ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਗੁਵਾਹਾਟੀ ਤੋਂ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਵਿੱਚ ਹਿੱਸਾ ਲਿਆ

Posted On: 17 SEP 2023 6:45PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ‘ਪੀਐੱਮ ਵਿਸ਼ਵਕਰਮਾ ਯੋਜਨਾ’ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਇਸ ਮੌਕੇ ‘ਤੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਨਿਰਮਿਤ ਇੱਕ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਵੀ ਪ੍ਰਦਾਨ ਕੀਤੇ।

 

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਉਤਸਵ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾਵਾਂ ਨਾਲ ਜੁੜਣ ਦਾ ਅਵਸਰ ਪ੍ਰਾਪਤ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਆਯੋਜਿਤ ਕੀਤੀ ਗਈ ਪ੍ਰਦਰਸਨੀ ਦਾ ਉਦਘਾਟਨ ਕਰਨ ਦੇ ਬਾਅਦ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਨਾਲ ਹੋਈ ਆਪਣੀ ਗੱਲਬਾਤ ਦੇ ਸ਼ਾਨਦਾਰ ਅਨੁਭਵ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਵੀ ਇਸ ਅਵਸਰ ਦਾ ਅਨੁਭਵ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਲੱਖਾਂ ਕਾਰੀਗਰਾਂ ਤੇ ਸ਼ਿਲਪਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਆਸ਼ਾ ਦੀ ਕਿਰਣ ਬਣ ਕੇ ਆ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਰੋਜ਼ਮੱਰਾ ਦੇ ਜੀਵਨ ਵਿੱਚ ਵਿਸ਼ਵਕਰਮਾਵਾਂ ਦੇ ਯੋਗਦਾਨ ਤੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਟੈਕਨੋਲੋਜੀ ਵਿੱਚ ਭਾਵੇਂ ਕਿੰਨੀ ਵੀ ਪ੍ਰਗਤੀ ਕਿਉਂ ਨਾ ਹੋ ਜਾਵੇ, ਵਿਸ਼ਵਕਰਮਾ ਸਾਡੇ ਸਮਾਜ ਵਿੱਚ ਹਮੇਸ਼ਾ ਹੀ ਮਹੱਤਵਪੂਰਨ ਬਣੇ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਹੀ ਮੰਗ ਹੈ ਕਿ ਵਿਸ਼ਵਕਰਮਾਵਾਂ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ।

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਵਿਸ਼ਵਕਰਮਾਵਾਂ ਦੀ ਸਮਾਜ ਵਿੱਚ ਸਵੀਕ੍ਰਿਤੀ ਨੂੰ ਹੁਲਾਰਾ ਦੇਣ, ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਸਤਾਰ ਦੇਣ ਅਤੇ ਉਨ੍ਹਾਂ ਦੀ ਸਮ੍ਰਿੱਧੀ ਨੂੰ ਵਧਾਉਣ ਦੇ ਲਈ ਇੱਕ ਭਾਗੀਦਾਰ ਦੇ ਰੂਪ ਵਿੱਚ ਅੱਗੇ ਆਈ ਹੈ। ਉਨ੍ਹਾਂ ਨੇ ਇਸ ਯੋਜਨਾ ਵਿੱਚ ਸ਼ਾਮਲ ਕੀਤੇ ਗਏ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ 18 ਮੁੱਖ ਖੇਤਰਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਵਿੱਚ ਤਰਖਾਣ, ਲੁਹਾਰ, ਸੁਨਾਰ, ਮੂਰਤੀਕਾਰ, ਕੁਮਹਾਰ, ਮੋਚੀ, ਦਰਜੀ, ਮਿਸਤਰੀ, ਨਾਈ, ਧੋਬੀ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਯੋਜਨਾ ‘ਤੇ 13,000 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਹੱਥ ਨਾਲ ਬਣੇ ਉਤਪਾਦਾਂ ਦੀ ਵਧਦੀ ਮੰਗ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਕੰਮ ਛੋਟੇ-ਛੋਟੇ ਉੱਦਮੀਆਂ ਨੂੰ ਸੌਂਪ ਦਿੰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਬਾਹਰੀ ਸਰੋਤ ਤੋਂ ਸੇਵਾਵਾਂ ਪ੍ਰਾਪਤ ਕਰਨ ਦਾ ਕੰਮ ਸਾਡੇ ਵਿਸ਼ਵਕਰਮਾ ਮਿੱਤਰਾਂ ਨੂੰ ਮਿਲੇ ਅਤੇ ਉਹ ਗਲੋਬਲ ਸਪਲਾਈ ਚੇਨਾਂ ਦਾ ਹਿੱਸਾ ਬਣਨ, ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਇਸ ਯੋਜਨਾ ਦੇ ਮਾਧਿਅਮ ਨਾਲ ਵਿਸ਼ਵਕਰਮਾ ਮਿੱਤਰਾਂ ਨੂੰ ਆਧੁਨਿਕ ਯੁੱਗ ਵਿੱਚ ਲੈ ਜਾਣ ਦਾ ਇੱਕ ਪ੍ਰਯਤਨ ਕਰ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਕੁਸ਼ਲ ਕਾਰੀਗਰਾਂ ਅਤੇ ਵਪਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਦੇ ਉਪਾਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਬਦਲਦੇ ਸਮੇਂ ਵਿੱਚ ਟ੍ਰੇਨਿੰਗ, ਟੈਕਨੋਲੋਜੀ ਅਤੇ ਉਪਕਰਣ ਵਿਸ਼ਵਕਰਮਾ ਮਿੱਤਰਾਂ ਦੇ ਲਈ ਬਹੁਤ ਮਹੱਤਵਪੂਰਨ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਟ੍ਰੇਨਿੰਗ ਦੇ ਦੌਰਾਨ ਵਿਸ਼ਵਕਰਮਾ ਮਿੱਤਰਾਂ ਨੂੰ ਪ੍ਰਤੀਦਿਨ 500 ਰੁਪਏ ਦਾ ਭੱਤਾ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਧੁਨਿਕ ਟੂਲ ਕਿਟ ਦੇ ਲਈ 15 ਹਜ਼ਾਰ ਰੁਪਏ ਦਾ ਟੂਲ ਕਿਟ ਵਾਉਚਰ ਵੀ ਉਪਲਬਧ ਕਰਵਾਇਆ ਜਾਵੇਗਾ ਅਤੇ ਉਤਪਾਦਾਂ ਦੀ ਬ੍ਰਾਂਡਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਵਿੱਚ ਸਰਕਾਰ ਉਨ੍ਹਾਂ ਦੀ ਸਹਾਇਤਾ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਲ ਕਿਟ ਸਿਰਫ਼ ਜੀਐੱਸਟੀ ਰਜਿਸਟਰਡ ਦੁਕਾਨਾਂ ਤੋਂ ਹੀ ਖਰੀਦੇ ਜਾਣਗੇ ਅਤੇ ਇਹ ਉਪਕਰਣ ਭਾਰਤ ਵਿੱਚ ਬਣੇ ਹੋਏ ਹੋਣੇ ਚਾਹੀਦੇ ਹਨ।

 

