ਵਣਜ ਤੇ ਉਦਯੋਗ ਮੰਤਰਾਲਾ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਰਿਆਦ, ਸਾਊਦੀ ਅਰਬ ਵਿੱਚ 7ਵੇਂ 'ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ' ਵਿੱਚ ਹਿੱਸਾ ਲੈਣਗੇ

Posted On: 23 OCT 2023 12:52PM by PIB Chandigarh

ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ 24 ਤੋਂ 25 ਅਕਤੂਬਰ, 2023 ਤੱਕ ਰਿਆਦ, ਸਾਊਦੀ ਅਰਬ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ (ਐੱਫਆਈਆਈ) ਦੇ 7ਵੇਂ ਐਡੀਸ਼ਨ ਵਿੱਚ ਹਿੱਸਾ ਲੈਣਗੇ। ਸਮਾਗਮ ਦੌਰਾਨ ਸ਼੍ਰੀ ਗੋਇਲ ਸਾਊਦੀ ਅਰਬ ਦੇ ਊਰਜਾ ਮੰਤਰੀ ਸਮੇਤ ਰਾਜਕੁਮਾਰ ਅਬਦੁਲ ਅਜ਼ੀਜ਼ ਬਿਨ ਸਲਮਾਨ ਅਲ-ਸਾਊਦ; ਵਣਜ ਮੰਤਰੀ, ਮਾਜਿਦ ਬਿਨ ਅਬਦੁੱਲਾ ਅਲਕਸਾਬੀ; ਨਿਵੇਸ਼ ਮੰਤਰੀ, ਮਹਾਮਹਿਮ ਖਾਲਿਦ ਏ. ਅਲ ਫਲੀਹ; ਉਦਯੋਗ ਅਤੇ ਖਣਿਜ ਸਰੋਤ ਮੰਤਰੀ ਬੰਦਰ ਬਿਨ ਇਬਰਾਹਿਮ ਅਲਖੋਰਾਇਫ਼; ਅਤੇ ਗਵਰਨਰ ਪਬਲਿਕ ਇਨਵੈਸਟਮੈਂਟ ਫੰਡ (ਪੀਆਈਐੱਫ), ਐੱਚ. ਈ. ਯਾਸਿਰ ਰਮੈਯਨ ਸਮੇਤ ਉੱਥੋਂ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਨਗੇ।

 

ਸ਼੍ਰੀ ਪੀਯੂਸ਼ ਗੋਇਲ ਸਾਊਦੀ ਅਰਬ (ਕੇਐੱਸਏ) ਦੇ ਨਿਵੇਸ਼ ਮੰਤਰੀ ਦੇ ਨਾਲ "ਜੋਖਮ ਤੋਂ ਅਵਸਰ ਤੱਕ: ਨਵੀਂ ਉਦਯੋਗਿਕ ਨੀਤੀ ਦੇ ਯੁੱਗ ਵਿੱਚ ਉੱਭਰਦੀਆਂ ਅਰਥਵਿਵਸਥਾਵਾਂ ਲਈ ਰਣਨੀਤੀਆਂ" ਵਿਸ਼ੇ 'ਤੇ ਹੋਣ ਵਾਲੇ ਇੱਕ ਸੰਮੇਲਨ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ। ਉਹ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ ਜਿਹੜੇ ਸਾਊਦੀ ਅਰਥਚਾਰੇ ਦਾ ਪ੍ਰਭਾਵਸ਼ਾਲੀ ਹਿੱਸਾ ਹਨ।ਉਨ੍ਹਾਂ  ਵੱਲੋਂ ਦੁਨੀਆ ਭਰ ਦੇ ਕਾਰੋਬਾਰੀ ਨੇਤਾਵਾਂ ਅਤੇ ਪ੍ਰਮੁੱਖ ਸੀਈਓਜ਼ ਨਾਲ ਵੀ ਮਿਲਣ ਦੀ ਉਮੀਦ ਹੈ।

 

ਕਿੰਗਡਮ ਆਫ਼ ਸਾਊਦੀ ਅਰਬ (ਕੇਐੱਸਏ) ਵੱਲੋਂ ਸ਼ੁਰੂ ਕੀਤਾ ਗਿਆ, ਐੱਫ਼ਆਈਆਈ ਇੰਸਟੀਚਿਊਟ ਇੱਕ ਗਲੋਬਲ ਗੈਰ-ਮੁਨਾਫ਼ਾ ਫਾਊਂਡੇਸ਼ਨ ਹੈ। ਇਸਦਾ ਮੰਤਵ ਵਿਸ਼ਵ ਭਰ ਦੇ ਸਰਕਾਰੀ ਅਤੇ ਵਪਾਰਕ ਨੇਤਾਵਾਂ ਨੂੰ ਇੱਕ ਗਲੋਬਲ "ਮਨੁੱਖਤਾ 'ਤੇ ਪ੍ਰਭਾਵ" ਬਣਾਉਣ ਦੇ ਟੀਚੇ ਨਾਲ ਪੂੰਜੀਕਾਰੀ ਦੇ ਨਵੇਂ ਮੌਕਿਆਂ 'ਤੇ ਚਰਚਾ ਕਰਨ ਲਈ ਇੱਕ ਮੰਚ ਉੱਤੇ ਇਕੱਠਾ ਕਰਨਾ ਹੈ। ਇਸਦੇ ਚਾਰ ਮੁੱਖ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਅਤੇ ਰੋਬੋਟਿਕਸ, ਸਿੱਖਿਆ, ਸਿਹਤ ਸੰਭਾਲ ਅਤੇ ਸਥਿਰਤਾ ਸ਼ਾਮਲ ਹਨ। 

