ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ


"ਅੱਜ ਭਾਰਤ ਦੇ 75 ਵਰ੍ਹਿਆਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਨ ਅਤੇ ਯਾਦ ਰੱਖਣ ਦਾ ਮੌਕਾ ਹੈ"

"ਅਸੀਂ ਭਾਵੇਂ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੇ ਹਾਂ ਪਰ ਇਹ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਕਿਉਂਕਿ ਇਹ ਭਾਰਤੀ ਲੋਕਤੰਤਰ ਦੀ ਯਾਤਰਾ ਦਾ ਇੱਕ ਸੁਨਹਿਰੀ ਅਧਿਆਏ ਹੈ"

“ਅੰਮ੍ਰਿਤ ਕਾਲ ਦੀ ਪਹਿਲੀ ਰੋਸ਼ਨੀ ਵਿੱਚ ਨਵੀਨ ਆਤਮਵਿਸ਼ਵਾਸ, ਪ੍ਰਾਪਤੀਆਂ ਅਤੇ ਸਮਰੱਥਾਵਾਂ ਦਾ ਸੰਚਾਰ ਹੋ ਰਿਹਾ ਹੈ”

"ਭਾਰਤ ਨੂੰ ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ ਜੀ20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕੀਤੇ ਜਾਣ 'ਤੇ ਹਮੇਸ਼ਾ ਮਾਣ ਰਹੇਗਾ"

"ਜੀ20 ਦੌਰਾਨ, ਭਾਰਤ 'ਵਿਸ਼ਵ ਮਿੱਤਰ' ਵਜੋਂ ਉਭਰਿਆ"

“ਸਦਨ ਦਾ ਸਮਾਵੇਸ਼ੀ ਮਾਹੌਲ ਲੋਕਾਂ ਦੀਆਂ ਇੱਛਾਵਾਂ ਦਾ ਪੂਰੀ ਤਾਕਤ ਨਾਲ ਪ੍ਰਗਟਾਵਾ ਕਰਦਾ ਰਿਹਾ ਹੈ”

"75 ਵਰ੍ਹਿਆਂ ਵਿੱਚ, ਸਭ ਤੋਂ ਵੱਡੀ ਪ੍ਰਾਪਤੀ ਆਪਣੀ ਸੰਸਦ ਵਿੱਚ ਆਮ ਨਾਗਰਿਕ ਦਾ ਲਗਾਤਾਰ ਵਧ ਰਿਹਾ ਭਰੋਸਾ ਹੈ”

“ਸੰਸਦ 'ਤੇ ਆਤੰਕਵਾਦੀ ਹਮਲਾ ਭਾਰਤ ਦੀ ਆਤਮਾ 'ਤੇ ਹਮਲਾ ਸੀ”

"ਭਾਰਤੀ ਲੋਕਤੰਤਰ ਦੇ ਸਾਰੇ ਉਤਰਾਅ-ਚੜ੍ਹਾਅ ਦੇਖਣ ਵਾਲਾ ਸਾਡਾ ਇਹ ਸਦਨ ਜਨਤਾ ਦੇ ਵਿਸ਼ਵਾਸ ਦਾ ਕੇਂਦਰ ਬਿੰਦੂ ਰਿਹਾ ਹੈ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਵਿਸ਼ੇਸ਼ ਸੈਸ

Posted On: 18 SEP 2023 1:35PM by PIB Chandigarh

ਸਦਨ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉਦਘਾਟਨ ਕੀਤੀ ਗਈ ਨਵੀਂ ਇਮਾਰਤ ਵਿੱਚ ਕਾਰਵਾਈ ਨੂੰ ਤਬਦੀਲ ਕਰਨ ਤੋਂ ਪਹਿਲਾਂ ਭਾਰਤ ਦੇ 75 ਵਰ੍ਹਿਆਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਨ ਅਤੇ ਯਾਦ ਦਿਵਾਉਣ ਦਾ ਮੌਕਾ ਹੈ। ਪੁਰਾਣੇ ਸੰਸਦ ਭਵਨ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਇਮਾਰਤ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਜੋਂ ਕੰਮ ਕਰਦੀ ਸੀ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਸੰਸਦ ਵਜੋਂ ਪਹਿਚਾਣ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਇਮਾਰਤ ਨੂੰ ਬਣਾਉਣ ਦਾ ਫੈਸਲਾ ਵਿਦੇਸ਼ੀ ਸ਼ਾਸਕਾਂ ਨੇ ਲਿਆ ਸੀ, ਪਰ ਇਹ ਭਾਰਤੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ, ਲਗਨ ਅਤੇ ਪੈਸਾ ਸੀ ਜੋ ਇਸ ਦੇ ਵਿਕਾਸ ਵਿੱਚ ਲਗਿਆ। ਸ਼੍ਰੀ ਮੋਦੀ ਨੇ ਕਿਹਾ, 75 ਵਰ੍ਹਿਆਂ ਦੀ ਯਾਤਰਾ ਵਿੱਚ, ਇਸ ਸਦਨ ਨੇ ਸਰਵੋਤਮ ਪਰੰਪਰਾਵਾਂ ਅਤੇ ਰਵਾਇਤਾਂ ਦੀ ਸਿਰਜਣਾ ਕੀਤੀ ਹੈ, ਜਿਸ ਵਿੱਚ ਸਭ ਨੇ ਯੋਗਦਾਨ ਪਾਇਆ ਹੈ ਅਤੇ ਸਭ ਨੇ ਦੇਖਿਆ ਹੈ। ਉਨ੍ਹਾਂ ਕਿਹਾ “ਅਸੀਂ ਭਾਵੇਂ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੇ ਹਾਂ ਪਰ ਇਹ ਇਮਾਰਤ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ। ਕਿਉਂਕਿ ਇਹ ਭਾਰਤੀ ਲੋਕਤੰਤਰ ਦੀ ਯਾਤਰਾ ਦਾ ਇੱਕ ਸੁਨਹਿਰੀ ਅਧਿਆਏ ਹੈ।”

 

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਦੀ ਪਹਿਲੀ ਰੋਸ਼ਨੀ ਵਿੱਚ ਨਵੇਂ ਭਰੇ ਆਤਮਵਿਸ਼ਵਾਸ, ਪ੍ਰਾਪਤੀਆਂ ਅਤੇ ਸਮਰੱਥਾਵਾਂ ਦੇ ਹੋ ਰਹੇ ਸੰਚਾਰ ਨੂੰ ਨੋਟ ਕੀਤਾ, ਅਤੇ ਕਿਵੇਂ ਦੁਨੀਆ ਭਾਰਤ ਅਤੇ ਭਾਰਤੀਆਂ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕਰ ਰਹੀ ਹੈ। ਉਨ੍ਹਾਂ ਕਿਹਾ “ਇਹ ਸਾਡੇ 75 ਵਰ੍ਹਿਆਂ ਦੇ ਸੰਸਦੀ ਇਤਿਹਾਸ ਦੇ ਸਮੂਹਿਕ ਪ੍ਰਯਾਸਾਂ ਦਾ ਨਤੀਜਾ ਹੈ।”

 

ਚੰਦਰਯਾਨ 3 ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀਆਂ ਸਮਰੱਥਾਵਾਂ ਦਾ ਇੱਕ ਹੋਰ ਪਹਿਲੂ ਸਾਹਮਣੇ ਲਿਆਉਂਦਾ ਹੈ ਜੋ ਆਧੁਨਿਕਤਾ, ਵਿਗਿਆਨ, ਟੈਕਨੋਲੋਜੀ ਅਤੇ ਸਾਡੇ ਵਿਗਿਆਨੀਆਂ ਦੇ ਸਕਿੱਲ ਅਤੇ 140 ਕਰੋੜ ਭਾਰਤੀਆਂ ਦੀ ਤਾਕਤ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਉਨ੍ਹਾਂ ਦੀ ਉਪਲਬਧੀ ਲਈ ਸਦਨ ਅਤੇ ਰਾਸ਼ਟਰ ਵੱਲੋਂ ਵਧਾਈਆਂ ਦਿੱਤੀਆਂ। 

 

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਸਦਨ ਨੇ ਪਿਛਲੇ ਸਮੇਂ ਵਿੱਚ ਐੱਨਏਐੱਮ (NAM) ਸਮਿਟ ਦੇ ਸਮੇਂ ਰਾਸ਼ਟਰ ਦੇ ਪ੍ਰਯਾਸਾਂ ਦੀ ਤਾਰੀਫ਼ ਕੀਤੀ ਸੀ ਅਤੇ ਚੇਅਰ ਦੁਆਰਾ ਜੀ20 ਦੀ ਸਫਲਤਾ ਦੀ ਸਵੀਕ੍ਰਿਤੀ ਲਈ ਆਭਾਰ ਵਿਅਕਤ ਕੀਤਾ ਸੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ20 ਦੀ ਸਫਲਤਾ 140 ਕਰੋੜ ਭਾਰਤੀਆਂ ਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੀ। ਉਨ੍ਹਾਂ ਭਾਰਤ ਵਿੱਚ 60 ਤੋਂ ਵੱਧ ਸਥਾਨਾਂ ‘ਤੇ 200 ਤੋਂ ਵੱਧ ਈਵੈਂਟਸ ਦੀ ਸਫਲਤਾ ਨੂੰ ਭਾਰਤ ਦੀ ਵਿਵਿਧਤਾ ਦੀ ਸਫਲਤਾ ਦੇ ਪ੍ਰਗਟਾਵੇ ਵਜੋਂ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅਫਰੀਕੀ ਸੰਘ ਦੀ ਸ਼ਮੂਲੀਅਤ ਦੇ ਭਾਵਨਾਤਮਕ ਪਲ ਨੂੰ ਯਾਦ ਕਰਦਿਆਂ ਕਿਹਾ 'ਭਾਰਤ ਆਪਣੀ ਪ੍ਰੈਜ਼ੀਡੈਂਸੀ ਦੌਰਾਨ ਜੀ20 ਵਿੱਚ ਅਫਰੀਕੀ ਸੰਘ ਦੇ ਸ਼ਾਮਲ ਹੋਣ 'ਤੇ ਹਮੇਸ਼ਾ ਮਾਣ ਮਹਿਸੂਸ ਕਰੇਗਾ’।

 

