ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ
ਭਾਰਤ ਵਿੱਚ ਜੀ20 ਸਮਿਟ ਨਾਲ ਸਬੰਧਤ 4 ਪ੍ਰਕਾਸ਼ਨ ਜਾਰੀ ਕੀਤੇ
“ਅਜਿਹੇ ਆਯੋਜਨ ਉਦੋਂ ਸਫ਼ਲ ਹੁੰਦੇ ਹਨ, ਜਦੋਂ ਨੌਜਵਾਨ ਇਸ ਨਾਲ ਜੁੜਦੇ ਹਨ”
“ਪਿਛਲੇ 30 ਦਿਨਾਂ ਵਿੱਚ ਹਰ ਖੇਤਰ ਵਿੱਚ ਬੇਮਿਸਾਲ ਗਤੀਵਿਧੀਆਂ ਹੋਈਆਂ। ਭਾਰਤ ਦਾ ਦਾਇਰਾ ਤੁਲਨਾ ਤੋਂ ਪਰ੍ਹੇ ਹੈ”
“ਸਰਬਸੰਮਤੀ ਨਾਲ ਨਵੀਂ ਦਿੱਲੀ ਡੈਕਲੇਰੇਸ਼ਨ ਪੂਰੀ ਦੁਨੀਆ ਵਿੱਚ ਸੁਰਖੀਆਂ ਬਣੀਆਂ”
"ਮਜ਼ਬੂਤ ਕੂਟਨੀਤਕ ਯਤਨਾਂ ਸਦਕਾ ਭਾਰਤ ਨੂੰ ਨਵੇਂ ਮੌਕੇ, ਨਵੇਂ ਮਿੱਤਰ ਅਤੇ ਨਵੇਂ ਬਜ਼ਾਰ ਮਿਲ ਰਹੇ ਹਨ, ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ"
“ਭਾਰਤ ਨੇ ਜੀ20 ਨੂੰ ਜਨ-ਸੰਚਾਲਿਤ ਰਾਸ਼ਟਰੀ ਅੰਦੋਲਨ ਬਣਾਇਆ”
"ਅੱਜ, ਇਮਾਨਦਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦਕਿ ਬੇਈਮਾਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ"
"ਰਾਸ਼ਟਰ ਦੀ ਵਿਕਾਸ ਯਾਤਰਾ ਲਈ ਸਾਫ਼, ਸਪੱਸ਼ਟ ਅਤੇ ਸਥਿਰ ਸ਼ਾਸਨ ਲਾਜ਼ਮੀ ਹੈ"
"ਮੇਰੀ ਤਾਕਤ ਭਾਰਤ ਦੇ ਨੌਜਵਾਨਾਂ ਵਿੱਚ ਹੈ"
“ਦੋਸਤੋ, ਮੇਰੇ ਨਾਲ ਆਓ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। 25 ਸਾਲ ਸਾਡੇ ਸਾਹਮਣੇ ਹਨ, 100 ਸਾਲ ਪਹਿਲਾਂ ਕੀ ਹੋਇਆ, ਉਹ ਸਵਰਾਜ ਲਈ ਅੱਗੇ ਵਧੇ, ਅਸੀਂ ਸਮ੍ਰਿੱਧੀ (ਖੁਸ਼ਹਾਲੀ) ਲਈ ਅੱਗੇ ਵਧ ਰਹੇ ਹਾਂ
Posted On:
26 SEP 2023 6:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਦੋ ਹਫ਼ਤੇ ਪਹਿਲਾਂ ਜੀ20 ਸੰਮੇਲਨ ਦੌਰਾਨ ਭਾਰਤ ਮੰਡਪਮ ਵਿਚਲੀ ਚਹਿਲ-ਪਹਿਲ ਨੂੰ ਯਾਦ ਕਰਦੇ ਹੋਏ ਕੀਤੀ ਅਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਇਹ ਸਥਾਨ ਅੱਜ ਭਾਰਤ ਦੇ ਭਵਿੱਖ ਦਾ ਗਵਾਹ ਬਣ ਰਿਹਾ ਹੈ। ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਨੇ ਜੀ20 ਵਰਗੇ ਸਮਾਗਮ ਦੇ ਆਯੋਜਨ ਦੇ ਮਾਪਦੰਡਾਂ ਨੂੰ ਉੱਚਾ ਚੁੱਕਿਆ ਹੈ ਅਤੇ ਵਿਸ਼ਵ ਨੂੰ ਬਹੁਤ ਹੈਰਾਨ ਕੀਤਾ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਿਲਕੁਲ ਵੀ ਹੈਰਾਨ ਨਹੀਂ ਹਨ ਕਿਉਂਕਿ ਇਹ ਭਾਰਤ ਦੇ ਹੋਣਹਾਰ ਨੌਜਵਾਨ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਅਜਿਹੇ ਸਮਾਗਮ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਉਦੋਂ ਸਫ਼ਲ ਹੁੰਦੇ ਹਨ ਜਦੋਂ ਨੌਜਵਾਨ ਇਸ ਨਾਲ ਜੁੜਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਹੋ ਰਹੀਆਂ ਗਤੀਵਿਧੀਆਂ ਦਾ ਸਿਹਰਾ ਦੇਸ਼ ਦੀ ਨੌਜਵਾਨ ਊਰਜਾ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਸਮ੍ਰਿੱਧ ਸਥਾਨ ਬਣ ਰਿਹਾ ਹੈ। ਇਹ ਪਿਛਲੇ 30 ਦਿਨਾਂ ਦੀਆਂ ਗਤੀਵਿਧੀਆਂ ਤੋਂ ਸਪੱਸ਼ਟ ਹੈ। ਪਿਛਲੇ 30 ਦਿਨਾਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਫਲ ਚੰਦਰਯਾਨ ਮਿਸ਼ਨ ਨੂੰ ਯਾਦ ਕਰਦਿਆਂ ਸ਼ੁਰੂਆਤ ਕੀਤੀ, ਜਦੋਂ ਪੂਰੀ ਦੁਨੀਆ 'ਭਾਰਤ ਚੰਦਰਮਾ 'ਤੇ ਹੈ' ਨਾਲ ਗੂੰਜ ਰਹੀ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “23 ਅਗਸਤ ਸਾਡੇ ਦੇਸ਼ ਵਿੱਚ ਰਾਸ਼ਟਰੀ ਪੁਲਾੜ ਦਿਵਸ ਵਜੋਂ ਅਮਰ ਹੋ ਗਿਆ ਹੈ”। ਇਸ ਸਫਲਤਾ ਨੂੰ ਜਾਰੀ ਰੱਖਦੇ ਹੋਏ, ਭਾਰਤ ਨੇ ਆਪਣੇ ਸੌਰ ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਚੰਦਰਯਾਨ ਨੇ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਸੌਰ ਪ੍ਰੋਜੈਕਟ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ, "ਕੀ ਭਾਰਤ ਦੇ ਕਾਰਜ ਖੇਤਰ ਦੀ ਕੋਈ ਤੁਲਨਾ ਹੈ।"
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਕੂਟਨੀਤੀ ਨੇ ਪਿਛਲੇ 30 ਦਿਨਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਉਨ੍ਹਾਂ ਜੀ20 ਤੋਂ ਪਹਿਲਾਂ ਦੱਖਣ ਅਫਰੀਕਾ ਵਿੱਚ ਹੋਏ ਬ੍ਰਿਕਸ ਸਮਿਟ ਦਾ ਜ਼ਿਕਰ ਕੀਤਾ, ਜਿੱਥੇ ਭਾਰਤ ਦੇ ਯਤਨਾਂ ਨਾਲ ਛੇ ਨਵੇਂ ਦੇਸ਼ਾਂ ਨੂੰ ਇਸ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਦੱਖਣ ਅਫਰੀਕਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗ੍ਰੀਸ ਦੀ ਯਾਤਰਾ ਦਾ ਜ਼ਿਕਰ ਕੀਤਾ ਜੋ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ। ਉਨ੍ਹਾਂ ਜੀ20 ਸਮਿਟ ਤੋਂ ਪਹਿਲਾਂ ਇੰਡੋਨੇਸ਼ੀਆ ਵਿੱਚ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਇਹ ਉਜਾਗਰ ਕਰਦੇ ਹੋਏ ਕਿ ਭਾਰਤ ਮੰਡਪਮ ਵਿੱਚ ਵਿਸ਼ਵ ਦੀ ਬਿਹਤਰੀ ਲਈ ਕਈ ਅਹਿਮ ਫੈਸਲੇ ਲਏ ਗਏ ਸਨ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਿਸ਼ਵ ਪੱਧਰ 'ਤੇ ਧਰੁਵੀਕਰਨ ਵਾਲੇ ਮਾਹੌਲ ਵਿੱਚ ਸਾਰੇ ਮੈਂਬਰ ਦੇਸ਼ਾਂ ਲਈ ਇੱਕੋ ਮੰਚ 'ਤੇ ਇੱਕ ਸਾਂਝਾ ਅਧਾਰ ਲੱਭਣਾ ਸਰਕਾਰ ਲਈ ਇੱਕ ਵਿਸ਼ੇਸ਼ ਪ੍ਰਾਪਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਸਰਬਸੰਮਤੀ ਨਾਲ ਨਵੀਂ ਦਿੱਲੀ ਡੈਕਲੇਰੇਸ਼ਨ ਦੀਆਂ ਪੂਰੀ ਦੁਨੀਆ ਵਿੱਚ ਸੁਰਖੀਆਂ ਬਣੀਆਂ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਈ ਮਹੱਤਵਪੂਰਨ ਪਹਿਲਕਦਮੀਆਂ ਅਤੇ ਨਤੀਜਿਆਂ ਦੀ ਅਗਵਾਈ ਕੀਤੀ ਹੈ। 