ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬਿਹਾਰ ਦਾ ਚੌਥੇ ਕ੍ਰਿਸ਼ੀ ਰੋਡ ਮੈਪ ਲਾਂਚ ਕੀਤਾ

Posted On: 18 OCT 2023 2:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਅਕਤੂਬਰ, 2023) ਪਟਨਾ ਵਿੱਚ ਬਿਹਾਰ ਦੇ ਚੌਥੇ ਕ੍ਰਿਸ਼ੀ ਰੋਡ ਮੈਪ (2023-2028) ਲਾਂਚ ਕੀਤਾ।

 

ਰਾਸ਼ਟਰਪਤੀ ਨੇ ਇਸ ਅਵਸਰ ‘ਤੇ ਕਿਹਾ ਕਿ ਖੇਤੀਬਾੜੀ ਬਿਹਾਰ ਦੇ ਲੋਕ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਬਿਹਾਰ ਦੀ ਅਰਥਵਿਵਸਥਾ ਦਾ ਮੂਲ ਅਧਾਰ ਹੈ। ਖੇਤੀਬਾੜੀ ਅਤੇ ਉਸ ਨਾਲ ਜੁੜਿਆ ਖੇਤਰ ਨਾ ਸਿਰਫ਼ ਰਾਜ ਦੇ ਲਗਭਗ ਅੱਧੇ ਕਾਰਜਬਲ ਨੂੰ ਰੋਜ਼ਗਾਰ ਦਿੰਦੇ ਹਨ, ਬਲਿਕ ਰਾਜ ਦੀ ਜੀਡੀਪੀ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ, ਇਸ ਲਈ ਖੇਤੀਬਾੜੀ ਖੇਤਰ ਦਾ ਸਰਬਪੱਖੀ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬਿਹਾਰ ਸਰਕਾਰ 2008 ਤੋਂ ਖੇਤੀਬਾੜੀ ਰੋਡ ਮੈਪ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਕ੍ਰਿਸ਼ੀ ਰੋਡ ਮੈਪ ਲਾਗੂ ਹੋਣ ਦਾ ਹੀ ਪਰਿਣਾਮ ਹੈ ਕਿ ਰਾਜ ਵਿੱਚ ਝੋਨਾ, ਕਣਕ ਅਤੇ ਮੱਕੀ ਦੀ ਉਤਪਾਦਕਤਾ ਵਧ ਕੇ ਲਗਭਗ ਦੁੱਗਣੀ ਹੋ ਗਈ ਹੈ। ਮਸ਼ਰੂਮ, ਸ਼ਹਿਦ, ਮਖਾਨਾ ਅਤੇ ਮੱਛੀ ਦੇ ਉਤਪਾਦਨ ਵਿੱਚ ਵੀ ਬਿਹਾਰ ਹੋਰ ਰਾਜਾਂ ਤੋਂ ਬਹੁਤ ਅੱਗੇ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੌਥੇ ਕ੍ਰਿਸ਼ੀ ਰੋਡ ਮੈਪ ਦੀ ਸ਼ੁਰੂਆਤ ਉਹ ਮਹੱਤਵਪੂਰਨ ਕਦਮ ਹੈ, ਜਿਸ ਨੇ ਇਸ ਪ੍ਰਯਤਨ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। 

 

ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਬਿਹਾਰ ਦੇ ਕਿਸਾਨ ਖੇਤੀ ਵਿੱਚ ਨਵੀਆਂ ਤਕਨੀਕਾਂ ਅਤੇ ਨਵੇਂ ਪ੍ਰਯੋਗਾਂ ਨੂੰ ਅਪਣਾਉਣ ਦੇ ਮਾਮਲੇ ਵਿੱਚ ਬਹੁਤ ਅੱਗੇ ਹੈ। ਇਹੀ ਕਾਰਨ ਹੈ ਕਿ ਇੱਕ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤ੍ਰੀ ਨੇ ਨਾਲੰਦਾ ਦੇ ਕਿਸਾਨਾਂ ਨੂੰ “ਵਿਗਿਆਨੀਆਂ ਤੋਂ ਵੀ ਮਹਾਨ” ਕਿਹਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸੀ ਹੋਈ ਕਿ ਆਧੁਨਿਕ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਦੇ ਬਾਵਜੂਦ, ਬਿਹਾਰ ਦੇ ਕਿਸਾਨਾਂ ਨੇ ਕ੍ਰਿਸ਼ੀ ਦੇ ਪਰੰਪਰਾਗਤ ਤਰੀਕਿਆਂ ਅਤੇ ਅਨਾਜ ਦੀਆਂ ਕਿਸਮਾਂ ਨੂੰ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਨੇ ਇਸ ਆਧੁਨਿਕਤਾ ਦੇ ਨਾਲ ਪਰੰਪਰਾ ਦੇ ਤਾਲਮੇਲ ਦੀ ਚੰਗੀ ਉਦਾਹਰਣ ਦੱਸਿਆ।

 

ਰਾਸ਼ਟਰਪਤੀ ਨੇ ਬਿਹਾਰ ਦੇ ਕਿਸਾਨਾਂ ਨੂੰ ਤਾਕੀਦ ਕੀਤੀ ਕਿ ਉਹ ਜੈਵਿਕ ਉਤਪਾਦਾਂ ਦੀ ਵਧਦੀ ਮੰਗ ਦਾ ਲਾਭ ਉਠਾਉਣ। ਉਨ੍ਹਾਂ ਨੇ ਕਿਹਾ ਕਿ ਜੈਵਿਕ ਖੇਤੀ ਨਾ ਸਿਰਫ਼ ਖੇਤੀਬਾੜੀ ਦੀ ਲਾਗਤ ਘੱਟ ਕਰਨ ਅਤੇ ਵਾਤਾਵਰਣ ਸੰਭਾਲ਼ ਵਿੱਚ ਸਹਾਇਕ ਹੈ, ਬਲਕਿ ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਲੋਕਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਵਿੱਚ ਸਮਰੱਥ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬਿਹਾਰ ਸਰਕਾਰ ਨੇ ਜੈਵਿਕ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਗੰਗਾ ਦੇ ਕਿਨਾਰੇ ਦੇ ਜ਼ਿਲ੍ਹਿਆਂ ਵਿੱਚ ਇੱਕ ਜੈਵਿਕ ਗਲਿਆਰਾ ਬਣਾਇਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਸੰਪੂਰਨ ਮਾਨਵਤਾ ਦੀ ਹੋਂਦ ਦੇ ਲਈ ਖਤਰਾ ਹੈ, ਲੇਕਿਨ ਇਨ੍ਹਾਂ ਦਾ ਸਭ ਤੋਂ ਜ਼ਿਆਦਾ ਅਸਰ ਗ਼ਰੀਬਾਂ ‘ਤੇ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਬਹੁਤ ਘੱਟ ਬਾਰਿਸ਼ (ਮੀਂਹ) ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਜਲ-ਸਮ੍ਰਿੱਧ ਰਾਜ ਮੰਨਿਆ ਗਿਆ ਹੈ ਅਤੇ ਨਦੀਂ ਅਤੇ ਤਲਾਬ ਇਸ ਰਾਜ ਦੀ ਪਹਿਚਾਣ ਰਹੇ ਹਨ। ਇਸ ਪਹਿਚਾਣ ਨੂੰ ਕਾਇਮ ਰੱਖਣ ਦੇ ਲਈ ਜਲ ਸੰਭਾਲ਼ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਿਪਟਣ ਵਿੱਚ ਜਲਵਾਯੂ ਅਨੁਕੂਲ ਖੇਤੀਬਾੜੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਵਰਤਮਾਨ ਖੇਤੀਬਾੜੀ ਪੱਧਤੀ ਵਿੱਚ ਬਦਲਾਅ ਲਿਆ ਕੇ ਬਾਇਓ-ਡਾਇਵਰਸਿਟੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ, ਜਲ ਸੰਸਾਧਨਾਂ ਦੇ ਦੋਹਨ ਨੂੰ ਘੱਟ ਕੀਤਾ ਜਾ ਸਕਦਾ ਹੈ, ਮਿੱਟੀ ਦੇ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਸਭ ਤੋਂ ਵਧ ਕੇ ਲੋਕਾਂ ਦੀ ਥਾਲੀ ਤੱਕ ਸੰਤੁਲਿਤ ਭੋਜਨ ਪਹੁੰਚਾਇਆ ਜਾ ਸਕਦਾ ਹੈ। 