ਭਾਰਤ ਦੀਆਂ ਸਮਰੱਥਾਵਾਂ 'ਤੇ ਸ਼ੱਕ ਪੈਦਾ ਕਰਨ ਲਈ ਕੁਝ ਲੋਕਾਂ ਦੀਆਂ ਨਕਾਰਾਤਮਕ ਪ੍ਰਵਿਰਤੀਆਂ ਵੱਲ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ20 ਘੋਸ਼ਣਾ ਪੱਤਰ ਲਈ ਇੱਕ ਸਹਿਮਤੀ ਹਾਸਲ ਕੀਤੀ ਗਈ ਸੀ ਅਤੇ ਇੱਥੇ ਭਵਿੱਖ ਲਈ ਇੱਕ ਰੋਡਮੈਪ ਬਣਾਇਆ ਗਿਆ ਸੀ। ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨਵੰਬਰ ਦੇ ਆਖ਼ਰੀ ਦਿਨ ਤੱਕ ਰਹੇਗੀ, ਅਤੇ ਰਾਸ਼ਟਰ ਇਸ ਦੀ ਪੂਰੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ, ਪ੍ਰਧਾਨ ਮੰਤਰੀ ਨੇ ਆਪਣੀ ਪ੍ਰੈਜ਼ੀਡੈਂਸੀ ਹੇਠ ਪੀ20 (ਸੰਸਦ 20) ਸਮਿਟ ਕਰਵਾਉਣ ਦੇ ਸਪੀਕਰ ਦੇ ਮਤੇ ਦਾ ਸਮਰਥਨ ਕੀਤਾ। 

 

ਉਨ੍ਹਾਂ ਕਿਹਾ, “ਇਹ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ 'ਵਿਸ਼ਵ ਮਿੱਤਰ' ਵਜੋਂ ਆਪਣੇ ਲਈ ਇਕ ਸਥਾਨ ਬਣਾਇਆ ਹੈ ਅਤੇ ਪੂਰੀ ਦੁਨੀਆ ਭਾਰਤ ਵਿੱਚ ਇੱਕ ਦੋਸਤ ਦੇਖ ਰਹੀ ਹੈ। ਇਸ ਦੇ ਕਾਰਨ ਸਾਡੇ 'ਸੰਸਕਾਰ' ਹਨ ਜੋ ਅਸੀਂ ਵੇਦਾਂ ਤੋਂ ਵਿਵੇਕਾਨੰਦ ਤੱਕ ਇਕੱਠੇ ਕੀਤੇ ਹਨ। ਸਬਕਾ ਸਾਥ ਸਬਕਾ ਵਿਕਾਸ ਦਾ ਮੰਤਰ ਸਾਨੂੰ ਦੁਨੀਆ ਨੂੰ ਆਪਣੇ ਨਾਲ ਲਿਆਉਣ ਲਈ ਇਕਜੁੱਟ ਕਰ ਰਿਹਾ ਹੈ। 

 

ਇੱਕ ਨਵੇਂ ਘਰ ਵਿੱਚ ਸ਼ਿਫਟ ਹੋਣ ਵਾਲੇ ਪਰਿਵਾਰ ਨਾਲ ਸਮਾਨਤਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਨੂੰ ਅਲਵਿਦਾ ਕਹਿਣਾ ਬਹੁਤ ਭਾਵੁਕ ਪਲ ਹੈ। ਉਨ੍ਹਾਂ ਨੇ ਇਨ੍ਹਾਂ ਵਰ੍ਹਿਆਂ ਦੌਰਾਨ ਸਦਨ ਵੱਲੋਂ ਦੇਖੇ ਗਏ ਵਿਭਿੰਨ ਮੂਡਾਂ ਨੂੰ ਦਰਸਾਉਂਦਿਆਂ ਕਿਹਾ ਕਿ ਇਹ ਯਾਦਾਂ ਸਦਨ ਦੇ ਸਾਰੇ ਮੈਂਬਰਾਂ ਦੀ ਸਾਂਭੀ ਹੋਈ ਵਿਰਾਸਤ ਹਨ। ਉਨ੍ਹਾਂ ਅੱਗੇ ਕਿਹਾ “ਇਸ ਦੀ ਮਹਿਮਾ ਵੀ ਸਾਡੀ ਹੈ।” ਉਨ੍ਹਾਂ ਟਿੱਪਣੀ ਕੀਤੀ ਕਿ ਦੇਸ਼ ਨੇ ਇਸ ਸੰਸਦ ਭਵਨ ਦੇ 75 ਸਾਲ ਪੁਰਾਣੇ ਇਤਿਹਾਸ ਵਿੱਚ ਨਵੇਂ ਭਾਰਤ ਦੀ ਸਿਰਜਣਾ ਨਾਲ ਸਬੰਧਿਤ ਅਣਗਿਣਤ ਘਟਨਾਵਾਂ ਨੂੰ ਦੇਖਿਆ ਹੈ ਅਤੇ ਅੱਜ ਭਾਰਤ ਦੇ ਆਮ ਨਾਗਰਿਕ ਲਈ ਸਨਮਾਨ ਪ੍ਰਗਟ ਕਰਨ ਦਾ ਮੌਕਾ ਹੈ। 

 