21ਵੀਂ ਸਦੀ ਦੀ ਦਿਸ਼ਾ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਸਮਰੱਥਾ ਰੱਖਣ ਵਾਲੇ ਜੀ20 ਦੇ ਪਰਿਵਰਤਨਸ਼ੀਲ ਫੈਸਲਿਆਂ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜੀ20 ਵਿੱਚ ਅਫ਼ਰੀਕੀ ਯੂਨੀਅਨ ਨੂੰ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ, ਭਾਰਤ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਬਾਇਓਫਿਊਲ ਅਲਾਇੰਸ, ਭਾਰਤ ਮੱਧ ਪੂਰਬ ਯੂਰਪੀ ਕੌਰੀਡੋਰ ਦਾ ਜ਼ਿਕਰ ਕੀਤਾ।
ਜੀ20 ਸਮਿਟ ਖਤਮ ਹੁੰਦਿਆਂ ਹੀ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੀ ਅਧਿਕਾਰਤ ਯਾਤਰਾ ਹੋਈ ਅਤੇ ਸਾਊਦੀ ਅਰਬ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 30 ਦਿਨਾਂ ਵਿੱਚ ਲਗਭਗ ਅੱਧੀ ਦੁਨੀਆ ਨੂੰ ਕਵਰ ਕਰਦੇ ਹੋਏ 85 ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ। ਭਾਰਤ ਦੇ ਵਧ ਰਹੇ ਅੰਤਰਰਾਸ਼ਟਰੀ ਪ੍ਰੋਫਾਈਲ ਦੇ ਲਾਭਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਾਰਨ ਭਾਰਤ ਨੂੰ ਨਵੇਂ ਮੌਕੇ, ਨਵੇਂ ਮਿੱਤਰ ਅਤੇ ਨਵੇਂ ਬਜ਼ਾਰ ਮਿਲ ਰਹੇ ਹਨ, ਜੋ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ।
ਪਿਛਲੇ 30 ਦਿਨਾਂ ਵਿੱਚ ਐੱਸਸੀ, ਐੱਸਟੀ, ਓਬੀਸੀ ਭਾਈਚਾਰਿਆਂ ਅਤੇ ਗਰੀਬ ਅਤੇ ਮੱਧ ਵਰਗ ਦੇ ਸਸ਼ਕਤੀਕਰਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ, ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਜਿਸ ਨਾਲ ਕਾਰੀਗਰਾਂ, ਸ਼ਿਲਪਕਾਰਾਂ ਅਤੇ ਰਵਾਇਤੀ ਕਾਮਿਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਰੋਜ਼ਗਾਰ ਮੇਲਿਆਂ ਰਾਹੀਂ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਸੰਸਦ ਦੇ ਉਦਘਾਟਨੀ ਸੈਸ਼ਨ ਦਾ ਵੀ ਜ਼ਿਕਰ ਕੀਤਾ, ਜਿੱਥੇ ਪਾਸ ਹੋਣ ਵਾਲਾ ਪਹਿਲਾ ਬਿਲ ਨਾਰੀ ਸ਼ਕਤੀ ਵੰਦਨ ਅਧਿਨਿਯਮ ਸੀ।
ਇਲੈਕਟ੍ਰਿਕ ਗਤੀਸ਼ੀਲਤਾ ਵਿੱਚ ਨਵੀਨਤਮ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਬੈਟਰੀ ਊਰਜਾ ਸਟੋਰੇਜ ਪ੍ਰਣਾਲੀ ਨੂੰ ਸਮਰੱਥ ਬਣਾਉਣ ਲਈ ਇੱਕ ਨਵੀਂ ਯੋਜਨਾ ਨੂੰ ਮਨਜ਼ੂਰੀ ਦੇਣ ਦਾ ਜ਼ਿਕਰ ਕੀਤਾ। ਹੋਰ ਗਤੀਵਿਧੀਆਂ ਤਹਿਤ ਸ਼੍ਰੀ ਮੋਦੀ ਨੇ ਦਵਾਰਕਾ, ਨਵੀਂ ਦਿੱਲੀ ਵਿੱਚ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਦੇ ਉਦਘਾਟਨ; ਵਾਰਾਣਸੀ ਵਿੱਚ ਇੱਕ ਨਵੇਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਅਤੇ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਇੱਕ ਰਿਫਾਈਨਰੀ ਵਿੱਚ ਇੱਕ ਪੈਟਰੋ ਕੈਮੀਕਲ ਕੰਪਲੈਕਸ ਦੇ ਨਾਲ-ਨਾਲ ਇੱਕ ਅਖੁੱਟ ਊਰਜਾ ਆਈਟੀ ਪਾਰਕ, ਇੱਕ ਮੈਗਾ ਉਦਯੋਗਿਕ ਪਾਰਕ ਅਤੇ ਰਾਜ ਵਿੱਚ ਛੇ ਨਵੇਂ ਉਦਯੋਗਿਕ ਸੈਕਟਰਾਂ ਦਾ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਇਹ ਸਾਰੀਆਂ ਗਤੀਵਿਧੀਆਂ ਰੋਜ਼ਗਾਰ ਸਿਰਜਣ ਅਤੇ ਨੌਜਵਾਨਾਂ ਦੇ ਹੁਨਰ ਨੂੰ ਵਧਾਉਣ ਨਾਲ ਜੁੜੀਆਂ ਹਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਆਸ਼ਾਵਾਦ, ਮੌਕੇ ਅਤੇ ਖੁੱਲ੍ਹਾਪਨ ਹੁੰਦਾ ਹੈ, ਉੱਥੇ ਨੌਜਵਾਨ ਤਰੱਕੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਵੱਡਾ ਸੋਚਣ ਲਈ ਆਖਿਆ। ਉਨ੍ਹਾਂ ਕਿਹਾ, “ਕੋਈ ਵੀ ਟੀਚਾ ਅਜਿਹਾ ਨਹੀਂ, ਜੋ ਤੁਹਾਡੇ ਤੋਂ ਦੂਰ ਹੋਵੇ ਜਾਂ ਜਿਸ ਨੂੰ ਹਾਸਲ ਕਰਨ ਵਿੱਚ ਦੇਸ਼ ਤੁਹਾਡੇ ਨਾਲ ਨਾ ਹੋਵੇ।” ਉਨ੍ਹਾਂ ਕਿਹਾ ਕਿ ਕਿਸੇ ਵੀ ਮੌਕੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਅਤੇ ਹਰ ਗਤੀਵਿਧੀ ਨੂੰ ਇੱਕ ਮਾਪਦੰਡ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਜੀ20 ਦੀ ਉਦਾਹਰਣ ਦੇ ਕੇ ਇਸ ਗੱਲ ਨੂੰ ਦਰਸਾਇਆ, ਜੋ ਮਹਿਜ਼ ਕੂਟਨੀਤਕ ਅਤੇ ਦਿੱਲੀ ਵਿੱਚ ਇੱਕ ਕੇਂਦਰਿਤ ਸਮਾਗਮ ਹੋ ਸਕਦਾ ਸੀ। ਉਨ੍ਹਾਂ ਕਿਹਾ, "ਇਸ ਦੀ ਬਜਾਏ, ਭਾਰਤ ਨੇ ਜੀ20 ਨੂੰ ਜਨ-ਸੰਚਾਲਿਤ ਰਾਸ਼ਟਰੀ ਅੰਦੋਲਨ ਬਣਾਇਆ।" ਉਨ੍ਹਾਂ ਸਮਾਗਮ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ, ਕਿਉਂਕਿ ਜੀ20 ਯੂਨੀਵਰਸਿਟੀ ਕਨੈਕਟ ਵਿੱਚ 100 ਤੋਂ ਵੱਧ ਯੂਨੀਵਰਸਿਟੀਆਂ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਸਰਕਾਰ ਨੇ ਜੀ20 ਨੂੰ ਸਕੂਲਾਂ, ਉੱਚ ਸਿੱਖਿਆ ਅਤੇ ਹੁਨਰ ਵਿਕਾਸ ਸੰਸਥਾਵਾਂ ਵਿੱਚ 5 ਕਰੋੜ ਵਿਦਿਆਰਥੀਆਂ ਤੱਕ ਪਹੁੰਚਾਇਆ। ਉਨ੍ਹਾਂ ਅੱਗੇ ਕਿਹਾ, "ਸਾਡੇ ਲੋਕ ਵੱਡਾ ਸੋਚਦੇ ਹਨ ਅਤੇ ਉਸ ਤੋਂ ਵੀ ਸ਼ਾਨਦਾਰ ਕੰਮ ਕਰਦੇ ਹਨ।"
ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਅਤੇ ਨੌਜਵਾਨਾਂ ਦੋਵਾਂ ਲਈ ਇਸ ਸਮੇਂ ਦੀ ਅਹਿਮੀਅਤ ਨੂੰ ਰੇਖਾਂਕਿਤ ਕੀਤਾ। ਯੋਗਦਾਨ ਪਾਉਣ ਵਾਲੇ ਕਾਰਕਾਂ ਦੇ ਸੰਗਠਿਤ ਹੋਣ 'ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਕਿਉਂਕਿ ਦੇਸ਼ ਬਹੁਤ ਘੱਟ ਸਮੇਂ ਵਿੱਚ 10ਵੇਂ ਸਥਾਨ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਭਾਰਤ ਵਿੱਚ ਵਿਸ਼ਵ ਭਰ ਦਾ ਭਰੋਸਾ ਮਜ਼ਬੂਤ ਹੋਇਆ ਹੈ ਅਤੇ ਦੇਸ਼ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਹੋਇਆ ਹੈ। ਦੇਸ਼ ਨਿਰਯਾਤ, ਨਿਰਮਾਣ ਅਤੇ ਸੇਵਾ ਖੇਤਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਸਿਰਫ 5 ਸਾਲਾਂ ਵਿੱਚ, 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਕੇ ਭਾਰਤ ਦੇ ਨਵ-ਮੱਧ ਵਰਗ ਵਿੱਚ ਤਬਦੀਲ ਹੋ ਗਏ ਹਨ। “ਭੌਤਿਕ, ਸਮਾਜਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਤਰੱਕੀ ਵਿਕਾਸ ਵਿੱਚ ਨਵੀਂ ਗਤੀ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ, "ਭੌਤਿਕ ਬੁਨਿਆਦੀ ਢਾਂਚੇ ਵਿੱਚ 10 ਲੱਖ ਕਰੋੜ ਦਾ ਨਿਵੇਸ਼ ਹੋ ਰਿਹਾ ਹੈ।"
ਨੌਜਵਾਨਾਂ ਲਈ ਨਵੇਂ ਮੌਕਿਆਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਈਪੀਐੱਫਓ ਪੇਰੋਲ 'ਤੇ ਲਗਭਗ 5 ਕਰੋੜ ਰਜਿਸਟ੍ਰੇਸ਼ਨਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 3.5 ਕਰੋੜ ਪਹਿਲੀ ਵਾਰ ਈਪੀਐੱਫਓ ਦੇ ਦਾਇਰੇ ਵਿੱਚ ਆਏ ਹਨ, ਭਾਵ ਇਹ ਉਨ੍ਹਾਂ ਦਾ ਪਹਿਲਾ ਰਸਮੀ ਬਲਾਕ ਹੈ। ਉਨ੍ਹਾਂ 2014 ਤੋਂ ਬਾਅਦ ਦੇਸ਼ ਵਿੱਚ ਸਟਾਰਟਅੱਪਸ ਦੇ ਅਸਾਧਾਰਣ ਵਾਧੇ ਬਾਰੇ ਵੀ ਗੱਲ ਕੀਤੀ, ਜੋ 100 ਤੋਂ ਘੱਟ ਸਨ ਅਤੇ ਅੱਜ 1 ਲੱਖ ਤੋਂ ਵੱਧ ਹੋ ਗਏ ਹਨ। “ਭਾਰਤ ਦੂਜਾ ਸਭ ਤੋਂ ਵੱਡਾ ਮੋਬਾਈਲ ਹੈਂਡਸੈੱਟ ਨਿਰਮਾਤਾ ਹੈ। 2014 ਦੇ ਮੁਕਾਬਲੇ ਰੱਖਿਆ ਨਿਰਯਾਤ 23 ਗੁਣਾ ਵਧਿਆ ਹੈ। ਉਨ੍ਹਾਂ ਕਿਹਾ, "ਮੁਦਰਾ ਯੋਜਨਾ ਨੌਜਵਾਨਾਂ ਨੂੰ ਰੋਜ਼ਗਾਰ ਪੈਦਾ ਕਰਨ ਵਾਲਾ ਬਣਾ ਰਹੀ ਹੈ”। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਪਹਿਲੀ ਵਾਰ 8 ਕਰੋੜ ਉੱਦਮੀ ਬਣਾਏ ਗਏ ਹਨ ਅਤੇ ਪਿਛਲੇ 9 ਸਾਲਾਂ ਵਿੱਚ ਭਾਰਤ ਵਿੱਚ 5 ਲੱਖ ਕੌਮਨ ਸਰਵਿਸ ਸੈਂਟਰ ਖੋਲ੍ਹੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਹੋ ਰਹੀਆਂ ਸਕਾਰਾਤਮਕ ਗਤੀਵਿਧੀਆਂ ਦਾ ਸਿਹਰਾ ਸਿਆਸੀ ਸਥਿਰਤਾ, ਨੀਤੀਗਤ ਸਪੱਸ਼ਟਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ 9 ਸਾਲਾਂ 'ਚ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਹਨ ਅਤੇ ਵਿਚੌਲਿਆਂ ਨੂੰ ਕਾਬੂ ਕਰਨ ਅਤੇ ਸਿਸਟਮ ਵਿਚਲੀਆਂ ਚੋਰ ਮੋਰੀਆਂ ਨੂੰ ਬੰਦ ਕਰਨ ਲਈ ਟੈਕਨੋਲੋਜੀ ਆਧਾਰਿਤ ਪ੍ਰਣਾਲੀਆਂ ਨੂੰ ਲਾਗੂ ਕਰਨ ਦੀ ਮਿਸਾਲ ਦਿੱਤੀ ਹੈ।ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅੱਜ, ਇਮਾਨਦਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਦਕਿ ਬੇਈਮਾਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ”।