ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐਂਥਨੀ ਚੇਨ ਦੀ 'ਡ੍ਰਿਫਟ' ਨੇ ਇਫ਼ੀ 54 ਦਾ ਵੱਕਾਰੀ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਜਿੱਤਿਆ


ਇਹ ਫਿਲਮ ਦਰਸਾਉਂਦੀ ਹੈ ਕਿ ਕਿਵੇਂ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ ਵਿੱਚੋਂ ਲੰਘਦਿਆਂ ਅਚਾਨਕ ਬੰਧਨ ਬਣ ਸਕਦੇ ਹਨ

Posted On: 28 NOV 2023 6:49PM by PIB Chandigarh

ਐਂਥਨੀ ਚੇਨ ਵਲੋਂ ਨਿਰਦੇਸ਼ਿਤ ਫ੍ਰੈਂਚ, ਬ੍ਰਿਟਿਸ਼ ਅਤੇ ਯੂਨਾਨੀ ਸਹਿ-ਨਿਰਮਾਣ 'ਡ੍ਰਿਫਟ' ਨੇ ਭਾਰਤ ਦੇ 54ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਵੱਕਾਰੀ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਪ੍ਰਾਪਤ ਕੀਤਾ। ਇਹ ਫਿਲਮ ਇੱਕ ਪ੍ਰਵਾਸੀ ਮਹਿਲਾ ਦਾ ਇੱਕ ਭਾਵਨਾਤਮਕ ਚਿਤਰਣ ਹੈ ਜੋ ਮਨੁੱਖੀ ਪਾਗਲਪਨ ਦੀ ਦਰਦਨਾਕ ਅਤੇ ਭਿਆਨਕ ਹਕੀਕਤ ਨੂੰ ਝੱਲਣ ਲਈ ਸਰਾਪੀ ਲੱਗਦੀ ਹੈ। ਇਸ ਪੁਰਸਕਾਰ ਦਾ ਐਲਾਨ ਅੱਜ ਗੋਆ ਵਿਖੇ ਫੈਸਟੀਵਲ ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦੌਰਾਨ ਕੀਤਾ ਗਿਆ।

ਡ੍ਰਿਫਟ ਵਿੱਚ ਸਿੰਥੀਆ ਏਰੀਵੋ ਦੁਆਰਾ ਨਿਭਾਇਆ ਗਿਆ ਮੁੱਖ ਪਾਤਰ 'ਜੈਕਲੀਨ' ਇੱਕ ਨੌਜਵਾਨ ਸ਼ਰਨਾਰਥੀ ਹੈ, ਜੋ ਇੱਕ ਯੂਨਾਨੀ ਟਾਪੂ 'ਤੇ ਇਕੱਲੀ ਅਤੇ ਬਿਨਾਂ ਧਨ ਦੇ ਪਹੁੰਚਦੀ ਹੈ, ਜਿੱਥੇ ਉਹ ਬਚੇ ਰਹਿਣ ਦੀ ਕੋਸ਼ਿਸ਼ ਕਰਦੀ ਹੈ, ਫਿਰ ਆਪਣੇ ਅਤੀਤ ਨਾਲ ਸਿੱਝਦੀ ਹੈ ।ਆਪਣੀ ਤਾਕਤ ਇਕੱਠੀ ਕਰਦੇ ਹੋਏ, ਉਹ ਆਲੀਆ ਸ਼ੌਕਤ ਦੁਆਰਾ ਨਿਭਾਏ ਗਏ ਕਿਰਦਾਰ ਇੱਕ ਬੇਘਰ ਟੂਰ ਗਾਈਡ ਨਾਲ ਦੋਸਤੀ ਸ਼ੁਰੂ ਕਰਦੀ ਹੈ ਅਤੇ ਉਨ੍ਹਾਂ ਵਿੱਚ ਅੱਗੇ ਵਧਣ ਲਈ ਲਚਕਤਾ ਦਿਖਦੀ ਹੈ। ਫਿਲਮ ਦਰਸਾਉਂਦੀ ਹੈ ਕਿ ਕਿਵੇਂ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ ਵਿੱਚੋਂ ਲੰਘਦੇ ਹੋਏ ਅਚਾਨਕ ਬੰਧਨ ਬਣ ਸਕਦੇ ਹਨ। ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਲਈ ਇਸ ਦਿਲ ਨੂੰ ਛੂਹਣ ਵਾਲੀ ਫਿਲਮ ਦੀ ਚੋਣ ਕਰਦੇ ਹੋਏ, ਜਿਊਰੀ ਨੇ ਕਿਹਾ ਕਿ ਇਹ ਉਮੀਦ ਅਤੇ ਹਰ ਸਥਿਤੀ ਦਾ ਸਾਹਮਣਾ ਕਰਨ ਦੀ ਤਾਕਤ ਨੂੰ ਉਜਾਗਰ ਕਰਦੀ ਹੈ।

ਫਿਲਮ ਡ੍ਰਿਫਟ ਦੀ ਇੱਕ ਤਸਵੀਰ 

ਸਮਾਪਤੀ ਸਮਾਰੋਹ ਦੌਰਾਨ ਫੈਸਟੀਵਲ ਡਾਇਰੈਕਟਰ ਸ਼੍ਰੀ ਪ੍ਰਿਥੁਲ ਕੁਮਾਰ ਵਲੋਂ ਆਈਸੀਐੱਫਟੀ-ਯੂਨੈਸਕੋ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਸਰਜ ਮਿਸ਼ੇਲ ਅਤੇ ਆਈਸੀਐੱਫਟੀ-ਯੂਨੈਸਕੋ ਦੇ ਪਲੈਟਫਾਰਮ ਫਾਰ ਕ੍ਰਿਏਟੀਵਿਟੀ ਐਂਡ ਇਨੋਵੇਸ਼ਨ (ਪੀਸੀਆਈ) ਦੀ ਡਾਇਰੈਕਟਰ ਮਿਸ ਜ਼ੂਯੂਆਨ ਹੁਨ ਨੂੰ ਸਨਮਾਨਿਤ ਕੀਤਾ ਗਿਆ।

ਡ੍ਰਿਫਟ ਦਾ 22 ਜਨਵਰੀ 2023 ਨੂੰ ਸਨਡੈਂਸ ਫਿਲਮ ਫੈਸਟੀਵਲ ਵਿੱਚ ਵਿਸ਼ਵ ਪ੍ਰੀਮੀਅਰ ਸੀ। ਇਹ ਫਿਲਮ ਅਲੈਗਜ਼ੈਂਡਰ ਮੈਕਸਿਕ ਦੇ ਨਾਵਲ 'ਏ ਮਾਰਕਰ ਟੂ ਮੇਜ਼ਰ ਡ੍ਰਿਫਟ ' 'ਤੇ ਅਧਾਰਿਤ ਹੈ। ਅਲੈਗਜ਼ੈਂਡਰ ਮੈਕਸਿਕ ਨੇ ਸੁਜ਼ੈਨ ਫਰੇਲ ਦੇ ਨਾਲ ਫਿਲਮ ਦੀ ਪਟਕਥਾ ਲਿਖੀ। ਦੁਨੀਆ ਭਰ ਦੀਆਂ 10 ਫਿਲਮਾਂ ਨੇ ਇਸ ਸਾਲ ਇੱਫੀ ਵਿੱਚ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਲਈ ਮੁਕਾਬਲਾ ਕੀਤਾ।

ਆਈਸੀਐੱਫਟੀ ਪੈਰਿਸ ਅਤੇ ਯੂਨੈਸਕੋ ਦੁਆਰਾ ਸਥਾਪਿਤ, ਗਾਂਧੀ ਮੈਡਲ ਇੱਫੀ ਵਿਖੇ ਇੱਕ ਫਿਲਮ ਨੂੰ ਪੇਸ਼ ਕੀਤੀ ਜਾਣ ਵਾਲੀ ਸਲਾਨਾ ਸਨਮਾਨ ਹੈ, ਜੋ ਮਹਾਤਮਾ ਗਾਂਧੀ ਦੇ ਸ਼ਾਂਤੀ, ਅਹਿੰਸਾ, ਦਇਆ ਅਤੇ ਆਲਮੀ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਸਰਵੋਤਮ ਰੂਪ ਵਿੱਚ ਦਰਸਾਉਂਦਾ ਹੈ। 2015 ਵਿੱਚ 46ਵੇਂ ਇੱਫੀ ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਪੁਰਸਕਾਰ ਨੇ ਇਨ੍ਹਾਂ ਸਥਾਈ ਕਦਰਾਂ-ਕੀਮਤਾਂ ਨੂੰ ਮੂਰਤੀਮਾਨ ਕਰਨ ਵਾਲੀਆਂ ਫਿਲਮਾਂ ਦਾ ਮਾਣ ਵਧਾਇਆ ਹੈ।

 

*****

ਪੀਆਈਬੀ ਟੀਮ ਇੱਫੀ | ਰਾਜਿਤ/ਬਿਬਿਨ/ਦਰਸ਼ਨਾ | ਇੱਫੀ 54 - 089



(Release ID: 1980767) Visitor Counter : 60