ਐੱਫਆਈਆਈ ਦੇ 7ਵੇਂ ਐਡੀਸ਼ਨ ਦਾ ਥੀਮ "ਦਿ ਨਿਊ ਕੰਪਾਸ" ਹੈ, ਜਿਹੜਾ ਨਵੇਂ ਗਲੋਬਲ ਆਰਡਰ 'ਤੇ ਕੇਂਦਰਿਤ ਹੈ। ਇਸ ਈਵੈਂਟ ਵਿੱਚ ਦੁਨੀਆ ਦੇ ਪ੍ਰਮੁੱਖ ਪੂੰਜੀਕਾਰਾਂ, ਕਾਰੋਬਾਰੀ ਆਗੂਆਂ, ਨੀਤੀ ਨਿਰਧਾਰਕਾਂ, ਖੋਜਕਾਰਾਂ ਅਤੇ ਖੋਜਕਰਤਾਵਾਂ ਵੱਲੋਂ ਹਿੱਸਾ ਲੈਣ ਦੀ ਸੰਭਾਵਨਾ ਹੈ। ਅਗਲੀਆਂ ਮੀਟਿੰਗਾਂ ਦੌਰਾਨ ਇਸ ਮੌਕੇ ਹਾਜ਼ਰ ਮਾਹਰਾਂ ਵੱਲੋਂ ਦਿੱਤੇ ਜਾਣ ਵਾਲੇ ਵਿਚਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ, ਨਵੇਂ ਬਾਜ਼ਾਰਾਂ ਦੀ ਪੜਚੋਲ ਕਰਨ ਅਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਹੱਦਾਂ ਨੂੰ ਪਾਰ ਕਰਨ ਲਈ ਇਕੱਠੇ ਆਉਣਗੇ।

ਕਿੰਗਡਮ ਆਫ਼ ਸਾਊਦੀ ਅਰਬ (ਕੇਐੱਸਏ) ਭਾਰਤ ਦੇ ਸਭ ਤੋਂ ਮਹੱਤਵਪੂਰਨ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ। ਮਾਲੀ ਸਾਲ 2022-23 'ਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 52.75 ਬਿਲੀਅਨ ਅਮਰੀਕੀ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ । ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ (ਐੱਸਪੀਸੀ) ਦੀ ਸਥਾਪਨਾ ਵਿੱਚ ਵੀ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇਖਿਆ ਜਾ ਸਕਦਾ ਹੈ। 2019 ਵਿੱਚ ਸਥਾਪਿਤ ਇਸ ਕੌਂਸਲ ਦਾ ਮੰਤਵ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਵਧਾਉਣਾ ਹੈ ਅਤੇ ਇਸ ਦੇ ਦੋ ਮੁੱਖ ਥੰਮ੍ਹ ਹਨ: 'ਸਿਆਸੀ, ਸੁਰੱਖਿਆ, ਸਮਾਜਿਕ ਅਤੇ ਸਭਿਆਚਾਰਕ ਸਹਿਯੋਗ ’ਤੇ ਕਮੇਟੀ' ਅਤੇ 'ਆਰਥਿਕਤਾ ਅਤੇ ਨਿਵੇਸ਼ ’ਤੇ ਕਮੇਟੀ'। ਬ੍ਰਿਟੇਨ, ਫਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਚੌਥਾ ਦੇਸ਼ ਹੈ, ਜਿਸ ਨਾਲ ਰਿਆਦ ਨੇ ਅਜਿਹੀ ਭਾਈਵਾਲੀ ਕੀਤੀ ਹੈ।

ਸਤੰਬਰ 2023 ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕਿੰਗਡਮ ਆਫ਼ ਸਾਊਦੀ ਅਰਬ (ਕੇਐੱਸਏ) ਦੇ ਰਾਜਕੁਮਾਰ, ਮੁਹੰਮਦ ਬਿਨ ਸਲਮਾਨ ਅਲ ਸਾਊਦ ਨੇ ਐੱਸਪੀਸੀ ਦੀ ਪਹਿਲੀ ਸਿਖਰ-ਪੱਧਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਊਰਜਾ ਸੁਰੱਖਿਆ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿਹਤ ਸੰਭਾਲ ਅਤੇ ਭੋਜਨ ਸੁਰੱਖਿਆ ਵਰਗੇ ਮਹੱਤਵਪੂਰਨ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਪ੍ਰਧਾਨ ਮੰਤਰੀ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿਚਕਾਰ ਸਹਿਯੋਗ ਦੀ ਕਲਪਨਾ ਕਰਦੇ ਹਨ ਕਿਉਂਕਿ ਇਹ ਆਪਸੀ ਸਹਿਯੋਗ ਪੂਰੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਜ਼ਰੂਰੀ ਹੈ।

ਅਜਿਹੀ ਸਥਿਤੀ ਵਿੱਚ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ 7ਵੀਂ ਐੱਫ.ਆਈ.ਆਈ. ਵਿੱਚ ਮੌਜੂਦਗੀ ਨਾਲ ਵੱਖ-ਵੱਖ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਅਤੇ ਸਾਂਝੇ ਸਹਿਯੋਗ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

************

 

ਏਡੀ / ਵੀਐੱਨ



(Release ID: 1970434) Visitor Counter : 46