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਰਾਸ਼ਟਰ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਲਈ ਸਾਫ਼, ਸਪੱਸ਼ਟ ਅਤੇ ਸਥਿਰ ਸ਼ਾਸਨ ਲਾਜ਼ਮੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਭਾਰਤ ਦੇ ਨੌਜਵਾਨ ਦ੍ਰਿੜ ਸੰਕਲਪ ਰੱਖਦੇ ਹਨ, ਤਾਂ 2047 ਤੱਕ ਭਾਰਤ ਨੂੰ ਵਿਕਸਤ ਅਤੇ ਆਤਮਨਿਰਭਰ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰੀ ਦੁਨੀਆ ਭਾਰਤ ਵੱਲ ਉਮੀਦ ਨਾਲ ਦੇਖ ਰਹੀ ਹੈ ਅਤੇ ਹੁਣ ਭਾਰਤ ਅਤੇ ਇਸ ਦੇ ਨੌਜਵਾਨਾਂ ਦੀ ਸਮਰੱਥਾ ਨੂੰ ਪਛਾਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਤਰੱਕੀ ਲਈ ਭਾਰਤ ਅਤੇ ਇਸ ਦੇ ਨੌਜਵਾਨਾਂ ਦੀ ਤਰੱਕੀ ਬੇਹੱਦ ਜ਼ਰੂਰੀ ਹੈ। ਇਹ ਨੋਟ ਕਰਦੇ ਹੋਏ ਕਿ ਇਹ ਨੌਜਵਾਨਾਂ ਦੀ ਭਾਵਨਾ ਹੈ ਜੋ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਦੀ ਤਰਫੋਂ ਵਚਨਬੱਧਤਾ ਕਰਨ ਦੇ ਯੋਗ ਬਣਾਉਂਦੀ ਹੈ, ਉਨ੍ਹਾਂ ਕਿਹਾ ਕਿ ਜਦੋਂ ਉਹ ਵਿਸ਼ਵ ਮੰਚ 'ਤੇ ਭਾਰਤ ਦੇ ਨਜ਼ਰੀਏ ਨੂੰ ਅੱਗੇ ਰੱਖਦੇ ਹਨ ਤਾਂ ਭਾਰਤ ਦੇ ਨੌਜਵਾਨ ਉਨ੍ਹਾਂ ਦੇ ਪਿੱਛੇ ਪ੍ਰੇਰਣਾ ਸਰੋਤ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਮੇਰੀ ਤਾਕਤ ਭਾਰਤ ਦੇ ਨੌਜਵਾਨਾਂ ਵਿੱਚ ਹੈ ਅਤੇ ਭਾਰਤ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਅਣਥੱਕ ਕੰਮ ਕਰਨ ਦਾ ਸਾਰਿਆਂ ਨੂੰ ਭਰੋਸਾ ਦਿਵਾਇਆ।
ਸਵੱਛ ਭਾਰਤ ਮੁਹਿੰਮ ਨੂੰ ਸ਼ਾਨਦਾਰ ਸਫ਼ਲ ਬਣਾਉਣ ਵਿੱਚ ਨੌਜਵਾਨਾਂ ਦੇ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਗਾਂਧੀ ਜਯੰਤੀ ਤੋਂ ਇੱਕ ਦਿਨ ਪਹਿਲਾਂ 1 ਅਕਤੂਬਰ, 2023 ਨੂੰ ਦੇਸ਼ ਭਰ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਇੱਕ ਵਿਆਪਕ ਸਵੱਛਤਾ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਦਾ ਦੂਜਾ ਸੱਦਾ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਬਾਰੇ ਸੀ। ਉਨ੍ਹਾਂ ਨੂੰ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰ ਘੱਟੋ-ਘੱਟ 7 ਲੋਕਾਂ ਨੂੰ ਯੂਪੀਆਈ ਚਲਾਉਣਾ ਸਿਖਾਉਣ। ਉਨ੍ਹਾਂ ਦਾ ਤੀਜਾ ਸੱਦਾ 'ਵੋਕਲ ਫਾਰ ਲੋਕਲ' ਬਾਰੇ ਸੀ। ਉਨ੍ਹਾਂ ਤਿਉਹਾਰਾਂ ਦੌਰਾਨ 'ਮੇਡ ਇਨ ਇੰਡੀਆ' ਤੋਹਫ਼ੇ ਖਰੀਦਣ ਲਈ ਆਖਿਆ ਅਤੇ ਉਨ੍ਹਾਂ ਵਸਤੂਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜੋ ਉਨ੍ਹਾਂ ਦੇ ਮੂਲ ਤੌਰ 'ਤੇ ਸਵਦੇਸ਼ੀ ਹਨ। ਉਨ੍ਹਾਂ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਸੂਚੀ ਬਣਾਉਣ ਦਾ ਅਭਿਆਸ ਕਰਨ ਅਤੇ ਜਾਂਚ ਕਰਨ ਲਈ ਕਿਹਾ ਕਿ ਉਨ੍ਹਾਂ ਵਿੱਚੋਂ ਕਿੰਨੀਆਂ ਵਿਦੇਸ਼ ਦੀਆਂ ਬਣੀਆਂ ਵਸਤੂਆਂ ਹਨ। ਉਨ੍ਹਾਂ ਕਿਹਾ ਕਿ ਅਣਜਾਣ ਵਿਦੇਸ਼ੀ ਵਸਤੂਆਂ ਨੇ ਸਾਡੇ ਜੀਵਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਦੇਸ਼ ਨੂੰ ਬਚਾਉਣ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ।
ਇਹ ਨੋਟ ਕਰਦੇ ਹੋਏ ਕਿ ਭਾਰਤ ਦੇ ਕਾਲਜ ਅਤੇ ਯੂਨੀਵਰਸਿਟੀ ਕੈਂਪਸ 'ਵੋਕਲ ਫਾਰ ਲੋਕਲ' ਲਈ ਮਹੱਤਵਪੂਰਨ ਕੇਂਦਰ ਬਣ ਸਕਦੇ ਹਨ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਖਾਦੀ ਨੂੰ ਕੈਂਪਸ ਦਾ ਫੈਸ਼ਨ ਸਟੇਟਮੈਂਟ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਖਾਦੀ ਫੈਸ਼ਨ ਸ਼ੋਅ ਕਰਵਾਉਣ ਅਤੇ ਕਾਲਜ ਦੇ ਸੱਭਿਆਚਾਰਕ ਮੇਲਿਆਂ ਵਿੱਚ ਵਿਸ਼ਵਕਰਮਿਆਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਇਹ ਜ਼ਿਕਰ ਕਰਦੇ ਹੋਏ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਤਿੰਨ ਅਪੀਲਾਂ ਅੱਜ ਦੇ ਨੌਜਵਾਨਾਂ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਬਿਹਤਰੀ ਲਈ ਹਨ, ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਨੌਜਵਾਨ ਇਸ ਸੰਕਲਪ ਨਾਲ ਅੱਜ ਭਾਰਤ ਮੰਡਪਮ ਤੋਂ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੇ ਮਹਾਨਾਇਕਾਂ ਵਾਂਗ ਸਾਨੂੰ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ, ਪਰ ਸਾਡੇ ਕੋਲ ਦੇਸ਼ ਲਈ ਜੀਣ ਦਾ ਪੂਰਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇੱਕ ਸਦੀ ਪਹਿਲਾਂ ਦੇ ਦਹਾਕਿਆਂ ਦੇ ਨੌਜਵਾਨਾਂ ਨੇ ਆਜ਼ਾਦੀ ਦੇ ਮਹਾਨ ਟੀਚੇ ਬਾਰੇ ਫੈਸਲਾ ਕੀਤਾ ਸੀ ਅਤੇ ਉਸ ਰਾਸ਼ਟਰ-ਵਿਆਪੀ ਊਰਜਾ ਨੇ ਦੇਸ਼ ਨੂੰ ਬਸਤੀਵਾਦੀ ਤਾਕਤਾਂ ਤੋਂ ਮੁਕਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ, “ਦੋਸਤੋ, ਮੇਰੇ ਨਾਲ ਆਓ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। 