ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਚੌਥੀ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਗ ਲੈਣ ਵਾਲੇ ਐਥਲੀਟਾਂ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਏ
ਇੰਡੀਅਨ ਆਇਲ ਚੌਥੀ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਗ ਲੈਣ ਵਾਲੇ ਪੈਰਾ ਐਥਲੀਟਾਂ ਦੀ ਮਦਦ ਕਰ ਰਿਹਾ ਹੈ
Posted On:
12 OCT 2023 6:55PM by PIB Chandigarh
ਸਮਰਥਨ ਅਤੇ ਉਤਸ਼ਾਹ ਦੇ ਬੇਮਿਸਾਲ ਪ੍ਰਦਰਸ਼ਨ ਵਿੱਚ, ਭਾਰਤ ਦੀ ਪੈਰਾਲੰਪਿਕ ਕਮੇਟੀ (ਪੀਸੀਆਈ) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ 22 ਤੋਂ 28 ਅਕਤੂਬਰ 2023 ਤੱਕ ਚੀਨ ਦੇ ਹਾਂਗਝੂ ਵਿੱਚ ਹੋਣ ਵਾਲੀਆਂ ਚੌਥੀ ਏਸ਼ਿਆਈ ਪੈਰਾ ਖੇਡਾਂ ਲਈ 196 ਪੁਰਸ਼ ਅਤੇ 113 ਮਹਿਲਾ ਅਥਲੀਟਾਂ ਸਮੇਤ 309 ਅਥਲੀਟਾਂ ਦੇ ਦਲ ਨੂੰ ਸਸ਼ਕਤ ਕਰਨ ਅਤੇ ਪ੍ਰੇਰਿਤ ਕਰਨ ਲਈ ਮਿਲ ਕੇ ਕਰਨ ਲਈ ਇਕੱਠੇ ਹੋਏ ਹਨ। ਵਿਦਾਇਗੀ ਸਮਾਰੋਹ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਦਿਆ ਅਤੇ ਭਾਰਤੀ ਪੈਰਾਲੰਪਿਕ ਕਮੇਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਏਸ਼ਿਆਈ ਪੈਰਾ ਖੇਡਾਂ ਲਈ ਭਾਰਤੀ ਦਲ ਦੇ ਝੰਡਾਬਰਦਾਰਾਂ ਵੱਲੋਂ ਪਤਵੰਤਿਆਂ ਨੂੰ ਯਾਦਗਾਰੀ ਜਰਸੀਆਂ ਵੀ ਭੇਟ ਕੀਤੀਆਂ ਗਈਆਂ।
ਆਪਣੇ ਸੰਬੋਧਨ ਵਿੱਚ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਭਾਰਤ ਦੇ ਪੈਰਾ-ਐਥਲੀਟਾਂ ਲਈ ਆਪਣਾ ਭਰਪੂਰ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ, “309 ਅਥਲੀਟਾਂ ਦਾ ਇਹ ਦਲ, ਜਿਸ ਵਿੱਚ 196 ਪੁਰਸ਼ ਅਤੇ 113 ਔਰਤਾਂ ਸ਼ਾਮਲ ਹਨ, ਸਾਡੇ ਪੈਰਾ-ਸਪੋਰਟਸ ਸਿਤਾਰਿਆਂ ਦੀ ਅਦੁੱਤੀ ਭਾਵਨਾ ਦਾ ਪ੍ਰਮਾਣ ਹੈ। ਉਨ੍ਹਾਂ ਦੇ ਦ੍ਰਿੜ੍ਹ ਇਰਾਦੇ, ਜਨੂਨ ਅਤੇ ਪ੍ਰਤਿਭਾ ਦੀ ਕੋਈ ਸੀਮਾ ਨਹੀਂ ਹੈ। ਜਦੋਂ ਉਹ ਇਸ ਯਾਦਗਾਰੀ ਯਾਤਰਾ 'ਤੇ ਨਿਕਲਦੇ ਹਨ, ਉਹ ਆਪਣੇ ਨਾਲ ਰਾਸ਼ਟਰ ਦੀਆਂ ਇੱਛਾਵਾਂ ਲੈ ਕੇ ਜਾਂਦੇ ਹਨ। ਇਹ ਵਿਦਾਇਗੀ ਸਮਾਰੋਹ ਸਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਹੈ ਕਿ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਤੁਸੀਂ ਅਜਿਹਾ ਹੀ ਕਰੋਗੇ ਅਤੇ ਚੌਥੀ ਏਸ਼ੀਆਈ ਪੈਰਾ ਖੇਡਾਂ ਵਿੱਚ ਇਤਿਹਾਸ ਰਚੋਗੇ।"
