ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਵਾਈ ਸੈਨਾ ਦੇ ਕਮਾਂਡਰਾਂ ਨੂੰ ਕਿਹਾ ਕਿ ਉਹ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਹਵਾਈ ਯੁੱਧ ਦੇ ਉੱਭਰਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਤੋਂ ਸਿੱਖਿਆ ਲੈਣ


ਭਾਰਤ ਦੇ ਹਵਾਈ ਖੇਤਰ ਦੀ ਸੁਰੱਖਿਆ ਲਈ ਹਵਾਈ ਰੱਖਿਆ ਪ੍ਰਣਾਲੀਆਂ, ਡ੍ਰੋਨ ਅਤੇ ਏਅਰੋਸਪੇਸ ’ਤੇ ਧਿਆਨ ਦੇਣ ਦੀ ਲੋੜ

Posted On: 26 OCT 2023 12:35PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਹਵਾਈ ਸੈਨਾ ਦੇ ਕਮਾਂਡਰਾਂ ਦੇ ਦੋ ਰੋਜ਼ਾ ਸੰਮੇਲਨ ਦਾ ਉਦਘਾਟਨ ਕੀਤਾ। ਇਜਲਾਸ ਦੇ ਦੌਰਾਨ ਰਕਸ਼ਾ ਮੰਤਰੀ ਨੂੰ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਭਾਰਤੀ ਹਵਾਈ ਸੈਨਾ (ਆਈਏਐੱਫ) ਦੀਆਂ ਸੰਚਾਲਨ ਤਿਆਰੀਆਂ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ।  

ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਸੰਚਾਲਨ ਤਿਆਰੀਆਂ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਤਿੰਨਾਂ ਸੇਵਾਵਾਂ ਵੱਲੋਂ ਸੰਯੁਕਤ ਯੋਜਨਾਬੰਦੀ ਬਣਾਉਣ ਅਤੇ ਸੰਚਾਲਨ ਨੂੰ ਲਾਗੂ ਕਰਨ ਦੇ ਮਹੱਤਵ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੇ ਕਮਾਂਡਰਾਂ ਨੂੰ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਪੱਧਰੀ ਭੂ-ਰਾਜਨੀਤਿਕ ਸਥਿਤੀ ਦੀ ਸਮੀਖਿਆ ਕਰਨ ਅਤੇ ਭਾਰਤੀ ਸੰਦਰਭ ਵਿੱਚ ਮੁਲਾਂਕਣ ਕਰਨ ਦੀ ਅਪੀਲ ਕੀਤੀ।।

ਰਕਸ਼ਾ ਮੰਤਰੀ ਨੇ ਇਹ ਵੀ ਦੱਸਿਆ ਕਿ ਹਵਾਈ ਯੁੱਧ ਦੇ ਖੇਤਰ ਵਿੱਚ ਨਵੇਂ ਰੁਝਾਨ ਉੱਭਰ ਕੇ ਸਾਹਮਣੇ ਆਏ ਹਨ। ਇਸ ਲਈ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਬਣਾਉਣ ਲਈ ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਤੋਂ ਸਿੱਖਿਆ ਹਾਸਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਤ ਕਰਨ ਅਤੇ ਭਾਰਤ ਦੇ ਹਵਾਈ ਖੇਤਰ ਦੀ ਰੱਖਿਆ ਲਈ ਡ੍ਰੋਨ ਦੀ ਵਰਤੋਂ ਅਤੇ ਏਅਰੋਸਪੇਸ ਦੇ ਖੇਤਰ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਸਾਨੂੰ ਇਨ੍ਹਾਂ ਨਾਲ  ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹਾਲ ਹੀ ਵਿੱਚ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਮਿਸ਼ਨਾਂ ਦੌਰਾਨ ਭਾਰਤੀ ਹਵਾਈ ਸੈਨਾ ਵੱਲੋਂ ਨਿਭਾਈ ਗਈ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਯਾਗਰਾਜ ਵਿਖੇ ਹਵਾਈ ਸੈਨਾ ਦਿਵਸ ਪਰੇਡ ਅਤੇ ਏਅਰ ਡਿਸਪਲੇ ਦੇ ਸਫਲਤਾਪੂਰਵਕ ਆਯੋਜਨ ਲਈ ਵੀ ਭਾਰਤੀ ਹਵਾਈ ਸੈਨਾ ਨੂੰ ਵਧਾਈ ਦਿੱਤੀ।  ਇਨ੍ਹਾਂ ਆਯੋਜਨਾਂ ਦੀ ਲੋਕਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਸੀ। ਰਕਸ਼ਾ ਰਾਜ ਮੰਤਰੀ ਸ਼੍ਰੀ ਅਜੇ ਭੱਟ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਵੀ ਇਸ ਮੌਕੇ ’ਤੇ ਮੌਜੂਦ ਸਨ।

ਇਹ ਸੰਮੇਲਨ ਜੋ ਹਰ ਦੋ-ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ, ਵਿੱਚ ਮੌਜੂਦਾ ਭੂ-ਰਾਜਨੀਤਿਕ ਮਾਹੌਲ ਅਤੇ ਤਕਨੀਕੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਇਆਂ ਭਾਰਤੀ ਹਵਾਈ ਸੈਨਾ ਦੀ ਅੱਗੇ ਦੀ ਰਾਹ ਤਿਆਰ ਕਰਨ ਲਈ ਚਰਚਾ ਕੀਤੀ ਜਾਂਦੀ ਹੈ। ਇਸ ਸੰਮੇਲਨ ਦੌਰਾਨ ਉੱਘੇ ਰਾਸ਼ਟਰੀ ਸੁਰੱਖਿਆ ਮਾਹਿਰਾਂ ਅਤੇ ਵੱਖ ਵੱਖ ਖੇਤਰਾਂ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਿਆ ਜਾਂਦਾ ਹੈ।

***********

 ਏਬੀਬੀ /ਏਐੱਮ /ਸਾਵੀ


(Release ID: 1971806)