ਇਸ ਮਹੱਤਵਪੂਰਨ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ ਯੋਜਨਾ ‘ਤੇ ਵੀ ਚਾਨਣਾ ਪਾਇਆ, ਜੋ ਹਰ ਜ਼ਿਲ੍ਹੇ ਤੋਂ ਵਿਲੱਖਣ ਉਤਪਾਦਾਂ ਨੂੰ ਪ੍ਰੋਤਸਾਹਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੰਚਿਤਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੀ ਹੈ। ਸ਼੍ਰੀ ਮੋਦੀ ਨੇ ਪੀਐੱਮ ਸਵਨਿਧੀ ਯੋਜਨਾ ਦੇ ਮਾਧਿਅਮ ਨਾਲ ਰੇਹੜੀ ਪਟੜੀ ਵਿਕ੍ਰੇਤਾਵਾਂ ਦੇ ਲਈ ਬੈਂਕ ਦੇ ਦਰਵਾਜ਼ੇ ਖੋਲਣ ਅਤੇ ‘ਦਿੱਵਿਯਾਂਗਾਂ’ ਨੂੰ ਵਿਸ਼ੇਸ਼ ਸੁਵਿਧਾਵਾਂ ਉਪਲਬਧ ਕਰਵਾਉਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮੋਦੀ ਉਨ੍ਹਾਂ ਲੋਕਾਂ ਦੇ ਭਲਾਈ ਦੇ ਲਈ ਖੜ੍ਹਾ ਹੈ, ਜਿਨ੍ਹਾਂ ਦੀ ਪਰਵਾਹ ਕਰਨ ਵਾਲਾ ਕੋਈ ਨਹੀਂ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ, ਸਨਮਾਨ ਦਾ ਜੀਵਨ ਦੇਣ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਹਨ ਕਿ ਲੋਕਾਂ ਦੇ ਵਿੱਚ ਸੇਵਾਵਾਂ ਦੀ ਵੰਡ ਬਿਨਾਂ ਕਿਸੇ ਪਰੇਸ਼ਾਨੀ ਦੇ ਹੋਵੇ। ਉਨ੍ਹਾਂ ਨੇ ਕਿਹਾ , “ਇਹ ਮੋਦੀ ਦੀ ਗਰੰਟੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਜੀ20 ਸ਼ਿਲਪ ਬਜ਼ਾਰ ਵਿੱਚ ਟੈਕਨੋਲੋਜੀ ਤੇ ਪਰੰਪਰਾ ਦੇ ਤਾਲਮੇਲ ਦਾ ਨਤੀਜਾ ਦੇਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸਮਿਟ ਵਿੱਚ ਆਉਣ ਵਾਲੇ ਪਤਵੰਤਿਆਂ ਦੇ ਲਈ ਉਪਹਾਰਾਂ ਵਿੱਚ ਵੀ ਵਿਸ਼ਵਕਰਮਾ ਮਿੱਤਰਾਂ ਦੇ ਉਤਪਾਦ ਸ਼ਾਮਲ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਵੋਕਲ ਫਾਰ ਲੋਕਲ ਦੇ ਪ੍ਰਤੀ ਇਹ ਸਮਰਪਣ ਪੂਰੇ ਦੇਸ਼ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ਪਹਿਲਾਂ ਸਾਨੂੰ ਲੋਕਲ ਦੇ ਲਈ ਵੋਕਲ ਬਣਨਾ ਹੋਵੇਗਾ ਅਤੇ ਫਿਰ ਲੋਕਲ ਨੂੰ ਗਲੋਬਲ ਬਣਾਉਣਾ ਹੋਵੇਗਾ। 

 

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਆਉਣ ਵਾਲੇ ਪਰਵ ਜਿਵੇਂ ਗਣੇਸ਼ ਚਤੁਰਥੀ, ਧਨਤੇਰਸ, ਦੀਪਾਵਲੀ ਅਤੇ ਹੋਰ ਤਿਉਹਾਰਾਂ ਦਾ ਜ਼ਿਕਰ ਕਰਦੇ ਹੋਏ ਦੇਸ਼ ਦੇ ਹਰੇਕ ਨਾਗਰਿਕ ਨੂੰ ਸਥਾਨਕ ਉਤਪਾਦ ਖਰੀਦਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਉਤਪਾਦਾਂ ਨੂੰ ਲੈਣ ਦੀ ਤਾਕੀਦ ਕੀਤੀ, ਜਿਨ੍ਹਾਂ ਵਿੱਚ ਦੇਸ਼ ਦੇ ਵਿਸ਼ਵਕਰਮਾਂ ਦਾ ਯੋਗਦਾਨ ਰਿਹਾ ਹੈ।

ਪੋਰਟ, ਸ਼ਿਪਿੰਗ ਅਤੇ ਜਲਮਾਰਗ ਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਗੁਵਾਹਾਟੀ ਤੋਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਇਸ ਨੇਕ ਕੋਸ਼ਿਸ਼ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸ਼ਾਮਲ ਹੋਏ।

ਸ਼੍ਰੀ ਸੋਨੋਵਾਲ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਸਾਡੇ ਓਜਸਵੀ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦੇਸ਼ ਦੀ ਜਨਤਾ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਕਾਰਜਾਂ ਦਾ ਇੱਕ ਹੋਰ ਪ੍ਰਮਾਣ ਹੈ ਅਤੇ ਪ੍ਰਧਾਨ ਮੰਤਰੀ ਦੀ ਸਮਾਜ ਵਿੱਚ ਸਾਰਿਆਂ ਦੇ ਵਿਕਾਸ ਦੇ ਲਈ ਪ੍ਰਤੀਬੱਧਤਾ ਸਭ ਤੋਂ ਉੱਪਰ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਸਬਕਾ ਸਾਥ, ਸਬਕਾ ਵਿਕਾਸ ਦ੍ਰਿਸ਼ਟੀਕੋਣ ਨੇ ਪੀਐੱਮ ਵਿਸ਼ਵਕਰਮਾ ਦੇ ਵਿਚਾਰ ਨੂੰ ਸਰਗਰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਸਾਡੇ ਦੇਸ਼ ਦੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਮੈਂਬਰ ਬਣਨ ਵਿੱਚ ਸਹਾਇਤਾ ਕਰੇਗੀ, ਬਲਕਿ ਆਤਮਨਿਰਭਰ ਭਾਰਤੀਆਂ ਦਾ ਇੱਕ ਨਵਾਂ ਈਕੋਸਿਸਟਮ ਤਿਆਰ ਕਰਨ ਵਿੱਚ ਵੀ ਮਦਦ ਕਰੇਗੀ, ਜੋ ਦੁਨੀਆ ਦੀਆਂ ਸਰਵਸ਼੍ਰੇਸ਼ਠ ਕੰਪਨੀਆਂ ਦੇ ਨਾਲ ਮੁਕਾਬਲੇ ਕਰਨ ਵਿੱਚ ਲੈਸ ਹੋਵੇਗਾ।

 

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਇਹ ਯੋਜਨਾ ਦੇਸ਼ ਦੇ ਸ਼ਿਲਪਕਾਰਾਂ ਅਤੇ ਕਾਰੀਗਰਾਂ ਨੂੰ ਆਪਣੀ ਕਲਾ ਵਿੱਚ “ਸਰਵਸ਼੍ਰੇਸ਼ਠ” ਬਣਨ ਦੇ ਲਈ ਸਸ਼ਕਤ ਕਰੇਗੀ ਅਤੇ ਕਿਊਰੇਟਿਡ ਈਕੋਸਿਸਟਮ ਉਨ੍ਹਾਂ ਨੂੰ ਬਾਕੀ ਦੁਨੀਆ ਦੇ ਨਾਲ ਮੁਕਾਬਲਾ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਦੇ ਤਹਿਤ, ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਿਆ ਹੈ ਅਤੇ ਹੁਣ ਭਾਰਤ ਆਲਮੀ ਪੱਧਰ ‘ਤੇ ਮਾਣ, ਸਨਮਾਨ ਅਤੇ ਗੌਰਵ ਦੀ ਸਥਿਤੀ ‘ਤੇ ਕਾਇਮ ਹੈ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਮਾਧਿਅਮ ਨਾਲ ਸਾਡੇ ਪਰੰਪਰਾਗਤ ਕਾਰੀਗਰਾਂ ਦੇ ਸਸ਼ਕਤੀਕਰਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਆਤਮਨਿਰਭਰ ਭਾਰਤ ਬਣਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾ ਰਿਹਾ ਹੈ। 

ਇਸ ਅਵਸਰ ‘ਤੇ ਸ਼੍ਰੀ ਸਰਬਾਨੰਦ ਸੋਨੋਵਾਲ ਦੇ ਨਾਲ ਅਸਾਮ ਸਰਕਾਰ ਦੇ ਉਦਯੋਗ ਤੇ ਵਣਜ ਅਤੇ ਜਨਤਕ ਉੱਦਮ ਤੇ ਸੱਭਿਆਚਾਰਕ ਮਾਮਲੇ ਮੰਤਰੀ, ਬਿਮਲ ਬੋਰਾ; ਗੁਵਾਹਾਟੀ ਤੋਂ ਸੰਸਦ ਮੈਂਬਰ (ਲੋਕ ਸਭਾ) ਕੁਵੀਨ ਓਜਾ; ਐੱਸਆਈਟੀਏ ਦੇ ਵਾਈਸ ਚੇਅਰਮੈਨ, ਰਾਮੇਨ ਡਾਕਾ; ਸੰਸਦ ਮੈਂਬਰ (ਰਾਜ ਸਭਾ) ਪਬਿਤ੍ਰਾ ਮਾਰਘੇਰਿਟਾ; ਗੁਆਹਾਟੀ ਨਗਰ ਨਿਗਮ (ਜੀਐੱਮਸੀ) ਦੀ ਮੇਅਰ, ਮ੍ਰਿਗੇਨ ਸਰਾਨੀਆ ਵੀ ਹੋਰ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੇ ਵੀ ਹਿੱਸਾ ਲਿਆ, ਜੋ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। 

************


ਐੱਮਜੇਪੀਐੱਸ/ਐੱਨਐੱਸਕੇ


(Release ID: 1958518) Visitor Counter : 115