪਲਾਂਟ ਬ੍ਰੀਡਰਜ਼ ਅਤੇ (ੲ) ਪ੍ਰਗਤੀਸ਼ੀਲ ਕਿਸਾਨਾਂ ਦੀ ਮਦਦ ਕਰੇਗੀ, ਜੋ ਬਿਹਤਰ ਉਪਜ ਅਤੇ ਪੌਸ਼ਟਿਕ ਗੁਣਾਂ ਵਾਲੀਆਂ ਨਵੀਆਂ ਕਿਸਮਾਂ ਨੂੰ ਅਪਣਾਉਣ ਵਿੱਚ ਯੋਗਦਾਨ ਪਾ ਰਹੇ ਹਨ।

 

ਆਪਣੇ ਸੰਬੋਧਨ ਵਿੱਚ, ਪ੍ਰੋ. ਅਸ਼ਵਨੀ ਪਾਰਿਕ, ਐਗਜ਼ੀਕਿਊਟਿਵ ਡਾਇਰੈਕਟਰ, ਐੱਨਏਬੀਆਈ, ਨੇ ਕਿਹਾ ਕਿ ਸਪੀਡ ਬ੍ਰੀਡਿੰਗ ਕ੍ਰੌਪ ਫੈਸਿਲਿਟੀ ਦੀ ਵਰਤੋਂ ਕਣਕ, ਚਾਵਲ, ਸੋਇਆਬੀਨ, ਮਟਰ, ਟਮਾਟਰ ਆਦਿ ਵਰਗੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕਰਨ ਲਈ ਕੀਤੀ ਜਾਵੇਗੀ, ਜੋ ਕਿ ਪ੍ਰਤੀ ਸਾਲ ਇੱਕ ਫਸਲ ਦੀਆਂ ਚਾਰ ਪੀੜ੍ਹੀਆਂ ਤੋਂ ਵੱਧ ਪ੍ਰਾਪਤ ਕਰਨ ਲਈ ਇੱਕ ਨਿਯੰਤਰਿਤ ਵਾਤਾਵਰਣ (ਰੌਸ਼ਨੀ, ਨਮੀ, ਤਾਪਮਾਨ) ਦੀ ਵਰਤੋਂ ਕਰਕੇ ਕੀਤੀ ਜਾਵੇਗੀ।

 ਉਨ੍ਹਾਂ ਨੇ ਕਿਹਾ ਕਿ ਐੱਨਏਬੀਆਈ ਇੰਸਟੀਟਿਊਟ ਨੇ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਆਦਿ ਲਈ 'ਅਟਲ ਜੈ ਅਨੁਸੰਧਾਨ ਬਾਇਓਟੈਕ (UNaTI) ਮਿਸ਼ਨ (ਪੋਸ਼ਨ ਅਭਿਆਨ) [Atal Jai Anusandhan Biotech (UNaTI) Mission (Poshan Abhiyan)], ਅਤੇ ਬਾਇਓਟੈਕ ਕਿਸਾਨ ਹੱਬਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। 

 

 *****

 

ਐੱਸਐੱਨਸੀ/ਪੀਕੇ/ਪੀਐੱਸਐੱਮ



(Release ID: 2013640) Visitor Counter : 37