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਇਹ ਐਥਲੀਟ ਖੇਡ ਅਤੇ ਸਮਰਪਣ ਦੇ ਅਸਲ ਤੱਤ ਦੀ ਮਿਸਾਲ ਪ੍ਰਸਤੁਤ ਕਰਦੇ ਹਨ। ਉਨ੍ਹਾਂ ਦੀ ਯਾਤਰਾ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ, ਜੋ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਸਖ਼ਤ ਮਿਹਨਤ ਨਾਲ, ਕੋਈ ਵੀ ਕੁਝ ਵੀ ਹਾਸਲ ਕਰ ਸਕਦਾ ਹੈ। ਇੱਕ ਸਰਕਾਰ ਦੇ ਰੂਪ ਵਿੱਚ, ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਭਾਰਤ ਦਾ ਮਾਣ ਵਧਾਉਂਦੇ ਹੋਏ ਦੇਖ ਕੇ ਉਤਸ਼ਾਹਿਤ ਹਾਂ।"
ਸ੍ਰੀ ਸ਼੍ਰੀਕਾਂਤ ਮਾਧਵ ਵੈਦਿਆ, ਚੇਅਰਮੈਨ, ਇੰਡੀਅਨ ਆਇਲ ਨੇ ਅਸਾਧਾਰਨ ਪ੍ਰਤਿਭਾ ਪ੍ਰਤੀ ਕੰਪਨੀ ਦੀ ਵਚਨਬੱਧਤਾ ਬਾਰੇ ਗੱਲ ਕੀਤੀ ਅਤੇ ਕਿਹਾ, "ਇੰਡੀਅਨ ਆਇਲ ਨੂੰ ਖੇਡਾਂ ਵਿੱਚ ਸ਼ਮੂਲੀਅਤ ਦੀ ਅਗਵਾਈ ਕਰਨ, ਭਾਰਤ ਦੇ ਪੈਰਾ-ਐਥਲੀਟਾਂ ਨੂੰ ਚੈਂਪੀਅਨ ਬਣਾਉਣ ਅਤੇ ਉਨ੍ਹਾਂ ਦੀ ਯਾਤਰਾ ਦਾ ਸਮਰਥਨ ਕਰਨ 'ਤੇ ਮਾਣ ਹੈ, ਜੋ ਦ੍ਰਿੜ ਸੰਕਲਪ ਅਤੇ ਮਨੁੱਖੀ ਸਹਿਣਸ਼ਕਤੀ ਦਾ ਪ੍ਰਮਾਣ ਹੈ। ਇੰਡੀਅਨ ਆਇਲ ਲਈ, ਇਨ੍ਹਾਂ ਬੇਮਿਸਾਲ ਐਥਲੀਟਾਂ ਦਾ ਸਮਰਥਨ ਕਰਨਾ ਸਾਡੇ 'ਰਾਸ਼ਟਰ-ਪਹਿਲੇ' ਮੁੱਲ ਦੇ ਅਨੁਸਾਰ ਹੈ।
ਭਾਰਤ ਪਹਿਲੀ ਵਾਰ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ, ਪੰਜ ਖੇਡਾਂ - ਕੈਨੋ, ਬਲਾਇੰਡ ਫੁੱਟਬਾਲ, ਲਾਅਨ ਬਾਊਲਜ਼, ਰੋਇੰਗ ਅਤੇ ਤਾਈਕਵਾਂਡੋ ਸਮੇਤ ਸਤਾਰਾਂ ਵਰਗਾਂ ਵਿੱਚ ਭਾਗ ਲਵੇਗਾ। ਵਿਦਾਇਗੀ ਸਮਾਰੋਹ ਦੇ ਜ਼ਰੀਏ ਇਨ੍ਹਾਂ ਅਥਲੀਟਾਂ ਦਾ ਜਸ਼ਨ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਸਾਹਸ ਅਤੇ ਦ੍ਰਿੜ੍ਹ ਸੰਕਲਪ ਨਾਲ ਪ੍ਰੇਰਿਤ ਕੀਤਾ ਗਿਆ ਕਿਉਂਕਿ ਉਹ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਤਿਆਰ ਹਨ।
