ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ


ਸ਼੍ਰੀ ਅਨੁਰਾਗ ਠਾਕੁਰ ਨੇ ਖੇਲੋ ਇੰਡੀਆ ਪੈਰਾ ਖੇਡਾਂ ਨੂੰ ਮਨੁੱਖੀ ਜਨੂਨ ਅਤੇ ਭਾਵਨਾ ਦਾ ਉਤਸਵ ਦੱਸਿਆ; ਹਰਿਆਣਾ ਕੇਆਈਪੀਜੀ ਦਾ ਪਹਿਲਾ ਚੈਂਪੀਅਨ ਬਣਿਆ

ਹਰਿਆਣਾ ਨੇ ਕੁੱਲ 105 ਮੈਡਲ ਜਿੱਤੇ, ਮੈਡਲ ਸੂਚੀ ਵਿੱਚ ਉੱਤਰ ਪ੍ਰਦੇਸ਼ ਦੂਜੇ ਅਤੇ ਤਾਮਿਲਨਾਡੂ ਤੀਜੇ ਸਥਾਨ ’ਤੇ ਰਿਹਾ

Posted On: 17 DEC 2023 8:43PM by PIB Chandigarh

ਮਨੁੱਖੀ ਭਾਵਨਾ ਅਤੇ ਸ਼ਮੂਲੀਅਤ ਦੇ ਇੱਕ ਹਫ਼ਤੇ ਦੇ ਉਤਸਵ ਤੋਂ ਬਾਅਦ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਦੀ ਐਤਵਾਰ ਨੂੰ ਸਮਾਪਤੀ ਹੋ ਗਈ। ਇਨ੍ਹਾਂ ਖੇਡਾਂ ਵਿੱਚ ਕੁੱਲ 173 ਸੋਨੇ ਦੇ ਤਗਮੇ ਸਨ, ਜਿਨ੍ਹਾਂ ਵਿੱਚੋਂ ਹਰਿਆਣਾ ਨੂੰ 40 ਸੋਨੇ ਦੇ, 39 ਚਾਂਦੀ ਅਤੇ 26 ਕਾਂਸੇ  ਦੇ ਤਗਮਿਆਂ ਸਮੇਤ ਕੁੱਲ 105 ਤਗਮਿਆਂ ਨਾਲ ਸਿਖਰਲੀ ਥਾਂ ਹਾਸਲ ਹੋਈ। ਇਸੇ ਤਰ੍ਹਾਂ 25 ਸੋਨੇ ਦੇ, 20 ਚਾਂਦੀ ਅਤੇ 14 ਕਾਂਸੇ ਦੇ ਤਗ਼ਮਿਆਂ ਸਮੇਤ ਕੁੱਲ  62 ਤਗ਼ਮਿਆਂ ਨਾਲ ਉੱਤਰ ਪ੍ਰਦੇਸ਼ ਦੂਜੀ ਥਾਂ ’ਤੇ ਰਿਹਾ।

ਤਾਮਿਲਨਾਡੂ 20 ਸੋਨੇ, 8 ਚਾਂਦੀ ਅਤੇ 15 ਕਾਂਸੀ ਦੇ ਤਮਗਿਆਂ ਨਾਲ ਤੀਜੀ ਥਾਂ ’ਤੇ ਰਿਹਾ। ਇਨ੍ਹਾਂ ਖੇਡਾਂ ਵਿੱਚ ਚੀਨ ਦੇ ਹਾਂਗਜੂ ਵਿੱਚ ਆਯੋਜਿਤ ਏਸ਼ੀਆਈ ਪੈਰਾ ਖੇਡਾਂ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਵਾਲੇ ਸਟਾਰ ਪੈਰਾ ਐਥਲੀਟਾਂ ਨੇ ਵੀ ਹਿੱਸਾ ਲਿਆ। ਆਰਮਲੈੱਸ ਤੀਰ-ਅੰਦਾਜ਼ ਸ਼ੀਤਲ ਦੇਵੀ, ਡਿਸਕਸ ਥ੍ਰੋਅਰ ਯੋਗੇਸ਼ ਕਥੁਨੀਆ,  ਟੇਬਲ ਟੈਨਿਸ ਸਟਾਰ ਭਾਵਨਾ ਪਟੇਲ, ਪਾਰੁਲ ਪਰਮਾਰ, ਨਿਸ਼ਾਦ ਕੁਮਾਰ ਵਰਗੇ ਹੋਰ ਕਈ ਲੋਕਾਂ ਤੋਂ ਇਲਾਵਾ ਉੱਭਰ ਰਹੇ ਖੇਡ ਸਿਤਾਰਿਆਂ ਨੇ ਵੀ ਕੁਝ ਦਿਲ ਨੂੰ ਛੂਹ ਲੈਣ ਵਾਲੇ ਪ੍ਰਦਰਸ਼ਨ ਨਾਲ ਸਰੀਰਕ ਹੱਦਾਂ ਨੂੰ ਪਾਰ ਕੀਤਾ। 

 

 

ਮਾਣਯੋਗ ਯੁਵਾ ਤੇ ਖੇਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।  ਮਾਣਯੋਗ ਖੇਡ ਮੰਤਰੀ ਨੇ ਕਿਹਾ, “ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਨੂੰ ਲੈ ਕੇ ਦੇਸ਼ ਭਰ ਵਿੱਚ ਨਵੇਂ ਉਤਸ਼ਾਹ ਅਤੇ ਉਮੰਗ ਦਾ ਮਾਹੌਲ ਹੈ। ਤੁਹਾਡੇ ਸਾਰਿਆਂ ਦੇ ਇੱਥੇ ਆਉਣ ਨਾਲ ਹਜ਼ਾਰਾਂ ਸਪਾਟ ਲਾਈਟਾਂ ਬਲੀਆਂ। ਤੁਸੀਂ ਸਾਰਿਆਂ ਨੇ ਇਸ ਏਰੀਨਾ ਨੂੰ ਨਾ ਸਿਰਫ ਆਪਣੀ ਜਿੱਤ ਅਤੇ ਆਪਣੀ ਕਹਾਣੀ ਨਾਲ ਹੀ ਨਹੀਂ ਬਲਕਿ ਆਪਣੇ ਕਦੇ ਖਤਮ ਨਾ ਹੋਣ ਵਾਲੇ ਜਨੂਨ ਦੀ ਰੋਸ਼ਨੀ ਨਾਲ ਭਰ ਦਿੱਤਾ ਹੈ।” 

ਖੇਡ ਮੰਤਰੀ ਨੇ ਅੱਗੇ ਕਿਹਾ, “ਲੰਘੇ ਕੁਝ ਦਿਨਾਂ 'ਚ ਅਸੀਂ ਜਜ਼ਬੇ ਅਤੇ ਜਨੂਨ ਦੇ ਨਾਲ-ਨਾਲ ਕਦੇ ਨਾ ਹਾਰਨ ਵਾਲੀ ਮਨੁੱਖੀ ਇੱਛਾ ਸ਼ਕਤੀ ਦੇਖੀ ਹੈ। ਅਸੀਂ ਪਲਾਂ ਦੇ ਗਵਾਹ ਬਣੇ, ਜੋ ਸਿੱਧੇ ਸਾਡੇ ਦਿਲਾਂ ਵਿੱਚ ਉੱਤਰ ਗਏ। ਅਸੀਂ ਨਵੀਆਂ ਪ੍ਰਤਿਭਾਵਾਂ ਨੂੰ ਅੱਗੇ ਆਉਂਦੇ ਹੋਏ ਦੇਖਿਆ। ਨਵੇਂ ਰਿਕਾਰਡ ਬਣਦੇ ਹੋਏ ਦੇਖੇ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੇਖੀ ਗਈ ਨਵੇਂ ਭਾਰਤ ਦੀ ਪ੍ਰੀਕਲਪਨਾ ਹੈ। ਜੇ ਤੁਸੀਂ ਭਾਰਤ ਸਰਕਾਰ ਦੀ ਭੂਮਿਕਾ ਨੂੰ ਵੇਖੋ ਤਾਂ ਇਹ ਜਾਣੋਗੇ ਕਿ ਅਸੀਂ ਪੈਰਾ ਐਥਲੀਟਸ ਦੀ ਆਮ ਐਥਲੀਟਸ ਦੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ।"

ਤਾਮਿਲਨਾਡੂ ਦੇ ਰਾਜੇਸ਼ ਟੀ, ਹਰਿਆਣਾ ਦੇ ਸੰਦੀਪ ਡਾਂਗੀ, ਮਹਾਰਾਸ਼ਟਰ ਦੀ ਤੁਲਿਕਾ ਜਾਧਾਓ, ਅਸਮ ਦੀ ਅਨਿਸ਼ਮਿਤਾ ਕੁਝ ਨਾਮ ਹਨ ਜੋ ਕਿ ਉਨ੍ਹਾਂ ਦੀ ਸ਼ਾਨਦਾਰ ਦ੍ਰਿੜ੍ਹਤਾ ਅਤੇ ਜਜ਼ਬੇ ਵਜੋਂ ਚੇਤੇ ਰੱਖੇ ਜਾਣਗੇ। ਇਨ੍ਹਾਂ ਖੇਡਾਂ ਵਿੱਚ ਹਰਿਆਣਾ ਦੇ ਪ੍ਰਣਵ ਸੂਰਮਾ ਵੱਲੋਂ ਏਸ਼ੀਅਨ ਰਿਕਾਰਡ ਵਿੱਚ ਬਿਹਤਰੀ ਵੀ ਦੇਖੀ ਗਈ, ਜਿਨ੍ਹਾਂ ਨੇ ਕਲੱਬ ਥਰੋਅ ਮੁਕਾਬਲੇ ਵਿੱਚ 33.54 ਮੀਟਰ ਦੀ ਕੋਸ਼ਿਸ਼ ਦੇ ਨਾਲ ਏਸ਼ੀਅਨ ਪੈਰਾ ਖੇਡਾਂ ਵਿੱਚ ਜਿੱਤੇ ਆਪਣੇ ਸੋਨ ਤਗਮੇ 30.01 ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਉਨ੍ਹਾਂ ਨੇ ਧਰਮਬੀਰ ਦੇ 31.09 ਮੀਟਰ ਦੇ ਏਸ਼ਿਆਈ ਰਿਕਾਰਡ ਵਿੱਚ ਸੁਧਾਰ ਕੀਤਾ।

ਐੱਮਸੀ ਮੈਰੀਕਾਮ, ਹਰਭਜਨ ਸਿੰਘ, ਅੰਜੂ ਬੌਬੀ ਜਾਰਜ, ਅੰਜੁਮ ਮੌਦਗਿਲ, ਮਨੂ ਭਾਕਰ, ਵਿਰੇਨ ਰਸਕਿਨਹਾ ਅਤੇ ਅਜੈ ਜਡੇਜਾ ਵਰਗੇ ਸਪੋਰਟਸ ਸੁਪਰਸਟਾਰਾਂ ਨੇ ਪੈਰਾ ਐਥਲੀਟਾਂ ਦੇ ਯਤਨਾਂ ਦੇ ਸਨਮਾਨ ਲਈ ਜਿੱਤ ਸਮਾਰੋਹ ਵਿੱਚ ਆਪਣੀ ਹਾਜ਼ਰੀ ਭਰੀ ਅਤੇ ਭਾਰਤ ਵਿੱਚ ਪਹਿਲੀ ਵਾਰ ਖੇਲੋ ਇੰਡੀਆ ਪੈਰਾ ਗੇਮਜ਼ ਦੇ ਆਯੋਜਨ ਲਈ ਭਾਰਤ ਸਰਕਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਪ੍ਰਸ਼ੰਸਾ ਵੀ ਕੀਤੀ।

