ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਵਿੱਚ ਕਮਿਊਨਿਟੀ ਰੇਡੀਓ ਦੇ 20 ਵਰ੍ਹੇ ਪੂਰੇ ਹੋਣ ਦਾ ਉਤਸਵ
Posted On:
12 FEB 2024 5:00PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਵਿੱਚ ਕਮਿਊਨਿਟੀ ਰੇਡੀਓ ਦੇ 20 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਉਂਦੇ ਹੋਏ 13 ਅਤੇ 14 ਫਰਵਰੀ 2024 ਨੂੰ ਚੇਨੱਈ ਦੀ ਅੰਨਾ ਯੂਨੀਵਰਸਿਟੀ ਵਿੱਚ ਇੱਕ ਰਿਜ਼ਨਲ ਕਮਿਊਨਿਟੀ ਰੇਡੀਓ ਸੰਮੇਲਨ (ਦੱਖਣੀ) ਦਾ ਆਯੋਜਨ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਦੱਖਣੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ 117 ਕਮਿਊਨਿਟੀ ਰੇਡੀਓ ਸਟੇਸ਼ਨ ਹਿੱਸਾ ਲੈਣਗੇ।
ਇਸ ਅਵਸਰ ‘ਤੇ ਮਾਣਯੋਗ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਮੁੱਖ ਭਾਸ਼ਣ ਦੇਣਗੇ। ਮਾਣਯੋਗ ਸੂਚਨਾ ਅਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ.ਮੁਰੂਗਨ ਆਪਣੇ ਵਿਸ਼ੇਸ਼ ਸੰਬੋਧਨ ਰਾਹੀਂ ਇਕੱਠ ਨੂੰ ਸੰਬੋਧਨ ਕਰਨਗੇ।
ਮਾਣਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੁਆਰਾ ਇਸ ਰਿਜ਼ਨਲ ਕਮਿਊਨਿਟੀ ਰੇਡੀਓ ਸੰਮੇਲਨ ਦੌਰਾਨ ਕਮਿਊਨਿਟੀ ਰੇਡੀਓ ਖੇਤਰ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਇਸ ਖੇਤਰ ਲਈ ਕੁਝ ਨੀਤੀਗਤ ਬਦਲਾਵਾਂ ਦਾ ਐਲਾਨ ਕੀਤੇ ਜਾਣ ਦੀ ਵੀ ਉਮੀਦ ਹੈ।
ਭਾਰਤ ਵਿੱਚ ਕਮਿਊਨਿਟੀ ਰੇਡੀਓ ਦੀ ਯਾਤਰਾ ਵਰ੍ਹੇ 2002 ਵਿੱਚ ਉਸ ਸਮੇਂ ਸ਼ੁਰੂ ਹੋਈ, ਜਦੋਂ ਭਾਰਤ ਸਰਕਾਰ ਨੇ ਆਈਆਈਟੀ/ਆਈਆਈਐੱਮ ਸਹਿਤ ਵਿਭਿੰਨ ਪ੍ਰਤਿਸ਼ਠਿਤ ਵਿਦਿਅਕ ਸੰਸਥਾਨਾਂ ਨੂੰ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸਥਾਪਨਾ ਦੇ ਲਈ ਲਾਇਸੈਂਸ ਦੇਣ ਦੀ ਨੀਤੀ ਨੂੰ ਮਨਜ਼ੂਰੀ ਦਿੱਤੀ।
ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਮਿਊਨਿਟੀ ਰੇਡੀਓ ਭਾਈਚਾਰੇ ਦੀ ਆਵਾਜ਼ ਦਾ ਪ੍ਰਤੀਨਿਧੀਤਵ ਕਰਦਾ ਹੈ, ਸਰਕਾਰ ਨੇ ਨਾਗਰਿਕ ਸਮਾਜ ਅਤੇ ਸਵੈ-ਇਛੱਕ ਸੰਗਠਨਾਂ ਆਦਿ ਜਿਹੇ ‘ਗੈਰ-ਲਾਭਕਾਰੀ’ ਸੰਗਠਨਾਂ ਨੂੰ ਇਸ ਦੇ ਦਾਇਰੇ ਵਿੱਚ ਲਿਆ ਕੇ ਇਸ ਨੀਤੀ ਨੂੰ ਵਿਆਪਕ ਬਣਾਉਣ ਦਾ ਫ਼ੈਸਲਾ ਲਿਆ ਤਾਕਿ ਵਿਕਾਸ ਅਤੇ ਸਮਾਜਿਕ ਪਰਿਵਰਤਨ ਨਾਲ ਸਬੰਧਿਤ ਮੁੱਦਿਆਂ ‘ਤੇ ਨਾਗਰਿਕ ਸਮਾਜ ਦੀ ਵਧੇਰੇ ਭਾਗੀਦਾਰੀ ਸੁਨਿਸ਼ਚਿਤ ਹੋ ਸਕੇ।
ਨਤੀਜੇ ਵਜੋਂ, ਪਹਿਲੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਭਾਰਤ ਰਤਨ ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਜੀ ਦੁਆਰਾ 1 ਫਰਵਰੀ 2004 ਨੂੰ ਕੀਤਾ ਗਿਆ। ਇਹ ਯਾਤਰਾ ਹੌਲੀ ਗਤੀ ਨਾਲ ਸ਼ੁਰੂ ਹੋਈ ਅਤੇ ਬਾਅਦ ਵਿੱਚ ਇਸ ਨੂੰ ਗਤੀ ਉਸ ਸਮੇਂ ਮਿਲੀ ਜਦੋਂ ਹੋਰ ਕਮਿਊਨਿਟੀ ਅਧਾਰਿਤ ਸੰਗਠਨਾਂ ਨੂੰ ਵੀ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ।
ਹਾਲ ਹੀ ਦੇ ਵਰ੍ਹਿਆਂ ਵਿੱਚ ਸਰਕਾਰ ਨੇ ਅਰਜ਼ੀਆਂ ਜਮ੍ਹਾਂ ਕਰਨ ਦੀ ਸੰਪੂਰਨ ਪ੍ਰਕਿਰਿਆ ਨੂੰ ਔਨਲਾਈਨ ਬਣਾ ਕੇ ਇਸ ਖੇਤਰ ਵਿੱਚ ਕੰਮ ਨੂੰ ਅਸਾਨ ਬਣਾਉਣ ਦੇ ਲਈ ਕਈ ਸਰਗਰਮੀ ਨਾਲ ਕਦਮ ਉਠਾਏ ਹਨ। ਇਸ ਦੇ ਨਤੀਜੇ ਵਜੋਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ ਵਧ ਕੇ 481 ਹੋ ਗਈ ਹੈ, ਜਿਨ੍ਹਾਂ ਵਿੱਚੋਂ 155 ਸਟੇਸ਼ਨ ਪਿਛਲੇ ਦੋ ਵਰ੍ਹਿਆਂ ਦੌਰਾਨ ਖੋਲ੍ਹੇ ਗਏ ਹਨ। ਪਿਛਲੇ 9 ਵਰ੍ਹਿਆਂ ਦੌਰਾਨ ਇਸ ਖੇਤਰ ਵਿੱਚ ਬਹੁਤ ਪ੍ਰਗਤੀ ਹੋਈ ਹੈ ਅਤੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ 2014 ਵਿੱਚ 140 ਤੋਂ ਵਧ ਕੇ 2023 ਵਿੱਚ 481 ਹੋ ਗਈ ਹੈ।
ਖੇਤਰੀ ਸੰਮੇਲਨ ਦਾ ਉਦਘਾਟਨ 13 ਫਰਵਰੀ ਨੂੰ ਕੀਤਾ ਜਾ ਰਿਹਾ ਹੈ, ਜੋ “ਵਰਲਡ ਰੇਡੀਓ ਡੇਅ” ਦਾ ਪ੍ਰਤੀਕ ਹੈ।