 

ਰਾਸ਼ਟਰਪਤੀ ਇਹ ਜਾਣ ਕੇ ਬਹੁਤ ਪ੍ਰਸੰਨ ਹੋਏ ਕਿ ਬਿਹਾਰ ਦੀ ਪ੍ਰਮੁੱਖ ਫਸਲ ਮੱਕਾ ਨਾਲ ਈਥੈਨੌਲ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੀ ਜੀਵਾਸ਼ਮ ਈਂਧਣ ਅਤੇ ਊਰਜਾ ਸੁਰੱਖਿਆ ‘ਤੇ ਨਿਰਭਰਤਾ ਘੱਟ ਕਰਨ ਤੇ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਬਿਹਾਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ, ਲੇਕਿਨ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਸਾਨੂੰ ਸੰਕੀਰਣ ਮਾਨਸਿਕਤਾ ਤੋਂ ਉੱਪਰ ਉਠਣਾ ਹੋਵੇਗਾ। ਬਿਹਾਰ ਨੂੰ ਵਿਕਸਿਤ ਰਾਜ ਬਣਾਉਣ ਦੇ ਲਈ ਸਮੁੱਚੇ ਵਿਕਾਸ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਨੀਤੀ-ਨਿਰਮਾਤਾਵਾਂ ਅਤੇ ਬਿਹਾਰ ਦੇ ਲੋਕਾਂ ਨੂੰ ਰਾਜ ਦੀ ਪ੍ਰਗਤੀ ਦੇ ਲਈ ਇੱਕ ਰੋਡ ਮੈਪ ਤੈਅ ਕਰਕੇ ਉਸ ਨੂੰ ਲਾਗੂ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਤੋਸ਼ ਦੀ ਗੱਲ ਹੈ ਕਿ ਬਿਹਾਰ ਵਿੱਚ ਕ੍ਰਿਸ਼ੀ ਰੋਡ ਮੈਪ ਲਾਗੂ ਹੋ ਰਿਹਾ ਹੈ, ਲੇਕਿਨ ਉਨ੍ਹਾਂ ਨੂੰ ਤਦ ਜ਼ਿਆਦਾ ਖੁਸ਼ੀ ਹੋਵੇਗੀ ਜਦੋਂ ਬਿਹਾਰ ਵਿਕਾਸ ਦੇ ਹਰ ਮਿਆਰ ‘ਤੇ ਰੋਡ ਮੈਪ ਬਣਾ ਕੇ ਪ੍ਰਗਤੀ ਦੀ ਰਾਹ ‘ਤੇ ਲਗਾਤਾਰ ਅੱਗੇ ਵਧਦਾ ਜਾਵੇਗਾ – ਚਾਹੇ ਉਹ ਵਿਵਸਥਾ ਦਾ ਖੇਤਰ ਹੋਵੇ, ਸਿੱਖਿਆ ਦਾ ਖੇਤਰ ਹੋਵੇ, ਪ੍ਰਤੀ ਵਿਅਕਤੀ ਆਮਦਨ ਦਾ ਮਾਮਲਾ ਹੋਵੇ ਜਾਂ ਹੈੱਪੀਨੈੱਸ ਇੰਡੈਕਸ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ



(Release ID: 1968840) Visitor Counter : 69