ਖੇਡਾਂ ਦੇ ਆਖਰੀ ਦਿਨ ਕੇਰਲ ਨੇ ਸੀਪੀ ਫੁੱਟਬਾਲ ਵਿੱਚ ਤਾਮਿਲਨਾਡੂ ਦੇ ਖਿਲਾਫ 7-0 ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ, ਜਿਸ ਵਿੱਚ ਵਾਈ ਜਯਾ ਸੂਰਯ ਵੱਲੋਂ 3 ਗੋਲ ਕੀਤੇ, ਜਦੋਂਕਿ ਏ ਗਰੋਥ ਵੱਲੋਂ 4 ਗੋਲ ਕੀਤੇ ਗਏ। ਟੇਬਲ ਟੈਨਿਸ ਵਿੱਚ ਪੁਰਸ਼ ਵਰਗ-4 ਵਿੱਚ ਹਰਿਆਣਾ ਦੇ ਸੁਮਿਤ ਸਹਿਗਲ ਨੇ ਫਾਈਨਲ ਵਿੱਚ ਗੁਜਰਾਤ ਦੇ ਰਮੇਸ਼ ਚੌਧਰੀ ਨੂੰ 3-0 (11-8, 11-7, 11-8) ਨਾਲ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ।

32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1450 ਤੋਂ ਵੱਧ ਪੈਰਾ ਐਥਲੀਟਾਂ ਨੇ ਵੱਕਾਰੀ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਹਿੱਸਾ ਲਿਆ। ਇਸ ਵਿੱਚ ਸੱਤ ਖੇਡਾਂ ਦਾ ਆਯੋਜਨ ਹੋਇਆ।

ਹੋਰ ਸਕੋਰ:

ਪੁਰਸ਼ਾਂ ਵਰਗ-8 ਵਰਗ ਵਿੱਚ ਗਜਾਨਨ ਪਰਮਾਰ (ਐੱਮਪੀ) ਨੇ ਸ਼ਸ਼ੀਧਰ ਕੁਲਕਰਨੀ (ਕਰਨਾਟਕਾ) ਨੂੰ 3-1 (11-9, 11-8, 7-11, 13-11) ਨਾਲ ਹਰਾਇਆ।

 

ਪੁਰਸ਼ ਵਰਗ-5 ਵਰਗ ਵਿੱਚ  ਰਾਜ ਅਰਵਿੰਦਨ ਅਲਾਗਰ (ਤਾਮਿਲਨਾਡੂ) ਨੇ ਪਵਨ ਕੁਮਾਰ ਸ਼ਰਮਾ (ਯੂਪੀ) ਨੂੰ 3-0 (11-2, 11-7,11-7) ਨਾਲ ਹਰਾਇਆ।

 

ਮਹਿਲਾ ਵਰਗ-6 ਵਰਗ ਵਿੱਚ ਪੂਨਮ (ਚੰਡੀਗੜ੍ਹ) ਨੇ ਭਾਵਿਕਾ ਕੁਕਾਡੀਆ (ਗੁਜਰਾਤ) ਨੂੰ 3-1 (11-6, 7-11, 11-7, 11-5) ਨਾਲ ਹਰਾਇਆ।

 

ਮਹਿਲਾ ਵਰਗ9-10 ਵਰਗ ਵਿੱਚ ਬੇਬੀ ਸਹਾਨਾ (ਤਾਮਿਲਨਾਡੂ) ਨੇ ਪ੍ਰਥਵੀ ਬਰਵੇ (ਮਹਾਰਾਸ਼ਟਰ) ਨੂੰ 3-0 (11-3, 11-6, 11-3) ਨਾਲ ਹਰਾਇਆ।

 

ਮਹਿਲਾ ਵਰਗ -7 ਵਰਗ ਵਿੱਚ ਪ੍ਰਾਚੀ ਪਾਂਡੇ (ਯੂਪੀ) ਨੇ ਧਵਾਨੀ ਸ਼ਾਹ (ਗੁਜਰਾਤ) ਨੂੰ 3-0 (11-3, 11-6, 11-2) ਨਾਲ ਹਰਾਇਆ।

********** 

ਪੀਪੀਜੀ/ਐੱਸਕੇ



(Release ID: 1987784) Visitor Counter : 46


Read this release in: English , Urdu , Marathi , Hindi