ਪ੍ਰਧਾਨ ਮੰਤਰੀ ਨੇ ਉਸ ਦਿਨ ਨੂੰ ਯਾਦ ਕੀਤਾ ਜਦੋਂ ਉਹ ਸੰਸਦ ਮੈਂਬਰ ਵਜੋਂ ਪਹਿਲੀ ਵਾਰ ਸੰਸਦ ਵਿੱਚ ਆਏ ਸਨ ਅਤੇ ਭਵਨ ਅੱਗੇ ਨਮਨ ਕਰ ਕੇ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਅਤੇ ਉਹ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ ਪਰ ਉਨ੍ਹਾਂ ਕਿਹਾ, "ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇੱਕ ਗਰੀਬ ਬੱਚਾ ਜੋ ਰੇਲਵੇ ਸਟੇਸ਼ਨ 'ਤੇ ਰੋਜ਼ੀ-ਰੋਟੀ ਕਮਾਉਂਦਾ ਸੀ, ਸੰਸਦ ਵਿੱਚ ਪਹੁੰਚਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਮੈਨੂੰ ਇੰਨਾ ਪਿਆਰ, ਸਤਿਕਾਰ ਅਤੇ ਅਸ਼ੀਰਵਾਦ ਦੇਵੇਗਾ।”

 

ਸੰਸਦ ਦੇ ਗੇਟ 'ਤੇ ਉੱਕਰੇ ਉਪਨਿਸ਼ਦ ਵਾਕ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤਾਂ ਨੇ ਕਿਹਾ ਹੈ ਕਿ ਲੋਕਾਂ ਲਈ ਦਰਵਾਜ਼ੇ ਖੋਲ੍ਹੋ ਅਤੇ ਦੇਖੋ ਕਿ ਉਨ੍ਹਾਂ ਨੂੰ ਆਪਣੇ ਅਧਿਕਾਰ ਕਿਵੇਂ ਮਿਲਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸਦਨ ਦੇ ਮੌਜੂਦਾ ਅਤੇ ਸਾਬਕਾ ਮੈਂਬਰ ਇਸ ਕਥਨ ਦੀ ਸੱਚਾਈ ਦੇ ਗਵਾਹ ਹਨ। 

 

ਪ੍ਰਧਾਨ ਮੰਤਰੀ ਨੇ ਸਮੇਂ ਦੇ ਬੀਤਣ ਦੇ ਨਾਲ ਸਦਨ ਦੀ ਬਦਲਦੀ ਸੰਰਚਨਾ ਨੂੰ ਉਜਾਗਰ ਕੀਤਾ ਕਿਉਂਕਿ ਇਹ ਵਧੇਰੇ ਸੰਮਲਿਤ ਹੁੰਦਾ ਗਿਆ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਪ੍ਰਤੀਨਿਧੀ ਸਦਨ ਵਿੱਚ ਆਉਣ ਲੱਗ ਗਏ। ਉਨ੍ਹਾਂ ਕਿਹਾ, "ਸਮੂਹਿਕ ਮਾਹੌਲ ਲੋਕਾਂ ਦੀਆਂ ਇੱਛਾਵਾਂ ਨੂੰ ਪੂਰੀ ਤਾਕਤ ਨਾਲ ਪ੍ਰਗਟ ਕਰਦਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਮਹਿਲਾ ਸੰਸਦ ਮੈਂਬਰਾਂ ਦੇ ਯੋਗਦਾਨ ਨੂੰ ਨੋਟ ਕੀਤਾ ਜਿਨ੍ਹਾਂ ਨੇ ਸਦਨ ਦੀ ਗਰਿਮਾ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। 

 

ਮੋਟਾ ਅੰਦਾਜ਼ਾ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋਵਾਂ ਸਦਨਾਂ ਵਿੱਚ 7500 ਤੋਂ ਵੱਧ ਲੋਕ ਨੁਮਾਇੰਦਿਆਂ ਨੇ ਸੇਵਾ ਨਿਭਾਈ ਹੈ ਜਿੱਥੇ ਮਹਿਲਾ ਪ੍ਰਤੀਨਿਧੀਆਂ ਦੀ ਸੰਖਿਆ ਲਗਭਗ 600 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀ ਇੰਦਰਜੀਤ ਗੁਪਤਾ ਜੀ ਨੇ ਇਸ ਸਦਨ ਵਿੱਚ ਲਗਭਗ 43 ਸਾਲ ਸੇਵਾ ਕੀਤੀ ਹੈ ਅਤੇ ਸ਼੍ਰੀ ਸ਼ਫੀਕੁਰ ਰਹਿਮਾਨ ਨੇ 93 ਸਾਲ ਦੀ ਉਮਰ ਵਿੱਚ ਸੇਵਾ ਨਿਭਾਈ। ਉਨ੍ਹਾਂ ਸੁਸ਼੍ਰੀ ਚੰਦਰਾਣੀ ਮੁਰਮੂ ਦਾ ਵੀ ਜ਼ਿਕਰ ਕੀਤਾ ਜੋ 25 ਸਾਲ ਦੀ ਛੋਟੀ ਉਮਰ ਵਿੱਚ ਸਦਨ ਲਈ ਚੁਣੇ ਗਏ ਸੀ।

 

ਪ੍ਰਧਾਨ ਮੰਤਰੀ ਨੇ ਬਹਿਸ ਅਤੇ ਵਿਅੰਗ ਦੇ ਬਾਵਜੂਦ ਸਦਨ ਵਿੱਚ ਪਰਿਵਾਰ ਦੀ ਭਾਵਨਾ ਨੂੰ ਨੋਟ ਕੀਤਾ ਅਤੇ ਇਸਨੂੰ ਸਦਨ ਦਾ ਇੱਕ ਪ੍ਰਮੁੱਖ ਗੁਣ ਕਿਹਾ ਕਿਉਂਕਿ ਕੁੜੱਤਣ ਕਦੇ ਨਹੀਂ ਰਹਿੰਦੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਿਵੇਂ ਗੰਭੀਰ ਬਿਮਾਰੀਆਂ ਦੇ ਬਾਵਜੂਦ ਮੈਂਬਰ ਮਹਾਮਾਰੀ ਦੇ ਕਠਿਨ ਸਮੇਂ ਸਮੇਤ ਆਪਣੀ ਡਿਊਟੀ ਨਿਭਾਉਣ ਲਈ ਸਦਨ ਵਿੱਚ ਆਏ ਸਨ। 

 

ਨਵੇਂ ਰਾਸ਼ਟਰ ਦੀ ਵਿਹਾਰਕਤਾ ਬਾਰੇ ਆਜ਼ਾਦੀ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ ਪੈਦਾ ਹੋਏ ਸੰਦੇਹ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਸਦ ਦੀ ਤਾਕਤ ਹੈ ਕਿ ਸਾਰੇ ਸ਼ੰਕੇ ਗਲਤ ਸਾਬਤ ਹੋਏ।

 

ਇੱਕੋ ਸਦਨ ਵਿੱਚ 2 ਸਾਲ 11 ਮਹੀਨੇ ਤੱਕ ਸੰਵਿਧਾਨ ਸਭਾ ਦੀਆਂ ਬੈਠਕਾਂ ਅਤੇ ਸੰਵਿਧਾਨ ਨੂੰ ਅਪਣਾਏ ਜਾਣ ਅਤੇ ਲਾਗੂ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 75 ਵਰ੍ਹਿਆਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਦੇਸ਼ ਵਿੱਚ ਆਮ ਨਾਗਰਿਕ ਦਾ ਆਪਣੀ ਸੰਸਦ ਵਿੱਚ ਲਗਾਤਾਰ ਵੱਧਦਾ ਰਿਹਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਡਾ. ਰਾਜੇਂਦਰ ਪ੍ਰਸਾਦ, ਡਾ. ਕਲਾਮ ਤੋਂ ਲੈ ਕੇ ਸ਼੍ਰੀ ਰਾਮਨਾਥ ਕੋਵਿੰਦ ਅਤੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਤੱਕ ਦੇ ਰਾਸ਼ਟਰਪਤੀਆਂ ਦੇ ਸੰਬੋਧਨਾਂ ਦਾ ਸਦਨ ਨੂੰ ਲਾਭ ਹੋਇਆ।

 

ਪੰਡਿਤ ਨਹਿਰੂ ਅਤੇ ਲਾਲ ਬਹਾਦੁਰ ਸ਼ਾਸਤਰੀ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਵਿੱਚ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਅੱਜ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਮੌਕਾ ਹੈ। ਉਨ੍ਹਾਂ ਸਰਦਾਰ ਵੱਲਭ ਭਾਈ ਪਟੇਲ, ਰਾਮ ਮਨੋਹਰ ਲੋਹੀਆ, ਚੰਦਰ ਸ਼ੇਖਰ, ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਸਦਨ ਵਿੱਚ ਚਰਚਾ ਨੂੰ ਵਧਾਇਆ ਅਤੇ ਆਮ ਨਾਗਰਿਕਾਂ ਦੀ ਆਵਾਜ਼ ਨੂੰ ਉਤਸ਼ਾਹਿਤ ਕੀਤਾ। ਸ਼੍ਰੀ ਮੋਦੀ ਨੇ ਸਦਨ ਵਿੱਚ ਵਿਭਿੰਨ ਵਿਦੇਸ਼ੀ ਨੇਤਾਵਾਂ ਦੇ ਸੰਬੋਧਨ ਨੂੰ ਵੀ ਉਜਾਗਰ ਕੀਤਾ ਜੋ ਭਾਰਤ ਲਈ ਉਨ੍ਹਾਂ ਦੇ ਸਨਮਾਨ ਨੂੰ ਉਜਾਗਰ ਕਰਦਾ ਹੈ। 

 

ਉਨ੍ਹਾਂ ਨੇ ਦਰਦ ਦੇ ਉਨ੍ਹਾਂ ਪਲਾਂ ਨੂੰ ਵੀ ਯਾਦ ਕੀਤਾ ਜਦੋਂ ਦੇਸ਼ ਨੇ ਤਿੰਨ ਪ੍ਰਧਾਨ ਮੰਤਰੀਆਂ - ਨਹਿਰੂ ਜੀ, ਸ਼ਾਸਤਰੀ ਜੀ ਅਤੇ ਇੰਦਰਾ ਜੀ ਨੂੰ ਅਹੁਦੇ 'ਤੇ ਰਹਿੰਦੇ ਹੋਏ ਗੁਆ ਦਿੱਤਾ ਸੀ। 

 

ਪ੍ਰਧਾਨ ਮੰਤਰੀ ਨੇ ਕਈ ਚੁਣੌਤੀਆਂ ਦੇ ਬਾਵਜੂਦ ਸਪੀਕਰਾਂ ਦੁਆਰਾ ਸਦਨ ​​ਨੂੰ ਨਿਪੁੰਨਤਾ ਨਾਲ ਸੰਭਾਲਣ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਫੈਸਲਿਆਂ ਵਿੱਚ ਰੈਫਰੈਂਸ ਪੁਆਇੰਟ ਬਣਾਏ ਹਨ। ਉਨ੍ਹਾਂ ਯਾਦ ਕੀਤਾ ਕਿ ਸ਼੍ਰੀ ਮਾਵਲੰਕਰ ਤੋਂ ਸ਼੍ਰੀਮਤੀ ਸੁਮਿੱਤਰਾ ਮਹਾਜਨ ਤੋਂ ਸ਼੍ਰੀ ਓਮ ਬਿਰਲਾ ਤੱਕ, 2 ਮਹਿਲਾਵਾਂ ਸਮੇਤ 17 ਸਪੀਕਰਾਂ ਨੇ ਸਾਰਿਆਂ ਨੂੰ ਨਾਲ ਲੈ ਕੇ, ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਸੰਸਦ ਦੇ ਸਟਾਫ਼ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ।

 

ਸੰਸਦ 'ਤੇ ਹੋਏ ਆਤੰਕਵਾਦੀ ਹਮਲੇ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਇਮਾਰਤ 'ਤੇ ਹਮਲਾ ਨਹੀਂ ਬਲਕਿ ਲੋਕਤੰਤਰ ਦੀ ਜਨਨੀ 'ਤੇ ਹਮਲਾ ਸੀ। ਪ੍ਰਧਾਨ ਮੰਤਰੀ ਨੇ ਕਿਹਾ "ਇਹ ਭਾਰਤ ਦੀ ਆਤਮਾ 'ਤੇ ਹਮਲਾ ਸੀ।” ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਜੋ ਸਦਨ ਦੇ ਮੈਂਬਰਾਂ ਦੀ ਰੱਖਿਆ ਲਈ ਆਤੰਕਵਾਦੀਆਂ ਅਤੇ ਸਦਨ ਦੇ ਦਰਮਿਆਨ ਖੜ੍ਹੇ ਸਨ ਅਤੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਪੱਤਰਕਾਰਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੇ ਬਿਨਾਂ ਵੀ ਸੰਸਦ ਦੀ ਕਾਰਵਾਈ ਦੀ ਰਿਪੋਰਟਿੰਗ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪਾਰਲੀਮੈਂਟ ਨੂੰ ਅਲਵਿਦਾ ਕਹਿਣਾ ਉਨ੍ਹਾਂ ਲਈ ਹੋਰ ਵੀ ਕਠਿਨ ਕੰਮ ਹੋਵੇਗਾ ਕਿਉਂਕਿ ਉਹ ਅਦਾਰੇ ਨਾਲ ਇਸ ਦੇ ਮੈਂਬਰਾਂ ਨਾਲੋਂ ਵੀ ਜ਼ਿਆਦਾ ਜੁੜੇ ਹੋਏ ਹਨ। 

 

ਨਾਦ ਬ੍ਰਹਮ ਦੀ ਰਸਮ 'ਤੇ ਚਾਨਣਾ ਪਾਉਂਦਿਆਂ ਕਿ ਜਦੋਂ ਕੋਈ ਸਥਾਨ ਇਸ ਦੇ ਆਸ-ਪਾਸ ਨਿਰੰਤਰ ਜਾਪਾਂ ਕਾਰਨ ਤੀਰਥ ਸਥਾਨ ਵਿੱਚ ਬਦਲ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ 7500 ਨੁਮਾਇੰਦਿਆਂ ਦੀ ਗੂੰਜ ਨੇ ਸੰਸਦ ਨੂੰ ਤੀਰਥ ਸਥਾਨ ਵਿੱਚ ਬਦਲ ਦਿੱਤਾ ਹੈ ਭਾਵੇਂ ਕਿ ਇੱਥੇ ਚਰਚਾਵਾਂ ਬੰਦ ਹੋ ਜਾਣ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇਹ ਉਹ ਸੰਸਦ ਹੈ ਜਿੱਥੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਆਪਣੀ ਬਹਾਦਰੀ ਅਤੇ ਸਾਹਸ ਨਾਲ ਅੰਗਰੇਜ਼ਾਂ ਵਿੱਚ ਦਹਿਸ਼ਤ ਪੈਦਾ ਕੀਤੀ ਸੀ।” ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ‘ਸਟਰੋਕ ਆਫ ਮਿਡਨਾਈਟ’ ਦੀ ਗੂੰਜ ਭਾਰਤ ਦੇ ਹਰ ਨਾਗਰਿਕ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਅਟਲ ਬਿਹਾਰੀ ਵਾਜਪਈ ਦੇ ਮਕਬੂਲ ਭਾਸ਼ਣ ਨੂੰ ਵੀ ਯਾਦ ਕੀਤਾ ਅਤੇ ਕਿਹਾ, “ਸਰਕਾਰਾਂ ਆਉਣਗੀਆਂ ਅਤੇ ਜਾਣਗੀਆਂ। ਪਾਰਟੀਆਂ ਬਣਾਈਆਂ ਜਾਣਗੀਆਂ ਅਤੇ ਤੋੜੀਆਂ ਜਾਣਗੀਆਂ। ਇਹ ਦੇਸ਼ ਬਚਣਾ ਚਾਹੀਦਾ ਹੈ, ਇਸਦਾ ਲੋਕਤੰਤਰ ਬਚਣਾ ਚਾਹੀਦਾ ਹੈ।”

 

