ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ
ਹਰਿਆਣਾ ਦੇ ਯਤਿਨ ਭਾਸਕਰ ਦੁੱਗਲ ਨੇ ਪਹਿਲਾ, ਤਾਮਿਲਨਾਡੂ ਦੀ ਵੈਸ਼ਨਾ ਪਿਚਾਈ ਨੇ ਦੂਜਾ ਅਤੇ ਰਾਜਸਥਾਨ ਦੀ ਕਨਿਸ਼ਕ ਸ਼ਰਮਾ ਨੇ ਤੀਜਾ ਪੁਰਸਕਾਰ ਜਿੱਤਿਆ
2047 ਤੱਕ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣ ਵਿੱਚ ਨੌਜਵਾਨਾਂ ਦੀ ਸੋਚਣ ਦੀ ਸਮਰੱਥਾ, ਨਵੀਨਤਾ ਲਿਆਉਣ ਦੀ ਸਮਰੱਥਾ ਅਤੇ ਕੰਮ ਕਰਨ ਦਾ ਜੋਸ਼ ਅਹਿਮ ਭੂਮਿਕਾ ਨਿਭਾਏਗਾ: ਸ਼੍ਰੀ ਓਮ ਬਿਰਲਾ
ਨੌਜਵਾਨਾਂ ਦੀ ਦ੍ਰਿੜ੍ਹ ਆਵਾਜ਼ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
06 MAR 2024 5:10PM by PIB Chandigarh
ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਅਤੇ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਸੰਸਦ ਦੇ ਸੈਂਟਰਲ ਹਾਲ, ਨਵੀਂ ਦਿੱਲੀ ਵਿੱਚ ਸਮਾਪਤੀ ਦਿਵਸ ਮੌਕੇ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਨੂੰ ਸੰਬੋਧਨ ਕੀਤਾ।
ਹਰਿਆਣਾ ਤੋਂ ਸ਼੍ਰੀ ਯਤਿਨ ਭਾਸਕਰ ਦੁੱਗਲ (ਪਹਿਲਾ ਪੁਰਸਕਾਰ ਜੇਤੂ)
ਤਾਮਿਲਨਾਡੂ ਤੋਂ ਸੁਸ਼੍ਰੀ ਵੈਸ਼ਨਾ ਪਿਚਾਈ (ਦੂਜਾ ਪੁਰਸਕਾਰ ਜੇਤੂ)
ਰਾਜਸਥਾਨ ਤੋਂ ਕਨਿਸ਼ਕ ਸ਼ਰਮਾ (ਤੀਜਾ ਪੁਰਸਕਾਰ ਜੇਤੂ)
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਓਮ ਬਿਰਲਾ ਨੇ ਸਾਰੇ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੈਂਟਰਲ ਹਾਲ ਦਾ ਇੱਕ ਇਤਿਹਾਸ ਹੈ ਅਤੇ ਆਜ਼ਾਦੀ ਤੋਂ ਬਾਅਦ ਸੰਵਿਧਾਨ ਬਣਾਉਣ ਵਿੱਚ ਇਹ ਹਾਲ ਕੇਂਦਰੀ ਰਿਹਾ ਹੈ। ਸ਼੍ਰੀ ਓਮ ਬਿਰਲਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦੇਸ਼ ਦੇ ਨੌਜਵਾਨਾਂ ਤੋਂ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਪ੍ਰਤੀ ਬਹੁਤ ਉਮੀਦਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਦੀ ਸੋਚਣ ਦੀ ਸਮਰੱਥਾ, ਨਵੀਨਤਾ ਲਿਆਉਣ ਦੀ ਸਮਰੱਥਾ ਅਤੇ ਕੰਮ ਕਰਨ ਦਾ ਜੋਸ਼ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤ' ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨਾ ਸਿਰਫ਼ ਵਿਕਸਿਤ ਭਾਰਤ ਬਣੇਗਾ ਸਗੋਂ ਸਮੁੱਚੀ ਦੁਨੀਆ ਨੂੰ ਰਾਹ ਦਿਖਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅੱਜ ਆਧੁਨਿਕੀਕਰਨ ਵੱਲ ਵਧ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੀ ਵਿਰਾਸਤ ਨੂੰ ਵੀ ਬਰਕਰਾਰ ਰੱਖ ਰਿਹਾ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਨੌਜਵਾਨਾਂ ਦੀ ਦ੍ਰਿੜ੍ਹ ਆਵਾਜ਼ ਭਾਰਤ ਦੇ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਟੈਕਨਾਲੋਜੀ ਦੀ ਸਕਾਰਾਤਮਕ ਵਰਤੋਂ ਅਤੇ ਦੁਨੀਆਂ ਦੀਆਂ ਪੰਜ ਨਾਜ਼ੁਕ ਅਰਥਵਿਵਸਥਾਵਾਂ ਵਿੱਚੋਂ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ ਵਿੱਚ ਇਸ ਦੀ ਤਰੱਕੀ ਦੇਖੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਕਮਜ਼ੋਰ ਲੀਡਰਸ਼ਿਪ ਤੋਂ ਮਜ਼ਬੂਤ ਲੀਡਰਸ਼ਿਪ ਵੱਲ ਵਧਿਆ ਹੈ ਅਤੇ ਅੱਜ ਵਿਸ਼ਵ ਨੇਤਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦਾ ਹੈ। ਉਨ੍ਹਾਂ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿੱਚ ਸਰਕਾਰ ਨੇ ਲਗਭਗ 25 ਕਰੋੜ ਗ਼ਰੀਬਾਂ ਨੂੰ ਬਹੁ-ਆਯਾਮੀ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵਚਨਬੱਧਤਾ, ਤਕਨਾਲੋਜੀ ਦੀ ਵਰਤੋਂ ਅਤੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਭਾਰਤ ਸ਼ੁੱਧ ਆਯਾਤਕ ਤੋਂ ਸ਼ੁੱਧ ਨਿਰਯਾਤਕ ਵੱਲ; ਯੂਪੀਆਈ (UPI) ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਅਤੇ ਮਾਈ (MY) ਭਾਰਤ ਤੋਂ ਵਿਕਸਿਤ ਭਾਰਤ ਤੱਕ ਲਈ ਅੱਗੇ ਵਧ ਰਿਹਾ ਹੈ।
ਉਨ੍ਹਾਂ ਨੇ ਭਾਗੀਦਾਰਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਯੂ-ਟਿਊਬ ਵਰਗੇ ਵੱਖ-ਵੱਖ ਪਲੇਟਫਾਰਮਾਂ ਦੀ ਵਰਤੋਂ ਕਰਕੇ ਸਰਕਾਰੀ ਨੀਤੀਆਂ ਨੂੰ ਲੋਕਾਂ ਤੱਕ ਤਰਜੀਹੀ ਤੌਰ 'ਤੇ ਸਥਾਨਕ ਭਾਸ਼ਾ ਵਿੱਚ ਪਹੁੰਚਾਉਣ। ਉਨ੍ਹਾਂ ਨੇ ਨੌਜਵਾਨਾਂ ਨੂੰ ਟੀਮ ਦੀ ਅਗਵਾਈ ਵਾਲੀ ਲੀਡਰਸ਼ਿਪ 'ਤੇ ਧਿਆਨ ਕੇਂਦਰਿਤ ਕਰਨ ਦੀ ਵੀ ਤਾਕੀਦ ਕੀਤੀ ਅਤੇ ਕਿਹਾ ਕਿ ਅੱਜ ਜੋ ਨੈੱਟਵਰਕ ਬਣਾਇਆ ਗਿਆ ਹੈ, ਉਹ ਤੁਹਾਡੇ ਜੀਵਨ ਵਿੱਚ ਨੈੱਟ ਵਰਥ ਹੋਵੇਗਾ।
ਨੈਸ਼ਨਲ ਯੂਥ ਪਾਰਲੀਮੈਂਟ ਦਾ ਆਯੋਜਨ ਇਸ ਸਾਲ 'ਯੰਗ ਵਾਇਸਜ਼: ਐਨਗੇਜ ਐਂਡ ਪਾਵਰ ਫਾਰ ਨੇਸ਼ਨਜ਼ ਟਰਾਂਸਫਾਰਮੇਸ਼ਨ' ਦੇ ਥੀਮ 'ਤੇ ਕੀਤਾ ਜਾ ਰਿਹਾ ਹੈ।
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਦੇਸ਼ ਭਰ ਵਿੱਚ 9 ਫ਼ਰਵਰੀ, 2024 ਤੋਂ 6 ਮਾਰਚ, 2024 ਤੱਕ ਆਯੋਜਿਤ ਕੀਤਾ ਗਿਆ ਹੈ। ਇਹ ਯੂਥ ਪਾਰਲੀਮੈਂਟ ਦੇਸ਼ ਦੇ 785 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਤਿੰਨ ਪੱਧਰਾਂ 'ਤੇ ਆਯੋਜਿਤ ਕੀਤੀ ਗਈ ਹੈ।
