ਬਿਜਲੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ 800 ਮੈਗਾਵਾਟ ਦੇ ਪਹਿਲੇ ਪਲਾਂਟ ਦਾ ਉਦਘਾਟਨ ਕੀਤਾ


ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਭਾਰਤ ਵਿੱਚ ਐੱਨਟੀਪੀਸੀ ਦੇ ਪਾਵਰ ਪਲਾਂਟਾਂ ਵਿੱਚ ਸਭ ਤੋਂ ਆਧੁਨਿਕ ਹੈ: ਪ੍ਰਧਾਨ ਮੰਤਰੀ

Posted On: 03 OCT 2023 6:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਪਹਿਲੇ 800 ਮੈਗਾਵਾਟ ਪਲਾਂਟ ਦਾ ਉਦਘਾਟਨ ਕੀਤਾ। ਪੇਡਾਪੱਲੀ ਜ਼ਿਲ੍ਹੇ ਵਿੱਚ ਸਥਿਤ ਇਹ ਪ੍ਰੋਜੈਕਟ ਤੇਲੰਗਾਨਾ ਨੂੰ ਘੱਟ ਲਾਗਤ ਵਾਲੀ ਬਿਜਲੀ ਪ੍ਰਦਾਨ ਕਰੇਗਾ ਅਤੇ ਰਾਜ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਇਹ ਪ੍ਰੋਜੈਕਟ ਦੇਸ਼ ਵਿੱਚ ਵਾਤਾਵਰਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਹਿਤੈਸ਼ੀ ਪ੍ਰੋਜੈਕਟਾਂ ਵਿੱਚੋਂ ਇੱਕ ਹੋਵੇਗਾ।

ਮੌਜੂਦਾ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸੇ ਵੀ ਰਾਸ਼ਟਰ ਜਾਂ ਰਾਜ ਦਾ ਵਿਕਾਸ ਬਿਜਲੀ ਉਤਪਾਦਨ ਦੇ ਲਈ ਉਸ ਦੀ ਆਤਮਨਿਰਭਰਤਾ ਸਮਰੱਥਾ ‘ਤੇ ਅਧਾਰਿਤ ਹੁੰਦਾ ਹੈ, ਕਿਉਂਕਿ ਇਸ ਨਾਲ ਜੀਵਨ ਸੁਗਮਤਾ ਅਤੇ ਵਪਾਰ ਸੁਗਮਤਾ ਵਿੱਚ ਸੁਧਾਰ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਸੁਚਾਰੂ ਸਪਲਾਈ ਨਾਲ ਰਾਜ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਗਤੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦਾ ਦੂਸਰਾ ਪਲਾਂਟ ਵੀ ਬਹੁਤ ਜਲਦੀ ਚਾਲੂ ਹੋ ਜਾਵੇਗਾ ਅਤੇ ਇਸ ਦੇ ਪੂਰਾ ਹੋਣ ‘ਤੇ ਪਾਵਰ ਪਲਾਂਟ ਦੀ ਸਥਾਪਿਤ ਸਮਰੱਥਾ ਵਧ ਕੇ 4,000 ਮੈਗਾਵਾਟ ਹੋ ਜਾਵੇਗੀ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਤੇਲੰਗਾਨਾ ਸੁਪਰ ਥਰਮਲ ਪਾਵਰ ਪਲਾਂਟ ਦੇਸ਼ ਵਿੱਚ ਐੱਨਟੀਪੀਸੀ ਦੇ ਸਾਰੇ ਪਾਵਰ ਪਲਾਂਟਾਂ ਵਿੱਚੋਂ ਸਭ ਤੋਂ ਆਧੁਨਿਕ ਪਾਵਰ ਪਲਾਂਟ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਪਾਵਰ ਪਲਾਂਟ ਵਿੱਚ ਪੈਦਾ ਹੋਣ ਵਾਲੀ ਬਿਜਲੀ ਦਾ ਵੱਡਾ ਹਿੱਸਾ ਤੇਲੰਗਾਨਾ ਦੇ ਲੋਕਾਂ ਨੂੰ ਮਿਲੇਗਾ।” ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਨ੍ਹਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਸਾਰੇ ਪ੍ਰਯਾਸ ਕੀਤੇ ਹਨ। ਉਨ੍ਹਾਂ ਨੇ 2016 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖੇ ਜਾਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅੱਜ ਇਸ ਦਾ ਉਦਘਾਟਨ ਕਰਨ ਲਈ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ, “ਇਹ ਸਾਡੀ ਸਰਕਾਰ ਦਾ ਨਵਾਂ ਵਰਕ ਕਲਚਰ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੇਲੰਗਾਨਾ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।

ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ ਪੜਾਅ-I ਪੇਡਾਪੱਲੀ ਜ਼ਿਲ੍ਹੇ ਵਿੱਚ ਐੱਨਟੀਪੀਸੀ ਦੇ ਮੌਜੂਦਾ ਰਾਮਗੁੰਡਮ ਸਟੇਸ਼ਨ ਦੇ ਕੈਂਪਸ ਵਿੱਚ ਉਪਲਬਧ ਜ਼ਮੀਨ ‘ਤੇ 10,998 ਕਰੋੜ ਰੁਪਏ ਦੀ ਪ੍ਰਵਾਨਿਤ ਲਾਗਤ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਤੇਲੰਗਾਨਾ ਰਾਜ ਨੂੰ ਆਪਣੀ 85 ਪ੍ਰਤੀਸ਼ਤ ਬਿਜਲੀ ਦੀ ਸਪਲਾਈ ਕਰੇਗਾ।