ਡਾ. ਦੀਪਾ ਮਲਿਕ, ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ, ਜੋ ਖੁਦ ਏਸ਼ਿਆਈ ਖੇਡਾਂ ਦਾ ਮੈਡਲ ਜੇਤੂ ਹਨ, ਨੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, "ਇਹ ਅਥਲੀਟ ਜਿਸ ਰਾਹ 'ਤੇ ਚੱਲੇ ਹਨ, ਉਹ ਸਮਰਪਣ, ਅਟੁੱਟ ਦ੍ਰਿੜ੍ਹ ਇਰਾਦੇ ਅਤੇ ਅਣਗਿਣਤ ਘੰਟਿਆਂ ਦੀ ਸਖਤ ਮਿਹਨਤ ਨਾਲ ਭਰਿਆ ਹੋਇਆ ਹੈ। ਚੌਥੀ ਏਸ਼ਿਆਈ ਪੈਰਾ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਉਨ੍ਹਾਂ ਦੀ ਅਟੁੱਟ ਭਾਵਨਾ ਅਤੇ ਇੰਡੀਅਨ ਆਇਲ, ਸਰਕਾਰ ਅਤੇ ਉਨ੍ਹਾਂ ਦੇ ਨਾਲ ਰਹੇ ਸਾਰੇ ਸ਼ੁਭਚਿੰਤਕਾਂ ਦੇ ਸਮਰਥਨ ਦਾ ਪ੍ਰਮਾਣ ਹੈ।"
ਭਾਰਤ ਦੀ ਪੈਰਾਲੰਪਿਕ ਕਮੇਟੀ ਦੇ ਸਕੱਤਰ ਜਨਰਲ ਸ਼੍ਰੀ ਗੁਰਸ਼ਰਨ ਸਿੰਘ ਨੇ ਅਥਲੀਟਾਂ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹੋਏ ਕਿਹਾ, “ਇਹ ਵਿਦਾਇਗੀ ਸਮਾਰੋਹ ਸਿਰਫ਼ ਵਿਦਾਈ ਨਹੀਂ ਹੈ, ਇਹ ਤੁਹਾਡੀ ਤਾਕਤ, ਸਾਹਸ ਅਤੇ ਦ੍ਰਿੜ੍ਹ ਇਰਾਦੇ ਦਾ ਜਸ਼ਨ ਹੈ। ਤੁਸੀਂ ਨਾ ਸਿਰਫ਼ ਭਾਰਤ ਦੀ ਨੁਮਾਇੰਦਗੀ ਕਰ ਰਹੇ ਹੋ; ਬਲਕਿ ਲੱਖਾਂ ਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹੋ। ਚੌਥੀ ਏਸ਼ਿਆਈ ਪੈਰਾ ਖੇਡਾਂ ਵਿੱਚ ਤੁਹਾਡਾ ਪ੍ਰਦਰਸ਼ਨ ਭਾਰਤੀ ਐਥਲੀਟਾਂ ਦੇ ਅਦੁੱਤੀ ਜਜ਼ਬੇ ਦੀ ਇੱਕ ਸ਼ਾਨਦਾਰ ਉਦਾਹਰਣ ਬਣੇਗਾ।"
ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ਿਆਈ ਖੇਡਾਂ ਵਿੱਚ 107 ਤਗ਼ਮੇ ਜਿੱਤਣ ਵਾਲੇ ਭਾਰਤੀ ਦਲ ਦੇ ਇਤਿਹਾਸਕ ਪ੍ਰਦਰਸ਼ਨ ਨੇ ਅਥਲੀਟਾਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਇਸ ਵਿਸ਼ਵਾਸ ਨਾਲ ਉਤਸ਼ਾਹਿਤ ਕੀਤਾ ਹੈ ਕਿ ਚੌਥੀ ਏਸ਼ਿਆਈ ਪੈਰਾ ਖੇਡਾਂ ਬਹੁਤ ਸਾਰੇ ਰਿਕਾਰਡ ਤੋੜਨਗੀਆਂ ਅਤੇ ਦੇਸ਼ ਵਿੱਚ ਪੈਰਾ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਹੋਣਗੀਆਂ। ਜਿਵੇਂ ਕਿ ਭਾਰਤ ਦੇ 309 ਪੈਰਾ-ਐਥਲੀਟ ਚੌਥੀ ਏਸ਼ਿਆਈ ਪੈਰਾ ਖੇਡਾਂ ਲਈ ਆਪਣੀ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ, ਸਰਕਾਰ ਅਤੇ ਭਾਰਤ ਦੀ ਪੈਰਾਲੰਪਿਕ ਕਮੇਟੀ ਦੇ ਸਹਿਯੋਗ ਨਾਲ, ਇਹ ਅਥਲੀਟ ਇਤਿਹਾਸ ਰਚਣ, ਦੂਜਿਆਂ ਨੂੰ ਪ੍ਰੇਰਿਤ ਕਰਨ ਅਤੇ ਭਾਰਤ ਦਾ ਮਾਣ ਵਧਾਉਣ ਲਈ ਤਿਆਰ ਹਨ।
********
ਆਰਕੇਜੇ/ਐੱਮ
(Release ID: 1967517)
Visitor Counter : 90