ਜ਼ਿਲ੍ਹਾ ਯੂਥ ਪਾਰਲੀਮੈਂਟ ਦਾ ਆਯੋਜਨ 9 ਫ਼ਰਵਰੀ, 2024 ਤੋਂ 14 ਫ਼ਰਵਰੀ 2024 ਤੱਕ ਕੀਤਾ ਗਿਆ ਸੀ। ਜ਼ਿਲ੍ਹਾ ਯੂਥ ਪਾਰਲੀਮੈਂਟ - 2024 ਦੇ ਜੇਤੂਆਂ ਨੇ 19 ਤੋਂ 24 ਫ਼ਰਵਰੀ, 2024 ਤੱਕ ਸਟੇਟ ਯੂਥ ਪਾਰਲੀਮੈਂਟ ਵਿੱਚ ਭਾਗ ਲਿਆ।
5 ਅਤੇ 6 ਮਾਰਚ, 2024 ਨੂੰ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਹੋਣ ਵਾਲੀ ਨੈਸ਼ਨਲ ਯੂਥ ਪਾਰਲੀਮੈਂਟ - 2024 ਦੇ ਫਾਈਨਲ ਲਈ 87 ਰਾਜ ਪੱਧਰੀ ਜੇਤੂ ਨਵੀਂ ਦਿੱਲੀ ਵਿੱਚ ਇਕੱਠੇ ਹੋਣਗੇ। 87 ਰਾਜ ਜੇਤੂ (ਪਹਿਲੇ, ਦੂਜੇ ਅਤੇ ਤੀਜੇ ਇਨਾਮ ਦੇ ਜੇਤੂ) ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 29 (ਹਰੇਕ ਐੱਸਵਾਈਪੀ ਦੇ ਪਹਿਲੇ ਸਥਾਨ ਵਾਲੇ) ਦਿੱਤੇ ਗਏ ਵਿਸ਼ਿਆਂ 'ਤੇ ਬੋਲਣਗੇ। ਬਾਕੀ 58 ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਸਰੋਤਿਆਂ ਵਜੋਂ ਹਾਜ਼ਰ ਹੋਣਗੇ।
ਪਿਛੋਕੜ:
ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਰਾਹੀਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਯੂਥ ਪਾਰਲੀਮੈਂਟ ਯਾਨੀ, ਜ਼ਿਲ੍ਹਾ ਯੂਥ ਪਾਰਲੀਮੈਂਟ, ਸਟੇਟ ਯੂਥ ਪਾਰਲੀਮੈਂਟ ਅਤੇ ਨੈਸ਼ਨਲ ਯੂਥ ਪਾਰਲੀਮੈਂਟ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਯੂਥ ਪਾਰਲੀਮੈਂਟਾਂ ਦਾ ਉਦੇਸ਼ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ; ਅਨੁਸ਼ਾਸਨ ਦੀਆਂ ਸਿਹਤਮੰਦ ਆਦਤਾਂ, ਦੂਜਿਆਂ ਦੇ ਨਜ਼ਰੀਏ ਨੂੰ ਸਹਿਣਸ਼ੀਲਤਾ ਅਤੇ ਨੌਜਵਾਨਾਂ ਨੂੰ ਸੰਸਦ ਦੇ ਵਿਵਹਾਰਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਨ ਦੇ ਸਮਰੱਥ ਬਣਾਉਣਾ ਹੈ। ਯੂਥ ਪਾਰਲੀਮੈਂਟਾਂ ਇੱਕ ਸਰਗਰਮ ਨਾਗਰਿਕਤਾ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਇਸ ਨਾਲ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰਨ ਅਤੇ ਇਸ ਪ੍ਰਕਿਰਿਆ ਵਿੱਚ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਬਣਾਉਣ ਵਿੱਚ ਮਦਦ ਮਿਲਦੀ ਹੈ।