ਅਲਟਰਾ ਸੁਪਰਕ੍ਰਿਟੀਕਲ ਟੈਕਨੋਲੋਜੀ ਦੇ ਨਾਲ ਇੱਕ ਪਿਟ-ਹੈੱਡ ਪਾਵਰ ਸਟੇਸ਼ਨ ਹੋਣ ਨਾਲ, ਇਹ ਪ੍ਰੋਜੈਕਟ ਤੇਲੰਗਾਨਾ ਰਾਜ ਨੂੰ ਘੱਟ ਲਾਗਤ ਵਾਲੀ ਬਿਜਲੀ ਉਪਲਬਧ ਕਰਵਾ ਕੇ ਰਾਜ ਦੀ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਇਹ ਭਾਰਤ ਵਿੱਚ ਐੱਨਟੀਪੀਸੀ ਦਾ ਸਭ ਤੋਂ ਕੁਸ਼ਲ ਪਾਵਰ ਸਟੇਸ਼ਨ ਹੋਣ ਦੇ ਨਾਤੇ, ਇਹ ਵਿਸ਼ੇਸ਼ ਕੋਲੇ ਦੀ ਖਪਤ (ਉਤਪਾਦਿਤ ਬਿਜਲੀ ਦੀ ਪ੍ਰਤੀ ਇਕਾਈ ਕੋਲੇ ਦੀ ਕੁੱਲ ਖਪਤ) ਅਤੇ ਸੀਓ2 ਦੇ ਨਿਕਾਸ ਨੂੰ ਘੱਟ ਕਰੇਗਾ, ਜਿਸ ਨਾਲ ਇਹ ਭਾਰਤ ਵਿੱਚ ਸਭ ਤੋਂ ਵੱਧ ਵਾਤਾਵਰਣ ਦੇ ਅਨੁਕੂਲ ਪਾਵਰ ਸਟੇਸ਼ਨਾਂ ਵਿੱਚੋਂ ਇੱਕ ਬਣ ਜਾਵੇਗਾ।

Image

ਪ੍ਰੋਜੈਕਟ ਦਾ ਪਹਿਲਾ ਪਲਾਂਟ ਸ਼ੁਰੂ ਹੋਣ ਦੇ ਨਾਲ, ਤੇਲੰਗਾਨਾ ਰਾਜ ਸਮੇਤ ਦੇਸ਼ ਵਿੱਚ ਪਾਵਰ ਸਪਲਾਈ  ਲੈਂਡਸਕੇਪ ਵਿੱਚ ਸੁਧਾਰ ਹੋਇਆ ਹੈ। ਇਹ ਪ੍ਰੋਜੈਕਟ ਖੇਤਰ ਵਿੱਚ ਸਮੁੱਚੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।

ਐੱਨਟੀਪੀਸੀ ਲਿਮਿਟਿਡ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਪਾਵਰ ਯੂਟਿਲਿਟੀ ਹੈ, ਜੋ ਦੇਸ਼ ਦੀ ਇੱਕ-ਚੌਥਾਈ ਜ਼ਰੂਰਤ ਨੂੰ ਪੂਰਾ ਕਰਦੀ ਹੈ। 73 ਗੀਗਾਵਾਟ ਤੋਂ ਵੱਧ ਦੀ ਸਥਾਪਿਤ ਸਮਰੱਥਾ ਅਤੇ ਥਰਮਲ, ਹਾਈਡਰੋ, ਸੋਲਰ ਅਤੇ ਵਿੰਡ ਪਾਵਰ ਪਲਾਂਟਾਂ ਦੇ ਵਿਭਿੰਨ ਪੋਰਟਫੋਲੀਓ ਦੇ ਨਾਲ, ਐੱਨਟੀਪੀਸੀ ਦੇਸ਼ ਨੂੰ ਭਰੋਸੇਯੋਗ, ਸਸਤੀ ਅਤੇ ਟਿਕਾਊ ਬਿਜਲੀ ਪ੍ਰਦਾਨ ਕਰਨ ਲਈ ਸਮਰਪਿਤ ਹੈ। ਕੰਪਨੀ ਇੱਕ ਗ੍ਰੀਨ ਭਵਿੱਖ ਲਈ ਸ਼ਾਨਦਾਰ ਅਭਿਆਸਾਂ ਨੂੰ ਅਪਣਾਉਣ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਸਵੱਛ ਊਰਜਾ ਟੈਕਨੋਲੋਜੀਆਂ ਨੂੰ ਅਪਣਾਉਣ ਲਈ ਪ੍ਰਤੀਬੱਧ ਹੈ।

ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨੇ ਨਿਜ਼ਾਮਾਬਾਦ, ਤੇਲੰਗਾਨਾ ਵਿੱਚ ਲਗਭਗ 8000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ  ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।

 

 

***

ਪੀਆਈਬੀ ਦਿੱਲੀ। ਆਲੋਕ ਮਿਸ਼ਰਾ/ਦੀਪ ਜੋਏ ਮੈਮਪਿਲੀ



(Release ID: 1964180) Visitor Counter : 77