ਪਹਿਲੀ ਕੌਂਸਲ ਆਵੑ ਮਿਨਿਸਟਰਸ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਬਾਬਾ ਸਾਹੇਬ ਅੰਬੇਡਕਰ ਨੇ ਦੁਨੀਆ ਭਰ ਦੇ ਸਰਵਸ੍ਰੇਸ਼ਠ ਵਿਵਹਾਰਾਂ ਨੂੰ ਸ਼ਾਮਲ ਕੀਤਾ ਸੀ। ਉਨ੍ਹਾਂ ਨਹਿਰੂ ਕੈਬਨਿਟ ਵਿੱਚ ਬਾਬਾ ਸਾਹੇਬ ਦੁਆਰਾ ਬਣਾਈ ਗਈ ਸ਼ਾਨਦਾਰ ਜਲ ਨੀਤੀ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦਲਿਤਾਂ ਦੇ ਸਸ਼ਕਤੀਕਰਣ ਲਈ ਉਦਯੋਗੀਕਰਣ 'ਤੇ ਬਾਬਾ ਸਾਹੇਬ ਦੁਆਰਾ ਬਲ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਵੇਂ ਡਾ. ਸ਼ਿਯਾਮਾ ਪ੍ਰਸਾਦ ਮੁਖਰਜੀ ਨੇ ਪਹਿਲੇ ਉਦਯੋਗ ਮੰਤਰੀ ਵਜੋਂ ਪਹਿਲੀ ਉਦਯੋਗਿਕ ਨੀਤੀ ਲਿਆਂਦੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਹਾਊਸ ਸੀ ਜਦੋਂ ਲਾਲ ਬਹਾਦੁਰ ਸ਼ਾਸਤਰੀ ਨੇ 1965 ਦੀ ਜੰਗ ਦੌਰਾਨ ਭਾਰਤੀ ਸੈਨਿਕਾਂ ਦੇ ਹੌਸਲੇ ਬੁਲੰਦ ਕੀਤੇ ਸਨ। ਉਨ੍ਹਾਂ ਨੇ ਸ਼ਾਸਤਰੀ ਜੀ ਦੁਆਰਾ ਰੱਖੀ ਗਈ ਹਰੀ ਕ੍ਰਾਂਤੀ ਦੀ ਨੀਂਹ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਇਸੇ ਸਦਨ ਦਾ ਨਤੀਜਾ ਸੀ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਲੋਕਤੰਤਰ 'ਤੇ ਹੋਏ ਹਮਲੇ ਅਤੇ ਐਮਰਜੈਂਸੀ ਹਟਾਏ ਜਾਣ ਤੋਂ ਬਾਅਦ ਲੋਕਾਂ ਦੀ ਸ਼ਕਤੀ ਦੇ ਪੁਨਰ ਉਭਾਰ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਦੀ ਅਗਵਾਈ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਗਠਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਵੋਟਿੰਗ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰਨ ਦਾ ਫੈਸਲਾ ਵੀ ਇਸੇ ਸਦਨ ਵਿੱਚ ਹੋਇਆ।" ਉਨ੍ਹਾਂ ਨੇ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਹੇਠ ਦੇਸ਼ ਦੁਆਰਾ ਉਸ ਸਮੇਂ ਨਵੀਂ ਆਰਥਿਕ ਨੀਤੀਆਂ ਅਤੇ ਉਪਾਅ ਅਪਣਾਏ ਜਾਣ ਨੂੰ ਯਾਦ ਕੀਤਾ ਜਦੋਂ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ। ਉਨ੍ਹਾਂ ਅਟਲ ਜੀ ਦੇ 'ਸਰਵ ਸਿਕਸ਼ਾ ਅਭਿਯਾਨ', ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਗਠਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਪ੍ਰਮਾਣੂ ਯੁੱਗ ਦੇ ਆਗਮਨ ਬਾਰੇ ਵੀ ਗੱਲ ਕੀਤੀ। ਸ਼੍ਰੀ ਮੋਦੀ ਨੇ ਸਦਨ ਦੁਆਰਾ ਦੇਖੇ ਗਏ 'ਵੋਟਾਂ ਲਈ ਨਕਦੀ' ਘੁਟਾਲੇ ਦਾ ਵੀ ਜ਼ਿਕਰ ਕੀਤਾ। 

 

ਕਈ ਦਹਾਕਿਆਂ ਤੋਂ ਲੰਬਿਤ ਪਏ ਇਤਿਹਾਸਕ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਧਾਰਾ 370, ਜੀਐੱਸਟੀ, ਓਆਰਓਪੀ ਅਤੇ ਗਰੀਬਾਂ ਲਈ 10 ਫੀਸਦੀ ਰਾਖਵੇਂਕਰਨ ਦਾ ਜ਼ਿਕਰ ਕੀਤਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦਨ ਲੋਕਾਂ ਦੇ ਭਰੋਸੇ ਦਾ ਗਵਾਹ ਹੈ ਅਤੇ ਲੋਕਤੰਤਰ ਦੇ ਉਤਰਾਅ-ਚੜ੍ਹਾਅ ਦੇ ਦੌਰਾਨ ਇਸ ਭਰੋਸੇ ਦਾ ਕੇਂਦਰ ਰਿਹਾ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਅਟਲ ਬਿਹਾਰੀ ਸਰਕਾਰ ਇੱਕ ਵੋਟ ਨਾਲ ਡਿੱਗ ਗਈ ਸੀ। ਉਨ੍ਹਾਂ ਵਿਭਿੰਨ ਖੇਤਰਾਂ ਦੀਆਂ ਪਾਰਟੀਆਂ ਦੇ ਖਿੱਚ ਦੇ ਕੇਂਦਰ ਵਜੋਂ ਉਭਰਨ ਨੂੰ ਵੀ ਰੇਖਾਂਕਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਅਟਲ ਜੀ ਦੀ ਅਗਵਾਈ ਦੌਰਾਨ ਛੱਤੀਸਗੜ੍ਹ, ਉੱਤਰਾਖੰਡ ਅਤੇ ਝਾਰਖੰਡ ਸਮੇਤ 3 ਨਵੇਂ ਰਾਜਾਂ ਦੀ ਸਿਰਜਣਾ ਨੂੰ ਵੀ ਉਜਾਗਰ ਕੀਤਾ ਅਤੇ ਤੇਲੰਗਾਨਾ ਦੇ ਨਿਰਮਾਣ ਵਿੱਚ ਸੱਤਾ ਹਥਿਆਉਣ ਦੀਆਂ ਕੋਸ਼ਿਸ਼ਾਂ 'ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਰਾਜ ਵਿੱਚ ਕੋਈ ਜਸ਼ਨ ਨਹੀਂ ਮਨਾਏ ਗਏ ਕਿਉਂਕਿ ਵੰਡ ਦੁਰਭਾਵਨਾਪੂਰਣ ਇਰਾਦਿਆਂ ਨਾਲ ਕੀਤੀ ਗਈ ਸੀ।

 

ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਸੰਵਿਧਾਨ ਸਭਾ ਨੇ ਆਪਣਾ ਰੋਜ਼ਾਨਾ ਭੱਤਾ ਘਟਾਇਆ ਅਤੇ ਕਿਵੇਂ ਸਦਨ ਨੇ ਆਪਣੇ ਮੈਂਬਰਾਂ ਲਈ ਕੰਟੀਨ ਸਬਸਿਡੀ ਨੂੰ ਖ਼ਤਮ ਕੀਤਾ। ਇਸ ਤੋਂ ਇਲਾਵਾ, ਮੈਂਬਰ ਆਪਣੇ ਐੱਮਪੀਐੱਲਏਡੀ (MPLAD) ਫੰਡਾਂ ਨਾਲ ਮਹਾਮਾਰੀ ਦੌਰਾਨ ਰਾਸ਼ਟਰ ਦੀ ਮਦਦ ਲਈ ਅੱਗੇ ਆਏ ਅਤੇ ਤਨਖਾਹ ਵਿੱਚ 30 ਪ੍ਰਤੀਸ਼ਤ ਦੀ ਕਟੌਤੀ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੈਂਬਰਾਂ ਨੇ ਲੋਕ ਪ੍ਰਤੀਨਿਧਤਾ ਐਕਟ ਵਿੱਚ ਬਦਲਾਅ ਲਿਆ ਕੇ ਆਪਣੇ ਆਪ ’ਤੇ ਅਨੁਸ਼ਾਸਨ ਲਾਗੂ ਕੀਤਾ। 

 

ਪ੍ਰਧਾਨ ਮੰਤਰੀ ਨੇ ਕੱਲ੍ਹ ਪੁਰਾਣੀ ਇਮਾਰਤ ਨੂੰ ਅਲਵਿਦਾ ਕਹਿਣ ਦਾ ਜ਼ਿਕਰ ਕਰਦਿਆਂ ਰੇਖਾਂਕਿਤ ਕੀਤਾ ਕਿ ਸਦਨ ਦੇ ਮੌਜੂਦਾ ਮੈਂਬਰ ਬਹੁਤ ਖੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਨੂੰ ਭਵਿੱਖ ਨਾਲ ਅਤੀਤ ਦੀ ਕੜੀ ਬਣਨ ਦਾ ਮੌਕਾ ਮਿਲਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਅੱਜ ਦਾ ਅਵਸਰ ਉਨ੍ਹਾਂ 7500 ਨੁਮਾਇੰਦਿਆਂ ਲਈ ਮਾਣ ਦਾ ਪਲ ਹੈ ਜਿਨ੍ਹਾਂ ਨੇ ਸੰਸਦ ਦੀਆਂ ਦੀਵਾਰਾਂ ਦੇ ਅੰਦਰੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ।”

 

ਸੰਬੋਧਨ ਦਾ ਸਮਾਪਨ ਕਰਦਿਆਂ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੈਂਬਰ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਨਵੀਂ ਇਮਾਰਤ ਵਿੱਚ ਜਾਣਗੇ ਅਤੇ ਸਦਨ ਦੇ ਇਤਿਹਾਸਕ ਪਲਾਂ ਨੂੰ ਚੰਗੀ ਰੋਸ਼ਨੀ ਵਿੱਚ ਯਾਦ ਕਰਨ ਦਾ ਮੌਕਾ ਦੇਣ ਲਈ ਸਪੀਕਰ ਦਾ ਧੰਨਵਾਦ ਕੀਤਾ। 

 

 

 

 

 

 

 

 

PM Narendra Modi's remarks ahead of the Special Session of Parliament

 

 *********

 

ਡੀਐੱਸ/ਟੀਐੱਸ


(Release ID: 1958685) Visitor Counter : 115