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ (ਐੱਨਵਾਈਪੀਐੱਫ) 31 ਦਸੰਬਰ, 2017 ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ‘ਮਨ ਕੀ ਬਾਤ’ ਸੰਬੋਧਨ ਵਿੱਚ ਦਿੱਤੇ ਗਏ ਵਿਚਾਰ 'ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਦੇ ਵਿਚਾਰ ਤੋਂ ਪ੍ਰੇਰਨਾ ਲੈਂਦੇ ਹੋਏ, ਪਹਿਲਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ (ਐੱਨਵਾਈਪੀਐੱਫ) -2019 ਦਾ ਆਯੋਜਨ 12 ਜਨਵਰੀ ਤੋਂ 27 ਫ਼ਰਵਰੀ, 2019 ਤੱਕ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕੀਤਾ ਗਿਆ ਸੀ ਅਤੇ ਦੂਜਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ - 2021, 23 ਦਸੰਬਰ 2020 ਤੋਂ 12 ਜਨਵਰੀ 2021 ਤੱਕ ਜ਼ਿਲ੍ਹਾ, ਰਾਜ ਪੱਧਰ 'ਤੇ ਵਰਚੂਅਲ ਮੋਡ ਰਾਹੀਂ ਅਤੇ ਫਿਜ਼ੀਕਲੀ 11-12 ਜਨਵਰੀ, 2021 ਨੂੰ ਸੰਸਦ ਦੇ ਸੈਂਟਰਲ ਹਾਲ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਕੀਤਾ ਗਿਆ ਸੀ। 12 ਜਨਵਰੀ, 2021 ਨੂੰ ਸਮਾਪਤੀ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਵਰਚੂਅਲ ਮੋਡ ਰਾਹੀਂ ਸਪੀਕਰ, ਲੋਕ ਸਭਾ ਅਤੇ ਮੰਤਰੀ (ਆਈਸੀ), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਸਿੱਖਿਆ ਮੰਤਰੀ ਦੀ ਮੌਜੂਦਗੀ ਵਿੱਚ ਰਾਸ਼ਟਰੀ ਯੁਵਾ ਸੰਸਦ ਅਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਸੀ।
ਤੀਸਰਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ 2022, 14 ਤੋਂ 27 ਫ਼ਰਵਰੀ, 2022 ਤੱਕ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਵਰਚੂਅਲ ਮੋਡ ਰਾਹੀਂ ਅਤੇ ਭੌਤਿਕ ਤੌਰ 'ਤੇ ਰਾਸ਼ਟਰੀ ਪੱਧਰ 'ਤੇ 10 ਅਤੇ 1 ਮਾਰਚ, 2022 ਨੂੰ ਕੇਂਦਰੀ ਸੰਸਦ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ।
ਚੌਥਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ 2022-2023, 25 ਤੋਂ 29 ਜਨਵਰੀ 2023 ਅਤੇ 3 ਤੋਂ 7 ਫ਼ਰਵਰੀ 2023 ਤੱਕ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਵਰਚੂਅਲ ਮੋਡ ਰਾਹੀਂ ਅਤੇ ਫਿਜ਼ੀਕਲੀ 1-2 ਮਾਰਚ, 2023 ਨੂੰ ਸੈਂਟਰਲ ਹਾਲ ਆਫ਼ ਪਾਰਲੀਮੈਂਟ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ 'ਤੇ ਆਯੋਜਿਤ ਕੀਤਾ ਗਿਆ ਸੀ।
*****
ਪੀਪੀਜੀ/ਐੱਸਕੇ
(Release ID: 2012171)
Visitor Counter : 63