25 ਸਾਲ ਸਾਡੇ ਸਾਹਮਣੇ ਹਨ, 100 ਸਾਲ ਪਹਿਲਾਂ ਕੀ ਹੋਇਆ, ਉਹ ਸਵਰਾਜ ਲਈ ਅੱਗੇ ਵਧੇ, ਅਸੀਂ ਸਮ੍ਰਿੱਧੀ (ਖੁਸ਼ਹਾਲੀ) ਲਈ ਅੱਗੇ ਵਧ ਸਕਦੇ ਹਾਂ”। ਉਨ੍ਹਾਂ ਅੱਗੇ ਕਿਹਾ, "ਆਤਮਨਿਰਭਰ ਭਾਰਤ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲ੍ਹ ਰਿਹਾ ਹੈ ਅਤੇ ਆਤਮ-ਵਿਸ਼ਵਾਸ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਰਿਹਾ ਹੈ।" ਉਨ੍ਹਾਂ ਨੇ ਭਾਰਤ ਨੂੰ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਕਰਨ ਦੀ ਆਪਣੀ ਗਰੰਟੀ ਨੂੰ ਦੁਹਰਾਇਆ।" ਉਨ੍ਹਾਂ ਨੇ ਅੰਤ ਵਿੱਚ ਕਿਹਾ, "ਇਸੇ ਲਈ ਮੈਨੂੰ ਮਾਂ ਭਾਰਤੀ ਅਤੇ 140 ਕਰੋੜ ਭਾਰਤੀਆਂ ਲਈ ਤੁਹਾਡੇ ਸਮਰਥਨ ਅਤੇ ਸਹਿਯੋਗ ਦੀ ਜ਼ਰੂਰਤ ਹੈ।"
ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਮੌਜੂਦ ਸਨ।
ਪਿਛੋਕੜ
ਜੀ20 ਜਨ ਭਾਗੀਦਾਰੀ ਅੰਦੋਲਨ ਵਿੱਚ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ, ਉੱਚ ਸਿੱਖਿਆ ਸੰਸਥਾਵਾਂ ਅਤੇ ਹੁਨਰ ਵਿਕਾਸ ਸੰਸਥਾਵਾਂ ਦੇ 5 ਕਰੋੜ ਤੋਂ ਵੱਧ ਨੌਜਵਾਨਾਂ ਦੀ ਰਿਕਾਰਡ ਸ਼ਮੂਲੀਅਤ ਦੇਖਣ ਨੂੰ ਮਿਲੀ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਦੀ ਸਮਝ ਪੈਦਾ ਕਰਨ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰੋਗਰਾਮ ਵਿੱਚ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਦੇ 1 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦਗਾਰ ਮਨਾਉਣ ਲਈ ਸ਼ੁਰੂ ਵਿੱਚ 75 ਯੂਨੀਵਰਸਿਟੀਆਂ ਲਈ ਯੋਜਨਾ ਬਣਾਈ ਗਈ ਸੀ, ਇਸ ਪਹਿਲਕਦਮੀ ਨੇ ਆਖਰਕਾਰ ਭਾਰਤ ਭਰ ਵਿੱਚ 101 ਯੂਨੀਵਰਸਿਟੀਆਂ ਤੱਕ ਆਪਣੀ ਪਹੁੰਚ ਦਾ ਵਿਸਤਾਰ ਕੀਤਾ।
ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਦੇ ਤਹਿਤ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਉਨ੍ਹਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ। ਇਸ ਤੋਂ ਇਲਾਵਾ, ਪਹਿਲ ਦੀ ਸ਼ੁਰੂਆਤ ਯੂਨੀਵਰਸਿਟੀਆਂ ਲਈ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਸ਼ੁਰੂ ਹੋਈ ਸੀ, ਜੋ ਤੇਜ਼ੀ ਨਾਲ ਵਧਦੀ ਗਈ ਅਤੇ ਇਸ ਵਿੱਚ ਸਕੂਲ ਅਤੇ ਕਾਲਜ ਸ਼ਾਮਲ ਹੋ ਗਏ ਅਤੇ ਇਸ ਤਰ੍ਹਾਂ ਇਸ ਦੀ ਪਹੁੰਚ ਹੋਰ ਵਿਆਪਕ ਹੋ ਗਈ।
ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਲਗਭਗ 3,000 ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਹਿੱਸਾ ਲੈਣ ਵਾਲੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਹਿੱਸਾ ਲਿਆ ਜਦਕਿ ਦੇਸ਼ ਭਰ ਤੋਂ ਵਿਦਿਆਰਥੀ ਵੀ ਲਾਈਵ ਈਵੈਂਟ ਵਿੱਚ ਸ਼ਾਮਲ ਹੋਏ।
*****
ਡੀਐੱਸ/ਟੀਐੱਸ
(Release ID: 1961209)
Visitor Counter : 134
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam