ਸੂਚਨਾ ਤੇ ਪ੍ਰਸਾਰਣ ਮੰਤਰਾਲਾ
54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ 'ਪੰਚਾਇਤ ਸੀਜ਼ਨ 2' ਨੇ ਪਹਿਲਾ ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ 2023 ਜਿੱਤਿਆ
ਗੋਆ ਵਿੱਚ ਆਯੋਜਿਤ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ ) ਵਿੱਚ ਦਿਲ ਨੂੰ ਛੂਹ ਲੈਣ ਵਾਲੀ ਹਿੰਦੀ ਕਾਮੇਡੀ-ਡਰਾਮਾ ਸੀਰੀਜ਼ 'ਪੰਚਾਇਤ ਸੀਜ਼ਨ 2' ਨੇ ਵੱਕਾਰੀ ਪਹਿਲਾ ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ 2023 ਜਿੱਤਿਆ ਹੈ।
ਇੱਫੀ 54 ਵਿੱਚ ਪੰਚਾਇਤ 2 ਦੇ ਨਿਰਮਾਤਾ ਓਟੀਟੀ ਪੁਰਸਕਾਰ ਪ੍ਰਾਪਤ ਕਰਦੇ ਹੋਏ
ਦੀਪਕ ਕੁਮਾਰ ਮਿਸ਼ਰਾ ਵਲੋਂ ਨਿਰਦੇਸ਼ਤ ਅਤੇ ਚੰਦਨ ਕੁਮਾਰ ਵਲੋਂ ਲਿਖੀ ਗਈ, 'ਪੰਚਾਇਤ ਸੀਜ਼ਨ 2' ਇੱਕ ਸ਼ਹਿਰੀ ਗ੍ਰੈਜੂਏਟ ਅਭਿਸ਼ੇਕ ਤ੍ਰਿਪਾਠੀ ਦੀ ਗੁੰਝਲਦਾਰ ਕਹਾਣੀ ਪੇਸ਼ ਕਰਦੀ ਹੈ। ਨਾਇਕ ਅਭਿਸ਼ੇਕ ਤ੍ਰਿਪਾਠੀ ਨੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਵਿੱਚ ਸਥਿਤ ਇੱਕ ਕਾਲਪਨਿਕ ਪਿੰਡ ਫੁਲੇਰਾ ਵਿੱਚ ਇੱਕ ਖਸਤਾ ਹਾਲ ਪੰਚਾਇਤ ਦਫ਼ਤਰ ਦੇ ਸਕੱਤਰ ਦੀ ਭੂਮਿਕਾ ਨਿਭਾਈ ਹੈ।
ਇਸ ਦੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਸੀਰੀਜ਼ ਦਾ ਦੂਜਾ ਸੀਜ਼ਨ ਫੁਲੇਰਾ ਵਿੱਚ ਬਿਤਾਏ ਅਭਿਸ਼ੇਕ ਦੇ ਜੀਵਨ ਦਾ ਡੂੰਘਾਈ ਨਾਲ ਚਿਤਰਣ ਕਰਦਾ ਹੈ। ਆਪਣੀ ਕੈਟ ਪ੍ਰੀਖਿਆ ਦੀ ਤਿਆਰੀ ਕਰਦੇ ਹੋਏ ਪਿੰਡ ਦੀ ਰਾਜਨੀਤੀ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਅਭਿਸ਼ੇਕ ਕਾਰਪੋਰੇਟ ਜਗਤ ਵਿੱਚ ਆਪਣੇ ਉੱਜਵਲ ਭਵਿੱਖ ਲਈ ਕੋਸ਼ਿਸ਼ ਕਰਦਾ ਹੈ। ਪ੍ਰਸੰਗਕ ਪਲਾਂ ਅਤੇ ਹਾਸੇ ਨਾਲ ਭਰਪੂਰ, ਇਹ ਸੀਜ਼ਨ ਗ੍ਰਾਮੀਣ ਜੀਵਨ ਵਿੱਚ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ। ਇਹ ਪਿੰਡ ਦੀਆਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝਦੇ ਹੋਏ ਪ੍ਰਧਾਨ, ਵਿਕਾਸ, ਪ੍ਰਹਿਲਾਦ ਅਤੇ ਮੰਜੂ ਦੇਵੀ ਨਾਲ ਅਭਿਸ਼ੇਕ ਦੇ ਬਣਦੇ ਸਬੰਧਾਂ 'ਤੇ ਚਾਨਣਾ ਪਾਉਂਦਾ ਹੈ। ਇਸ ਬੇਹੱਦ ਹਰਮਨ ਪਿਆਰੀ ਸੀਰੀਜ਼ ਨੂੰ ਓਟੀਟੀ ਪੋਰਟਲ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ, 54ਵੇਂ ਇੱਫੀ ਦੇ ਉਦਘਾਟਨੀ ਸਮਾਰੋਹ ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਭਾਰਤ ਵਿੱਚ ਓਟੀਟੀ ਉਦਯੋਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਭਾਰਤ ਵਿੱਚ ਬਣਾਈ ਗਈ ਸਮੱਗਰੀ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੀ ਹੈ। ਇਸ ਸੈਕਟਰ ਵਿੱਚ 28 ਪ੍ਰਤੀਸ਼ਤ ਸਲਾਨਾ ਦੀ ਉਤਸ਼ਾਹਜਨਕ ਵਿਕਾਸ ਦਰ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਸੀ ਕਿ ਓਟੀਟੀ ਪੁਰਸਕਾਰ ਵੱਖ-ਵੱਖ ਪਲੇਟਫਾਰਮਾਂ ਵਿੱਚ ਸ਼ਾਨਦਾਰ ਡਿਜੀਟਲ ਸਮੱਗਰੀ ਦੇ ਸਿਰਜਣਹਾਰਾਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤੇ ਗਏ ਸਨ।
ਅੰਤਮ ਨਾਮਜ਼ਦਗੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਪੰਚਾਇਤ ਸੀਜ਼ਨ 2 ਰਿਹਾ, ਜਿਸ ਵਿੱਚ ਅਭੈ ਪੰਨੂ ਵਲੋਂ ਰਾਕੇਟ ਬੁਆਏਜ਼ ਸੀਜ਼ਨ 1, ਰਾਹੁਲ ਪਾਂਡੇ ਅਤੇ ਸਤੀਸ਼ ਨਾਇਰ ਵਲੋਂ ਨਿਰਦੇਸ਼ਤ ਨਿਰਮਲ ਪਾਠਕ ਕਿ ਘਰ ਵਾਪਸੀ ਅਤੇ ਵਿਪੁਲ ਅੰਮ੍ਰਿਤਲਾਲ ਸ਼ਾਹ ਅਤੇ ਮੋਜ਼ੇਜ਼ ਸਿੰਘ ਵਲੋਂ ਨਿਰਦੇਸ਼ਤ ਹਿਊਮਨ ਸ਼ਾਮਲ ਹਨ।
ਓਟੀਟੀ ਵੈੱਬ ਸੀਰੀਜ਼ ਪੰਚਾਇਤ 2 ਦਾ ਇੱਕ ਦ੍ਰਿਸ਼
ਜਿਊਰੀ ਪੈਨਲ ਨੇ ਵੀ ਸਰਬਸੰਮਤੀ ਨਾਲ ਸੋਨੀ ਲਿਵ 'ਤੇ ਦਿਖਾਈ ਗਈ ਵੈੱਬ ਸੀਰੀਜ਼ ਰਾਕੇਟ ਬੁਆਏਜ਼ ਸੀਜ਼ਨ 1 ਦਾ ਵਿਸ਼ੇਸ਼ ਜ਼ਿਕਰ ਕਰਨ ਦੀ ਸਿਫ਼ਾਰਸ਼ ਕੀਤੀ।
ਮੁਕਾਬਲੇ ਨੂੰ 15 ਓਟੀਟੀ ਪਲੈਟਫਾਰਮਾਂ ਤੋਂ 10 ਭਾਸ਼ਾਵਾਂ ਵਿੱਚ ਪ੍ਰਭਾਵਸ਼ਾਲੀ 32 ਐਂਟਰੀਆਂ ਪ੍ਰਾਪਤ ਹੋਈਆਂ।
************
ਪੀਆਈਬੀ ਟੀਮ ਇੱਫੀ | ਨਦੀਮ/ਰਜਿਤ/ਨਸੀਰ/ਦਰਸ਼ਨਾ | ਇੱਫੀ 54 - 093
(Release ID: 1980762)
Visitor Counter : 88