ਕਮਿਊਨਿਟੀ ਰੇਡੀਓ, ਰੇਡੀਓ ਪ੍ਰਸਾਰਣ ਖੇਤਰ ਵਿੱਚ ਇੱਕ ਮਹੱਤਵਪੂਰਨ ਤੀਸਰਾ ਪੱਧਰ ਹੈ ਜੋ ਪਬਲਿਕ ਸਰਵਿਸ ਰੇਡੀਓ ਪ੍ਰਸਾਰਣ ਅਤੇ ਵਪਾਰਕ ਰੇਡੀਓ ਤੋਂ ਵੱਖ ਹੈ। ਕਮਿਊਨਿਟੀ ਰੇਡੀਓ ਸਟੇਸ਼ਨ (ਸੀਆਰਐੱਸ) ਘੱਟ ਸ਼ਕਤੀ ਵਾਲੇ ਰੇਡੀਓ ਸਟੇਸ਼ਨ ਹਨ, ਜਿਨ੍ਹਾਂ ਨੂੰ ਸਥਾਨਕ ਭਾਈਚਾਰਿਆਂ ਦੁਆਰਾ ਸਥਾਪਿਤ ਅਤੇ ਸੰਚਾਲਿਤ ਕੀਤਾ ਜਾਂਦਾ ਹੈ।
ਕਮਿਊਨਿਟੀ ਰੇਡੀਓ ਹੈਲਥ, ਪੋਸ਼ਣ, ਸਿੱਖਿਆ, ਖੇਤੀਬਾੜੀ ਆਦਿ ਨਾਲ ਸਬੰਧਿਤ ਮੁੱਦਿਆਂ ‘ਤੇ ਸਥਾਨਕ ਭਾਈਚਾਰੇ ਦੇ ਦਰਮਿਆਨ ਸਥਾਨਕ ਅਵਾਜ਼ਾਂ ਨੂੰ ਪ੍ਰਸਾਰਿਤ ਕਰਨ ਦਾ ਇੱਕ ਮੰਚ ਪ੍ਰਦਾਨ ਕਰਦਾ ਹੈ। ਇਹੀ ਨਹੀਂ, ਕਮਿਊਨਿਟੀ ਰੇਡੀਓ ਸਮਾਜ ਦੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਦੇ ਲਈ ਆਪਣੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਇਸ ਦੇ ਇਲਾਵਾ, ਇਸ ਵਿੱਚ ਪ੍ਰਸਾਰਣ ਸਥਾਨਕ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਹੋਣ ਦੇ ਕਾਰਨ ਲੋਕ ਇਸ ਤੋਂ ਤੁਰੰਤ ਜੁੜ ਜਾਂਦੇ ਹਨ।
ਕਮਿਊਨਿਟੀ ਰੇਡੀਓ ਵਿੱਚ ਆਪਣੇ ਸਮੁੱਚੇ ਦ੍ਰਿਸ਼ਟੀਕੋਣ ਰਾਹੀਂ ਵਿਕਾਸ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਭੀ ਸਮਰੱਥਾ ਹੈ। ਭਾਰਤ ਜਿਹੇ ਦੇਸ਼ ਵਿੱਚ, ਜਿੱਥੇ ਹਰ ਰਾਜ ਦੀ ਆਪਣੀ ਭਾਸ਼ਾ ਅਤੇ ਵਿਸ਼ੇਸ਼ ਸੱਭਿਆਚਾਰਕ ਪਹਿਚਾਣ ਹੈ, ਸੀਆਰਐੱਸ ਸਥਾਨਕ ਲੋਕ ਸੰਗੀਤ ਅਤੇ ਸੱਭਿਆਚਾਰਕ ਵਿਰਾਸਤ ਦਾ ਭੰਡਾਰ ਵੀ ਹਨ। ਕਈ ਸੀਆਰਐੱਸ ਭਾਵੀ ਪੀੜ੍ਹੀ ਦੇ ਲਈ ਸਥਾਨਕ ਗੀਤਾਂ ਨੂੰ ਰਿਕਾਰਡ ਅਤੇ ਸੁਰੱਖਿਅਤ ਕਰਦੇ ਹਨ ਅਤੇ ਸਥਾਨਕ ਕਲਾਕਾਰਾਂ ਨੂੰ ਭਾਈਚਾਰੇ ਦੇ ਸਾਹਮਣੇ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਮੰਚ ਪ੍ਰਦਾਨ ਕਰਦੇ ਹਨ। ਸਕਾਰਾਤਮਕ ਸਮਾਜਿਕ ਪਰਿਵਰਤਨ ਦੇ ਸਾਧਨ ਦੇ ਰੂਪ ਵਿੱਚ ਸੀਆਰਐੱਸ ਦੀ ਅਨੋਖੀ ਸਥਿਤੀ ਇਸ ਨੂੰ ਕਮਿਊਨਿਟੀ ਸਸ਼ਕਤੀਕਰਣ ਦਾ ਇੱਕ ਆਦਰਸ਼ ਉਪਕਰਣ ਬਣਾਉਂਦੀ ਹੈ।
***********
ਸੌਰਭ ਸਿੰਘ
(Release ID: 2005608)
Visitor Counter : 82