ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਝਾਰਖੰਡ ਵਿੱਚ ਖੁੰਟੀ ਦੇ ਬਿਰਸਾ ਕਾਲਜ ਤੋਂ ਪੀਐੱਮ ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨਗੇ, 15 ਨਵੰਬਰ ਦਾ ਦਿਨ ‘ਜਨਜਾਤੀ ਗੌਰਵ ਦਿਵਸ’ (ਆਦਿਵਾਸੀ ਮਾਣ ਦਿਵਸ) ਵਜੋਂ ਮਨਾਇਆ ਜਾਂਦਾ ਹੈ
15ਵੀਂ ਕਿਸ਼ਤ ਵਜੋਂ 18,000 ਕਰੋੜ ਰੁਪਏ ਦੀ ਰਾਸ਼ੀ 8 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨਾਂ ਲਈ ਜਾਰੀ ਕੀਤੀ ਜਾਵੇਗੀ
प्रविष्टि तिथि:
14 NOV 2023 5:34PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 15 ਨਵੰਬਰ, 2023 ਨੂੰ ‘ਜਨਜਾਤੀ ਗੌਰਵ ਦਿਵਸ’ ਮਨਾਉਣ ਅਤੇ ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨ ਦੇ ਮੌਕੇ ਝਾਰਖੰਡ ਵਿੱਚ ਖੁੰਟੀ ਦੇ ਬਿਰਸਾ ਕਾਲਜ ਵਿਖੇ ਮੌਜੂਦ ਰਹਿਣਗੇ। ਜਨਜਾਤੀ ਗੌਰਵ ਦਿਵਸ ਹਰ ਸਾਲ 15 ਨਵੰਬਰ ਨੂੰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਰਾਸ਼ਟਰੀ ਮਾਣ, ਬਹਾਦਰੀ ਅਤੇ ਪ੍ਰਾਹੁਣਚਾਰੀ ਦੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਵਿੱਚ ਆਦਿਵਾਸੀਆਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ), ਆਈਸੀਏਆਰ ਸੰਸਥਾਵਾਂ, ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਪੀਐੱਮ ਕਿਸਾਨ ਸਮ੍ਰਿਧੀ ਕੇਂਦਰਾਂ, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਸਾਂਝੇ ਸੇਵਾ ਕੇਂਦਰਾਂ (ਸੀਐੱਸਸੀ’ਸ) ਵੱਲੋਂ ਕੀਤਾ ਜਾਵੇਗਾ।
15ਵੀਂ ਕਿਸ਼ਤ ਵਿੱਚ, 8.0 ਕਰੋੜ ਤੋਂ ਵੱਧ ਕਿਸਾਨਾਂ ਨੂੰ 15.11.2023 ਨੂੰ ਇੱਕ ਬਟਨ ਦਬਾ ਕੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀ ਗਈ 18,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾਵੇਗੀ। ਯੋਜਨਾ ਦੀ ਸ਼ੁਰੂਆਤ ਤੋਂ ਤੋਂ ਬਾਅਦ ਲਾਭਪਾਤਰੀਆਂ ਨੂੰ ਟ੍ਰਾਂਸਫਰ ਕੀਤੀ ਗਈ ਕੁੱਲ ਰਕਮ 2.80 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ। ਇਹ ਵਿੱਤੀ ਸਹਾਇਤਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਖੇਤੀਬਾੜੀ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਤੱਖ ਲਾਭ ਟ੍ਰਾਂਸਫਰ ਯੋਜਨਾਵਾਂ ਵਿੱਚੋਂ ਇੱਕ ਹੈ। ਭਾਰਤ ਸਰਕਾਰ ਦੀ ਇਹ ਪ੍ਰਮੁੱਖ ਯੋਜਨਾ, ਇੱਕ ਸਮਾਵੇਸ਼ੀ ਅਤੇ ਉਤਪਾਦਕ ਖੇਤੀਬਾੜੀ ਸੈਕਟਰ ਲਈ ਨੀਤੀਗਤ ਕਾਰਵਾਈ ਸ਼ੁਰੂ ਕਰਨ ਲਈ ਭਾਰਤ ਸਰਕਾਰ ਦੀ ਨਿਰੰਤਰ ਵਚਨਬੱਧਤਾ ਦੀ ਉਦਾਹਰਣ ਦਿੰਦੀ ਹੈ। ਇਹ ਇੱਕ ਕੇਂਦਰੀ ਸੈਕਟਰ ਸਕੀਮ ਹੈ, ਜੋ 24 ਫਰਵਰੀ, 2019 ਨੂੰ ਉੱਚ ਆਮਦਨੀ ਸੀਮਾ ਦੇ ਕੁਝ ਪ੍ਰਤਿਬੰਧਿਤ ਮਾਪਦੰਡਾਂ (exclusion criteria) ਦੇ ਅਧੀਨ ਸਾਰੇ ਜ਼ਮੀਨੀ ਮਾਲਕ ਕਿਸਾਨਾਂ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਸੀ। ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਮੋਡ ਰਾਹੀਂ ਦੇਸ਼ ਭਰ ਦੇ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਹਰ ਚਾਰ ਮਹੀਨਿਆਂ ਵਿੱਚ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਤੀ ਸਾਲ 6,000 ਰੁਪਏ ਦਾ ਵਿੱਤੀ ਲਾਭ ਟਰਾਂਸਫਰ ਕੀਤਾ ਜਾਂਦਾ ਹੈ।ਹੁਣ ਤੱਕ ਦੇਸ਼ ਭਰ ਦੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 2.61 ਲੱਖ ਕਰੋੜ ਰੁਪਏ ਤੋਂ ਵੱਧ ਦੇ ਲਾਭ ਪ੍ਰਦਾਨ ਕੀਤੇ ਜਾ ਚੁੱਕੇ ਹਨ।
15ਵੀਂ ਕਿਸ਼ਤ ਜਾਰੀ ਕਰਨ ਲਈ, ਈਕੇਵਾਈਸੀ (eKYC) ਅਤੇ ਸਰਗਰਮ ਬੈਂਕ ਖਾਤਿਆਂ ਦੇ ਨਾਲ ਆਧਾਰ ਦੀ ਸੀਡਿੰਗ ਲਾਜ਼ਮੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਭ ਅਸਲ ਲਾਭਪਾਤਰੀਆਂ ਨੂੰ ਸਿੱਧੇ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਬਿਨਾਂ ਕਿਸੇ ਵਿਚੋਲੇ ਦੀ ਸ਼ਮੂਲੀਅਤ ਦੇ ਰਿਲੀਜ਼ ਕੀਤੇ ਜਾਣ। PM KISAN ਵਿੱਚ ਈਕੇਵਾਈਸੀ ਕਰਨ ਵਿੱਚ ਕਿਸਾਨਾਂ ਦੀ ਸਹੂਲਤ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਚਿਹਰੇ ਦੀ ਪ੍ਰਮਾਣਿਕਤਾ-ਅਧਾਰਿਤ ਈ-ਕੇਵਾਈਸੀ ਦੀ ਵਿਸ਼ੇਸ਼ਤਾ ਨਾਲ ਇੱਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ। ਇਸ ਐਪਲੀਕੇਸ਼ਨ ਦੀ ਵਰਤੋਂ ਕਿਸਾਨ ਆਪਣੀ ਈਕੇਵਾਈਸੀ ਨੂੰ ਪੂਰਾ ਕਰਨ ਲਈ ਕਰ ਸਕਦੇ ਹਨ ਅਤੇ ਇਹ ਵੀ ਉਨ੍ਹਾਂ ਦੇ ਆਂਢ-ਗੁਆਂਢ ਦੇ 100 ਹੋਰ ਕਿਸਾਨਾਂ ਨੂੰ ਘਰ ਬੈਠੇ ਈ-ਕੇਵਾਈਸੀ ਪੂਰਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਇਹ ਐਪ ਪਹਿਲੀ ਮੋਬਾਈਲ ਐਪ ਹੈ, ਜੋ ਭਾਰਤ ਸਰਕਾਰ ਦੀ ਕਿਸੇ ਵੀ ਲਾਭ ਟ੍ਰਾਂਸਫਰ ਸਕੀਮ ਵਿੱਚ ਚਿਹਰੇ ਦੀ ਪ੍ਰਮਾਣਿਕਤਾ ਵਿਸ਼ੇਸ਼ਤਾ ਦੀ ਵਰਤੋਂ ਕਰਦੀ ਹੈ। ਇਹ ਮੋਬਾਈਲ ਐਪ ਵਰਤੋਂ ਵਿੱਚ ਬਹੁਤ ਅਸਾਨ ਹੈ ਅਤੇ ਗੂਗਲ ਪਲੇਅ ਸਟੋਰ 'ਤੇ ਡਾਊਨਲੋਡ ਕਰਨ ਲਈ ਅਸਾਨੀ ਨਾਲ ਉਪਲਬਧ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇੱਕ PM-KISAN AI ਚੈਟਬੋਟ (ਕਿਸਾਨ ਈ-ਮਿੱਤਰ) ਵੀ ਲਾਂਚ ਕੀਤਾ ਹੈ, ਜੋ ਕਿ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਨਾਲ ਸਬੰਧਿਤ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਵੱਨ ਸਟਾਪ ਹੱਲ ਪ੍ਰਦਾਨ ਕਰੇਗਾ। ਭਾਸ਼ਿਨੀ ਦੇ ਨਾਲ ਏਕੀਕ੍ਰਿਤ ਇਹ ਚੈਟਬੋਟ ਆਵਾਜ਼ ਅਤੇ ਟੈਕਸਟ ਸਹਾਇਤਾ ਨਾਲ ਸਥਾਨਕ ਭਾਸ਼ਾਵਾਂ ਜਿਵੇਂ ਕਿ ਹਿੰਦੀ, ਤਾਮਿਲ, ਉੜੀਆ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਤਕਨੀਕੀ ਹੱਲਾਂ ਦਾ ਉਦੇਸ਼ ਲਾਭਪਾਤਰੀਆਂ ਦੇ ਆਮ ਸਵਾਲਾਂ ਅਤੇ ਸ਼ਿਕਾਇਤਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਹੈ। ਚੈਟਬੋਟ ਕਿਸਾਨਾਂ ਨੂੰ ਉਨ੍ਹਾਂ ਦੇ ਸਾਰੇ ਸਕੀਮ-ਸਬੰਧਿਤ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ, ਉਨ੍ਹਾਂ ਨੂੰ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨ ਦੇ ਸਮਰੱਥ ਬਣਾ ਰਿਹਾ ਹੈ।
ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨਾ ਭਾਰਤ ਸਰਕਾਰ ਦੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਸਸ਼ਕਤ ਕਰਨ ਅਤੇ ਖੇਤੀਬਾੜੀ ਸੈਕਟਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਵਿੱਚ ਕਿਸਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਅਤੇ ਟਿਕਾਊ ਖੇਤੀਬਾੜੀ ਪ੍ਰੈਕਟਿਸਾਂ ਦੇ ਵਿਕਾਸ ਲਈ ਵਚਨਬੱਧ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਖੇਤੀਬਾੜੀ ਉਤਪਾਦਕਤਾ ਨੂੰ ਸੁਧਾਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮ ਅਤੇ ਪਹਿਲਕਦਮੀਆਂ ਕਰ ਰਿਹਾ ਹੈ।
******
ਐੱਸਕੇ/ਐੱਸਐੱਸ/ਐੱਸਐੱਮ
(रिलीज़ आईडी: 1977012)
आगंतुक पटल : 198